Wednesday, January 11, 2012
ਠੰਡ ਦੀ ਰੁੱਤ ਵਿਚ ਅਪਦਾ ਪੰਜਾਬ ਬਹੁਤ ਮਨ ਭਾਉਂਦਾ ਲਗਦਾ ਹੈ। ਚਾਰ ਚੁਫੇਰੇ ਹਰੀਆਂ ਕਣਕਾਂ ਤੇ ਨਿੱਸਰੀਆਂ ਪੀਲੀਆਂ ਸਰ੍ਹੋਆਂ ਦੀ ਚਾਦਰ ਫੈਲੀ ਹੁੰਦੀ ਹੈ। ਸਰ੍ਹੋਆਂ ਦੇ ਖੇਤਾਂ ਵਿਚ ਵੜਦਿਆਂ ਹੀ ਫੁਲਾਂ ਦੀ ਖੁਸ਼ਬੋ ਨਾਲ ਮਨ ਮਹਿਕ ਉਠਦਾ ਹੈ। ਕਈ ਥਾਵਾਂ ਤੇ ਗੰਨੇ ਦੇ ਵੱਡੇ 2 ਖੇਤ ਵੀ ਕਣਕਾਂ ਵਿਚਕਾਰ ਪੀਲੀ ਕੰਧ ਵਾਂਗ ਖੜੇ ਦਿਖਾਈ ਦੇਂਦੇ ਹਨ। ਇਹਨਾਂ ਨੂੰ ਤੱਕਣ ਨਾਲ ਹੀ ਆਨੰਦ ਛਾ ਜਾਂਦਾ ਹੈ ਤੇ ਵੇਖਦਿਆਂ ਹੀ ਇਹਨਾਂ ਦੀ ਮਿਠਾਸ ਮਨ ਵਿਚ ਉਤਰ ਜਾਂਦੀ ਹੈ।
ਸਵੇਰ ਵੇਲੇ ਇਹ ਦ੍ਰਿਸ਼ ਕੋਰੇ ਨਾਲ ਕਜਿੱਆ ਹੁੰਦਾ ਹੈ। ਸੂਰਜ ਚੜ੍ਹਨ ਨਾਲ ਕੋਰਾ ਪਿਘਲ ਕੇ ਤ੍ਰੇਲ ਜਾਂ ਓਸ ਬਣ ਜਾਂਦਾ ਹੈ। ਕੋਰਾ ਤੇ ਤ੍ਰੇਲ ਦੋਵੇਂ ਚੜਦੀ ਧੁੱਪ ਵਿਚ ਬਹੁਰੰਗੀ ਕਿਰਣਾਂ ਛੱਡਦੇ ਹਨ। ਇਹ ਨਜ਼ਾਰਾ ਇਉਂ ਲਗਦਾ ਹੈ ਜਿਵੇਂ ਹਰੀ ਚਾਦਰ ਤੇ ਹੀਰੇ ਮੋਤੀਆਂ ਦੇ ਭੋਰਿਆਂ ਦਾ ਛੱਟਾ ਦਿਤਾ ਹੁੰਦਾ ਹੈ। ਧੁੱਪ ਵੱਲ ਮੂੰਹ ਕਰਕੇ ਵੇਖਣ ਨਾਲ ਧਰਤ ਵਲੋਂ ਹਲਕਾ 2 ਧੂੰਆਂ ਉਪਰ ਨੂੰ ਚੜ੍ਹਦਾ ਨਜ਼ਰ ਆਉਂਦਾ ਹੈ। ਇਹ ਇੰਜ ਲਗਦਾ ਹੈ ਜਿਵੇਂ ਕੁਦਰਤ ਨੇ ਧੂਪ ਬੱਤੀ ਲਾਈ ਹੋਵੇ।
ਪੰਜਾਬ ਵਿਚ ਇਹ ਮੱਕੀ ਤੇ ਸਰ੍ਹੋਂ ਦੇ ਸਾਗ ਦੀ ਰੁੱਤ ਹੁੰਦੀ ਹੈ। ਛਿੱਲੀਆਂ ਗੰਦਲਾਂ ਦਾ ਸਾਗ, ਟੀਸੀ ਤੇ ਮੱਖਣ ਦਾ ਪੇੜਾ ਤੇ ਨਾਲ ਮੱਕੀ ਦੀਆਂ ਸੁਨਹਿਰੀ ਰੋਟੀਆਂ!ਪੁ੍ੱਛੋ ਤਾਂ ਜਹਾਨ ਵਿਚ ਇਸ ਤੋਂ ਵੱਧ ਹੈ ਹੀ ਕੁਝ ਨਹੀਂ। ਤੌੜੀ ਦੀ ਰਿੜਕੀ ਲੂਣ ਪਾਈ ਲੱਸੀ ਦਾ ਗਿਲਾਸ ਨਾਲ ਹੋਵੇ ਤਾਂ ਜੱਨਤ ਵਿਖਾਈ ਦੇਂਦੀ ਹੈ। ਪੇਟ ਭਰਨ ਉਪਰੰਤ ਖੇਸੀ ਦੀ ਬੁਕਲ ਤਾਣ ਮਿੱਠੀ ਧੁੱਪ ਵਿਚ ਚਰ੍ਹੀ ਦੈ ਪੂਲਿਆਂ ਨਾਲ ਟੇਢ ਮਾਰਨ ਸਾਰ ਹੀ ਗੂਹੜੀ ਨੀਂਦ ਆ ਜਾਂਦੀ ਹੈ। ਇਸ ਤੋਂ ਵੱਧ ਚਾਹੀਦਾ ਵੀ ਕੀ ਹੈ!
ਨੀਂਦ ਵਿਚ ਮਿੱਠੇ ਸੁਪਿਨਆਂ ਦੀ ਭਰਮਾਰ ਲਗ ਜਾਂਦੀ ਹੈ। ਕਦੇ 2 ਗਰਮ ਚੁਲ੍ਹੇ ਅੱਗੇ ਬੈਠੀ ਰੋਟੀਆਂ ਪਕਾਉਂਦੀ ਮਾਂ ਬਾਤ ਪਾਉਂਦੀ ਨਜ਼ਰ ਆਉਂਦੀ ਹੈ। ਇਕ ਸੁਪਨੇ ਵਿਚ ਮਾਂ ਨੇ ਸੁਣਾਇਆ ਕਿ ਮੱਝ੍ਹੀਆਂ ਚਾਰਨ ਗਏ ਬਾਬਾ ਨਾਨਕ ਜਦੋਂ ਸੌਂ ਰਹੇ ਸੀ ਤਾਂ ਸ਼ੇਸ਼ ਨਾਗ ਨੇ ਆਪਣਾ ਫੰਨ ਫਲਾਰ ਕੇ ਉਹਨਾਂ ਨੂੰ ਛਾਂ ਕੀਤੀ ਸੀ। ਪਤਾ ਨਹੀਂ ਅਜਿਹਾ ਸੁਪਨਾ ਨੀਂਦ ਪੂਰੀ ਹੋਣ ਵੇਲੇ ਹੀ ਕਿਊਂ ਆਉਂਦਾ ਹੈ? ਸੁਣ ਕੇ ਹੀ ਘਬਰਾਹਟ ਨਾਲ ਜਾਗ ਖੁਲ੍ਹ ਗਈ। ਆਖਰ ਚਰ੍ਹੀ ਦੇ ਪੂਲਿਆਂ ਵਿਚ ਵੀ ਤਾਂ ਸੱਪ ਹੋ ਸਕਦਾ ਹੈ। ਗੁਰੂ ਨਾਨਕ ਤੋਂ ਬਿਨਾਂ ਉਸ ਨੇ ਕਿਸੇ ਹੋਰ ਨੂੰ ਛਾਂ ਕੀਤੀ ਹੋਵੇ, ਅਜਿਹਾ ਤਾਂ ਕਦੇ ਸੁਣਿਆਂ ਨਹੀਂ, ਪਰ ਡੰਗ ਤਾਂ ਉਹ ਹਰ ਕਿਸੇ ਨੂੰ ਮਾਰ ਸਕਦਾ ਹੈ!
ਨੀਂਦ ਤੋਂ ਉਠਿਆ ਬੌਂਦਲਿਆ ਦਿਮਾਗ਼ ਸੋਚਦਾ ਹੈ ਕਿ ਗੁਰੂ ਸਾਹਿਬ ਨੂੰ ਸੱਪ ਨੇ ਹੀ ਕਿਉਂ ਛਾਂ ਕੀਤੀ। ਉਥੇ ਮੱਝਾਂ ਸਮੇਤ ਹੋਰ ਜੀਵ ਵੀ ਤਾਂ ਸਨ। ਕਈਆਂ ਦੀ ਛਾਂ ਸੱਪ ਦੀ ਫਣੀ ਦੀ ਛਾਂ ਨਾਲੋਂ ਬਹੁਤ ਵੱਡੀ ਵੀ ਹੋਵੇਗੀ। ਉਹਨਾਂ ਨੂੰ ਤਾਂ ਗੁਰੂ ਸਾਹਿਬ ਨੂੰ ਧੱਪੇ ਪਿਆਂ ਵੇਖ ਛਾਂ ਕਰਨ ਦਾ ਖਿਆਲ ਨਾ ਆਇਆ ਪਰ ਵਿਸ਼ੈਲੇ ਸੱਪ ਨੇ ਖੁੱਡ ਵਿਚੋਂ ਹੀ ਦ੍ਰਿਸ਼ਟੀ ਮਾਰ ਕੇ ਭਾਂਪ ਲਿਆ ਕਿ ਉਹਨਾਂ ਨੂੰ ਛਾਂ ਕਰਨ ਦੀ ਲੋੜ ਹੈ! ਕੀ ਦੂਜੇ ਜੀਵਾਂ ਦੀ ਅਕਲ ਤੇ ਸਰਧਾ ਸੱਪ ਨਾਲੋਂ ਘੱਟ ਹੁੰਦੀ ਹੈ? ਗੱਲ ਕਿਸੇ ਪਾਸਿਓਂ ਜਚਦੀ ਨਾ ਲਗੀ। ਸੋਚਿਆ ਮਾਂ ਨੇ ਸੁਣੀ ਸੁਣਾਈ ਗੱਲ ਕੀਤੀ ਹੈ।
ਮਾਂ ਤੋਂ ਬਾਦ ਇਹ ਗੱਲ ਕਈਆਂ ਤੋਂ ਸੁਣੀ। ਪਾਠ ਪੁਸਤਕਾਂ ਵਿਚ ਵੀ ਪੜ੍ਹੀ।ਸੈਂਕੜੇ ਰਾਗੀਆਂ ਢਾਡੀਆਂ ਤੇ ਕਥਾਕਾਰਾਂ ਤੋਂ ਸੁਣੀ। ਹਰ ਸਾਲ ਗੁਰੂ ਨਾਨਕ ਦੇਵ ਦੇ ਜਨਮ-ਦਿਨ ਤੇ ਛੱਪਦੇ ਲੇਖਾਂ ਵਿਚ ਦੁਹਰਾਈ ਮਿਲੀ। ਪਰ ਜਨਮ ਸਾਖੀਆਂ ਵਿਚ ਨਾ ਮਿਲੀ। ਜਨਮ ਸਾਖੀਆਂ ਵਿਚ ਲਿਖਿਆ ਮਿਲਿਆ ਕਿ ਜਿਸ ਰੁਖ ਹੇਠ ਗੁਰੂ ਸਾਹਿਬ ਸੌਂ ਗਏ ਸਨ ਉਸ ਦੀ ਛਾਂ ਹੀ ਸਮੇਂ ਨਾਲ ਨਹੀਂ ਘੁੰਮੀ ਸਗੋਂ ਉਹਨਾਂ ਦੇ ਸਿਰ ਉਤੇ ਟਿਕੀ ਰਹੀ। ਇਸ ਕੌਤਕ ਨਾਲ ਰਾਇ ਬੁਲਾਰ ਨੂੰ ਉਹਨਾਂ ਦੇ ਬਲੀ ਹੋਣ ਦਾ ਪਤਾ ਚੱਲਿਆ।
ਬਾਦ ਵਿਚ ਇਸ ਕਥਾ ਦੇ ਸੱਚੇ ਜਾਂ ਮਿਥਿਹਾਸ ਹੋਣ ਬਾਰੇ ਚਰਚਾ ਵੀ ਕਈ ਵਾਰ ਸੁਣੀ। ਪਰ ਕੋਈ ਨਿਰਣਾਇਕ ਗੱਲ ਨਾ ਨਿਕਲੀ। ਨਿਕਲਦੀ ਵੀ ਕਿਵੇਂ? ਸ਼ਰਧਾ ਤੇ ਗਿਆਨ ਇੱਕਠੇ ਨਹੀ ਚਲਦੇ। ਸ਼ਰਧਾ ਇਕ ਥਾਂ ਤੇ ਵਿਸ਼ਵਾਸ ਕਰ ਕੇ ਦਿ੍ਰੜਤਾ ਨਾਲ ਖੜ੍ਹ ਜਾਂਦੀ ਹੈ ਤੇ ਦੱਸੇ ਹੋਏ ਗਿਆਨ ਉਤੇ ਭਗਤੀ ਦੇ ਫੁਲ ਚੜ੍ਹਾਉਂਦੀ ਰਹਿੰਦੀ ਹੈ।ਉਹ ਨਵਾਂ ਗਿਆਨ ਧਾਰਣ ਕਰਕੇ ਪੁਰਾਣੇ ਨਾਲ ਵਿਸ਼ਵਾਸ਼ਘਾਤ ਨਹੀਂ ਕਰਨਾ ਚਾਹੁੰਦੀ। ਗਿਆਨ ਉਜਾਲੇ ਵਾਂਗ ਫੈਲਣ ਅਤੇ ਹਰ ਪਲ ਖੋਜ ਅਤੇ ਵਿਧੀ ਰਾਹੀ ਸੱਚ ਵਲ ਵਧਣ ਦਾ ਸੰਕਲਪ ਹੈ। ਗਿਆਨ ਕੇਵਲ ਵਿਧੀ ਵਿਚ ਵਿਸ਼ਵਾਸ ਕਰਦਾ ਹੈ ਤੇ ਇਸ ਰਾਹੀਂ ਹੀ ਸੱਚ ਪ੍ਰਾਪਤੀ ਦੀ ਆਸ ਕਰਦਾ ਹੈ। ਵਿਸ਼ਵਾਸ ਦੇ ਸੱਚ ਅਨੇਕ ਹਨ,ਗਿਆਨ ਦਾ ਸੱਚ ਇਕ ਹੈ। ਸ਼ਰਧਾ ਸੱਚ ਨੂੰ ਪ੍ਰਾਪਤਸ਼ੁਦਾ ਸਮਝਦੀ ਹੈ, ਇਸ ਨੂੰ ਪਾਲਦੀ ਹੈ ਤੇ ਜਕੜਕੇ ਪਕੜਦੀ ਹੈ। ਗਿਆਨ ਸੱਚ ਨੂੰ ਬੰਦੀ ਨਹੀਂ ਬਣਾਉਂਦਾ, ਉਹ ਇਸ ਨਾਲ ਬਝ੍ਹਦਾ ਨਹੀਂ। ਉਹ ਸੱਚ ਪਾਲਦਾ ਨਹੀਂ ਭਾਲਦਾ ਹੈ। ਇਹੀ ਦੋਹਾਂ ਦਾ ਦਵੰਦ ਹੈ।
ਗੁਰੂ ਨਾਨਕ ਦੇਵ ਦੀ ਬਾਣੀ ਤੇ ਜੀਵਨ ਦਾ ਅਧਿਐਨ ਕਰਨ ਤੋਂ ਪਤਾ ਚੱਲਿਆ ਕਿ ਉਹ ਵਿਸ਼ਵਾਸ ਦੇ ਨਹੀਂ ਸਗੋਂ ਗਿਆਨ ਦੇ ਪਥ-ਪ੍ਰਦਰਸ਼ਕ ਸਨ। ਉਹ ਇਕ ਗਿਆਨ ਦੇ ਅਭਿਲਾਸ਼ੀ ਸਨ, ਅਨੇਕਾਂ ਵਿਸ਼ਵਾਸਾਂ ਵਿਚ ਇਕ ਹੋਰ ਵਿਸ਼ਵਾਸ ਦਾ ਵਾਧਾ ਨਹੀਂ ਸਨ ਕਰਨਾ ਚਾਹੁੰਦੇ। ਉਹਨਾਂ ਆਪਣੇ ਅਨੁਆਈਆਂ ਨੂੰ ਸਿੱਖ ਸ਼ਬਦ ਨਾਲ ਸੰਬੋਧਨ ਕੀਤਾ ਜਿਸਦਾ ਭਾਵ ਹੈ ਅਨੁਭਵ ਤੋਂ ਸਿੱਖਣ ਵਾਲੇ ਤੇ ਇਸ ਤਰਾਂ ਸਿੱਖੇ ਗਿਆਨ ਤੇ ਚਲਣ ਵਾਲੇ। ਗੁਰੂ ਸਾਹਿਬ ਵਿਧੀ ਸਿਖਾਉਣ ਵਾਲੇ ਹਨ, ਸੱਚ ਸਿੱਖੀ ਮਾਰਗ਼ ਤੇ ਚਲਣ ਨਾਲ ਪ੍ਰਾਪਤ ਹੋਣਾ ਹੈ। ਨਚੋੜ ਵਿਚ ਇਹ ਓਹੀ ਵਿਧੀ ਹੈ ਜੋ ਉਹਨਾਂ ਨੇ ਹਰਿਦਵਾਰ ਵਿਚ ਸੂਰਜ ਨੂੰ ਪਾਣੀ ਦਿੰਦੇ ਪਾਂਡਿਆਂ ਨੂੰ ਸਹੀ ਮਾਰਗ਼ ਦਿਖਾੳਂਦਿਆਂ ਵਰਤੀ ਸੀ। ਉਹਨਾਂ ਦੀ ਵਿਧੀ ਤਰਕ ਤੇ ਵਿਗਿਆਨ ਦੀ ਵਿਧੀ ਸੀ, ਭਗਤੀ ਤੇ ਵਿਸ਼ਵਾਸ ਦੀ ਨਹੀਂ। ਕਈ ਲੋਕੀ ਉਹਨਾਂ ਨੂੰ ਮੱਧ-ਕਾਲੀਨ ਭਗਤੀ ਲਹਿਰ ਦਾ ਨੇਤਾ ਮੰਨਦੇ ਹਨ ਪਰ ਉਹ ਅਸਲ ਵਿਚ ਪੂਰਬ ਵਿਚ ਤਰਕ ਤੇ ਵਿਗਿਆਨ ਦੇ ਪੈਗੰਬਰ ਸਨ।
ਗੁਰੂ ਨਾਨਕ ਬਾਰੇ ਇਹੀ ਗੱਲ ਸਮਝਣ ਵਿਚ ਔਖੀ ਹੈ ਕਿ ਉਹਨਾਂ ਨੇ ਸੱਚ ਦਾ ਗਿਆਨ ਨਹੀਂ ਦਿਤਾ, ਸੱਚ ਦੇ ਮਾਰਗ਼ ਦਾ ਗਿਆਨ ਦਿਤਾ ਹੈ। ਸੱਚ ਦੀ ਪ੍ਰਾਪਤੀ ਤਾਂ ਦਰਸਾਏ ਮਾਰਗ ਤੇ ਚਲਦਿਆਂ ਸਹਿਜ ਹੋਣੀ ਹੈ।ਇਹ ਕੋਈ ਪੱਕੀ ਪਕਾਈ ਚੀਜ਼ ਨਹੀਂ ਜੋ ਹੁਣੇ ਪੇਸ਼ ਕਰ ਦਿਤੀ ਜਾਵੇ। ਉਹਨਾਂ ਨੇ ਆਕਾਸ਼ਾਂ ਦੀ ਸਹੀ ਗਿਣਤੀ ਕਰ ਕੇ ਨਹੀਂ ਦੱਸੀ, ਅਸੰਖ ਦੱਸੀ ਹੈ। ਇਹੀ ਉਹਨਾਂ ਦੇ ਵਿਗਿਆਨ ਦੀ ਨਿਸ਼ਾਨੀ ਹੈ ਤੇ ਇਹੀ ਉਹਨਾਂ ਦੀ ਵਿਦਵਤਾ ਦੀ ਪ੍ਰਪੱਕਤਾ। ਉਹਨਾਂ ਦੇ ਵਿਗਿਆਨੀ ਕਥਨਾਂ ਦੀ ਸਮਝ ਅੱਜ ਵੀ ਲੋਕਾਂ ਦੀ ਸਮਝ ਤੋਂ ਉੱਨੀ ਹੀ ਉਪਰ ਹੈ ਜਿੰਨੀ ਉਹਨਾਂ ਦੇ ਜੀਵਨ ਕਾਲ ਵਿਚ। ਕਿਸੇ ਨੇ ਠੀਕ ਹੀ ਕਿਹਾ ਹੈ ਕਿ ਗਿਆਨ ਦੀ ਪੌੜੀ ਇੰਨੀ ਤਿਲਕਵੀਂ ਹੈ ਕਿ ਇਸ ਤੇ ਚੜ੍ਹਣ ਵਾਲੇ ਸਭ ਉੱਦਮੀ ਵਿਸ਼ਵਾਸ ਦੀ ਧਰਤ ਤੇ ਡਿਗ ਪੈਂਦੇ ਹਨ।
ਮਾਂ ਦੀ ਸੁਣਾਈ ਬਾਤ ਹੁਣ ਸਮਝ ਵਿਚ ਪੈਣ ਲਗੀ। ਗੁਰੂ ਸਾਹਿਬ ਦੀ ਮਹਾਨਤਾ ਸਮਝਦੇ ਤਾਂ ਸਭ ਸਨ ਪਰ ਉਹਨਾਂ ਦੀ ਗੱਲ ਉਹਨਾਂ ਦੀ ਸਮਝ ਵਿਚ ਨਹੀਂ ਸੀ ਆੳਂਦੀ। ਉਹ ਇੰਨੇ ਪ੍ਰਤਾਪੀ ਸਨ ਕਿ ਉਹਨਾਂ ਦੀ ਵਿਦਵਤਾ ਦਰਸਾਉਣ ਲਈ ਉਹਨਾਂ ਕੋਲ ਸ਼ਬਦ ਨਹੀਂ ਸਨ। ਇਸ ਲਈ ਗੁਰੂ ਸਾਹਿਬ ਦਾ ਵੱਡਪਣ ਦਰਸਾਉਣ ਲਈ ਉਹਨਾਂ ਨੂੰ ਵਿਸ਼ੈਲੇ ਸੱਪ ਤੇ ਹੋਰ ਮਿੱਥਵਾਰਤਾਵਾਂ ਦੀ ਲੋਕ-ਸ਼ੈਲੀ ਦਾ ਸਹਾਰਾ ਲੈਣਾ ਪਿਆ।
ਅਪਦਾ ਪੰਜਾਬ ਨੂੰ ਮਾਣ ਹੈ ਕਿ ਅਕਲ ਦੀ ਰੌਸ਼ਨੀ ਦਾ ਚਿਰਾਗ਼ ਮੱਧ ਕਾਲ ਵਿਚ ਦੇ ਹਨੇਰੇ ਵਿਚ ਇਥੋਂ ਜਗਿਆ। ਇਸ ਚਿਰਾਗ਼ ਨੂੰ ਕੇਵਲ ਤਲਵੰਡੀ ਰਾਇ ਭੋਇਂ ਦੇ ਖੇਤਰ ਵਿਚ ਰੱਖ ਕੇ ਹੀ ਨਹੀਂ ਦੇਖਣਾ ਚਾਹੀਦਾ, ਇਸ ਦਾ ਸੰਬੰਧ ਸਿੱਧੇ ਅਸਿੱਧੇ ਮੱਧ-ਕਾਲੀਨ ਯੂਰਪ ਦੀਆਂ ਜਾਗਰਤੀ ਮੁਹਿੰਮਾਂ ਨਾਲ ਜਾ ਜੁੜਦਾ ਹੈ ਜਿਹੜੀਆਂ ਅਜੋਕੇ ਸਮਾਜ ਦੀ ਨੀਂਹ ਬਣੀਆਂ ਹੋਈਆਂ ਹਨ। ਸਹੀ ਸਮਝ ਦਾ ਹੋਕਾ ਦੇਣ ਲਈ ਉਹ ਦੇਸ ਪਰਦੇਸ ਗਏ ਤੇ ਲੋਕਾਂ ਦੀ ਚੇਤਨਾ ਜਗਾਉਣ ਦਾ ਯਤਨ ਕੀਤਾ। ਗੁਰੂ ਸਾਹਿਬ ਦੀ ਬਾਣੀ ਦੀ ਸਹੀ ਸਮਝ ਪੈਣ ਨਾਲ ਮਾਲੂਮ ਹੁੰਦਾ ਹੈ ਕਿ ਉਹ ਵਿਗਿਆਨੀਆਂ ਦੇ ਵਿਗਿਆਨੀ ਸਨ ਤੇ ਰਹਿੰਦੀ ਦੁਨਿਆਂ ਤਕ ਪ੍ਰਮੁੱਖ ਵਿਗਿਆਨੀ ਹੀ ਰਹਿਣਗੇ ਕਿਉਂਕਿ ਉਹ ਵਿਧੀ ਦੇ ਧਨੀ ਹੋ ਕੇ ਸੱਚ ਦੇ ਜਗਿਆਸੂ ਸਨ। ਇਹ ਉਹਨਾਂ ਦੀ ਅਜਿਹੀ ਦੇਣ ਹੈ ਜੋ ਹਰ ਪੰਜਾਬੀ ਦੇ ਉਠਦੇ ਬੈਠਦੇ ਦਿਲ ਵਿਚ ਸਮਾਈ ਰਹਿਣੀ ਚਾਹੀਦੀ ਹੈ।
No comments:
Post a Comment