Up the Punjab

ਅਪਦਾ ਪੰਜਾਬ

       ਅਸੀਂ ਸਭ ਪੰਜਾਬੀ ਆਪਣੇ ਸੋਹਣੇ ਪੰਜਾਬ ਨੂੰ ਪਿਆਰ ਕਰਦੇ ਹਾਂ। ਸਾਡੇ ਵਿਚੋਂ ਕੁਝ ਇਸ ਵਿਚ ਵਸਦੇ ਹਨ, ਕੁਝ ਪੰਜਾਬੀ ਪੰਜਾਬ ਤੋਂ ਬਾਹਰ ਦੇਸ ਵਿਚ ਹੀ ਵਸਦੇ ਹਨ ਅਤੇ ਕੁਝ ਪਰਵਾਸ ਕਰ ਕੇ ਦੇਸ ਤੋਂ ਬਾਹਰ ਰਹਿੰਦੇ ਹਨ। ਇਹ ਵੱਖ 2 ਜਾਤਾਂ, ਗੋਤਾਂ, ਨਸਲਾਂ, ਧਰਮਾਂ, ਤੇ ਫਿਰਕਿਆਂ ਨਾਲ ਸੰਬੰਧ ਰਖਦੇ ਹਨ ਇਹਨਾਂ ਦੀ ਜਨਮ-ਭੂਮੀ ਪੰਜਾਬ ਹੈ। ਇਹਨਾਂ ਸਭਨਾਂ ਦਾ ਸਾਂਝਾ ਪੰਜਾਬੀ ਵਿਰਸਾ ਹੋਣ ਕਰਕੇ ਸਾਂਝਾ ਪੰਜਾਬੀ ਸੁਭਾਉ, ਸਾਂਝਾ ਪੰਜਾਬੀ ਸਭਿਆਚਾਰ ਤੇ ਸਾਂਝੇ ਜੀਵਨ ਸਰੋਕਾਰ ਹਨ। ਇਹਨਾਂ ਸਾਂਝਾਂ ਕਾਰਣ ਇਹਨਾਂ ਦੇ ਮਨ ਵਿਚ ਇਕ ਦੂਜੇ ਲਈ ਅਪੱਣਤ ਅਤੇ ਪਿਆਰ ਹੈ। ਪੰਜਾਬ ਦੇ ਨਾਂ ਤੇ ਇਹਨਾਂ ਦੇ ਮਨ ਵਿਚ ਸਾਂਝੀ ਧੂਹ ਪੈਂਦੀ ਹੈ ਤੇ ਪੰਜਾਬੀਅਤ ਦੇ ਇਹ ਦੀਵਾਨੇ ਹਨ। ਇਹ ਆਪਣੀ ਜਨਮ ਭੂਮੀ, ਆਪਣੀ ਬੋਲੀ ਤੇ ਆਪਣੇ ਸਭਿਆਚਾਰ ਤੇ ਕੁਰਬਾਨ ਹੁੰਦੇ ਹਨ। ਇਹਨਾਂ ਦੇ ਹੋਰ ਦੂਜੇ ਭਾਈਚਾਰਿਆਂ ਵਾਂਗ ਆਪਸ ਵਿਚ ਮਨ-ਮੁਟਾਵ, ਗਿਲੇ-ਸ਼ਿਕਵੇ ਤੇ ਬਹੁ-ਮੁਖੀ ਟਕਰਾਓ ਵੀ ਚਲਦੇ ਰਹਿੰਦੇ ਹਨ ਪਰ ਉਹਨਾਂ ਦੀ ਰੰਗਤ ਵੀ ਪੰਜਾਬੀ ਹੀ ਹੁੰਦੀ ਹੈ ਤੇ ਉਹ ਵੀ ਪੰਜਾਬੀ ਸਭਿਆਚਾਰ ਦਾ ਹਿੱਸਾ ਹੀ ਹੁੰਦੇ ਹਨ।
       ਜਿਥੇ ਵੀ ਹੋਣ ਸਭ ਪੰਜਾਬੀ ਆਪਣੇ ਪੰਜਾਬ ਬਾਰੇ ਸੋਚਦੇ ਹਨ। ਉਹ ਇਸ ਦੇ ਸਮਾਜਿਕ ਸਿਆਸੀ, ਆਰਥਿਕ ਤੇ ਸਭਿਆਾਚਾਰਿਕ ਮਸਲਿਆਂ ਵਿਚ ਭਰਵੀਂ ਰੁਚੀ ਰਖਦੇ ਹਨ। ਇਸ ਰੁਚੀ ਦੀ ਪੂਰਤੀ ਲਈ ਉਹ ਅਖ਼ਬਾਰ ਰਸਾਲੇ ਪੜ੍ਹਦੇ ਹਨ, ਰੇਡੀਓ ਸੁਣਦੇ ਹਨ, ਟੀ ਵੀ ਵੇਖਦੇ ਹਨ ਤੇ ਹਰ ਪ੍ਰਕਾਰ ਦੇ ਪ੍ਰਿੰਟ ਤੇ ਡਿਜ਼ੀਟਲ ਮੀਡੀਆ ਨਾਲ ਸੰਪਰਕ ਰਖਦੇ ਹਨ। ਪੰਜਾਬ ਦੀ ਹਰ ਚੰਗੀ ਖ਼ਬਰ ਉਹਨਾਂ ਨੂੰ ਖ਼ੁਸ਼ੀ ਦਿੰਦੀ ਹੈ ਤੇ ਹਰ ਮਾੜੀ ਘਟਨਾ ਉਦਾਸੀ ਤੇ ਨਿਮੋਸ਼ੀ। ਉਹ ਆਪਣੇ ਪੰਜਾਬ ਦੀ ਖ਼ੁਸ਼ਹਾਲੀ ਤੇ ਤੱਰਕੀ ਬਾਰੇ ਹਰ ਵੇਲੇ ਚਿੰਤਿਤ ਰਹਿੰਦੇ ਹਨ ਤੇ ਇਸ ਦੀ ਬਿਹਤਰੀ ਵਿਚ ਯੋਗਦਾਨ ਪਾਉਣ ਦੀ ਇੱਛਾ ਰਖਦੇ ਹਨ।
       ਸਭ ਪੰਜਾਬੀਆਂ ਦੇ ਮਨ ਵਿਚ ਪੰਜਾਬ ਬਾਰੇ ਸੋਚ ਕੇ ਇਸ ਨੂੰ ਸੰਵਾਰਨ ਤੇ ਸਜਾਉਣ ਲਈ ਵਿਚਾਰ ਉਤਪੰਨ ਹੁੰਦੇ ਹਨ। ਉਹ ਇਸ ਨੂੰ ਚੰਗਾ ਬਨਾਉਣਾ ਲੋਚਦੇ ਹਨ ਅਤੇ ਇਸ ਬਾਰੇ ਆਪਣੇ ਵਿਚਾਰ ਦੂਜਿਆਂ ਤੀਕਰ ਪਹੁੰਚਾਉਣਾ ਚਾਹੁੰਦੇ ਹਨ। ਅਪਦਾ ਪੰਜਾਬ ਅਜਿਹੀਆਂ ਹੀ ਭਾਵਨਾਵਾਂ ਦਾ ਇਕ ਗ਼ੁਲਦਸਤਾ ਹੈ। ਇਹ ਆਪਣੇ ਪਿਆਰੇ ਪੰਜਾਬ, ਪੰਜਾਬੀ ਬੋਲੀ ਤੇ ਪੰਜਾਬੀ ਸਭਿਆਚਾਰ ਬਾਰੇ ਅਜਿਹੇ ਵਿਚਾਰਾਂ ਤੇ ਅਨੁਭਵਾਂ ਦਾ ਸੰਗ੍ਰਹਿ ਹੈ ਜੋ ਸਮੇਂ 2 ਮਨ ਵਿਚ ਉੱਠ ਕੇ ਤੜਪ ਪੈਦਾ ਕਰਦੇ ਰਹਿੰਦੇ ਹਨ ਤੇ ਇਸ ਨੁੰ ਝੰਜੋੜਦੇ ਰਹਿੰਦੇ ਹਨ। 

No comments:

Post a Comment