Monday, November 14, 2011
ਧੁਰ ਦੀ ਗੱਲ
ਪਾਣੀ ਵਿਚ ਅਧ-ਡੁੱਬੇ ਤੇ ਆਕਾਸ਼ ਵਿਚ ਲਟਕੇ ਮਿੱਟੀ ਦੇ ਇਕ ਚੱਟਾਨੀ ਗੋਲੇ ਤੇ ਬੈਠੇ ਅਸੀਂ ਦਿਨ ਰਾਤ ਸੂਰਜ ਦੁਆਲੇ ਘੁੰਮ ਰਹੇ ਹਾਂ। ਸਾਨੂੰ ਇਸ ਬਾਰੇ ਕੁਝ ਪਤਾ ਨਹੀਂ ਕਿ ਇਹ ਕੌਤਕ ਕਦੋਂ ਹੋਂਦ ਵਿਚ ਆਇਆ ਤੇ ਕਿਵੇਂ ਆਇਆ। ਕਿਸੇ ਦੀ ਇੰਨੀ ਸੋਝੀ ਨਹੀਂ ਕਿ ਕੋਈ ਇਸ ਨੂੰ ਜਾਣ ਸਕਦਾ ਹੋਵੇ। ਕਿਉਂਕਿ ਜਦੋਂ ਅਤੀਤ ਵਿਚ ਇਸ ਅਡੰਬਰ ਦੀ ਰਚਨਾ ਦੀ ਸ਼ੁਰੂਆਤ ਹੋਈ ਉਸ ਵੇਲੇ ਕੋਈ ਪ੍ਰਾਣੀ ਮਾਤਰ ਮੌਜ਼ੂਦ ਨਹੀਂ ਸੀ ਇਸ ਲਈ ਕੋਈ ਇਸ ਬਾਰੇ ਦੱਸ ਵੀ ਨਹੀਂ ਸਕਦਾ। ਫਿਰ ਕਿਵੇਂ ਪਤਾ ਲਗੇ ਕਿ ਇਹ ਕੀ ਹੈ, ਕਿਉਂ ਬਣਿਆਂ, ਕਿਵੇਂ ਬਣਿਆ ਤੇ ਇਸ ਵਿਚ ਸਾਡੀ ਕੀ ਭੂਮਿਕਾ ਹੈ ਤੇ ਅਸੀਂ ਕੀ ਕਰਨਾ ਹੈ?
ਇਸ ਬਾਰੇ ਜਦੋਂ ਤੋਂ ਮਨੁਖਤਾ ਦੀ ਸੋਚ ਸੰਭਲੀ ਹੈ ਉਦੋਂ ਤੋਂ ਹੀ ਸੋਚਵਾਨ ਵਿਅਕਤੀ ਕਿਆਸ ਅਰਾਈਆਂ ਲਗਾ ਰਹੇ ਹਨ। ਪੁਰਾਤਨ ਕਾਲ ਤੋਂ ਹੀ ਲੋਕ ਇਸ ਮਸਲੇ ਬਾਰੇ ਗੰਭੀਰਤਾ ਨਾਲ ਸੋਚ ਵਿਚਾਰ ਕਰ ਰਹੇ ਹਨ। ਉਹਨਾਂ ਦੇ ਮੁੱਢ ਕਦੀਮੀ ਗ੍ਰੰਥ ਿੲਸੇ ਚਰਚਾ ਨਾਲ ਭਰੇ ਪਏ ਹਨ। ਕਿਉਂਕਿ ਇਹ ਵਿਸ਼ਾ ਸੋਚੋਂ ਪਾਰ ਦੀ ਖੋਜ਼ ਦਾ ਸੀ ਜਿਸ ਦੇ ਆਦਿ ਤੇ ਅੰਤ ਦੇ ਕੋਈ ਸਪਸ਼ਟ ਸੁਰਾਗ਼ ਪ੍ਰਾਪਤ ਨਹੀਂ ਸਨ, ਇਸ ਲਈ ਇਹ ਮਸਲਾ ਰੱਹਸਵਾਦੀ ਰੰਗਤ ਪਕੜ ਗਿਆ। ਭੇਤ ਭਰਿਆ ਹੋਣ ਕਰਕੇ ਇਹ ਵਿਸ਼ਾ ਧਰਮ ਦੇ ਅੜਿੱਕੇ ਜਾ ਚੜ੍ਹਿਆ ਜਿਥੇ ਇਸ ਦੁਆਲੇ ਭਿੰਨ 2 ਵਿਚਾਰਧਾਰਾਵਾਂ ਵਾਲੇ ਵਖ 2 ਧਰਮ ਬੁਣੇ ਗਏ ਜਿਹਨਾਂ ਵਿਚ ਮੱੜ੍ਹ ਕੇ ਇਹ ਸੁੱਕੀ ਲੱਕੜ ਵਾਂਗ ਨਿਰਜਿੰਦ ਹੋ ਗਿਆ।
ਸੋਚਣ ਵਾਲੀ ਗੱਲ ਇਹ ਹੈ ਕਿ ਕੀ ਇਸ ਮਹਤਵਪੂਰਣ ਵਿਸ਼ੇ ਤੇ ਸਾਡਾ ਗਿਆਨ ਪੂਰਣ ਹੋ ਚੁੱਕਾ ਹੈ? ਕੀ ਨਵੀਂ ਸੋਚ ਨੂੰ ਰੋਕਣ ਵਾਲੇ ਪੁਰਾਣੇ ਸੁੱਕੇ ਤੇ ਬੋਦੇ ਫਲਸਫ਼ੇ ਸਾਨੂੰ ਇਸ ਗਿਆਨ ਤੀਕਰ ਪਹੁੰਚਣ ਵਿਚ ਸਹਾਇਤਾ ਕਰ ਸਕਦੇ ਹਨ? ਕੀ ਇਹ ਗਿਆਨ ਕੇਵਲ ਸੋਚ ਵਿਚਾਰ ਦੇ ਬਲ ਨਾਲ ਹਾਸਲ ਕੀਤਾ ਜਾ ਸਕਦਾ ਹੈ? ਕੀ ਇਹ ਗਿਆਨ ਕਿਸੇ ਇਕ ਪੁਰਾਤਨ ਫਲਸਫ਼ੇ ਵਿਚ ਅਕੀਦਾ ਕਰ ਕੇ ਤੇ ਅਕੀਦਾਕਾਰੀ ਫਿਰਕੇ ਨਾਲ ਜੁੜ ਕੇ ਤੁਰਨ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ? ਸਪਸ਼ਟ ਹੈ ਕਿ ਇਹਨਾਂ ਵਿਚੋਂ ਕਿਸੇ ਪ੍ਰਸ਼ਨ ਦਾ ਉੱਤਰ ਵੀ ਹਾਂ ਵਿਚ ਨਹੀਂ ਦਿਤਾ ਜਾ ਸਕਦਾ। ਸੋਚ ਤੇ ਗਿਆਨ ਨੂੰ ਅਕੀਦੇ ਦੀਆਂ ਬੇੜੀਆਂ ਤੋਂ ਮੁਕਤ ਕਰਕੇ ਅੱਗੇ ਤੋਰਨ ਨਾਲ ਹੀ ਇਸ ਦਾ ਸਹੀ ਉੱਤਰ ਲਭਿਆ ਜਾ ਸਕਦਾ ਹੈ।
No comments:
Post a Comment