Indian Doctors in America: New Challenges



ਭਾਰਤੀ ਮੈਡੀਕਲ ਵਿਦਿਆਰਥੀ ਤੇ ਅਮਰੀਕਨ ਰੈਜ਼ੀਡੈਂਸੀ
ਨਵੀਨ ਚੁਣੌਤੀਆਂ 
 (Published in the Punjab Times of August 18, 2012)
ਡਾ: ਗੋਬਿੰਦਰ ਸਿੰਘ ਸਮਰਾਓ


            ਆਪਣੇ ਉੱਚੇ ਤੇ ਨਵੇਕਲੇ ਮਿਆਰਾਂ ਕਾਰਨ ਅਮਰੀਕਾ ਦੀ ਮੈਡੀਕਲ ਸਿਖਿਆ ਦਾ ਢਾਂਚਾ ਸਾਰੇ ਸੰਸਾਰ ਵਿਚ ਉੱਤਮ ਮੰਨਿਆ ਜਾਂਦਾ ਹੈ। ਹਰ ਸਾਲ ਦੁਨੀਆਂ ਭਰ ਵਿਚੋਂ ਹਜਾਰਾਂ ਵਿਦੇਸ਼ੀ ਮੈਡੀਕਲ ਵਿਦਿਆਰਥੀ, ਜਿਨ੍ਹਾਂ ਨੂੰ ਇੰਟਰਨੈਸ਼ਨਲ ਮੈਡੀਕਲ ਗ੍ਰੈਜੂਏਟ (ਆਈ ਐਮ ਜੀ) ਕਹਿੰਦੇ ਹਨ, ਇਥੋਂ  ਦੇ ਹਸਪਤਾਲਾਂ ਵਿਚ ਰੈਜ਼ੀਡੈਂਸੀ ਕਰਨ ਲਈ ਅਰਜੀਆਂ ਭੇਜਦੇ ਹਨ। ਇਹਨਾਂ ਵਿਚ ਭਾਰੀ ਗਿਣਤੀ ਭਾਰਤੀ ਐਮ ਬੀ ਬੀ ਐਸ  ਜਾਂ ਐਮ ਡੀ ਪਾਸ ਡਾਕਟਰਾਂ ਦੀ ਹੁੰਦੀ ਹੈ। ਦਰਖਾਸਤਾਂ ਦੇਣ ਵਾਲਿਆਂ ਵਿਚੋਂ ਕੁਝ ਇਕ ਨੂੰ ਤਾਂ ਰੈਜ਼ੀਡੈਂਟ ਬਨਣਾ ਨਸੀਬ ਹੋ ਜਾਂਦਾ ਹੈ ਪਰ ਬਾਕੀ ਦੇ ਰਹਿ ਜਾਂਦੇ ਹਨ। ਸਮੇਂ ਦੇ ਨਾਲ 2 ਵਧਦੇ ਕੰਪੀਟੀਸ਼ਨ ਨਾਲ ਵਿਦੇਸ਼ੀ ਮੈਡੀਕਲ ਗ੍ਰੈਜੁਏਟਸ ਦੀਆਂ ਮੁਸ਼ਕਲਾਂ ਵਿਚ ਵਾਧਾ ਹੋ ਰਿਹਾ ਹੈ ਤੇ ਉਹਨਾਂ ਦੇ ਦਾਖਲਿਆਂ ਦੀਆਂ ਸੰਭਾਵਨਾਵਾਂ ਘਟਦੀਆਂ ਜਾ ਰਹੀਆਂ ਹਨ।
             ਭਾਰਤ ਵਿਚ ਮੈਡੀਕਲ ਵਿਦਿਆਰਥੀ ਸਾੱਢੇ ਚਾਰ ਜਾਂ ਪੰਜ ਸਾਲ ਮੈਡੀਕਲ ਸਕੂ਼ਲ (ਕਾਲਜ) ਵਿਚ ਪੜ੍ਹ ਕੇ ਐਮ ਬੀ ਬੀ ਐਸ ਦੀ ਡਿਗਰੀ ਪ੍ਰਾਪਤ ਕਰਦੇ ਹਨ। ਇਸ ਤੋਂ ਬਾਦ ਉਹਨਾਂ ਕੋਲ ਤਿੰਨ ਵਿਕਲਪ ਹੁੰਦੇ ਹਨ- ਐਮ ਬੀ ਬੀ ਐਸ  ਦੀ ਮੁੱਢਲੀ ਡਿਗਰੀ ਨਾਲ ਹੀ ਸਰਕਾਰੀ ਨੌਕਰੀ ਜਾਂ ਪ੍ਰਾਈਵੇਟ ਪ੍ਰੈਕਟਿਸ ਕਰਨਾ, ਐਮ ਡੀ ਦੇ ਟੈਸਟ ਉਪਰੰਤ ਸਪੈਸ਼ਲਾਈਜ਼ੇਸ਼ਨ ਕਰਕੇ ਵਿਸ਼ੇਸ਼ਗ ਡਾਕਟਰ ਦੀ ਪ੍ਰਤਿਭਾਸ਼ਾਲੀ ਸਰਕਾਰੀ ਨੌਕਰੀ ਜਾਂ ਪ੍ਰਾਈਵੇਟ ਪ੍ਰੈਕਟਿਸ ਕਰਨਾ, ਅਤੇ ਯੂ ਐਸ ਐਮ ਐਲ ਈ ਦਾ ਟੈਸਟ ਦੇ ਕੇ ਅਮਰੀਕਾ ਦੀ ਐਮ ਡੀ ਲਈ ਰੈਜ਼ੀਡੈਂਸੀ ਵਿਚ ਦਾਖਲਾ ਲੈਣਾ ਤੇ ਬਾਦ ਵਿਚ ਉੱਥੇ ਹੀ ਪ੍ਰੈਕਟਿਸ ਕਰਨਾ। ਦੇਖਣ ਵਿਚ ਆਇਆ ਹੈ ਕਿ ਬਹੁਤ ਸਾਰੇ ਭਾਰਤੀ ਵਿਦਿਆਰਥੀ ਕੇਵਲ ਐਮ ਬੀ ਬੀ ਐਸ ਕਰਕੇ ਸਰਕਾਰੀ ਨੌਕਰੀ ਜਾਂ ਪ੍ਰੈਕਟਿਸ ਕਰਨ ਦੇ ਹੱਕ ਵਿਚ ਨਹੀਂ ਹੁੰਦੇ। ਇਸ ਦੇ ਕਈ ਕਾਰਣ ਹਨ। 
            ਇਸ ਦਾ ਸਭ ਤੋਂ ਵੱਡਾ ਕਾਰਣ ਇਹ ਹੈ ਕਿ ਅੱਜ ਕੱਲ ਦੇ ਸਪੈਸ਼ੀਲਾਈਜ਼ੇਸ਼ਨ ਦੇ ਜ਼ਮਾਨੇ ਵਿਚ ਇੱਕਲੀ ਐਮ ਬੀ ਬੀ ਐਸ ਦੀ ਡਿਗਰੀ ਬਹੁਤੀ ਮਹਤੱਤਾ ਨਹੀਂ ਰਖਦੀ। ਪ੍ਰਾਈਵੇਟ ਪ੍ਰੈਕਟਿਸ ਵਿਚ ਤਾਂ ਅਜੇਹੇ ਡਾਕਟਰਾਂ ਨੂੰ ਆਰ ਐਮ ਪੀਜ਼ ਦੇ ਬਰਾਬਰ ਹੀ ਸਮਝਿਆ ਜਾਂਦਾ ਹੈ ਜਿਨ੍ਹਾਂ ਕੋਲ ਕੋਈ ਡਿਗਰੀ ਨਹੀਂ ਹੁੰਦੀ। ਸਰਕਾਰੀ ਨੌਕਰੀਆਂ ਬਹੁਤ ਘੱਟ ਨਿਕਲਦੀਆਂ ਹਨ ਅਤੇ ਮਿਲਦੀਆਂ ਵੀ ਸ਼ਿਫਾਰਸ਼ ਤੇ ਰਿਸ਼ਵਤ ਨਾਲ ਹਨ। ਜਿਹੜੇ ਖੁਸ਼ਨਸੀਬ ਇਹਨਾਂ ਨੂੰ ਪ੍ਰਾਪਤ ਕਰਨ ਵਿਚ ਕਾਮਯਾਬ ਭੀ ਹੋ ਜਾਂਦੇ ਹਨ ਉਹਨਾਂ ਨੂੰ ਵੀ ਕਈ 2 ਸਾਲ ਦੂਰ ਦੁਰਾਡੇ ਦੇ ਪੇਂਡੂ ਇਲਾਕਿਆਂ ਵਿਚ ਸੇਵਾ ਕਰਨੀ ਪੈਂਦੀ ਹੈ। ਇਹਨਾਂ ਨੌਕਰੀਆਂ ਦਾ ਸੇਵਾ ਫਲ ਵੀ ਇਹਨਾਂ ਦੀ ਪੜ੍ਹਾਈ ਤੇ ਯੋਗਤਾ ਦੇ ਮੁਕਾਬਲੇ ਬਹੁਤ ਘਟ ਹੁੰਦਾ ਹੈ। ਅੱਜ ਕੱਲ ਕੁਝ ਡਾਕਟਰਾਂ ਨੂੰ ਪਿੰਡਾਂ ਵਿਚ ਸਿਹਤ ਸੇਵਾ ਮੁੱਹਈਆ ਕਰਨ ਲਈ ਠੇਕੇ ਤੇ ਵੀ ਭਰਤੀ ਕੀਤਾ ਜਾਣ ਲਗਾ ਹੈ ਪਰ ਠੇਕੇ ਦੀ ਰਕਮ ਨਾਂਹ ਦੇ ਬਰਾਬਰ ਹੀ ਹੁੰਦੀ ਹੈ। ਉਂਜ ਵੀ ਸਿਹਤ ਸੇਵਾਵਾਂ ਦੇ ਸਰਕਾਰੀ ਠੇਕਿਆਂ ਦੀ ਮਿਆਦ ਦੋ ਤਿੰਨ ਸਾਲ ਹੀ ਹੁੰਦੀ ਹੈ।  ਇਹਨਾਂ ਵਿਦਿਆਰਥੀਆਂ ਲਈ ਪ੍ਰਾਈਵੇਟ ਹਸਪਤਾਲਾਂ ਦੀ ਨੌਕਰੀ ਦੇ ਮੌਕੇ ਬਹੁਤ ਘੱਟ ਹੁੰਦੇ ਹਨ ਕਿਉਂਕਿ ਉੱਥੇ ਐਮ ਡੀ ਜਾਂ ਐਮ ਐਸ ਵਰਗੀਆਂ ਉੱਚੀਆਂ ਯੋਗਤਾਵਾਂ ਵਾਲੇ ਵਿਸ਼ੇਸ਼ਗਾਂ ਦੀ ਵਧੇਰੇ ਲੋੜ ਹੁੰਦੀ ਹੈ। ਘੱਟ ਉਜਰਤ ਤੇ ਮਾੜੀਆਂ ਕੰਮ ਸਹੂਲਤਾਂ ਕਾਰਨ ਇਹ ਡਾਕਟਰ ਕੁਝ ਅਨੁਭਵ ਪ੍ਰਾਪਤ ਕਰਕੇ ਛੇਤੀ ਹੀ ਆਪਣਾ ਹਸਪਤਾਲ ਜਾਂ ਕਲੀਨਿਕ ਖੋਹਲਣ ਦੀ ਤਾਕ ਵਿਚ ਰਹਿੰਦੇ ਹਨ। ਇਸ ਲਈ ਅੱਜ ਕੱਲ ਸਭ ਸ਼ਹਿਰਾਂ, ਕਸਬਿਆਂ ਤੇ ਬਹੁਤੇ ਪਿੰਡਾਂ ਵਿਚ ਛੋਟੇ ਵੱਡੇ ਪ੍ਰਾਈਵੇਟ ਨਰਸਿੰਗ ਹੋਮ ਖੁਲ੍ਹ ਗਏ ਹਨ। ਪਰ ਇਹਨਾਂ ਦੀ ਵਧਦੀ ਭਰਮਾਰ ਕਾਰਣ ਹੁਣ ਇਹ ਬਹੁਤੇ ਮੁਨਾਫੇਦਾਰ ਨਹੀਂ ਰਹੇ।
            ਇਸ ਲਈ ਬਹੁਤ ਸਾਰੇ ਵਿਦਿਆਰਥੀ ਐਮ ਡੀ ਦਾ ਕੋਰਸ ਕਰਨ ਲਈ ਟੈਸਟ ਦੇਂਦੇ ਹਨ। ਇਸ ਔਖੇ ਟੈਸਟ ਲਈ ਘਟੋ ਘੱਟ ਇਕ ਸਾਲ ਸਖ਼ਤ ਮਿਹਨਤ ਨਾਲ ਤਿਆਰੀ ਕਰਨੀ ਪੈਂਦੀ ਹੈ। ਭਾਰਤੀ ਮਾਹੌਲ ਵਿਚ ਉਹਨਾਂ ਲਈ ਕੰਪੀਟੀਸ਼ਨ ਵਿਚ ਪੂਰੇ ਉਤਰਨਾ ਹੀ ਕਾਫੀ ਨਹੀਂ, ਸਗੋਂ ਕੋਈ ਉੱਚ ਪੱਧਰੀ ਸ਼ਿਫਾਰਸ਼ ਵੀ ਲਗਾਉਣੀ ਪੈਂਦੀ ਹੈ। ਬਹੁਤ ਵਾਰ ਤਾਂ ਸ਼ਿਫਾਰਸ਼ ਅਤੇ ਕਠਿਨ ਪੜਾਈ ਦੇ ਨਾਲ 2 ਡੋਨੇਸ਼ਨ ਦੀ ਭਾਰੀ ਰਕਮ ਵੀ ਅਦਾ ਕਰਨੀ ਪੈਂਦੀ ਹੈ ਜੋ ਬ੍ਰਾਂਚ ਤੇ ਸੰਸਥਾ ਮੁਤਾਬਿਕ ਇਕ ਕਰੋੜ ਰੁਪਏ ਤੀਕਰ ਵੀ ਹੋ ਸਕਦੀ ਹੈ। ਤੇ ਫਿਰ ਤਿੰਨ ਸਾਲ ਮੈਡੀਕਲ ਕਾਲਜ ਵਿਚ ਰੈਗੂਲਰ ਪੜਾਈ ਕਰਨੀ ਪੈਂਦੀ ਹੈ। ਇਹ ਕੋਰਸ ਕਰਨ ਉਪਰੰਤ ਉਹ ਯੋਗਤਾ ਪਖੋਂ ਆਪਣੇ ਆਪ ਨੂੰ ਪ੍ਰੈਕਟਿਸ ਕਰਨ ਦੇ ਕਾਬਲ ਸਮਝਣ ਲਗਦੇ ਹਨ ਤੇ ਆਪਣਾ ਮੈਡੀਕਲ ਕੈਰੀਅਰ ਸ਼ੁਰੂ ਕਰਦੇ ਹਨ। ਐਮ ਡੀ ਕਰ ਕੇ ਵੀ ਬਹੁਤ ਘਟ ਵਿਦਿਆਰਥੀ ਸਰਕਾਰੀ ਨੌਕਰੀ ਵਲ ਜਾਂਦੇ ਹਨ ਕਿਉਂਕਿ ਉੱਥੇ ਉਹਨਾਂ ਨੂੰ ਕੋਈ ਉਚੇਚੇ ਪੇ-ਸਕੇਲ ਨਹੀਂ ਮਿਲਦੇ। ਜਿਹੜੇ ਚਲੇ ਵੀ ਜਾਂਦੇ ਹਨ ਉਹ ਉੱਥੇ ਵੱਧ ਸਮਾਂ ਨਹੀਂ ਟਿਕਦੇ। ਸਭ ਦਾ ਉਦੇਸ਼ ਅਧੁਨਿਕ ਪ੍ਰਾਈਵੇਟ ਹਸਪਤਾਲਾਂ ਦੀ ਨੌਕਰੀ ਕਰਨਾ ਹੁੰਦਾ ਹੈ ਤਾਂ ਜੋ ਤਜਰਬਾ ਤੇ ਪ੍ਰਸਿੱਧੀ ਹਾਸਲ ਕਰ ਕੇ ਆਪਣੀ ਵਿਸ਼ੇਸ਼ਗਤਾ ਵਾਲੀ ਪ੍ਰਾਈਵੇਟ ਪ੍ਰੈਕਟਿਸ ਜਾਂ ਉੱਚ-ਪੱਧਰਾ ਨਰਸਿੰਗ ਹੋਮ ਖੋਲ੍ਹ ਦੇਣ।
            ਭਾਰਤ ਵਿਚ ਡਾਕਟਰੀ ਪੇਸ਼ੇ ਦਾ ਭਵਿੱਖ ਬਹੁਤਾ ਉਤਸ਼ਾਹਜਨਕ ਨਾ ਲਗਣ ਕਰ ਕੇ ਬਹੁਤੇ ਮੈਡਿਕਲ ਗ੍ਰੈਜੂਏਟ ਅਮ੍ਰੀਕਾ ਵਿਚ ਐਮ ਡੀ ਕਰਨ ਦੀ ਹੀ ਸੋਚਦੇ ਹਨ। ਇਸ ਮੰਤਵ ਲਈ ਉਹਨਾਂ ਨੂੰ ਪਹਿਲਾਂ ਯੂ ਐਸ ਐਮ ਐਲ ਈ ਨਾਮਕ ਟੈਸਟ ਪਾਸ ਕਰਨਾ ਪੈਂਦਾ ਹੈ ਫਿਰ ਤਿੰਨ ਸਾਲ ਦੀ ਰੈਜੀਡੈਂਸੀ। ਇਹ ਟੈਸਟ ਭਾਰਤ ਦੇ ਐਮ ਡੀ ਦੇ ਟੈਸਟ ਵਾਂਗ ਹੀ ਹੈ ਪਰ ਵਿਧੀ-ਵਿਹਾਰ ਪਖੋਂ ਥੋੜਾ ਭਿੰਨ ਹੁੰਦਾ ਹੈ। ਇਹ ਟੈਸਟ ਤਿੰਨ ਸਟੈਪਾਂ ਵਿਚ ਪਾਸ ਕਰਨਾ ਹੁੰਦਾ ਹੈ ਜਿਹਨਾਂ ਵਿਚੋਂ ਤੀਜਾ ਸਟੈਪ ਰੈਜੀਡੈਂਸੀ ਦੇ ਦਰਮਿਆਨ ਵੀ ਪਾਸ ਕੀਤਾ ਜਾ ਸਕਦਾ ਹੈ। ਹਰ ਸਟੈਪ ਦਾ ਟੈਸਟ ਕੇਵਲ ਇਕੋ ਵਾਰੀ ਦਿਤਾ ਹੀ ਠੀਕ ਮੰਨਿਆ ਜਾਂਦਾ ਹੈ ਕਿਉਂਕਿ ਇਹਨਾਂ ਟੈਸਟਾਂ ਵਿਚ ਸਕੋਰ ਸੁਧਾਰਣ ਦੀ ਆਗਿਆ ਨਹੀਂ ਹੁੰਦੀ। ਕੇਵਲ ਫ਼ੇਲ ਹੋਏ ਉਮੀਦਵਾਰ ਹੀ ਇਹਨਾਂ ਪ੍ਰੀਖਿਆਵਾਂ ਨੂੰ ਦੁਬਾਰਾ ਦੇ ਸਕਦੇ ਹਨ ਪਰ ਫ਼ੇਲ ਹੋਣ ਨਾਲ ਮਾਨਨੀਅਤਾ ਬਹਤ ਘਟ ਜਾਂਦੀ ਹੈ। ਪਹਿਲਾ ਸਟੈਪ ਸਭ ਤੋਂ ਮਹਤੱਵਪੂਰਣ ਮੰਨਿਆਂ ਜਾਂਦਾ ਹੈ ਕਿਉਂਕਿ ਇੰਟਰਵਿਊ ਤੇ ਦਾਖ਼ਲੇ ਵੇਲੇ ਇਸੇ ਦਾ ਸਕੋਰ ਸਰਬਪ੍ਰਥਮ ਸਮਝਿਆ ਜਾਂਦਾ ਹੈ। ਦੂਜੇ ਸਟੈਪ ਵਿਚ ਸੀ ਕੇ ਤੇ ਸੀ ਐਸ ਨਾਮੀ ਦੋ ਭਾਗ ਹੁੰਦੇ ਹਨ ਜੋ ਅੱਲਗ 2 ਪਾਸ ਕਰਨੇ ਹੁੰਦੇ ਹਨ। ਇਹਨਾਂ ਵਿਚੋਂ ਸੀ ਕੇ ਤਾਂ ਪਹਿਲੇ ਸਟੈਪ ਵਾਂਗ ਹੀ ਸਬਜੈਕਟ ਟੈਸਟ ਹੁੰਦਾ ਹੈ ਜਿਸ ਵਿਚ ਸਕੋਰ ਸੁਧਾਰਨ ਦੀ ਆਗਿਆ ਨਹੀਂ ਹੁੰਦੀ। ਪਰ ਸੀ ਐਸ ਪੈਕਟੀਕਲ ਟਾਈਪ ਟੈਸਟ ਹੁੰਦਾ ਹੈ ਜੋ ਪਾਸ ਹੀ ਕਰਨਾ ਹੁੰਦਾ ਹੈ ਤੇ ਇਸ ਦਾ ਸਕੋਰ ਨਹੀਂ ਹੁੰਦਾ। ਸੀ ਐਸ ਟੈਸਟ ਪਾਸ ਨਾ ਹੋਣ ਦੀ ਸੂਰਤ ਵਿਚ ਇਹ ਦੂਜੀ ਜਾਂ ਤੀਜੀ ਵਾਰ ਵੀ ਦਿਤਾ ਜਾ ਸਕਦਾ ਹੈ ਪਰ ਬਹੁਤੇ ਰੈਜੀਡੈਂਸੀ ਪ੍ਰੋਗਰਾਮ ਪਹਿਲੇ ਦਾਅ ਪਾਸ ਹੋਣ ਵਾਲਿਆਂ ਨੂੰ ਹੀ ਇੰਟਰਵੀਊ ਭੇਜਦੇ ਹਨ।
            ਸਟੈੱਪ ਪਹਿਲਾ ਤੇ ਦੂਜਾ (ਸੀ ਕੇ) ਭਾਰਤ ਬੈਠਿਆਂ ਵੀ ਦਿਤੇ ਜਾ ਸਕਦੇ ਹਨ ਪਰ ਸਟੈੱਪ ਦੂਜਾ (ਸੀ ਐਸ) ਕੇਵਲ ਅਮਰੀਕਾ ਵਿਚ ਆ ਕੇ ਹੀ ਦਿਤਾ ਜਾ ਸਕਦਾ ਹੈ। ਇਸ ਲਈ ਹਰ ਉਮੀਦਵਾਰ ਨੂੰ ਇਹ ਟੈਸਟ ਦੇਣ ਲਈ ਭਾਰਤ ਵਿਚੋਂ ਵਿਜ਼ਿਟਰ ਵੀਜ਼ਾ ਲੈ ਕੇ ਅਮਰੀਕਾ ਆਉਣਾ ਪੈਂਦਾ ਹੈ। ਕਈ ਵਿਦਿਆਰਥੀ ਦਸਾਂ ਸਾਲਾਂ ਦਾ ਮਲਟੀਪਲ ਐਂਟਰੀ ਵੀਜ਼ਾ ਵੀ ਲਵਾ ਲੈਂਦੇ ਹਨ ਕਿਉਂਕਿ ਉਹਨਾਂ ਨੁੰ ਦਾਖਲੇ ਸੰਬੰਧੀ ਕਈ ਕੰਮਾਂ ਲਈ ਬਾਰ 2 ਆਉਣਾ ਜਾਣਾ ਪੈ ਸਕਦਾ ਹੈ। ਅਮਰੀਕਾ ਵਿਚ ਰੈਜ਼ੀਡੈਂਸੀ (ਐਮ ਡੀ) ਕਰਨਾ ਵਿਦਿਆਰਥੀਆਂ ਲਈ ਵਧੇਰੇ ਖਿੱਚ ਦਾ ਕਾਰਣ ਬਣਿਆ ਹੋਇਆ ਹੈ। ਇਸ ਦੇ ਕਈ ਕਾਰਣ ਹਨ। ਪਹਿਲਾ ਇਹ ਕਿ ਇਥੇ ਸਾਫ ਸੁਥਰਾ ਤੇ ਪਾਰਦਰਸ਼ੀ ਪ੍ਰਬੰਧ ਹੋਣ ਕਾਰਨ ਉਹਨਾਂ ਨੂੰ ਵਧੇਰੇ ਪ੍ਰੇਸ਼ਾਨੀ ਨਹੀਂ ਅਉਂਦੀ। ਉਹ ਅਤੇ ਉਹਨਾਂ ਦੇ ਮਾਪੇ ਸ਼ਿਫਾਰਸ਼ਾਂ ਲਈ ਭੱਜ ਨੱਠ ਤੇ ਡੋਨੇਸ਼ਨਾਂ ਦੇ ਬੋਝ ਤੋਂ ਬਚ ਜਾਂਦੇ ਹਨ। ਦੂਜਾ ਉਹਨਾਂ ਨੂੰ ਅਮਰੀਕਾ ਦੇ ਵਧੀਆ ਹਸਪਤਾਲਾਂ ਵਿਚ ਸੰਸਾਰੀ ਮਿਆਰ ਦੀ ਸਿਖਿਆ-ਸਿਖਲਾਈ ਪ੍ਰਾਪਤ ਕਰਨ ਦੇ ਮੌਕੇ ਮਿਲਦੇ ਹਨ ਜਿਸ ਨਾਲ ਉਹਨਾਂ ਦੀ ਲਿਆਕਤ ਤੇ ਕੰਮ ਦਾ ਸਹੀ ਮੁੱਲ ਪੈਂਦਾ ਹੈ। ਉਹ ਇਥੋਂ ਦੇ ਮੈਡੀਕਲ ਪ੍ਰੋਫੈਸ਼ਨਲਾਂ ਨਾਲ ਕੰਮ ਕਰਦੇ ਹਨ ਜਿਹਨਾਂ ਵਿਚ ਪੜ੍ਹਨ ਪੜ੍ਹਾਉਣ ਤੇ ਸਿੱਖਣ ਸਿਖਾਉਣ ਦਾ ਦਿਲੀ ਜਜ਼ਬਾ ਹੁੰਦਾ ਹੈ। ਭਾਰਤ ਵਿਚ ਤਾਂ ਡਾਕਟਰ ਆਪਣੇ ਵਿਵਿਹਾਰ ਰਾਹੀਂ ਸਿਖਿਆਰਥੀਆਂ ਨੂੰ ਉੱਪਰ ਹੀ ਨਹੀਂ ਉੱਠਣ ਦਿੰਦੇ। ਕਈ ਥਾਈਂ ਤਾਂ ਸਹੀ ਕ੍ਰੈਡਿਟ ਲੈਣ ਲਈ ਵੀ ਭਾਰੀ ਰਕਮਾਂ ਨਾਲ ਉਹਨਾਂ ਦੀਆਂ ਮੁੱਠੀਆਂ ਗਰਮ ਕਰਨੀਆਂ ਪੈਂਦੀਆਂ ਹਨ। ਕਈ ਹਸਪਤਾਲਾਂ, ਖਾਸ ਕਰਕੇ ਸਰਕਾਰੀ ਹਸਪਤਾਲਾਂ ਵਿਚ ਵਧੀਆ ਸਹੂਲਤਾਂ ਤੇ ਅਧੁਨਿਕ ਮਸ਼ੀਨਰੀ ਵੀ ਨਹੀਂ ਹੁੰਦੀ। ਕਈ ਵਿਭਾਗਾਂ ਵਿਚ ਤਾਂ ਮੁਖੀ ਡਾਕਟਰਾਂ ਦੇ ਟੇਬਲ ਲੈਂਪ ਵੀ ਖਸਤਾ ਤੇ ਟੁੱਟੇ-ਭੱਜੇ ਹੀ ਹੁੰਦੇ ਹਨ। ਅਜਿਹੇ ਹਾਲਾਤ ਵਿਚ ਸਿਖਿਆਰਥੀਆਂ ਤੇ ਫੋਕੀ ਧੌਂਸ ਹੀ ਉਹਨਾਂ ਦੀ ਕਾਬਲੀਅਤ ਬਣ ਕੇ ਰਹਿ ਜਾਂਦੀ ਹੈ।
            ਪਰ ਵਿਦੇਸ਼ੀ ਗ੍ਰੈਜੁਏਟਾਂ ਲਈ ਸਭ ਤੋਂ ਵੱਧ ਦਿਲਚਸਪ ਗੱਲ ਅਮਰੀਕਾ ਵਿਚ ਪੜ੍ਹ ਕੇ ਇਥੇ ਹੀ ਪ੍ਰੈਕਟਿਸ ਕਰਨ ਦੇ ਮੌਕੇ ਹੂੰਦੇ ਹਨ ਜਿਨਾਂ ਨੂੰ ਉਹ ਗਵਾਉਣਾ ਨਹੀਂ ਚਾਹੁੰਦੇ। ਉਹਨਾਂ ਨੂੰ ਇਹ ਗੱਲ ਚੰਗੀ ਤਰਾਂ ਯਾਦ ਹੁੰਦੀ ਹੈ ਕਿ ਇੱਥੇ ਡਾਕਟਰੀ ਕਿੱਤੇ ਦੀ ਸਰਦਾਰੀ ਹੈ। ਇੰਸ਼ੋਰੈਂਸ ਕੰਪਨੀਆਂ ਤੇ ਫਾਰਮੇਸੀਆਂ ਦੀ ਮਿਲੀਭੁਗਤ ਸਦਕਾ ਅਮਰੀਕਾ ਦਾ ਡਾਕਟਰ ਦੁਨੀਆਂ ਦੇ ਕਿਸੇ ਵੀ ਦੇਸ਼ ਦੇ ਡਾਕਟਰ ਨਾਲੋਂ ਵਧੇਰੇ ਸ਼ਾਨ ਰਖਦਾ ਹੈ ਤੇ ਵੱਧ ਪੈਸੇ ਕਮਾਉਂਦਾ ਹੈ। ਅਮਰੀਕਾ ਵਿਚ ਡਾਕਟਰਾਂ ਦੀ ਚਿਰਕਾਲ ਤੋ ਹੀ ਥੁੜ੍ਹ ਚਲੀ ਆ ਰਹੀ ਹੈ ਅਤੇ ਇੱਥੇ ਇਸ ਕਿੱਤੇ ਦਾ ਭਵਿੱਖ ਬੜਾ ਹੀ ਉਤਾਹਾਂਮੁਖੀ ਹੈ।
            ਮੋਟੀ ਮੈਡੀਕਲ ਪ੍ਰੈਕਟਿਸ ਦੇ ਨਾਲ 2 ਇਹਨਾਂ ਗ੍ਰੈਜੂਏਟਾਂ ਨੂੰ ਇਸ ਮੁਲਕ ਦੀ ਪੱਕੀ ਇਮੀਗ੍ਰੇਸ਼ਨ ਮਿਲਣ ਦੀ ਵੀ ਪੂਰੀ ਆਸ ਹੁੰਦੀ ਹੈ। ਰੈਜ਼ੀਡੈਂਸੀ ਉਪਰੰਤ ਜਿਨਾਂ ਹਸਪਤਾਲਾਂ ਲਈ ਵੀ ਉਹ ਕੰਮ ਕਰਦੇ ਹਨ ਉਹ ਉਹਨਾਂ ਲਈ ਗ੍ਰੀਨ ਕਾਰਡ ਲੈਣ ਲਈ ਸਹਾਇਕ ਹੋ ਸਕਦੇ ਹਨ। ਇਸ ਲਈ ਭਾਰਤ ਵਿਚ ਐਮ ਡੀ ਕਰਨ ਲਈ ਜਿੰਨੀ ਮਿਹਨਤ ਤੇ ਪੈਸਾ ਲੋੜੀਂਦਾ ਹੁੰਦਾ ਹੈ, ਲੱਗ ਭੱਗ ਉੱਨੇ ਵਿਚ ਹੀ ਉਹ ਅਮਰੀਕਾ ਦੀ ਰੈਜ਼ੀਡੈਂਸੀ ਕਰ ਲੈਂਦੇ ਹਨ ਤੇ ਇਥੋਂ ਦੀ ਇਮੀਗ੍ਰੇਸ਼ਨ ਬੋਨਸ ਵਿਚ ਪ੍ਰਾਪਤ ਕਰ ਲੈਂਦੇ ਹਨ।
            ਪਰ ਜਿਵੇਂ ਉੱਪਰ ਦੱਸਿਆ ਗਿਆ ਹੈ, ਵਿਦੇਸ਼ੀ ਗ੍ਰੈਜੂਏਟਾਂ ਲਈ ਅਮਰੀਕਾ ਵਿਚ ਰੈਜ਼ੀਡੈਂਸੀ ਕਰਨਾ ਤੇ ਇਥੇ ਪ੍ਰੈਕਟਿਸ ਕਰਨਾ ਦਿਨੋਂ ਦਿਨ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਦੁਨੀਆਂ ਭਰ ਦੇ ਪ੍ਰਾਰਥੀਆਂ ਵਲੋਂ ਮੁਕਾਬਲੇ ਕਾਰਣ ਸਾਰੇ ਰੈਜ਼ੀਡੈਂਸੀ ਪ੍ਰੋਗਰਾਮ  ਵਧ ਤੋਂ ਵਧ ਯੋਗਤਾਵਾਂ ਵਾਲੇ ਉਮੀਦਵਾਰਾਂ ਨੂੰ ਹੀ ਚੁਣਦੇ ਹਨ। ਇਸ ਲਈ ਉੱਚੇ ਸਕੋਰ ਤੋਂ ਇਲਾਵਾ ਉਮੀਦਵਾਰ ਕਈ 2 ਮਹੀਨੇ ਦੀ ਆਬਜ਼ਰਵਰਸ਼ਿਪ ਜਾਂ ਐਕਸਟਰਨਸ਼ਿਪ ਕਰ ਕੇ ਅਮਰੀਕੀ ਮੈਡੀਕਲ ਮਾਹੌਲ ਵਿਚ ਕੰਮ ਕਰਨ ਦੀ ਵਾਧੂ ਯੋਗਤਾ ਪੂਰੀ ਕਰਨ ਲਗ ਪਏ ਹਨ। ਆਬਜ਼ਰਵਰਸ਼ਿਪ ਉਂਜ ਕਰਨੀ ਸੁਖਾਲੀ ਹੈ ਤੇ ਕਈ ਡਾਕਟਰਾਂ ਨਾਲ ਜਾਂ ਹਸਪਤਾਲਾਂ ਵਿਚ ਮੁਫਤ ਕਰਨੀ ਵੀ ਮਿਲ ਜਾਂਦੀ ਹੈ। ਇਸ ਲਈ ਉੱਚੇ ਸਕੋਰ ਵਾਲੇ ਉਮੀਦਵਾਰ ਵੀ ਘਟੋ ਘਟ ਕੁਝ ਮਹੀਨਿਆਂ ਦੀ ਆਬਜ਼ਰਵਰਸ਼ਿਪ ਤਾਂ ਕਰਕੇ ਹੀ ਆਉਂਦੇ ਹੈ।। ਪਰ ਜਣੇ ਖਣੇ ਦੀ ਪਹੁੰਚ-ਪ੍ਰਾਪਤੀ ਵਿਚ ਹੋਣ ਕਾਰਨ ਅੱਜ ਕੱਲ ਇਹ ਕੋਈ ਵਿੱਲਖਣ ਯੋਗਤਾ ਨਹੀਂ ਰਹਿ ਗਈ ਹੈ। ਇਸ ਵਿਚ ਹੱਥੀਂ ਕੰਮ ਦਾ ਅਭਾਵ ਹੋਣ ਕਰ ਕੇ ਵੀ ਇਸ ਦੀ ਮਾਨਤਾ ਘਟਦੀ ਜਾ ਰਹੀ ਹੈ। ਅੱਜ ਕੱਲ ਵਧੇਰੇ ਪ੍ਰੋਗਰਾਮ ਡਾਰੈਕਟਰ ਐਕਸਟਰਨਸ਼ਿਪ ਨੂੰ ਹੀ ਤਰਜ਼ੀਹ ਦਿੰਦੇ ਹਨ।
            ਐਕਸਟਰਨਸ਼ਿਪ ਕਰਨਾ ਹਰ ਇਕ ਹਸਪਤਾਲ ਵਿਚ ਉਪਲਭਧ ਨਹੀਂ ਹੁੰਦਾ। ਸਾਰੇ ਅਮਰੀਕਾ ਵਿਚ ਕੁਝ ਇਕ ਸੰਸਥਾਵਾਂ ਜਾਂ ਡਾਕਟਰ ਹੀ ਹਨ ਜੋ ਇਸ ਨੂੰ ਕਰਵਾਉਂਦੇ ਹਨ। ਇਸ ਕੰਮ ਲਈ ਇਹ ਭਾਰੀ ਫੀਸਾਂ ਲੈਂਦੇ ਹਨ ਜਿਹੜੀਆਂ ਉਮੀਦਵਾਰ ਨੂੰ ਆਪਣੀ ਜੇਬ ਵਿਚੋਂ ਦੇਣੀਆਂ ਪੈਂਦੀਆਂ ਹਨ। ਉਮੀਦਵਾਰ ਕਈ 2 ਮਹੀਨੇ ਪਹਿਲਾਂ ਕੋਸ਼ਿਸ਼ ਕਰ ਕੇ ਇਹਨਾਂ ਐਕਸਟਰਨਸ਼ਿਪਾਂ ਦਾ ਇੰਤਜ਼ਾਮ ਕਰਦੇ ਹਨ ਤੇ ਫਿਰ ਜਿੱਥੇ ਮੌਕਾ ਮਿਲੇ ਉੱਥੇ ਜਾਂਦੇ ਹਨ ਤੇ ਮਹੀਨਿਆਂ ਬੱਧੀ ਰਹਿਣ ਦਾ ਇੰਤਜ਼ਾਮ ਕਰਦੇ ਹਨ। ਇਸ ਕੰਮ ਦੀ ਸਭ ਤੋਂ ਵੱਡੀ ਔਕੜ ਇਹ ਹੈ ਕਿ ਐਕਸਟਰਨਸ਼ਿਪ ਇਕ ਵੇਲੇ ਕੇਵਲ ਇਕ ਹੀ ਬ੍ਰਾਂਚ ਵਿਚ ਮਿਲਦੀ ਹੈ ਤੇ ਇਸ ਦੀ ਅਵਧੀ ਖਤਮ ਹੋਣ ਤੇ ਸ਼ਿਫਾਰਸ਼ ਪੱਤਰ ਵੀ ਉਸੇ ਬਾਂਚ ਦਾ ਹੀ ਮਿਲਦਾ ਹੈ ਤੇ ਮਿਲਦਾ ਵੀ ਕੇਵਲ ਇਕ ਹੀ ਡਾਕਟਰ ਦਾ ਹੈ। ਜੇ ਕਿਸੇ ਉਮੀਦਵਾਰ ਨੇ ਦੋ ਅੱਲਗ 2 ਡਾਕਟਰਾਂ ਤੋਂ ਸ਼ਿਫਾਰਸ਼ ਪੱਤਰ ਲੈਣੇ ਹੋਣ ਤਾਂ ਉਸ ਨੂੰ ਉਨਾਂ ਹੀ ਸਮਾਂ ਦੁਬਾਰਾ ਕਿਸੇ ਹੋਰ ਡਾਕਟਰ ਨਾਲ ਕੰਮ ਕਰਨਾ ਪੈਂਦਾ ਹੈ। ਇਕ ਪ੍ਰਾਰਥਨਾ ਪੱਤਰ ਨਾਲ ਵੱਧ ਤੋਂ ਵੱਧ ਤਿੰਨ ਸ਼ਿਫਾਰਸ਼-ਪੱਤਰ ਭੇਜੇ ਜਾ ਸਕਦੇ ਹਨ ਇਸ ਲਈ ਭਾਰਤੀ ਗ੍ਰੈਜੂਏਟਾਂ ਨੂੰ, ਜਿਹਨਾਂ ਕੋਲ ਆਮ ਤੌਰ ਤੇ ਅਮਰੀਕੀ ਕੰਮ ਦਾ ਇਕ ਵੀ ਸ਼ਿਫਾਰਸ਼ ਪੱਤਰ ਨਹੀ ਹੁੰਦਾ, ਮੁਕਾਬਲੇ ਵਿਚ ਪੁਰੇ ਉੱਤਰਨ ਲਈ ਘਟੋ ਘੱਟ ਤਿੰਨ ਐਕਸਟਰਨਸ਼ਿਪਾਂ ਜਰੂਰ ਕਰਨੀਆਂ ਪੈਂਦੀਆਂ ਹਨ। ਬਹੁਤੇ ਉਮੀਦਵਾਰ ਇਹ ਕੰਮ ਇਕ ਤੋਂ ਵੱਧ ਸਾਲ ਲਗਾ ਕੇ ਪੂਰਾ ਕਰਦੇ ਹਨ ਤੇ ਕਈ ਰੈਜ਼ੀਡੈਂਸੀ ਦਾ ਚਾਂਸ ਲਗਣ ਤਕ ਕਰਦੇ ਹੀ ਰਹਿੰਦੇ ਹਨ।
            ਅਮਰੀਕਾ ਵਿਚ ਇਥੋਂ ਦੇ ਲੋਕਲ ਪੜ੍ਹੇ (ਨੈਸ਼ਨਲ) ਮੈਡੀਕਲ ਗ੍ਰੈਜੂਏਟਾਂ ਨੂੰ ਹਰ ਮੋੜ ਤੇ ਪਹਿਲ ਮਿਲਦੀ ਹੈ। ਇਸ ਲਈ ਸਭ ਵਧੀਆ ਤੇ ਕਮਾਊ ਸਮਝੀਆਂ ਜਾਂਦੀਆਂ ਰੈਜ਼ੀਡੈਂਸੀਆਂ ਪਹਿਲਾਂ ਇਹਨਾਂ ਕੋਲ ਹੀ ਚਲੀਆਂ ਜਾਂਦੀਆਂ ਹਨ। ਇਸ ਤੋਂ ਬਾਦ ਉਹਨਾਂ ਵਿਦੇਸ਼ੀ ਗ੍ਰੈਜੂਏਟਾਂ ਦੀ ਵਾਰੀ ਆਉਂਦੀ ਹੈ ਜੋ ਅਮਰੀਕਾ ਦੇ ਸ਼ਹਿਰੀ ਜਾਂ ਪੱਕੇ ਵਾਸੀ ਹੁੰਦੇ ਹਨ। ਬਿਨਾਂ ਸਟੇਟਸ ਵਾਲੇ ਵਿਦੇਸ਼ੀ ਗ੍ਰੈਜੂਏਟ ਕੇਵਲ ਬਕਾਇਆ ਰੈਜ਼ੀਡੈਂਸੀਆਂ ਲਈ ਹੀ ਆਪਣੀ ਕਿਸਮਤ ਅਜ਼ਮਾ ਸਕਦੇ ਹਨ। ਪਰ ਇਹ ਰੈਜ਼ੀਡੈਂਸੀਆਂ ਉਹਨਾਂ ਨੂੰ ਆਮ ਤੌਰ ਤੇ ਉਹਨਾਂ ਦੇ ਯੂ ਐਸ ਐਮ ਐਲ ਈ ਸਕੋਰਾਂ ਅਨੁਸਾਰ ਮਿਲਦੀਆਂ ਹਨ। ਉੱਚੇ ਸਕੋਰਾਂ ਵਾਲੇ ਇੰਟਰਨਲ ਮੈਡੀਸਨ, ਦਰਮਿਆਨਿਆਂ ਵਾਲੇ ਪ੍ਰੀਵਾਰਕ ਮੈਡੀਸਨ ਤੇ ਘੱਟ ਸਕੋਰਾਂ ਵਾਲੇ ਉਮੀਦਵਾਰ ਸਾਈਕੈਟਰੀ ਆਦਿ ਬ੍ਰਾਂਚਾਂ ਵਿਚ ਹੀ ਸੀਟ ਲੈਣ ਦੀ ਸੰਭਾਵਨਾ ਰਖਦੇ ਹਨ। ਹਰੇਕ ਉਮੀਦਵਾਰ ਆਮ ਤੌਰ ਤੇ ਦੋ ਵਖ 2 ਬ੍ਰਾਂਚਾਂ ਵਿਚ ਅਰਜ਼ੀ ਦੇਂਦਾ ਹੈ ਤਾਂ ਜੋ ਕਿਸੇ ਨਾ ਕਿਸੇ ਪਾਸੇ ਉਸ ਦਾ ਹੱਥ ਪੈ ਜਾਵੇ। ਇਸ ਲਈ ਹਰ ਗ੍ਰੈਜੂਏਟ ਨੂੰ ਦੁਹਰੇ 2 ਵਿਸ਼ਿਆਂ ਦੇ ਸ਼ਿਫਾਰਸ਼-ਪੱਤਰ ਲੈਣ ਲਈ ਦੁਹਰੀਆਂ 2 ਐਕਸਟਰਨਸ਼ਿਪਾਂ ਕਰਨੀਆਂ ਪੈਂਦੀਆਂ ਹਨ। ਇੰਨਾ ਕਰਨ ਦੇ ਬਾਵਜ਼ੂਦ ਵੀ ਕਿਸੇ ਨੂੰ ਇੰਟਰਵੀਊ ਆਉਣ ਦੀ ਪੱਕੀ ਸੰਭਾਵਨਾ ਨਹੀ ਹੁੰਦੀ ਕਿਉਂਕਿ ਬਹੁਤੇ ਪ੍ਰੋਗਰਾਮ ਤਾਂ ਜਾਣ ਪਛਾਣ ਵਾਲੇ ਉਮੀਦਵਾਰਾਂ ਨੂੰ ਪਹਿਲਾਂ ਹੀ ਬਿਨਾਂ ਇੰਟਰਵਿਊ ਤੋਂ ਰੱਖ ਲੈਂਦੇ ਹਨ।
            ਜੇ ਕਿਸੇ ਸਬੱਬ ਇੰਟਰਵਿਊ ਪੱਤਰ ਆ ਵੀ ਜਾਵੇ ਤੇ ਮੈਚ ਹੋ ਵੀ ਜਾਵੇ ਤਾਂ ਦੂਜੀਆਂ ਉਲਝਣਾਂ ਆ ਖੜ੍ਹੀਆਂ ਹੁੰਦੀਆਂ ਹਨ। ਜਿੰਨੇ ਵਿਦਿਆਰਥੀ ਅਮਰੀਕਾ ਵਿਚ ਰੈਜ਼ੀਡੈਂਸੀ ਕਰਨ ਆਉਂਦੇ ਸਨ ਉਹਨਾਂ ਨੂੰ ਆਪਣੇ ਮੁਲਕ ਵਿਚੋਂ ਪੜ੍ਹਾਈ (ਜੇ-1) ਵੀਜ਼ਾ ਲੈ ਕੇ ਇਥੇ ਆਉਣਾ ਪੈਂਦਾ ਹੈ। ਇਸ ਵੀਜ਼ੇ ਦੀਆਂ ਸ਼ਰਤਾਂ ਅਨੁਸਾਰ ਰੈਜ਼ੀਡੈਂਸੀ ਖਤਮ ਕਰਨ ਉਪਰੰਤ ਉਹਨਾਂ ਨੂੰ ਘਟੋ ਘੱਟ ਦੋ ਸਾਲ ਲਈ ਅਮਰੀਕਾ ਤੋਂ ਬਾਹਰ ਆਪਣੇ ਮੁਲਕ ਜਾਣਾ ਪੈਂਦਾ ਹੈ। ਜੇ ਉਹ ਵਾਪਸ ਆਉਣਾ ਵੀ ਚਾਹੁਣ ਤਾਂ ਦੋ ਸਾਲ ਅਮਰੀਕਾ ਨਹੀਂ ਆ ਸਕਦੇ ਹਨ। ਇਹ ਵੀਜ਼ਾ ਕਿਸੇ ਹੋਰ ਵੀਜ਼ੇ ਵਿਚ ਤਬਦੀਲ ਨਹੀਂ ਹੋ ਸਕਦਾ ਨਾ ਹੀ ਕੋਈ ਹੋਰ ਸਟੇਟਸ ਇਸ ਦੇ ਅਮਲ ਨੂੰ ਰੋਕ ਸਕਦਾ ਹੈ। ਭਾਵ ਜੇ ਕੋਈ ਰੈਜ਼ੀਡੈਂਟ ਕਿਸੇ ਅਮਰੀਕੀ ਸ਼ਹਿਰੀ ਨਾਲ ਵਿਆਹ ਕਰਵਾ ਲਵੇ ਤਾਂ ਵੀ ਉਹ ਜੇ-1 ਦੇ ਪ੍ਰਭਾਵ ਤੋਂ ਬਚ ਨਹੀਂ ਸਕਦਾ। ਦੋ ਸਾਲ ਅਮਰੀਕਾ ਤੋਂ ਬਾਹਰ ਲਾ ਕੇ ਬਹੁਤ ਸਾਰੇ ਡਾਕਟਰ ਤਾਂ ਆਪਣੇ ਮੁਲਕਾਂ ਵਿਚ ਹੀ ਪ੍ਰੈਕਟਿਸ ਕਰਨ ਲਗ ਪੈਂਦੇ ਹਨ ਤੇ ਉੱਥੇ ਹੀ ਸਥਾਪਤ ਹੋ ਜਾਂਦੇ ਹਨ। ਕੁਝ ਇਕ ਜੋ ਸਿਰੜ ਨਿਭਾਉਂਦੇ ਹਨ, ਵਾਪਸ ਵੀ ਆ ਜਾਂਦੇ ਹਨ ਤੇ ਵਿਆਹ, ਸ਼ਾਦੀ, ਨੌਕਰੀ ਆਦਿ ਵਿਚ ਪਛੱੜ ਕੇ ਸਥਾਪਤ ਹੁੰਦੇ ਹਨ। ਇਸ ਵੀਜ਼ੇ ਦੀ ਵਤਨ ਵਾਪਸੀ ਦੀ ਸ਼ਰਤ ਤੋਂ ਤਾਂ ਹੀ ਬਚਿਆ ਜਾ ਸਕਦਾ ਹੈ ਜੇ ਰੈਜ਼ੀਡੈਂਟ ਸਮੇਂ ਸਿਰ ਅਰਜੀ-ਪੱਤਰ ਕਰ ਕੇ ਵਾਪਸ ਜਾਣ ਤੋਂ ਛੋਟ ਲੈ ਲਵੇ। ਅਮਰੀਕਾ ਸਰਕਾਰ ਅਜਿਹੀ ਛੋਟ ਤਾਂ ਹੀ ਦਿੰਦੀ ਹੈ ਜੇ ਰੈਜ਼ਡੈਂਟ ਉਥੋਂ ਦੇ ਕਿਸੇ ਦੂਰ ਦੁਰਾਡੇ ਇਲਾਕੇ ਵਿਚ, ਜਿਥੇ ਪੱਛੜੇਪਣ ਕਾਰਨ ਨਾਮ ਮਾਤਰ ਮੈਡੀਕਲ ਸਹੂਲਤਾਂ ਹੀ ਉਪਲਭਦ ਹੋਣ, ਜਾ ਕੇ ਡਾਕਟਰੀ ਸੇਵਾ ਕਰਨ ਲਈ ਰਜ਼ਾਮੰਦ ਹੋਵੇ। ਪਰ ਨਿਰੀ ਕੱਚੀ ਜੇਹਲ ਸਮਝੀ ਜਾਂਦੀ ਇਹ ਛੋਟ ਵੀ ਅਮਰੀਕੀ ਸਰਕਾਰ ਆਪਣੀ ਮਰਜ਼ੀ ਨਾਲ ਹੀ ਦਿੰਦੀ ਹੈ।
            ਖੈਰ ਭਾਰਤੀ ਮੂਲ ਦੇ ਉਮੀਦਵਾਰਾਂ ਲਈ ਹੁਣ ਇਕ ਨਵੀਂ ਚਿੰਤਾਜਨਕ ਔਕੜ ਆ ਖੜੀ ਹੋਈ ਹੈ ਜਿਸ ਨਾਲ ਉਹਨਾਂ ਦੇ ਅਮਰੀਕਾ ਵਿਚ ਡਾਕਟਰੀ ਕਰਨ ਦੇ ਸੁਪਨਿਆਂ ਤੇ ਪਾਣੀ ਫਿਰਦਾ ਨਜ਼ਰ ਆਉਂਦਾ ਹੈ। ਜੇ-1 ਵੀਜ਼ੇ ਦੇ ਗੇੜ ਵਿਚੋਂ ਤਾਂ ਉਹ ਔਖੇ ਸੌਖੇ ਨਿਕਲ ਜਾਂਦੇ ਸਨ ਪਰ ਇਸ ਰੁਕਾਵਟ ਤੋਂ ਬਚਣਾ ਮੂਲੋਂ ਹੀ ਮੁਸ਼ਕਿਲ ਲਗਦਾ ਹੈ। ਇਸ ਸਾਲ ਅਪਰੈਲ ਮਹੀਨੇ ਵਿਚ ਛਪੀ ਇਕ ਖ਼ਬਰ ਅਨੁਸਾਰ ਭਾਰਤ ਸਰਕਾਰ ਨੇ ਫੈਸਲਾ ਲਿਆ ਹੈ ਕਿ ਅਮਰੀਕਾ ਵਿਚ ਰੈਜ਼ੀਡੈਂਸੀ ਕਰਨ ਦੇ ਚਾਹਵਾਨ ਭਾਰਤੀਆਂ ਨੂੰ ਇਸ ਕਾਰਜ ਲਈ ਭਾਰਤ ਸਰਕਾਰ ਤੋਂ ਇਕ ਨੋ-ਆਬਜੈਕਸ਼ਨ ਸਰਟੀਫਿਕੇਟ ਲੈਣਾ ਪਵੇਗਾ ਜੋ ਵੀਜ਼ਾ ਲੈਣ ਵੇਲੇ ਉਹਨਾਂ ਨੂੰ ਅਮਰੀਕੀ ਦੂਤਾਵਾਸ ਕੋਲ ਪੇਸ਼ ਕਰਨਾ ਪਵੇਗਾ। ਇਸ ਸਰਟੀਫਿਕੇਟ ਤੋਂ ਬਿਨਾ ਕਿਸੇ ਨੂੰ ਵੀਜ਼ਾ ਨਹੀਂ ਮਿਲੇਗਾ। ਇਸ ਸਰਟੀਫਿਕੇਟ ਦੀਆਂ ਸ਼ਰਤਾਂ ਅਨੁਸਾਰ ਮੈਡੀਕਲ ਗ੍ਰੈਜੁਏਟ ਨੂੰ ਇਕ ਲਿਖਤੀ ਬਾਂਡ ਭਰਨਾ ਪਵੇਗਾ ਜਿਸ ਅਨੁਸਾਰ ਰੈਜ਼ੀਡੈਂਸੀ ਕਰਨ ਉਪਰੰਤ ਉਸ ਨੂੰ ਲਾਜ਼ਮੀ ਤੌਰ ਤੇ ਭਾਰਤ ਪਰਤਣਾ ਪਵੇਗਾ। ਅਜਿਹਾ ਨਾ ਕਰਨ ਦੀ ਸੂਰਤ ਵਿਚ ਭਾਰਤ ਸਰਕਾਰ ਅਮਰੀਕੀ ਸਰਕਾਰ ਨੂੰ ਲਿਖ ਕੇ ਉਸ ਨੂੰ ਅਮਰੀਕਾ ਵਿਚ ਡਾਕਟਰੀ ਪ੍ਰੈਕਟਿਸ ਕਰਨ ਤੋਂ ਸਦੀਵੀ ਮਨਾਹੀ ਕਰਵਾ ਸਕਦੀ ਹੈ। ਭਾਰਤ ਸਰਕਾਰ ਦਾ ਕਹਿਣਾ ਹੈ ਕਿ ਹਰ ਸਾਲ ਹਜਾਰਾਂ ਭਾਰਤੀ ਡਾਕਟਰ ਅਮਰੀਕਾ ਵਿਚ ਰੈਜ਼ੀਡੈਸੀ ਕਰਨ ਜਾਂਦੇ ਹਨ ਤੇ ਵਾਪਸ ਨਹੀਂ ਪਰਤਦੇ। ਉਹ ਮੁਲਕ ਛੱਡ ਕੇ ਵਿਦੇਸ਼ ਵਿਚ ਪ੍ਰੈਕਟਿਸ ਕਰਨ ਲਗ ਜਾਂਦੇ ਹਨ ਜਦ ਕਿ ਭਾਰਤ ਦੇ ਪੇਂਡੂ, ਗਰੀਬ ਤੇ ਦੂਰ-ਦੁਰਾਡੇ ਇਲਾਕਿਆਂ ਵਿਚ ਡਾਕਟਰਾਂ ਦੀ ਸਖ਼ਤ ਲੋੜ ਹੈ। ਸਰਕਾਰ ਅਨੁਸਾਰ ਸਮੂਚੇ ਭਾਰਤਵਰਸ਼ ਵਿਚ ਇਸ ਵੇਲੇ ਸੱਤ ਲੱਖ ਡਾਕਟਰਾਂ ਦੀ ਥੁੜ੍ਹ ਹੈ।
            ਜ਼ਾਹਰ ਹੈ ਕਿ ਭਾਰਤ ਸਰਕਾਰ ਦੇ ਮਨ੍ਹਾ ਕਰਨ ਉੱਤੇ ਅਮਰੀਕਾ ਕਿਸੇ ਡਾਕਟਰ ਨੂੰ ਵੀ ਉੱਥੇ ਪ੍ਰੈਕਟਿਸ ਕਰਨ ਦੀ ਇਜ਼ਾਜਤ ਨਹੀਂ ਦੇਵੇਗਾ। ਐਨ ਓ ਸੀ ਪ੍ਰਾਪਤ ਕਰਨ ਵਾਲਿਆਂ ਨੂੰ ਹੁਣ ਕੇਵਲ ਦੋ ਸਾਲ ਨਹੀਂ ਸਗੋਂ ਪੱਕੇ ਤੌਰ ਤੇ ਭਾਰਤ ਵਾਪਸ ਆਉਣਾ ਪਵੇਗਾ।ਅਮਰੀਕਾ ਵਿਚ ਪੱਛੜੇ ਇਲਾਕਿਆਂ ਵਿਚ ਦੋ ਸਾਲ ਕੰਮ ਕਰਨ ਨਾਲ ਵੀ ਹੁਣ ਭਾਰਤ ਵਾਪਸੀ ਤੋਂ ਛੋਟ ਦਾ ਕੋਈ ਵਿਕਲਪ ਨਹੀਂ ਹੈ। ਜਿਹੜੇ ਬਾਂਡ-ਭਰਤਾ ਉਮੀਦਵਾਰ ਐਨ ਓ ਸੀ ਦੀ ਉਲੰਘਣਾ ਕਰਕੇ ਕਿਸੇ ਤਰਾਂ ਅਮਰੀਕਾ ਵਿਚ ਰਹਿਣ ਦੀ ਕੋਸ਼ਿਸ ਕਰਨਗੇ ਉਹਨਾਂ ਲਈ ਡਾਕਟਰੀ ਪੇਸ਼ੇ ਦਾ ਭਵਿਖ ਉੱਦਾਂ ਹੀ ਗੁੱਲ ਹੋ ਜਾਵੇਗਾ।
            ਇਸ ਤਰਾਂ ਅਮਰੀਕਾ ਵਿਚ ਡਾਕਟਰ ਬਨਣ ਦੇ ਚਾਹਵਾਨ ਭਾਰਤੀ ਮੈਡੀਕਲ ਗ੍ਰੈਜੂਏਟਾਂ ਲਈ ਰੈਜ਼ੀਡੈਂਸੀ ਲਈ ਦਾਖਲੇ ਦੀਆਂ ਮੁਸ਼ਕਲਾਂ ਦੇ ਨਾਲ ਨਾਲ ਹੁਣ ਸਰਕਾਰੀ ਬਾਂਡ ਦਾ ਮੁੱਦਾ ਵੀ ਆਣ ਜੁੜਿਆ ਹੈ। ਇਸ ਮਸਲੇ ਦੇ ਮੱਦੇ ਨਜ਼ਰ ਸਾਲ 1912 ਵਿਚ ਅਰਜ਼ੀਆਂ ਭੇਜਣ ਵਾਲੇ ਭਾਰਤੀ ਗ੍ਰੈਜੂਏਟ ਹੁਣ ਦੋ ਹੀ ਵਿਕਲਪਾਂ ਬਾਰੇ ਸੋਚਦੇ ਹਨ। ਪਹਿਲਾ ਇਹ ਕਿ ਉਹ ਬਾਂਡ ਭਰ ਕੇ ਅਮਰੀਕਾ ਵਿਚ ਰੈਜ਼ੀਡੈਂਸੀ ਕਰਨ ਅਤੇ ਭਾਰਤ ਆ ਕੇ ਖੁਸ਼ੀ 2 ਪ੍ਰੈਕਟਿਸ ਸ਼ੁਰੂ ਕਰਨ। ਦੂਜਾ ਇਹ ਕਿ ਉਹ ਰੈਜ਼ੀਡੈਂਸੀ ਲਈ ਦਾਖਲਾ ਭੇਜਣ ਤੋਂ ਪਹਿਲਾਂ 2 ਕਿਸੇ ਢੰਗ ਨਾਲ ਅਮਰੀਕੀ ਵਾਸ ਦਾ ਕੋਈ ਸਟੇਟਸ ਹਾਸਲ ਕਰਨ। ਉਹਨਾਂ ਦੀ ਰਾਇ ਹੈ ਕਿ ਜੇ ਉਹ ਅਜਿਹਾ ਸਟੇਟਸ ਹਾਸਲ ਕਰ ਕੇ ਪ੍ਰਾਰਥਨਾ ਪਤੱਰ ਭੇਜਦੇ ਹਨ ਤਾਂ ਉਹਨਾਂ ਨੂੰ ਅਮਰੀਕੀ ਮੈਡੀਕਲ ਰੈਜ਼ੀਡੈਂਸੀ ਲਈ ਨਾ ਹੀ ਕੋਈ ਵੀਜ਼ਾ ਪ੍ਰਾਪਤ ਕਰਨਾ ਪਵੇਗਾ ਤੇ ਨਾ ਹੀ ਭਾਰਤ ਸਰਕਾਰ ਦਾ ਬਾਂਡ ਭਰਨਾ ਪਵੇਗਾ। ਲਿਹਾਜ਼ਾ ਇਸ ਸਾਲ ਤੋਂ ਅਰਜੀਆਂ ਭੇਜਣ ਦੇ ਚਾਹਵਾਨ ਭਾਰਤੀ ਉਮੀਦਵਾਰ ਹੁਣ ਧੜਾ ਧੜ ਅਮਰੀਕਾ ਵਿਚ ਯੋਗ ਜੀਵਨ ਸਾਥੀਆਂ ਦੀ ਤਾਲਾਸ ਵਿਚ ਜੁਟ ਪਏ ਹਨ।

No comments:

Post a Comment