ਉਲਾਰ ਤਕਰੀਰਾਂ

 

    ਅੱਜ ਇਕ ਬੀਬੀ ਦੇ ਭਾਸ਼ਣ ਦੀ ਵੀਡੀਓ ਦੇਖੀ। ਇਹ ਬੀਬੀ ਬਹੁਤ ਵਾਰ ਪੰਜਾਬੀ ਚੈਨਲਾਂ ਤੇ ਆ ਕੇ ਲੋਕਾਂ ਦੇ ਰੂ-ਬਰੂ ਹੁੰਦੀ ਦੇਖੀ ਗਈ ਹੈ। ਅੱਜ ਕਿਸੇ ਸ਼ਹੀਦੀ ਜੋੜ ਮੇਲੇ ਦੇ ਮੌਕੇ ਜਾਂ ਕਿਸੇ ਸਰਧਾਂਜਲੀ ਸਮਾਰੋਹ ਵਿਚ ਸੰਗਤਾਂ ਨੂੰ ਸੰਬੋਧਨ ਕਰ ਕੇ ਪੁੱਛ ਰਹੀ ਸੀ ਕਿ ਪੰਜਾਬ ਨੂੰ ਹੁਣ ਕੀ ਹੋ ਗਿਆ ਹੈ। ਕੀ ਇੱਥੇ ਇਕ ਵੀ ਅਜਿਹਾ ਯੋਧਾ ਨਹੀਂ ਜੋ ਆਪਣੇ ਬੰਦ ਬੰਦ ਕਟਵਾਵੇ ਤੇ ਪੁੱਠੀ ਖੱਲ ਲੁਹਾਵੇ ਪਰ ਸੀ ਨਾ ਕਰੇ? ਉਹ ਸ੍ਰੋਤਿਆਂ ਨੂੰ ਪੁਰ ਜੋਰ ਅਪੀਲ ਕਰ ਰਹੀ ਹੈ ਕਿ ਉਹ ਉੱਠੋਣ ਤੇ ਆਪਣੀਆਂ ਜਾਨਾਂ ਵਾਰਨ ਲਈ ਤਿਆਰ ਹੋ ਜਾਣ ਜਿਵੇਂ ਮੁਗਲ ਕਾਲ ਵਿਚ ਗੁਰੂ ਸਾਹਿਬਾਨਾਂ ਤੇ ਉਨਾਂ ਦੇ ਸਿੱਖਾਂ ਨੇ ਉਸ ਵੇਲੇ ਦੇ ਸਾਮਰਾਜ ਦਾ ਤਸ਼ਦਦ ਝੇਲਦੇ ਹੋਏ ਕੀਤਾ ਸੀ। ਉਸ ਦੀ ਇਸ ਤਕਰੀਰ ਦੀ ਇਕ ਝਲਕ ਇਸ ਵੀਡੀਓ ਕਲਿੱਪ ਵਿਚੋਂ ਦੇਖੀ ਜਾ ਸਕਦੀ ਹੈ। ਪੂਰਾ ਵੀਡੀਓ ਇਸ ਯੂਆਰਐਲ ਤੋਂ ਦੇਖਿਆ ਜਾ ਸਕਦਾ ਹੈ:-- https://docs.google.com/document/d/1EtRdBUlk7DwhMFH6GVT_8ItAunXe0YKnLi5xr8NHS5Q/edit?usp=sharing


    ਮੈਂ ਇਸ ਡਾਕਟਰ ਬੀਬੀ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਜੋ ਭੜਕਾਊ ਤਕਰੀਰਾਂ ਉਹ ਇਤਿਹਾਸ, ਧਰਮ ਤੇ ਰਾਜਨੀਤੀ ਨੂੰ ਦਰ ਕਿਨਾਰ ਕਰਕੇ ਦੇ ਰਹੀ ਹੈ. ਕੀ ਉਹ ਨਹੀਂ ਸਮਝਦੀ ਕਿ ਪੰਜਾਬ ਦੇ ਨੌਜਵਾਨ ਬੱਚੇ ਬੱਚੀਆਂ ਉਸ ਦੇ ਆਪਣੇ ਬੱਚਿਆਂ ਵਰਗੇ ਹਨ? ਜੋ ਉਹ ਉਨ੍ਹਾਂ ਨੂੰ ਵਂਗਾਰ ਵੰਗਾਰ ਕੇ, ਉਨ੍ਹਾਂ ਦੀਆਂ ਭਾਵਨਾਵਾਂ ਨੂੰ ਟੁੰਬ ਕੇ ਉਨ੍ਹਾਂ ਨੂੰ ਆਪਣੀ ਪੜ੍ਹਾਈ ਲਿਖਾਈ ਦੇ ਰਾਹ ਤੋਂ ਤੋੜ ਕੇ ਹਿੰਸਾ ਦੇ ਰਾਹ ਪਾ ਰਹੀ ਹੈ, ਕੀ ਉਹ ਇਸ ਦਾ ਸਿੱਟਾ ਸਮਝਦੀ ਹੈ? ਕੀ ਉਹ ਦੱਸ ਸਕਦੀ ਹੈ ਕਿ ਅਜਿਹੀਆਂ ਭੜਕਾਊ ਗੱਲਾਂ ਉਸ ਦੇ ਤੇ ਦੂਜੇ ਲੋਕਾਂ ਦੇ ਕਿਸ ਕੰਮ ਦੀਆਂ ਹਨ? ਇਹ ਬੀਬੀ ਪੁੱਛਦੀ ਹੈ ਕਿ ਕੀ ਕੋਈ ਅਜਿਹਾ ਸਿੱਖ ਨੌਜਵਾਨ ਹੈ ਜੋ ਚਰਖੜੀ ਤੇ ਚੜ੍ਹੇ ਤੇ ਸੀ ਨਾ ਕਰੇ? ਫਿਰ ਇਹ ਕਹਿੰਦੀ ਹੈ ਕਿ ਅਜਿਹਾ ਸਿੱਖ ਕਿਥੋਂ ਲਿਆਈਏ? ਪਰ ਬੀਬੀ ਕਿਉਂ? ਤੁੰ ਇਹ ਕਿਉਂ ਭੁਲਦੀ ਹੈ ਕਿ ਜੇ ਅਜਿਹਾ ਸਿੱਖ ਕਿਤੇ ਨਹੀਂ ਲੱਭਦਾ ਤਾਂ ਉਹ ਮੱਧ ਕਾਲੀਨ ਚਰਖੜੀਆਂ, ਕੋਹਲੂ ਤੇ ਪੁਠੀਆਂ ਖੱਲਾਂ ਲਾਹੁਣ ਵਾਲੇ ਔਜਾਰ ਵੀ ਤਾਂ ਕਿਤੇ ਨਹੀਂ ਲੱਭਦੇ।
    ਗੁਰੂ ਸਾਹਿਬ ਨੇ ਅਦੁਤੀ ਕੁਰਬਾਨੀ ਦਿੱਤੀ ਤੇ ਚਾਰ ਸਾਹਿਬਜ਼ਜ਼ਾਦਿਆਂ ਸਮੇਤ ਮਾਂ ਬਾਪ ਕੁਰਬਾਨ ਕਰਵਾਏ। ਉਸ ਵੇਲੇ ਹੋਂਦ ਦਾ ਮੁੱਦਾ ਬੜਾ ਭਾਰੀ ਸੀ। ਇਸ ਮੁੱਦੇ ਤੇ ਮਾਸੂਮ ਸਾਹਿਬਜ਼ਾਦੇ ਵੀ ਮੌਤ ਦੀ ਪ੍ਰਵਾਹ ਨਾ ਕਰਦੇ ਹੋਏ ਡਟੇ ਰਹੇ। ਉਨ੍ਹਾਂ ਅਨਭੋਲਾਂ ਦੀ ਕੁਰਬਾਨੀ ਦਾ ਖੁਦ ਸੱਤਾਧਾਰੀ ਕੁਨਬੇ ਦੇ ਭਾਈਵਾਲਾਂ ਨੇ ਬੁਰਾ ਮਨਾਇਆ ਸੀ। ਵੱਡਾ ਰੋਸ ਤਾਂ ਇਸ ਪਿਰਤ ਵਿਰੁਧ ਸੀ ਕਿ ਬਾਪ ਦਾ ਬਦਲਾ ਸੰਤਾਨ ਤੋਂ ਲਿਆ ਜਾਵੇ ਭਾਵੇਂ ਕਿ ਉਹ ਨਾਬਾਲਗ ਤੇ ਮਾਸੂਮ ਹੀ ਕਿਉਂ ਨਾ ਹੋਵੇ। ਇਨ੍ਹਾਂ ਨਿੱਕੀਆਂ ਨਿਡਰ ਰੂਹਾਂ ਨੂੰ ਤਿੰਨ ਸੌ ਤੋਂ ਵੀ ਵੱਧ ਸਾਲਾਂ ਤੋਂ ਹਰ ਸਾਲ ਲੱਖਾਂ ਪੰਜਾਬੀ ਤਿੰਨ ਤਿੰਨ ਦਿਨ ਸਰਧਾਜਲੀ ਦਿੰਦੇ ਹਨ। ਪਰ ਇਹ ਬੀਬੀ ਇਨ੍ਹਾਂ ਸ਼ਰਧਾਂਜਲੀਆਂ ਨੂੰ ਕੋਈ ਖਾਸ ਮਹਤਵ ਨਾ ਦਿੰਦੀ ਹੋਈ ਕਹਿ ਰਹੀ ਹੈ ਕੁਰਬਾਨੀ ਦਿਓ, ਕੁਰਬਾਨੀ ਦਿਓ! ਕਾਹਦੀ ਕੁਰਬਾਨੀ ਦੇਣ ਤੇ ਕਿੱਥੇ ਜਾ ਕੇ ਦੇਣ? ਸੜਕਾਂ ਤੇ ਦੇਣ ਜਾਂ ਦਰਖਤਾਂ ਤੇ ਦੇਣ? ਇਹ ਇੰਨਾ ਤਾਂ ਸੋਚੋ ਕਿ ਸਮਾਂ ਬਦਲ ਗਿਆ ਹੈ। ਰਜਵਾੜਾਸ਼ਾਹੀ ਤੇ ਤਾਨਾਸ਼ਾਹੀ ਨਿਜ਼ਾਮ ਖਤਮ ਹੋ ਚੁੱਕੇ ਹਨ। ਹੁਣ ਡੈਮੋਕ੍ਰੇਸੀ ਦਾ ਜ਼ਮਾਨਾ ਹੈ। ਪੁਰਾਣੀਆਂ ਗੱਲਾਂ ਸੰਕੇਤਕ ਚਿੰਨ ਬਣ ਕੇ ਰਹਿ ਗਈਆਂ ਹਨ। ਉਨ੍ਹਾਂ ਦਾ ਸਨਮਾਨ ਕਰੋ। ਪਰ ਉਨ੍ਹਾਂ ਨੌਜਵਾਨਾਂ ਨਾਲ ਜੋੜ ਕੇ ਗੱਲਾਂ ਨਾ ਉਲਝਾਓ ਤੇ ਨਾ ਹੀ ਉਨ੍ਹਾਂ ਦਾ ਭਵਿਖ ਖਰਾਬ ਕਰੋ। ਧਰਮ ਇਖਲਾਕ ਦੇ ਮਸਲਿਆਂ ਤੇ ਰਾਜਨੀਤਕ ਰੋਟੀਆਂ ਨਾ ਸੇਕੇ ਤੇ ਲੋਕਾਂ ਨੂੰ ਵਰਗਲਾ ਕੇ ਯੂ-ਟਿਊਬੀ ਵੀਊਜ਼ ਨਾ ਬਟੋਰੋ। ਆਪਣੇ ਲਾਹੇ ਲਈ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਛੱਡੋ। 
    ਲੋਕ ਤੁਹਾਡੇ ਨਾਲੋਂ ਵਧ ਜਾਣਦੇ ਹਨ। ਉਨ੍ਹਾਂ ਨੂੰ ਆਪਣਾ ਕੁਰਬਾਨੀਆਂ ਭਰਿਆ ਵਿਰਸਾ ਭਲੀ ਭਾਂਤੀ ਪਤਾ ਹੈ ਪਰ ਤੁਸੀਂ ਹੋ ਕਿ ਕਹਿੰਦੇ ਹੋ ਕੁਰਬਾਨੀ ਦੇ ਕੇ ਸਿੱਧ ਕਰੋ ਕਿ ਤੁਸੀਂ ਆਪਣੇ ਵਿਰਸੇ ਨੂੰ ਜਾਣਦੇ ਹੋ! ਉਨ੍ਹਾਂ ਨੂੰ ਆਪਣੇ ਸਮਾਜ ਤੇ ਆਪਣੇ ਭਵਿਖ ਦਾ ਵੀ ਪਤਾ ਹੈ। ਉਹ ਆਪਣਾ ਭਵਿਖ ਸੰਵਾਰਨ ਵਿਚ ਲੱਗੇ ਹੋਏ ਹਨ। ਪੜ੍ਹ ਲਿਖ ਰਹੇ ਹਨ, ਸੰਘਰਸ਼ ਕਰ ਰਹੇ ਹਨ। ਇਹੀ ਕਾਰਣ ਹੈ ਕਿ ਤੁਸੀਂ ਮੱਧ ਕਾਲੀਨ ਤਰਜ ਦੀ ਕੁਰਬਾਨੀ ਦੇਣ ਵਾਲੇ ਸਿੱਖ ਦੀ  ਜਨਤਕ ਤੌਰ ਤੇ ਭਾਲ ਕਰ ਰਹੇ ਹੋ ਤੇ ਬਿਲ ਬਿਲਾ ਰਹੇ ਹੋ ਕਿ ਅਜਿਹਾ ਨੌਜਵਾਨ ਤੁਹਾਨੂੰ ਕਿਤੋਂ ਲਭਦਾ ਨਹੀਂ ਹੈ। ਜੇ ਤੁਸੀਂ ਸਹੀ ਹੁੰਦੇ ਤਾਂ ਤੁਹਾਨੂੰ ਅਜਿਹਾ ਪੁੱਛਣ ਦੀ ਲੋੜ ਹੀ ਨਾ ਪੈਂਦੀ। ਉਹ ਤਾਂ ਤੁਹਾਨੂੰ ਆਪਣੇ ਹੀ ਘਰੋਂ ਆਪਣੇ ਧੀ ਪੁਤ, ਪਤੀ ਜਾਂ ਖੁਦ ਆਪਣੇ ਆਪ ਵਿਚੋਂ ਲੱਭ ਪੈਂਦਾ। ਮੈਂ ਤਾਂ ਇਹ ਕਹਾਂਗਾ ਕਿ ਹੁਣ ਤੀਕਰ ਤਾਂ ਆਪ ਜੀ ਦੇ ਗ੍ਰਹਿ ਵਿੱਖੇ ਇਕ ਦੋ ਸਹਾਦਤਾਂ ਹੋ ਵੀ ਚੁਕੀਆਂ ਹੁੰਦੀਆਂ ਤੇ ਇੱਕ ਅੱਧਾ ਜਣਾ ਨਾਰਥ-ਈਸਟ ਦੀ ਜੇਲ੍ਹ ਵਿਚ ਵੀ ਬੈਠਾ ਹੁੰਦਾ। ਪਰ ਨਹੀਂ ਤੁਸੀਂ ਆਪਣਾ ਕੁਨਬਾ ਇਨ੍ਹਾਂ ਗੱਲਾਂ ਤੋਂ ਬਚਾ ਕੇ ਰੱਖਿਆ ਹੋਇਆ ਹੈ ਤੇ ਗੁਰੂ ਸਾਹਿਬ ਦੇ ਪ੍ਰੀਵਾਰ ਨਿਛਾਵਰ ਕਰਨ ਦੀਆਂ ਮਿਸਾਲਾਂ ਨਾਲ ਕੇਵਲ ਦੁਜਿਆਂ ਦੇ ਧੀਆਂ ਪੁਤਰਾਂ ਨੂੰ ਅਣਜਾਣੀ ਅਣਕਿਆਸੀ ਕੁਰਬਾਨੀ ਵੱਲ ਖਿੱਚ ਰਹੇ ਹੋ। 
    ਮੱਧ ਕਾਲੀਨ ਹਕੂਮਤ ਨੇ ਕੁਰਬਾਨੀਆਂ ਮੰਗੀਆਂ ਤੇ ਸਿੱਖਾਂ ਤੇ ਹੋਰ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ। ਉਹ ਸਮੇਂ ਦੀ ਲੋੜ ਸੀ। ਇਤਿਹਾਸ ਗਵਾਹ ਹੈ ਕਿ ਗੁਰੂ ਅਰਜਨ ਤੋ ਗੁਰੂ ਗੋਬਿੰਦ ਸਿੰਘ ਸਾਹਿਬ ਤੀਕਰ ਕੁਰਬਾਨੀਆਂ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਮੰਗੀਆਂ ਗਈਆਂ। ਗੁਰੂ ਤੇਗ ਬਹਾਦਰ ਸਾਹਿਬ ਤੋਂ ਬਿਨਾਂ ਕੋਈ ਆਪਣੇ ਆਪ ਕੇ ਕਦੇ ਸ਼ਹੀਦ ਹੋਣ ਨਹੀਂ ਗਿਆ। ਉਨ੍ਹਾਂ ਦੀ ਸ਼ਹੀਦੀ ਅਦੁਤੀ ਤੇ ਸਾਰੇ ਦੇਸ ਨਾਲ ਸਬੰਧਤ ਸੀ। ਵਰਨਾ ਕੋਈ ਇਹ ਕਹਿ ਕੇ ਕੁਰਬਾਨ ਹੋਣ ਕਦੇ ਨਹੀਂ ਜਾਂਦਾ ਕਿ ਲਓ ਮੈਂ ਆ ਗਿਆ ਮੈਨੂੰ ਚਰਖੜੀ ਤੇ ਚੜਾ ਕੇ ਸ਼ਹੀਦ ਕਰੋ। ਸਭ ਲੜਦੇ ਭਿੜਦੇ ਹੀ ਸ਼ਹੀਦ ਹੋਏ ਸਨ। ਗੁਰੂ ਸਹਿਬ ਦੀ ਸ਼ਹੀਦੀ ਤੋਂ ਬਾਦ ਉ ਸਿੱਖਾਂ ਨੇ ਠਰੰਮੇ ਨਾਲ ਭਾਣਾ ਮੰਨਿਆ ਸੀ। ਕਦੇ ਕਿਸੇ ਸਿੱਖ ਨੇ ਇਹ ਕਹਿ ਕੇ ਦਿੱਲੀ ਵਲ ਚਾਲੇ ਨਹੀਂ ਸਨ ਪਾਏ ਕਿ ਚਲੋ ਚਲਦੇ ਹਾਂ ਤੇ ਔਰੰਗਜ਼ੇਬ ਨੂੰ ਕਹਿੰਦੇ ਹਾਂ ਕਿ ਜਿੱਥੇ ਤੁਸੀਂ ਸਾਡੇ ਨੌਵੇਂ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ, ਹੁਣ ਸਾਨੂੰ ਸਭ ਨੂੰ ਵੀ ਉਵੇਂ ਹੀ ਨਾਰ ਦੇਹ। 
    ਉਨੂੰ ਦਿਨਾਂ ਵਿਚਾ ਸ਼ਹੀਦੀ ਦਾ ਕੋਈ ਮਤਲਬ ਹੁੰਦਾ ਸੀ। ਲੋਕ ਯੂਟਿਊਬ ਦੇ ਵੀਉਜ਼ ਬਟੋਰਨ ਲਈ ਸ਼ਹੀਦੀ ਦਾ ਪੱਖ ਨਹੀਂ ਸਨ ਪੂਰਦੇ ਸਗੋਂ ਜੁਲਮ ਅਗ਼ੇ ਡਟ ਕੇ ਤਾਨਾਸ਼ਾਹੀ ਦਾ ਵਿਰੋਧ ਕਰਦੇ ਸਨ। ਪਰ ਇਹ ਬੀਬੀ ਤਾਂ ਸਟੇਜ਼ ਤੇ ਖਲੋ ਕੇ ਚਰਖੜੀਆਂ ਤੇ ਚੜ੍ਹਨ ਤੇ ਬੰਦ ਕਟਵਾਉਣ ਵਾਲੇ ਇੰਜ ਭਾਲਦੀ ਹੈ ਜਿਵੇਂ ਅੱਗੇ ਕੋਈ ਜੰਗ ਲੱਗੀ ਹੋਵੇ। ਹੁਣ ਮੁਲਕ ਵਿਚ ਲੋਕ ਤੰਤਰੀ ਪ੍ਰਣਾਲੀ ਹੈ। ਨਾ ਤੁਗਲਕੀ ਫੁਰਮਾਨ ਹਨ, ਨਾ ਚੜ੍ਹਨ ਲਈ ਚਰਖੜੀਆਂ ਹਨ, ਨਾ ਦਹੀ ਨਾਲ ਲਬੇੜ ਕੇ ਧਰਤੀ ਵਿਚ ਗੱਡਿਆਂ ਨੂ ਫਾੜਨ ਲਈ ਕੁੱਤੇ ਹਨ ਤੇ ਨਾ ਹੀ ਪੀੜਨ ਲਈ ਕੋਹਲੂ ਹਨ। ਭਾਰਤ ਤਾਂ ਭਾਰਤ ਇਹ ਸੰਦ ਤਾਂ ਹੁਣ ਅਰਬ ਇਰਾਨ ਵਿਚ ਵੀ ਨਹੀਂ ਹਨ। ਉਨ੍ਹਾਂ ਦਿਨਾਂ ਵਿਚ ਰਾਜ ਹਠ ਨੂੰ ਤੋੜਣ ਲਈ ਕੁਰਬਾਨੀ ਦੇਣੀ ਪੈਂਦੀ ਸੀ, ਅਜ ਕਲ ਕਾਨੂੰਨ ਹੈ, ਵਕੀਲ ਹਨ, ਕਚਿਹਿਰੀਆਂ ਹਨ ਤੇ ਜੇਲ੍ਹਾਂ ਹਨ। ਅਜ ਲੋੜ ਕੁਰਬਾਨੀਆਂ ਦੀ ਨਹੀਂ ਸਗੋਂ ਪੜ੍ਹ ਲਿਖ ਕੇ ਚੰਗੇ ਵਕੀਲ ਅਫਸਰ ਤੇ ਜੱਜ ਬਣਨ ਦੀ ਹੈ ਜੋ ਮਨੁੱਖ ਨੂੰ ਹੱਕ ਤੇ ਨਿਆਂ ਦਿਵਾ ਸਕਣ। ਇਸ ਲਈ ਨੌਜਵਾਨਾਂ ਦੇ ਸਿਖਿਆ ਤੇ ਅਕਲ ਦੇ ਪਿੜ ਵਿਚ ਨਿੱਤਰ ਕੇ ਅਗੇ ਆਉਣ ਦੀ ਲੋੜ ਹੈ ਜਿਸ ਨੂੰ ਇਹ ਬੀਬੀ ਕਿਸੇ ਤਰ੍ਹਾਂ ਵੀ ਪ੍ਰਮੋਟ ਕਰਦੀ ਦਿਖਾਈ ਨਹੀਂ ਦਿੰਦੀ।
    ਹੁਣ ਜਦੋਂ ਸਮਾਂ ਬਦਲ ਗਿਆ ਹੈ ਤੇ ਸੰਘਰਸ਼ ਦੇ ਅਰਥ ਬਦਲ ਗਏ ਹਨ ਤਾਂ ਕੁਰਬਾਨੀ ਦੀ ਪ੍ਰੀਭਾਸ਼ਾ ਵੀ ਬਦਲ ਗਈ ਹੈ। ਸਾਡੇ ਦੁਆਲੇ ਕਿੰਨੇ ਨਿੱਡਰ ਪੰਜਾਬੀ ਹਨ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਹਨ ਤੇ ਦੇ ਰਹੇ ਹਨ। ਪਰ ਉਨਾਂ ਨੇ ਬੀਬੀ ਨੂੰ ਨਹੀਂ ਦੱਸਿਆ ਕਿ ਉਹ ਸ਼ਹੀਦੀ ਦੇ ਰਹੇ ਹਨ।  ਜਸਵੰਤ ਸਿੰਘ ਖਾਲੜਾ, ਜਥੇਦਾਰ ਗੁਰਦੇਵ ਸਿੰਘ ਕੌਂਕੇ, ਬਹਿਬਲ ਕਲਾਂ ਦੇ ਸ਼ਹੀਦ ਤੇ ਸੈਂਕੜੇ ਹੋਰ ਅਜੋਕੇ ਸਮੇਂ ਵਿਚ ਹੀ ਸ਼ਹੀਦ ਹੋਏ ਪਰ ਬੀਬੀ ਅਨੁਸਾਰ ਇਹ ਸ਼ਹੀਦ ਨਹੀਂ ਹਨ ਕਿਉਂਕਿ ਇਨਾਂ ਨੇ ਨਾ ਪੁੱਠੀਆਂ ਖੱਲਾਂ ਲੁਹਾਈਆਂ ਤੇ ਨਾ ਇਹ ਚਰਖੜੀਆਂ ਤੇ ਚੜੇ। ਇਨ੍ਹਾਂ ਨੂੰ ਸ਼ਹੀਦ ਕਰਨ ਵਾਲੇ ਵੀ ਮੁਗਲ ਨਹੀਂ ਸਨ, ਇਥੋਂ ਦੇ ਸਥਾਨਕ ਪੁਲਸ ਕਰਮਚਾਰੀ ਸਨ। ਪਰ ਕੀ ਇਨ੍ਹਾਂ ਦੀ ਹੋਣੀ ਬੰਦ ਬੰਦ ਕਟਵਾਉਣ ਨਾਲੋਂ ਘੱਟ ਹੈ? ਕਿੰਨੇ ਹੋਰ ਲੋਕ ਸਜਾਵਾਂ ਦੀ ਮਿਆਦ ਭੁਗਤ ਕੇ ਵੀ ਜੇਲ੍ਹਾਂ ਵਿਚ ਬੰਦ ਹਨ ਤੇ ਕਿੰਨੇ ਉਨ੍ਹਾਂ ਦੇ ਲੋਕਤੰਤਰੀ ਅਧਿਕਾਰ ਦੀ ਬਹਾਲੀ ਲਈ ਬਾਹਰੋਂ ਸੰਘਰਸ਼ ਕਰ ਰਹੇ ਹਨ, ਕੀ ਉਹਾਂ ਦੀ ਕਰਨੀ ਚਰਖੜੀਆਂ ਤੇ ਚੜ੍ਹਨ ਵਰਗੀ ਨਹੀਂ? ਲੱਖਾਂ ਦੀ ਗਿਣਤੀ ਵਿਚ ਕਿਸਾਨ ਮਜ਼ਦੂਰ ਇਕਸਾਲ ਤੋਂ ਵੀ ਵੱਧ ਸਮੇਂ ਲਈ ਦਿੱਲੀ ਬਾਰਡਰ ਤੇ ਗਰਮੀ ਠੰਡ ਬਰਦਾਸ਼ਤ ਕਰਦੇ ਹੋਏ ਹਕੂਮਤ ਦੀਆਂ ਮਨਮਾਨੀਆਂ ਵਿਰੁਧ ਡਟੇ ਰਹੇ, ਕਈ ਸ਼ਹੀਦ ਵੀ ਹੋਏ। ਕੀ ਉਹਨਾਂ ਦੀ ਕੁਰਬਾਨੀ ਕੁਰਬਾਨੀ ਨਹੀਂ ਸੀ? ਪਰ ਬੀਬੀ ਜੀ ਦੀ ਪੁਰਾਣੀ ਜੰਗ ਲਗੀ ਹੋਈ ਤੇ ਸੌੜੀ ਸੋਚ ਫਿਰ ਵੀ ਆਦਮ ਬੋ ਆਦਮ ਬੋ ਕਰਦੀ ਗਰਦਨਾ ਕਟਵਾਉਣ ਵਾਲਿਆਂ ਨੂੰ ਭਾਲਦੀ ਫਿਰ ਰਹੀ ਹੈ। ਲੋਕਾਂ ਦੇ ਬੱਚੇ ਭਾਵੇਂ ਗੁਮਰਾਹ ਹੀ ਹੋ ਜਾਣ ਪਰ ਉਸ ਨੂੰ ਵਾਹ ਵਾਹ, ਪ੍ਰਸਿੱਧੀ ਤੇ ਚੌਧਰ ਚਾਹੀਦੀ ਹੈ!

No comments:

Post a Comment