ਪੱਤ ਓਹਲੇ ਪਹਾੜ
ਬਜ਼ੁਰਗਾਂ ਤੋਂ ਮੈਨੂੰ ਦੋ ਆਦਤਾਂ ਵਿਰਾਸਤ ਵਿਚ ਮਿਲੀਆਂ ਹਨ- ਇਕ ਘੜੀ ਮੁੜੀ ਚਾਹ ਪੀਣੀ ਤੇ ਦੂਜੀ ਦੁਪਹਿਰ ਨੂੰ ਸੌਣਾ। ਇਸ ਦੂਜੀ ਵਿਰਾਸਤ ਸਦਕਾ ਸੰਨ 1992 ਵਿਚ ਫਰਵਰੀ ਦੀ ਇਕ ਦੁਪਹਿਰ ਨੂੰ ਮੈਂ ਸੁੱਤਾ ਪਿਆ ਸਾਂ ਕਿ ਫੋਨ ਦੀ ਘੰਟੀ ਵੱਜੀ।ਫੋਨ ਚੁਕਿਆ ਤਾਂ ਆਵਾਜ਼ ਆਈ, “ਸਰ, ਘਰੇ ਓਂ?” ਲੜਕੀ ਦੀ ਆਵਾਜ਼ ਸੀ ਪਰ ਉਨੀਂਦਰੇ ਵਿਚ ਪਤਾ ਨਾ ਲਗਿਆ ਕੌਣ ਸੀ। ਪੁੱਛਿਆ ਤਾਂ ਬੋਲੀ,“ਸਰ ਮੈਂ ਸੋਨੂੰ, ਲਗਦਾ ਸੌਂ ਰਹੇ ਹੋ? ਮੈਂ ਠਹਿਰ ਕੇ ਫੋਨ ਕਰਦੀ ਆਂ?” ਸੋਨੂੰ (ਬਦਲਿਆ ਨਾਂ) ਮੇਰੀ ਵਿਦਿਆਰਥਣ ਸੀ। ਮੈਂ ਸੋਚਿਆ ਉਹ ਇਥੇ ਕਿਵੇਂ? ਕੁਝ ਹਫ਼ਤੇ ਪਹਿਲਾਂ ਹੀ ਤਾਂ ਉਸ ਦੀ ਸ਼ਾਦੀ ਹੋਈ ਸੀ। ਚਲੋ ਪੇਕੇ ਆਈ ਹੋਵੇਗੀ, ਇਹ ਲੱਖਣ ਲਾ ਕੇ ਮੈਂ ਪੋਲੇ ਜਿਹੇ ਕਿਹਾ, “ਨਹੀਂ। ਜਾਗਦਾ ਆਂ, ਬੋਲ।“ “ਸਰ ਮੈਂ ਤੁਹਾਨੂੰ ਮਿਲਣਾ ਸੀ।“ ਉਸ ਨੇ ਸੰਕੋਚ ਨਾਲ ਜੋਰ ਲਾ ਕੇ ਕਿਹਾ। ”ਠੀਕ ਹੈ, ਸਵੇਰੇ ਦਸ ਵਜੇ ਵਿਭਾਗ ਵਿਚ ਆ ਜਾਵੀਂ।“ਮੈਂ ਆਪਣੀ ਵਲੋਂ ਉਸ ਨੂੰ ਨੇੜੇ ਦਾ ਸਮਾਂ ਦੇ ਕੇ ਕਿਹਾ। “ਨਹੀਂ ਸਰ ਮੈਂ ਹੁਣੇ ਮਿਲਣਾ ਚਾਹੁੰਨੀ ਆਂ।“ਉਸ ਦੇ ਬੋਲਾਂ ਵਿਚ ਉਦਾਸੀ ਜਿਹੀ ਸੀ। ਮੈਂ ਹਮਦਰਦੀ ਨਾਲ ਕਿਹਾ, “ਇਹ ਗੱਲ ਹੈ ਤਾਂ ਫਿਰ ਹੁਣੇ ਆ ਜਾ। ਘਰ ਦਾ ਰਸਤਾ ਸਮਝਾਵਾਂ?” “ਨਹੀਂ ਸਰ ਮੈਨੂੰ ਪਤਾ ਐ।ਮੈਂ ਹੁਣੇ ਆੳਨੀ ਆਂ।“ ਇੰਨਾ ਕਹਿ ਕੇ ਉਸ ਨੇ ਫੋਨ ਰੱਖ ਦਿਤਾ।ਮੈਂ ਚਾਹ ਪੀਣ ਲਈ ਉੱਠ ਕੇ ਰਸੋਈ ਵਲ ਚਲਾ ਗਿਆ।
ਸੁਸਤੀ ਦੇ ਉਸ ਆਲਮ ਵਿਚ ਸੋਨੂੰ ਬਾਰੇ ਯਾਦਾਂ ਦੀ ਪੂਰੀ ਲੜੀ ਮੇਰੇ ਦਿਮਾਗ ਵਿਚ ਘੁੰਮ ਗਈ। ਪੰਜ ਸਾਲ ਪਹਿਲਾਂਂ ਉਹ ਮੇਰੀ ਐਮ ਏ ਭਾਗ ਪਹਿਲਾ ਦੀ ਵਿਦਿਆਰਥਣ ਸੀ। ਇੱਕੀਆਂ ਸਾਲਾਂ ਦੀ ਮੱਧਰੀ ਜਿਹੀ, ਪਤਲੀ, ਸੂੰਦਰ ਤੇ ਹੋਣਹਾਰ।ਖ਼ਾਮੋਸ਼ ਜਿਹੇ ਕਲਾਸ ਵਿਚ ਆ ਜਾਂਦੀ। ਅੱਖੀਂ ਪਾਈ ਨਾ ਰੜਕਦੀ। ਹਰ ਰੋਜ਼ ਡਿਪਾਰਟਮੈਂਟ ਜਾਂਦੇ ਨੂੰ ਹੇਠਾਂ ਗੇਟ ਦੀਆਂ ਸਲੀਬਾਂ ਤੇ ਸਹੇਲੀਆਂ ਨਾਲ ਬੈਠੀ ਮਿਲਦੀ। ਆਦਰ ਤੇ ਅਪਣੱਤ ਭਰੀ ਮੁਸਕਰਾਹਟ ਨਾਲ ਉਠ ਕੇ ਵਿਸ਼ ਕਰਦੀ। ਸਾਲ ਭਰ ਉਹ ਵਿਦਿਆਰਥੀਆਂ ਦੀ ਭੀੜ ਵਿਚ ਰੁਲੀ ਰਹੀ। ਫਿਰ ਇਕ ਦਿਨ ਉਸ ਦੀ ਵਿੱਲਖਣਤਾ ਉਜਾਗਰ ਹੋਈ ਤੇ ਉਸ ਦਾ ਕੱਦ ਉੱਚਾ ਲਗਣ ਲਗਾ।
ਮਾਰਚ 1987 ਦੇ ਇਕ ਦਿਨ ਸੋਨੂੰ ਦੀ ਕਲਾਸ ਨੇ ਸੀਨੀਅਰਜ਼ ਨੁੰ ਅਲਵਿਦਾ ਪਾਰਟੀ ਦਿਤੀ। ਸੋਨੂੰ ਤੇ ਉਸ ਦੀ ਸਹੇਲੀ ਅਮਰਜੋਤ ਸਟੇਜ ਸੰਭਾਲ ਰਹੀਆਂ ਸਨ। ਸੋਨੂੰ ਮਾਹਿਰ ਸ਼ਾਇਰ ਵਾਂਗ ਉਰਦੂ ਦੇ ਸ਼ੇਅਰਾਂ ਦੀ ਝੜੀ ਲਗਾ ਰਹੀ ਸੀ। ਉਹ ਦੋਵੇਂ ਕੁੜੀਆਂ ਹਰ ਵਿਦਿਆਰਥੀ ਨੂੰ ਇਕ ਅਲ੍ਹਾਉਣੀ ਜਿਹੀ ਸੁਣਾ ਕੇ ਵਾਰੀ 2 ਸਟੇਜ ਤੇ ਸੱਦਦੀਆਂ ਤੇ ਕੁਝ ਸੁਨਾਉਣ ਨੂੰ ਕਹਿੰਦੀਆਂ। ਉਹਨਾਂ ਦਾ ਗੀਤ ਸੱਦੇ ਜਾ ਰਹੇ ਵਿਦਿਆਰਥੀ ਦੇ ਗੁਣਾਂ ਅੋਗੁਣਾਂ ਮੁਤਾਬਿਕ ਇੰਨਾਂ ਢੁੱਕਵਾਂ ਹੁੰਦਾ ਸੀ ਕਿ ਅੰਦਰੋਂ ਆਪ ਮੁਹਾਰੀ ਵਾਹ ਵਾਹ ਨਿਕਲਦੀ। ਸੁਣਾ ਕੇ ਮੁੜਦੇ ਵਿਦਿਆਰਥੀ ਨੂੰ ਉਹ ਇਕ ਤੋਹਫਾ ਦਿੰਦੀਆਂ ਜੋ ਉਸ ਦੀ ਫ਼ਿਤਰਤ ਦੇ ਬਿਲਕੁਲ ਅਨੁਕੂਲ ਹੁੰਦਾ। ਅਧਿਆਪਕਾਂ ਦੀ ਵਾਰੀ ਆਉਣ ਤੇ ਉਹਨਾਂ ਮੈਨੂੰ ਵੀ ਇਕ ਨਿੱਕਾ ਸ਼ਰਾਰਤੀ ਗੀਤ ਗਾ ਕੇ ਸੱਦਿਆਂ ਜਿਸ ਵਿਚ ਮੇਰੇ ਉਦਾਸੀਨ ਸੁਭਾਅ ਤੇ ਨਿਹੋਰਾ ਕਸਿਆ ਹੋਇਆ ਸੀ। ਮੈ ਵੀ ਉਸ ਦਾ ਜਵਾਬ ਇਕ ਗ਼ਜ਼ਲ ਗਾ ਕੇ ਦਿਤਾ ਸੀ ਜਿਸ ਦਾ ਮਤਲਾ ਸੀ. “ਹਮਾਰੇ ਬਾਅਦ ਅੰਧੇਰਾ ਰਹੇਗਾ ਮਹਫ਼ਿਲ ਮੇਂ,ਬਹੁਤ ਚਿਰਾਗ਼ ਜਲਾਓਗੇ ਰੌਸ਼ਨੀ ਕੇ ਲਿਏ!“ ਮੁੜਨ ਲਗਿਆਂ ਉਹਨਾਂ ਮੈਂਨੂੰ ਮੋਢੇ ਵਿਚ ਪਾਉਣ ਵਾਲਾ ਬੈਗ ਦਿਤਾ ਜੋ ਮੇਰੀ ਆਨ-ਕੈਂਪਸ ਪਰਸਨੈਲਟੀ ਦਾ ਹਿੱਸਾ ਹੂੰਦਾ ਸੀ। ਮੈਨੂੰ ਉਸ ਦੇ ਰਚਨਾਤਮਿਕ ਗੁਣਾਂ ਨੇ ਕੀਲ ਲਿਆਂ ਸੀ।
ਬਾਹਰ ਆ ਕੇ ਮੈਂ ਉਸ ਦੀ ਕਲਾ ਨੂੰ ਸਲਾਾਹਿਆ।ਉਸ ਨੇ ਦਸਿਆ ਕਿ ਉਸ ਨੂੰ ਉਰਦੂ ਦਾ ਬਹੁਤ ਸ਼ੋਕ ਹੈ ਤੇ ਪੜਾਈ ਦੇ ਨਾਲ ਨਾਲ ਇਸ ਜ਼ੁਬਾਨ ਦਾ ਡਿਪਲੋਮਾ ਵੀ ਕਰ ਰਹੀ ਸੀ। ਉਸ ਨੇ ਵੀ ਮੇਰੀ ਗ਼ਜ਼ਲ ਦੀ ਬਹੁਤ ਤਾਰੀਫ਼ ਕੀਤੀ ਤੇ ਗਲਤੀ ਨਾਲ ਮੈਨੂੰ ਕਲਾਕਾਰ ਹੀ ਸਮਝ ਬੈਠੀ। ਬਾਦ ਵਿਚ ਜਦੌਂ ਵੀ ਉਸ ਨੇ ਮੇਰੇ ਗਿਫ਼ਟ ਵਾਲਾ ਬੈਗ ਪਾਇਆਂ ਵੇਖਣਾ, ਕਹਿਣਾ,”ਸਰ ਬਹੁਤ ਅੱਛੇ ਲਗ ਰਹੇ ਹੋ।“ ਸੁਣ ਕੇ ਮੈਨੂੰ ਉਸ ਵਿਚ ਇਕ ਨਿਰਛਲ ਆਤਮਾ ਦਾ ਅਕਸ ਦਿਖਾਈ ਦਿੰਦਾ। ਐਮ ਏ ਕਰਨ ਉਪਰੰਤ ਉਸ ਨੇ ਪੀ ਐਚ ਡੀ ਅਰੰਭ ਕਰ ਦਿਤੀ।ਅਕਸਰ ਸਲਾਹ ਮਸ਼ਵਰੇ ਲਈ ਮੇਰੇ ਵਿਭਾਗੀ ਦਫਤਰ ਆ ਜਾਂਦੀ। ਜਲਦੀ ਹੀ ਉਹ ਇਕ ਸਰਕਾਰੀ ਕਾਲਜ ਵਿਚ ਪ੍ਰੋਫੈਸਰ ਲਗ ਗਈ ਤੇ ਉਸ ਨੇ ਮੈਨੂੰ ਦੋਸਤ ਕਹਿਣ ਦੀ ਇਜ਼ਾਜਤ ਮੰਗ ਲਈ। ਪਿਛਲੇ ਮਹੀਨੇ ਉਹ ਆਪਣੇ ਵਿਆਹ ਦਾ ਕਾਰਡ ਦੇਣ ਆਈ ਸੀ।ਉਸ ਨੇ ਖ਼ੁਸ਼ੀ ਨਾਲ ਦਸਿਆ ਕਿ ਉਸ ਦਾ ਹੋਣ ਵਾਲਾ “ਸ਼ੌਹਰ” ਇਕ ਸਰਕਾਰੀ ਹਸਪਤਾਲ ਵਿਚ ਡਾਕਟਰ ਸੀ। ਫਿਰ ਉਸ ਨੇ ਮੈਨੂੰ ਇਕ ਸ਼ੇਅਰ ਮੁਖ਼ਾਤਿਬ ਕਰਕੇ ਆਪਣੀ “ਖ਼ਵਾਹਿਸ਼” ਕਹੀ ਕਿ ਉਸ ਦਾ ਸਭ ਤੋਂ ਕਰੀਬੀ ਦੋਸਤਂ ਉਸ ਦੀ ਸ਼ਾਦੀ ਤੇ ਸਭ ਤੋਂ ਪਹਿਲਾਂ ਪਹੁੰਚੇ।” ਉਸ ਦੀ ਭੋਲੀ ਇੱਛਾਂ ਦੀ ਲਾਜ ਰਖਣ ਲਈ ਮੈਂ ਉਸ ਦੇ ਵਿਆਹ ਤੇ ਸਭ ਤੋਂ ਪਹਿਲਾਂ ਪਹੁੰਚਿਆਂ ਸੀ।
“ਪਰ ਅਜ ਅਚਾਨਕ ਕੀ ਕੰਮ ਪੈ ਗਿਆ ਹੈ ਸੋਨੂੰ ਨੂੰ?” ਮੈਂ ਸੋਚਿਆ। ਤਦ ਹੀ ਘੰਟੀ ਵੱਜੀ ਤੇ ਉਹ ਬੂਹੇ ਤੇ ਖੜੀ ਸੀ। ਉਸ ਨੇ ਵਿਆਹ ਵਾਲਾ ਲਾਲ ਸੂਟ ਤੇ ਚੂੜਾ ਪਹਿਨਿਆ ਹੋਇਆ ਸੀ।ਚੇਹਰੇ ਤੋਂ ਪਹਿਲਾਂ ਵਾਲੀ ਮੁਸਕਰਾਹਟ ਤੇ ਬੇਬਾਕੀ ਗਾਇਬ ਸੀ। ਉਸ ਨਾਲ ਇਕ ਕਾਲੇ ਸੂਟ ਵਾਲਾ ਨੌਜਵਾਨ ਸੀ ਜੋ ਆਪਣੀ ਦਿਖ ਕਾਰਨ ਉਸ ਦਾ “ਸ਼ੋਹਰ” ਲਗਦਾ ਸੀ।ਸਰਦੀਆਂ ਦੀ ਢਲਦੀ ਧੁੱਪ ਦਾ ਆਨੰਦ ਮਾਨਣ ਲਈ ਉਹਨਾਂ ਨੇ ਬਾਹਰ ਹੀ ਬੈਠਣਾ ਚਾਹਿਆ। ਮੈਂ ਚਾਹ ਪਾਣੀ ਦੀ ਪੇਸ਼ਕਸ਼ ਕੀਤੀ ਪਰ ਸੋਨੂੰ ਰੋਕਦੀ ਹੋਈ ਬੋਲੀ,”ਸਰ ਅਸੀਂ ਕੁਝ ਨਹੀਂ ਪੀਣਾ। ਅਸੀਂ ਤੁਹਾਡੇ ਕੋਲ ਸਹਾਇਤਾ ਲਈ ਆਏ ਹਾਂ।ਤੁਸੀਂ ਸਾਡੀ ਗੱਲ ਸੁਣੋ।“ਉਸ ਦੀ ਆਵਾਜ ਵਿਚ ਚਿੰਤਾ ਦੀ ਲਿਲਕ ਸੀ।
ਮੈਂ ਦੋਹਾਂ ਦੇ ਚਿਹਰਿਆਂ ਨੂੰ ਭਾਂਪਿਆ ਤੇ ਨਾਲ ਪਈ ਕੁਰਸੀ ਤੇ ਬੈਠਦਿਆਂ ਬੋਲਿਆ,”ਦਸੋ।“ ਉਹ ਬੋਲੀ, “ਸਰ ਇਹ ਮੇਰੇ ਹਸਬੈਂਡ ਡਾ: ਬਲਬੀਰ ਸਿੰਘ ਨੇ। ਇਹਨਾਂ ਨੂੰ ਕੋਈ ਤਕਲੀਫ ਹੈ ਜਿਸ ਨੇ ਸਾਨੂੰ ਫ਼ਿਕਰ ਵਿਚ ਪਾਇਆ ਹੋਇਆ ਹੈ। ਇਹਨਾਂ ਨੂੰ ਇਕ ਸਿਆਣੇ ਹੋਮਿਓਪੈਥ ਦੀ ਤਾਲਾਸ਼ ਹੈ ਜੋੋ ਇਹਨਾਂ ਨੂੰ ਠੀਕ ਕਰ ਸਕੇ।ਪਟਿਆਲਾ ਹੋਮਿਓਪੈਥੀ ਦਾ ਘਰ ਹੈ ਇਸ ਲਈ ਇਹਨਾਂ ਨੂੰ ਇਥੇ ਲੈ ਕੇ ਆਈ ਹਾਂ।ਤੁਸੀਂ ਇਕ ਪੁਰਾਣੇ ਹੋਮਿਓਪੈਥ ਹੋ।ਮੈਂ ਇਹਨਾਂ ਦਸਿਆ ਐ ਕਿ ਤੁਹਾਡੇ ਤੋਂ ਵਡਾ ਕੋਈ ਨਹੀਂ। ਤੁਸੀ ਪਲੀਜ਼ ਇਹਨਾਂ ਨੂੰ ਦੇਖੋ।“ ਅਪਣੀ ਵਡਿਆਈ ਸੁਣਨਾ ਤੇ ਅਣਸੁਣੀ ਕਰ ਦੇਣਾ ਮੇਰੇ ਲਈ ਕੋਈ ਨਵੀਂ ਗੱਲ ਨਹੀਂ ਸੀ।ਪਰ ਗ਼ਾਲਿਬ ਵਾਂਗ ਸੋਨੂੰ ਦਾ “ਅੰਦਾਜ਼ਿ ਬਯਾਂ” ਹੀ “ਕੁਛ ਅੋਰ” ਸੀ। ਉਸ ਦੀ ਪ੍ਰਸੰਸਾ ਵਿਚ ਗੁਰੂ ਦਾ ਮਾਣ ਛਿਪਿਆਂ ਹੋਇਆ ਸੀ ਜੋ ਮੈਂ ਹੀ ਸਮਝ ਸਕਦਾ ਸਾਂ। ਮੈਂ ਨੀਵੀਂ ਪਾਈ ਉਸ ਦੀ ਪ੍ਰਸੰਸਾ ਦਾ ਅਨੰਦ ਮਾਣਦਾ ਰਿਹਾ ਤੇ ਨੌਜਵਾਨ ਦੀ ਸਮਸਿਆ ਬਾਰੇ ਕਿਆਸ ਅਰਾਈਆਂ ਕਰਦਾ ਰਿਹਾ।
ਮੈਂ ਉਸ ਦੇ ਡਾਕਟਰ ਪਤੀ ਨੂੰ ਸੰਬੋਧਨ ਕਰ ਕੇ ਕਿਹਾ,”ਕਾਕਾ ਜੀ ਦਸੋ ਕੀ ਸੱਮਸਿਆਂ ਹੈ।“ ਉਸ ਦੇ ਬੋਲਣ ਤੋਂ ਪਹਿਲਾਂ ਹੀ ਸੋਨੂੰ ਨੇ ਟੋਕ ਕੇ ਕਿਹਾ,“ਸਰ ਇਹਨਾਂ ਦਾ ਪੈਰ ਦੇਖੋ।“ ਨਾਲ ਹੀ ਉਹ ਆਪਣੇ ਪਤੀ ਨੂੰ ਬੋਲੀ,”ਬਲਬੀਰ ਬੂਟ ਲਾਹ ਕੇ ਪੈਰ ਦਿਖਾਓ ਸਰ ਨੂੰ।” ਡਾਕਟਰ ਸਾਹਿਬ ਨੇ ਚੀਸ ਵਟਦਿਆਂ ਅਪਣੇ ਸੱਜੇ ਪੈਰ ਦਾ ਬੂਟ ਲਾਹ ਕੇ ਜ਼ੁਰਾਬ ਲਾਹੀ ਤੇ ਫਿਰ ਬੋਚ ਕੇੇ ਪੈਰ ਮੇਰੇ ਅੱਗੇ ਧਰਿਆ। ਮੈਂ ਉਸ ਦੇ ਪੈਰ ਨੂੰ ਧਿਆਨ ਨਾਲ ਦੇਖਿਆ। ਪੈਰ ਤੇ ਸ਼ੋਜਿਸ਼ ਆਈ ਹੋਈ ਸੀ ਤੇ ਇਸ ਤੇ ਹਲਕੀ ਸਿਆਹੀ ਦੀ ਭਾਅ ਮਾਰ ਰਹੀ ਸੀ। ਉਂਗਲੀਆਂ ਤੇ ਸ਼ੋਜਿਸ਼ ਕੁਝ ਜਿਆਦਾ ਸੀ ਪਰ ਅੰਗੂਠਾ ਸਾਫ ਦਿਖਾਈ ਨਹੀਂ ਸੀ ਦੇ ਰਿਹਾ।ਇੰਜ ਲਗਦਾ ਸੀ ਜਿਵੇਂ ਉਸ ਉਤੇ ਪੱਟੀ ਬੰਨ੍ਹ ਕੇ ਕਾਲੇ ਰੰਗ ਦੀ ਮਿੱਟੀ ਦਾ ਲੇਪ ਕੀਤਾ ਹੋਇਆ ਹੋਵੇ।ਪੈਰ ਵਿਚੋਂ ਅਣਸੁਖਾਵੀਂ ਮੁਰਦਾਰੀ ਹਵਾੜ ਆ ਰਹੀ ਸੀ।
ਹੋਮਿਓਪੈਥਿਕ ਇਲਾਜ਼ ਦੇ ਢੰਗ ਨਿਆਰੇ ਹਨ।ਇਸ ਵਿਚ ਨਾ ਟੈਸਟਾਂ ਦੀ ਕੋਈ ਵੁੱਕਤ ਹੈ ਨਾ ਅੇਕਸਰਿਆਂ ਦੀ। ਲੋੜ ਹੈ ਤਾਂ ਮਰੀਜ਼ ਤੇ ਮਰਜ਼ ਦੀਆਂ ਅਲਾਮਤਾਂ ਦੀ।ਪੈਰ ਦੀ ਹਾਲਤ ਗੰਭੀਰ ਸੀ।ਪੂਰੇ ਰੋਗ ਚਿੰਨ੍ਹ ਜਾਨਣ ਲਈ ਮੈਂ ਪੁਛਿਆ,”ਕੀ ਹੋਇਆ ਸੀ ਇਸ ਨੂੰ?”
”ਸਰ ਆਪਾਂ ਅੰਦਰ ਨਾ ਬੈਠੀਏ?“ ਉਸ ਨੇ ਸੋਨੂੰ ਤੋਂ ਝੇਂਪਦਿਆਂ ਕਿਹਾ। ਮੈਂ ਉਸ ਦੀ ਗੱਲ ਭਾਪ ਕੇ ਕਿਹਾ,”ਸੋਨੂੰ ਚਾਹ ਬਣਾ ਕੇ ਲਿਆਵੇਗੀ, ਆਪਾਂ ਇਥੇ ਹੀ ਬੈਠਦੇ ਹਾਂ।“ ਸੋਨੂੰ ਨੂੰ ਪਤਾ ਸੀ ਕਿ ਉਸ ਦਾ ਪਤੀ ਆਪਣੀ ਮਰਜ਼ ਉਸ ਤੋਂ ਛੁਪਾਉਂਦਾ ਹੈ। ਇਸ ਲਈ ਉਹ ਬਿਨਾ ਉਜ਼ਰ ਅੰਦਰ ਚਾਹ ਬਨਾਉਣ ਚਲੀ ਗਈ। ਮੈਂ ਉਸ ਦਾ ਕੇਸ ਸੁਨਣ ਲਈ ਹੋਰ ਨੇੜੇ ਬੈਠ ਗਿਆ।
ਉਹ ਬੋਲਿਆ,”ਸਰ ਗੱਲ ਤੁਹਾਡੇ ਤੀਕਰ ਹੀ ਰਹੇ। ਮੇਰੇ ਪੈਰ ਨੂੰ ਕੈਂਸਰ ਹੈ। ਕੋਈ ਡੇਢ ਸਾਲ ਪਹਿਲਾਂ ਚੋਟ ਲਗੀ ਸੀ। ਫੋੜਾ ਬਣ ਗਿਆ। ਖੂਨ ਰਸਦਾ ਰਿਹਾ। ਐਂਟੀ-ਬਾਇਓ ਖਾਧੇ, ਕੋਈ ਆਰਾਮ ਨਾ ਪਿਆ।ਕਈ ਹਸਪਤਾਲਾਂ ਵਿਚ ਇਲਾਜ਼ ਕਰਵਾਇਆ ਤੇ ਸ਼ਪੈਸ਼ਲਿਸਟਾਂ ਨੂੰ ਵਿਖਾਆਿ। ਉਹਨਾਂ ਸਭ ਨੇ ਕੈਂਸਰ ਦਸਿਆ ਹੈ। ਟੈਸਟ ਵੀ ਪੌਜੇਟਿਵ ਹਨ। ਮੇਰੇ ਪਿਤਾ ਜੀ ਨੂੰ ਵੀ ਪ੍ਰੋਸਟ੍ਰੇਟ ਕੈਂਸਰ ਸੀ। ਸ਼ਾਇਦ ਹੈਰੀਡਿਟਰੀ ਹੋਵੇ।ਮੇਰੇ ਕੋਲ ਸਭ ਰਿਪੋਰਟਾਂ ਹਨ। ਜੇ ਕਹੋ ਤਾਂ ਵਿਖਾਵਾਂ?”
ਉਸ ਦੇ ਮੰੂਹੋਂ ਇਹ ਸੁਣ ਕੇ ਮੈਨੂੰ ਧਕਾ ਲਗਿਆ ਤੇ ਸੋਨੂੰ ਦੀ ਹੋਣੀ ਤੇ ਦਯਾ ਆਈ। ਵਿਆਹ ਦਾ ਬੜਾ ਚਾਅ ਸੀ ਉਸ ਨੂੰ। ਉਹ ਇੰਨੀ ਹੋਣਹਾਰ, ਤੇ ਪਤੀ ਮਿਲਿਆ ਕੈਂਸਰ ਦਾ ਮਰੀਜ਼! ਸੁਣ ਕੇ ਪਤੀ ਨਾਲੋਂ ਪਹਿਲਾਂ ਮਰ ਜਾਵੇਗੀ, ਅੇਨੀ ਸੈਂਸੇਟਿਵ ਹੈ ਉਹ। ਮੈਂ ਸੋਚਿਆ।
” ਨਹੀਂ, ਟੈਸਟ ਬਾਦ ਵਿਚ ਵੇਖਾਂਗੇ। ਤੁਸੀਂ ਅਪਣੀ ਸਮੱਸਿਆ ਬਾਰੇ ਦਸੀ ਚਲੋ।“ ਮੈਂ ਅਪਣੇ ਭਾਵਾਂ ਨੂੰ ਕਸ ਕੇ ਕਿਹਾ।
ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਉਸ ਨੇ ਦਸਣਾ ਸ਼ੁਰੂ ਕੀਤਾ,”ਜਦੋਂ ਪਤਾ ਚੱਲ਼ਿਆ ਤਾਂ ਦਇਆ ਨੰਦ ਵਾਲਿਆਂ ਨੇ ਪਹਿਲਾਂ ਇਸ ਨੂੰ ਕਾਟਰਾਈਜ ਕੀਤਾ ਫਿਰ ਕੀਮੋਥਰੇਪੀ ਤੇ ਫਿਰ ਰੇੇਡੀਏਸ਼ਨ ਟਰੀਟਮੈਂਟ।ਪਰ ਕੋਈ ਫ਼ਰਕ ਨਾ ਪਿਆ। ਪੀ ਜੀ ਆਈ ਵਿਚ ਪੂਰੇ ਟੈਸਟ ਕਰਕੇ ਮੁੜ ਇਲਾਜ਼ ਚਲਦਾ ਰਿਹਾ।ਥੋੜੇ ਮੋੜ ਤੋ ਬਾਦ ਹਾਲਤ ਪਹਿਲਾਂ ਨਾਲੋਂ ਵੀ ਖਰਾਬ ਹੋ ਗਈ। ਹੁਣ ਸਾਰੇ ਪੈਰ ਤੇ ਸੋਜਿਸ਼ ਫੈਲ ਗਈ ਹੈ। ਚੌਵੀ ਘੰਟੇ ਚੀਸਾਂ ਪੈਂਦੀਆਂ ਹਨ। ਪੇਨ-ਕਿੱਲਰਜ਼ ਵੀ ਕੰਮ ਕਰਨੋ ਹਟ ਗਏ ਹਨ। ਰਾਤ ਨੂੰ ਨੀਂਦ ਨਹੀਂ ਪੈਂਦੀ। ਹੁਣ ਫਿਰ ਦਇਆ ਨੰਦ ਵਿਖਾਇਆ ਸੀ। ਉਹਨਾਂ ਨੇ ਕੈਂਸਰ ਅਗੇ ਫੇਲ ਜਾਣ ਦੇ ਡਰ ਤੋਂ ਜਲਦੀ ਅੰਗੂਠਾ ਕੱਟਣ ਦੀ ਸਲਾਹ ਦਿਤੀ ਹੈ। ਦਰਦ ਕਾਰਨ ਮੈਂ ਆਪ ਇਸ ਨੂੰ ਕਟਵਾਉਣ ਲਈ ਕਾਹਲਾ ਹਾਂ। ਡਾਕਟਰ ਹੋਣ ਦੇ ਨਾਤੇ ਮੈਂ ਸਮਝਦਾ ਵੀ ਹਾਂ ਕਿ ਹੁਣ ਇਹੀ ਇਸ ਦਾ ਹੱਲ ਹੈ ਪਰ ਸ਼ਰੀਰ ਦੇ ਮੋਹ ਕਾਰਣ ਸੋਚਦਾ ਹਾਂ ਕਿ ਮੇਰਾ ਅੰਗੂਠਾਂ ਕਿਸੇ ਤਰਾਂ ਬਚ ਜਾਵੇ। ਕਿਸੇ ਨੇ ਸਲਾਹ ਦਿਤੀ ਐ ਕਿ ਹੋਮਿਓਪੈਥਿਕ ਇਲਾਜ਼ ਕਰਵਾ ਕੇ ਵੇਖ ਲਵਾਂ। ਸੋਨੂੰ ਤੁਹਾਡੀ ਬੜੀ ਤਾਰੀਫ਼ ਕਰਦੀ ਹੈ, ਇਸ ਲਈ ਇਥੇ ਲਿਆਈ ਹੈ। ਤੁਸੀਂ ਇਸ ਦਾ ਹੱਲ ਦਸੋ।“
“ਕੀ ਦਰਦ ਇਸ ਵੇਲੇ ਵੀ ਹੋ ਰਿਹਾ ਹੈ?” ਮੈਂ ਪੁੱਛਿਆ।
“ਹਾਂ ਜੀ।ਇਹ ਤਾਂ ਕਦੇ ਹਟਦਾ ਹੀ ਨਹੀ।“।ਉਸ ਨੇ ਚੀਸ ਵੱਟ ਕੇ ਕਿਹਾ।
“ਕਦੇ ਵੀ ਨਹੀਂ?” ਮੈਂ ਫਿਰ ਪੁਛਿੱਆ।
“ਸਕੂਟਰ ਚਲਾ ਰਿਹਾ ਹੋਵਾਂ ਤਾਂ ਘਟ ਮਹਿਸੂਸ ਹੁੰਦਾ ਹੈ।ਇਸ ਲਈ ਪੈਦਲ ਚਲਣ ਦੀ ਥਾਂ ਬਹੁਤਾ ਸਕੂਟਰ ਤੇ ਹੀ ਬਾਹਰ ਅੰਦਰ ਜਾਂਦਾ ਹਾਂ।“ ਉਸ ਨੇ ਸੋਚ ਕੇ ਦਸਿਆ।
“ਦਰਦ ਹੈ ਕਿਸ ਤਰ੍ਹਾਂ ਦਾ?” ਮੈਂ ਸਵਾਲ ਕੀਤਾ।
“ਤਿੱਖਾ।ਜਿਵੇਂ ਕੋਈ ਜ਼ਹਿਰੀਲੀ ਕਿੱਲ ਅੰਦਰ ਖੁਭੀ ਹੋਵੇ। ਦਿਲ ਕਰਦਾ ਹੈ ਇਸ ਨੂੰ ਕਿਸੇ ਤਰ੍ਹਾਂ ਕੱਢ ਦੇਵਾਂ ਜਾਂ ਅੰਗੂਠਾ ਜੜੋਂ ਕੱਟ ਦੇਵਾਂ।“ ਉਸ ਨੇ ਚੀਸ ਦਾ ਬਿਆਨ ਕਰਦੇ ਹੋਏ ਦੱਸਿਆ।
ਇਹ ਸੁਣ ਕੇ ਮੈਂ ਡਾਕਟਰ ਨੂੰ ਗਹੁ ਨਾਲ ਵੇਖਿਆ।ਉਹ ਪਤਲੇ ਸੁੱਕੇ ਸਰੀਰ ਵਾਲਾ ਤੀਹ-ਬੱਤੀ ਸਾਲਾਂ ਦਾ ਕਾਲੇ ਰੰਗ ਦਾ ਮਨੱੁਖ ਸੀ। ਸੁਭਾਅ ਦਾ ਥੋੜਾ ਰੁੱਖਾ ਲਗਦਾ ਸੀ। ਉਸ ਦੇ ਚੇਹਰੇ ਤੇ ਦੁਖ ਦੀਆਂ ਰੇਖ਼ਾਵਾਂ ਉੱਭਰੀਆਂ ਹੋਈਆਂ ਸਨ। ਬਿਮਾਰੀ ਤੇ ਪੀੜਾ ਦੇ ਬਾਵਜ਼ੂਦ ਉਸ ਨੂੰ ਆਪਣੀ ਡਾਕਟਰੀ ਲਾਈਨ ਵਿਚ ਪੂਰਾ ਵਿਸ਼ਵਾਸ ਸੀ।
ਉਸ ਨੂੰ ਉੱਥੇ ਛੱਡ ਮੈਂ ਚਾਹ ਪਤਾ ਕਰਨ ਦਾ ਬਹਾਨਾ ਲਾ ਕੇ ਇਕ ਦਮ ਅੰਦਰ ਚਲਾ ਗਿਆ।ਮੈਨੂੰ ਉਮੀਦ ਸੀ ਕਿ ਮਰੀਜ਼ ਤੇ ਮਰਜ਼ ਦੀਆਂ ਕੁਝ ਅਲਾਮਤਾਂ ਸੋਨੂੰ ਜਰੂਰ ਦਸ ਸਕੇਗੀ। ਮੈਂ ਉਸ ਕੋਲ ਜਾ ਕੇੋ ਸੁਭਾਵਿਕ ਲਹਿਜੇੇ ਨਾਲ ਪੁੱਛਿਆ;”ਸੋਨੂੰ ਹੋਰ ਗੱਲਾਂ ਛੱਡ, ਤੂੰ ਆਪਣੇ ਪਤੀ ਦੇ ਸੁਭਾਅ ਬਾਰੇ ਦੱਸ। ਖ਼ੁਸ਼ ਹੈਂ ਨਾ?“
” ਸਰ ਜੋ ਸੋਚਿਆ ਸੀ ਉਹ ਨਹੀਂ। ਕੋਈ ਉੱਨੀ ਇੱਕੀ ਗੱਲ ਮੰੁਹੋਂ ਨਿਕਲ ਜਾਵੇ, ਖਹਿੜਾ ਨਹੀਂ ਛੱਡਦੇ।ਸਾਰਾ ਦਿਨ ਮੂੰਹ ਸੁਜਾ ਕੇ ਰਖਦੇ ਨੇ।“ਉਸ ਨੇ ਗੰਭੀਰਤਾ ਨਾਲ ਦਸਿਆ।
“ਤੂੰ ਉਸ ਦੀ ਬੀਮਾਰੀ ਬਾਰੇ ਕੁਝ ਜਾਣਦੀ ਐਂ?” ਮੈਂ ਘੁਮਾ ਕੇ ਪੁੱਛਿਆ।
“ਸਾਰਾ ਦਿਨ ਕੁਰਾਹੁੰਦੇ ਰਹਿੰਦੇ ਨੇ, ਕੁਝ ਦਸਦੇ ਨਹੀਂ। ਪਰ ਇਹਨਾਂ ਨੂੰ ਰਾਤ ਨੂੰ ਪਸੀਨਾ ਬਹੁਤ ਆਉਂਦਾ ਐ।” ਉਸਨੇ ਨਵੀਂ ਗੱਲ ਦਸਦੇ ਕਿਹਾ।
“ਪਸੀਨੇ ਵਿਚ ਕੋਈ ਬਦਬੂ?” ਮੈਂ ਅੱਗੇ ਪੁਛਿੱਆ।
“ਬਹੁਤ। ਰਜਾਈ ਵਿਚ ਮੂੰਹ ਨਹੀਂ ਦੇ ਹੁੰਦਾ।“ ਉਸ ਨੇ ਸੁੱਗਿਆ ਨਾਲ ਦਸਿਆ।
“ਕਿੱਦਾਂ ਦੀ ਬਦਬੂ?” ਮੈਂ ਆਉਂਦੀ ਸੂਚਨਾ ਨੂੰ ਬੋਚਣ ਦੀ ਤਿਆਰੀ ਨਾਲ ਸਵਾਲ ਕੀਤਾ।
“ਬਾਥਰੂਮ ਵਰਗੀ, ਜਿਦਾਂ ਦੀ ਕਈ ਵਾਰ ਤਾਂਗੇ ਵਿਚ ਬੈਠੇ ਆਉਂਦੀ ਹੁੰਦੀੇ ਐ।“ਉਸ ਨੇ ਸੋਚ ਕੇ ਦਸਿਆ।
ਉਸ ਦੇ ਉੱਤਰ ਨੇ ਮੇਰੀ ਤਹਿਕੀਕਾਤ ਸਮਾਪਤ ਕਰ ਦਿਤੀ ਸੀ।“ਫਿਰ ਤਾਂ ਮੁਫ਼ਤ ਵਿਚ ਹੀ ਤਾਂਗੇ ਦੀ ਸਵਾਰੀ ਕਰ ਲੈਨੀ ਐਂ ਤੂੰ।“ ਮੈਂ ਪੰਜਾਬੀ ਯੁਨੀਵਰਸਿਟੀ ਦੇ ਬੁੱਧੀਜੀਵੀਆਂ ਵਾਲੀ ਟਿੱਚਰ ਜਿਹੀ ਝਾੜ ਕੇ ਬਾਹਰ ਡਾਕਟਰ ਕੋਲ ਆ ਬੈਠਾ ਤੇ ਸੋਨੂੰ ਚਾਹ ਲੈ ਕੇ ਆ ਗਈ।
ਚਾਹ ਪਿਲਾ ਕੇ ਸੋਨੂੰ ਨੇ ਪੁਛਿੱਆ,”ਸਰ ਇਹਨਾਂ ਨੂੰ ਕੀ ਤਕਲੀਫ਼ ਹੈ?”
ਮੈਂ ਕਿਹਾ ਮੈਂ ਹੋਮਿਓਪੈਥ ਹਾਂ, ਤਕਲੀਫ਼ ਦਸਦਾ ਨਹੀਂ; ਸੁਣਦਾ ਹਾਂ ਤੇ ਠੀਕ ਕਰਦਾ ਹਾਂ। ਇਹਨਾਂ ਦਾ ਇਲਾਜ਼ ਸੰਭਵ ਹੈ, ਕਰਵਾਓਗੇ ਤਾਂ ਹੋ ਜਾਵੇਗਾ।“ ਦੋਵੇ ਜੀਆਂ ਨੇ ਮੁਸਕਰਾ ਕੇ ਇਲਾਜ਼ ਦੀ ਹਾਮੀ ਭਰੀ।
ਮੈਂ ਦਵਾਈ ਲੱਭ ਲਈ ਸੀ। ਡਾਕਟਰ ਦੇ ਪੈਰ ਦੀਆਂ ਚੁਭਵੀਆਂ ਪੀੜਾਂ, ਚਿਹਰੇ ਤੇ ਪੀੜਾਂ ਦੀਆਂ ਲਕੀਰਾਂ, ਸਕੂਟਰ ਤੇ ਚੜ੍ਹ ਕੇ ਚੈਨ, ਰਾਤ ਨੂੰ ਪਸੀਨਾ, ਪਸੀਨੇ ਦੀ ਖ਼ਾਸ ਬਦਬੂ, ਸਾਂਵਲਾ ਸੁੱਕਾ ਸ਼ਰੀਰ ਅਤੇ ਰੁੱਖਾ ਜਿੱਦੀ ਸੁਭਾਅ ਕੁਝ ਅਜਿਹੀਆਂ ਅਲਾਮਤਾਂ ਸਨ ਜਿਨ੍ਹਾਂ ਨੂੰ ਦੇਖ ਕੇ ਕੋਈ ਨਵਸਿਖਿਆ ਹੋਮਿਓਪੈਥ ਵੀ ਉਸ ਦੀ ਦਵਾਈ ਦਸ ਸਕਦਾ ਸੀ। ਮੈਂ ਅੰਦਰ ਗਿਆ ਤੇੇ ਦਵਾਈ ਦੀ ਇਕ ਖ਼ੁਰਾਕ ਲਿਆ ਕੇ ਡਾਕਟਰ ਦੇ ਮੂੰਹ ਵਿਚ ਝਾੜ ਦਿਤੀ। ਉਸ ਨੂੰ ਅੰਗੂਠਾ ਚੋਟ ਤੋਂ ਬਚਾ ਕੇ ਰਖਣ ਲਈ ਤੇ ਇਕ ਹਫ਼ਤੇ ਬਾਦ ਆ ਕੇ ਵਿਖਾਉਣ ਲਈ ਕਿਹਾ। ਉਸ ਨੇ ਸੋਚਿਆ ਇਕ ਪੁੜੀ ਦੇ ਕੇ ਪ੍ਰੋਫੈਸਰ ਨੇ ਟਾਲ ਦਿਤਾ ਹੈ। ਉਸ ਨੂੰ ਪਹਿਲਾਂ ਹੀ ਹੋਮਿਓਪੈਥੀ ਵਿਚ ਬਹੁਤਾ ਵਿਸ਼ਵਾਸ ਨਹੀਂ ਸੀ। ਸੰਕੇ ਨਾਲ ਪੁੱਛਣ ਲਗਾ, “ਹੋਰ ਦਵਾਈ ਹਫ਼ਤੇ ਬਾਦ ਦਿਓਗੇ?” ਮੈਂ ਕਿਹਾ ਦਵਾਈ ਤਾਂ ਹੁਣ ਮਹੀਨੇ ਬਾਦ ਵੀ ਨਹੀਂ ਦਿਆਂਗਾ।ਸਿਰਫ਼ ਵਿਖਾਉਣ ਲਈ ਆਉਣਾ ਹੈ ਤੁਸੀਂ ਅਗਲੇ ਹਫ਼ਤੇ।“ ਸੁਣ ਕੇ ਹੈਰਾਨ ਤੇ ਖ਼ਾਮੋਸ਼ ਮੁਦਰਾ ਵਿਚ ਦੋਵੇਂ ਵਿਦਾ ਹੋ ਗਏੇ।
ਅੱਠਾਂ ਦਿਨਾਂ ਬਾਦ ਡਾਕਟਰ ਇਕਲਾ ਆਇਆ। ਉਸ ਨੇ ਪੈਰ ਦਿਖਾਇਆ ਤੇ ਦਸਿਆ ਕਿ ਦਰਦ ਘੱਟ ਹੈ ਤੇ ਬਿਨਾਂ ਪੇਨ-ਕਿੱਲਰ ਲਏ ਨੀਂਦ ਆਉਣ ਲਗ ਪਈ ਹੈ। ਦਵਾਈ ਮੰਗਦਾ ਰਿਹਾ ਪਰ ਮੈਂ ਦਿਤੀ ਨਹੀਂ।
ਅਗਲੇ ਅੱਠਾਂ ਦਿਨਾਂ ਬਾਦ ਉਸ ਨੇ ਫੋਨ ਕਰ ਕੇ ਦਸਿਆ ਕਿ ਦਰਦ ਬਹੁਤ ਘਟ ਹੈ। ਸੋਜਾ ਵੀ ਮੋੜੇ ਤੇ ਹੈ। ਫਿਰ ਉਸ ਦਾ ਮਹੀਨਾ ਸਾਰਾ ਕੋਈ ਫੋਨ ਨਾ ਅਇਆ ਤੇ ਨਾ ਸੋਨੂੰ ਦਾ। ਮੈਂ ਸੋਚਿਆ ਡਾਕਟਰ ਦਾ ਮਨ ਨਹੀਂ ਖੜ੍ਹਿਆ। ਆਪ੍ਰੇਸ਼ਨ ਕਰਵਾ ਬੈਠਾ ਹੋਣਾ ਹੈ। ਇਸ ਲਈ ਮੈਂ ਵੀ ਕੋਈ ਫੋਨ ਨਾ ਕੀਤਾ।
ਇਕ ਦਿਨ ਸੋਨੂੰ ਅਚਾਨਕ ਡਿਪਾਰਟਮੈਂਟ ਆਈ ਤੇ ਕਾਫੀ ਦੇਰ ਇਧਰ ਉੱਧਰ ਦੀਆਂ ਗੱਲਾਂ ਕਰਦੀ ਰਹੀ।ਤੇ ਸ਼ੇਅਰ ਸੁਣਾਉਂਦੀ ਰਹੀ। ਮੈਂ ਹੈਰਾਨ ਸਾਂ ਕਿ ਆਪਣੇ ਬੀਮਾਰ ਪਤੀ ਦੀ ਕੋਈ ਖ਼ਬਰ ਕਿਉਂ ਨਹੀਂ ਦੇਂਦੀ। ਸੋਚਿਆ ਉਸ ਦੇ ਹੋਮਿਓਪੈਥੀ ਤੋਂ ਭਗੌੜਾ ਹੋਣ ਦੀ ਅਣਸੁਖਾਵੀ ਖ਼ਬਰ ਦੱਸਣ ਤੋਂ ਹਿਚਕਿਚਾ ਰਹੀ ਹੈ।ਅਖ਼ੀਰ ਮੈਂ ਪੁੱਛ ਹੀ ਲਿਆ,” ਸੋਨੂੰ ਤੇਰੇ ਸ਼ੋਹਰ ਦੇ ਪੈਰ ਦਾ ਕੀ ਹਾਲ ਐ?” ਉਹ ਸ਼ਰਮਿੰਦੀ ਜਿਹੀ ਹੋ ਕੇ ਕਹਿਣ ਲਗੀ, “ਸੌਰੀ ਸਰ, ਮੈਂ ਤਾਂ ਦੱਸਣਾ ਹੀ ਭੁੱਲ ਗਈ। ਤੁਹਾਡੀ ਦਵਾਈ ਤੋਂ ਬਾਦ ਉਹਨਾਂ ਦਾ ਦਰਦ ਘਟਦਾ ਗਿਆ ਤੇ ਉਹਨਾਂ ਨੇ ਚੀਖਣਾ ਚਿਲਾਣਾ ਬੰਦ ਕਰ ਦਿਤਾ। ਮੈਂ ਵੀ ਪੁੱਛਣਾ ਬੰਦ ਕਰ ਦਿਤਾ। ਤੁਹਾਨੂੰ ਪਤਾ ਹੀ ਹੈ ਬਿਨਾ ਰੋਏ ਮਾਂ ਵੀ ਬੱਚੇ ਦੀ ਖ਼ਬਰ ਨਹੀਂ ਲੈਂਦੀ। ਫਿਰ ਇਕ ਦਿਨ ਸਵੇਰੇ ਬੈੱਡ ਤੇ ਬੈਠੇ ਇਊਂ ਹੀ ਮੈ ਉਹਨਾਂ ਦਾ ਪੈਰ ਆਪਣੇ ਵਲ ਖਿੱਚ ਕੇੇ ਅੰਗੂਠਾ ਵੇਖਣ ਲਗੀ। ਦਰਦ ਤਾਂ ਹੈ ਨਹੀਂ ਸੀ। ਉਹ ਆਪਣੇ ਅੰਗੂਠੇ ਤੇ ਚੜ੍ਹੇ ਕਾਲੇ ਜਿਹੇ ਮਾਸ ਨੂੰ ਨਹੁੰ ਨਾਲ ਖੁਰੇਦਣ ਲਗ ਪਏ।ਥੋੜੀ ਦੇਰ ਬਾਦ ਨਹੁੰ ਸਮੇਤ ਕਾਲੇ ਮਾਸ ਦੀ ਪੂਰੀ ਟੋਪੀ ਜਿਹੀ ਉਤਰ ਕੇ ਹੱਥ ਵਿਚ ਆ ਗਈ। ਅੰਦਰੋਂ ਬਿਨਾ ਨਹੁੰ ਲਾਲ ਸੂਹਾ ਅੰਗੂਠਾ ਨਿਕਲ ਆਇਆ। ਹੁਣ ਨਹੁੰ ਵੀ ਬਣ ਰਿਹਾ ਹੈ। ਹੈਰਾਨੀ ਦੀ ਗੱਲ ਐ ਹੁਣ ਉਹਨਾਂ ਨੂੰ ਰਾਤ ਨੂੰ ਪਸੀਨਾ ਵੀ ਨਹੀਂ ਆਉਂਦਾ!“
ਮੈਨੂੰ ਉਸ ਦੀ ਹੋਣੀ ਬਦਲਣ ਦੀ ਬੇਹੱਦ ਖ਼ੁਸ਼ੀ ਹੋਈ।ਪਰ ਅੰਦਰੋ ਮੈਂ ਮਹਿਸੂਸ ਕੀਤਾ ਕਿ ਇਸ ਨੇ ਇਸ ਖ਼ਬਰ ਨੂੰ ਐਨੀ ਅਨਗੌਲੀ ਕਰ ਕੇ ਹੋਮਿਓਪੈਥੀ ਤੇ ਹੋਮਿਓਪੈਥ ਦੋਹਾਂ ਦਾ ਅਪਮਾਨ ਕੀਤਾ ਹੈ।ਨਾ ਇਸ ਨੂੰ ਵਿਗਿਆਨ ਦੀ ਕਦਰ ਹੈ ਨਾ ਕਲਾ ਦੀ। ਮੈਨੂੰ ਲੱਗਾ ਜਿਵੇਂ ਪਾਰਟੀ ਵੇਲੇ ਦੀ ਸਿਰਕੱਢ ਸੋਨੂੰ ਬੌਣੀ ਜਿਹੀ ਬਣ ਕੇ ਫਿਰ ਨਾਸ਼ੁਕਰਿਆਂ ਦੀ ਉਸ ਭੀੜ ਵਿਚ ਗਵਾਚ ਗਈ ਹੋਵੇ ਜਿਸ ਨੂੰ ਆਪਣੇ ਸਵਾਰਥ ਤੋ ਅਗੇ ਕੁਝ ਦਿਖਾਈ ਹੀ ਨਹੀਂ ਦਿੰਦਾ। ਪਰ ਫਿਰ ਇਕ ਦਮ ਖਿਆਲ ਆਇਆ ਕਿ ਇਸ ਵਿਚਾਂਰੀ ਨੂੰ ਤਾਂ ਪਤਾ ਹੀ ਨਹੀਂ ਕਿ ਹੋਮਿਓਪੈਥੀ ਨੇ ਕੀ ਮਾਅਰਕਾ ਮਾਰਿਆ ਹੈ। ਇਸ ਨੂੰ ਤਾਂ ਕਿਸੇ ਨੇ ਦਸਿਆਂ ਹੀ ਨਹੀਂ ਕਿ ਇਸ ਦੇ ਸ਼ੌਹਰ ਨੂੰ ਕਿਸ ਮਰਜ਼ ਨੇ ਘੇਰਿਆ ਹੋਇਆ ਸੀ। ਪਤੀ ਦਾ ਕੈਂਸਰ ਤਾਂ ਉਸ ਲਈ ਪੱਤ ਓਹਲੇ ਪਹਾੜ ਹੀ ਬਣਿਆ ਰਿਹਾ ਸੀ। ਇਸ ਵਿਚਾਰ ਦੇ ਆਗਮਨ ਨੇ ਉਸ ਦਾ ਕਸੂਰ ਧੋ ਦਿਤਾ ਤੇ ਮੇਰੇ ਮਨ ਦਾ ਮੈਲ ਵੀ। ਉਹ ਫਿਰ ਮੈਨੂੰ ਕੰਵਲ ਵਾਂਗ ਨਿਰਮਲ ਲੱਗਣ ਲਗੀ।
ਮੇਰਾ ਦਿਲ ਕੀਤਾ ਦੱਸ ਦੇਵਾਂ ਕਿ ਕਲਾਕਾਰ ਤਾਂ ਮੈਂ ਹਾਂ ਪਰ ਉਹ ਨਹੀਂ ਜਿਹੜਾ ਤੂੰ ਸੋਚਦੀ ਐਂ। ਪਰ ਉਸ ਦੇ ਸ਼ੋਹਰ ਨੂੰ ਦਿਤੇ ਬਚਨ ਤੇ ਅਪਣੀ ਪ੍ਰੋਫੈਸ਼ਨਲ ਨੈਤਿਕਤਾ ਦੇ ਬੰਧਨ ਕਾਰਣ ਮੈਂ ਚੁਪ ਰਿਹਾ।
No comments:
Post a Comment