ਚ੍ਰਿਤਰੋਪਾਖਿਆਨ

(Published in Punjab Times  of October 23, 2010)

ਪਿਛਲੇ ਕੁਝ ਸਾਲਾਂ ਤੋਂ ਸਿੱਖ ਜਗਤ ਵਿਚ ਸ਼੍ਰੀ ਦਸਮ ਗ੍ਰੰਥ ਬੜੀ ਭਖਵੀਂ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ। ਚਰਿਤਰੋਪਾਖਿਆਨ ਅਧਿਆਏ ਨੂੰ ਲੈ ਕੇ ਬਹੁਤ ਸਾਰੇ ਵਿਦਵਾਨਾਂ ਨੇ ਇਸ ਦੇ ਗੁਰੁ ਗੋਬਿੰਦ ਸਿੰਘ ਦੀ ਬਾਣੀ ਹੋਣ ਬਾਰੇ ਸ਼ੰਕੇ ਜਾਹਰ ਕੀਤੇ ਹਨ। ਕਈਆਂ ਨੇ ਤਾਂ ਕੁਝ ਕੁ ਹਿੱਸੇ ਛੱਡ ਕੇ ਸਮੂਚੇ ਗ੍ਰੰਥ ਨੂੰ ਹੀ ਗੁਰੁ ਜੀ ਦੀ ਰਚਨਾ ਮੰਨਣ ਤੋਂ ਇਨਕਾਰ ਕੀਤਾ ਹੈ। ਇਹਨਾਂ ਸਭ ਵਿਦਵਾਨਾਂ ਦੀਆਂ ਲਿਖ਼ਤਾਂ ਤੇ ਦਲੀਲਾਂ ਪੜ੍ਹ ਕੇ ਲਗਦਾ ਹੈ ਕਿ ਇਹ “ਖੋਜ ਸਬਦ ਮਹਿ ਲੇਹਿ” ਦੇ ਤੁਕਾਂਸ਼ ਅਨੁਸਾਰ ਅਮਲ ਨਾ ਕਰਕੇ ਦਸਮ-ਬਾਣੀ ਨੰ ਆਪਣੀ ਪਸੰਦ ਅਨੁਸਾਰ ਹੀ ਪਰਖ ਰਹੇ ਹਨ। ਇੰਜ ਵੀ ਲਗਦਾ ਹੈ ਜਿਵੇਂ ਕਈ ਵਿਦਵਾਨ ਤਾਂ ਗੁਰੁ ਸਾਹਿਬ ਪ੍ਰਤਿ ਸਤਿਕਾਰ ਤੇ ਸ਼ਰਧਾ-ਵਸ ਪੂਰੇ ਸਿੱਖ ਇਤਿਹਾਸ ਤੇ ਇਸ ਵਿਚ ਉਹਨਾਂ ਦੇ ਕਿਰਦਾਰ ਨੂੰ ਹੀ ਮੁੜ ਸਿਰਜਣਾ ਚਾਹੁੰਦੇ ਹੋਣ। ਇਹਨਾਂ ਦੇ ਬੇਲੋੜੀ ਸਮਗਰੀ ਨਾਲ ਲੱਦੇ ਲੰਮੇ ਲੰਮੇ ਲੇਖਾਂ ਨੇ ਇਸ ਮਸਲੇ ਨੂੰ ਸੁਲਝਾਉਣ ਦੀ ਬਜਾਏ ਉਲਝਾਈ ਬਹੁਤਾ ਰਖਿਆ ਹੈ।

ਪਰ 11 ਸਤੰਬਰ ਨੂੰ ਪੰਜਾਬ ਟਾਮਿਜ਼ ਵਿਚ ਛਪੇ ਡਾ: ਹਰਭਜਨ ਸਿੰਘ ਦੇ ਤਰਕ ਸੰਗਤ ਲੇਖ “ਚਰਿਤਰੋ- ਪਾਖਿਆਨ ਦੀ ਅਨੂਪ ਕੌਰ: ਅਸਲ ਕਹਾਣੀ, ਅਸਲ ਸੰਦੇਸ਼” ਨੇ ਇਸ ਬਹਿਸ ਨੂੰ ਲਗ ਭਗ ਨਬੇੜ ਹੀ ਦਿਤਾ ਹੈ। ਚਰਿਤਰੋਪਾਖਿਆਨ ਦਾ ਅਨੁਵਾਦ ਕਰਦੇ ਹੋਏ ਡਾ: ਸਹਿਬ ਇਹ ਸਿੱਧ ਕਰ ਦੇਂਦੇ ਹਨ ਕਿ ਇਸ ਅਧਿਆਏ ਦੇ ਨਾਇਕ ਤੇ ਰਚੇਤਾ ਗੁਰ-ਗੱਦੀ ਕਾਬਜ਼ ਅਨੰਦਪੁਰ ਦੇ ਰਾਏ ਖ਼ੁਦ ਦਸਮੇਸ਼ ਪਿਤਾ ਜੀ ਹੀ ਸਨ। ਉਹਨਾਂ ਦੀਆਂ ਦਲੀਲਾਂ ਵਿਚ ਭਾਰੀ ਵਜ਼ਨ ਹੈ ਕਿਉਂਕਿ ਉਹਨਾਂ ਦੇ ਨਿਸ਼ਕਰਸ਼ ਲਿਖ਼ਤ ਵਿਚਲੇ ਹਵਾਲਿਆਂ ਤੇ ਆਧਾਰਿਤ ਹਨ।

ਚਰਿਤਰੋਪਾਖਿਆਨ ਦੀ ਰੌਚਿਕ ਘਟਨਾ ਦਸਦੀ ਹੈ ਕਿ ਕਿਵੇਂ ਗੁਰੁ ਸਾਹਿਬ ਨੇ ਆਪਣੀ ਇਕ ਸ਼ਰਧਾਲੂ ਅਖਵਾਉਂਦੀ ਨੌਜਵਾਨ ਮਹਿਲਾ ਦੇ ਦਿਲੋਂ ਕਾਮਾਤੁਰ ਪ੍ਰੇਮ ਦਾ ਜਨੂੰਨ ਉਤਾਰ ਕੇ ਉਸ ਦਾ ਉਧ੍ਹਾਰ ਕੀਤਾ ਤੇ ਕਿਵੇਂ ਗੁਰੁ-ਸਿੱਖ ਸੰਬੰਧਾਂ ਦਾ ਪਾਠ ਪੜ੍ਹਾਉਂਦਿਆਂ ਉਸਨੂੰ ਨਾਟਕੀ ਢੰਗ ਨਾਲ ਗੁਰਸਿਖੀ ਦੀ ਮੁੱਖ ਧਾਰਾ ਨਾਲ ਜੋੜਿਆ। ਇਕ ਸੱਚੇ ਗੁਰੁ ਵਾਂਗੂੰ ਇਸ ਅਤਿ-ਸਿਖਿਆਦਾਇਕ ਕੰਮ ਨੂੰ ਅੰਜਾਮ ਦੇਣ ਲਈ ਜੇ ਉਹਨਾਂ ਨੂੰ ਬੁਰੇ ਦੇ ਘਰ ਤੀਕਰ ਵੀ ਜਾਣਾ ਪਿਆ ਤਾਂ ਉਹ ਗਏ। ਹੰਕਾਰੀ ਮਹਿਲਾ ਦੇ ਘਰ ਜਾ ਕੇ ਉਸ ਦਾ ਘਮੰਡ ਤੋੜਨਾ ਜਰੂਰੀ ਬਣ ਗਿਆ ਸੀ ਕਿਉਂਕਿ ਉਸ ਨੇ ਗੁਰੁ ਜੀ ਨੂੰ ਉਹ ਮੰਤਰ ਸਿਖਾਉਣ ਦਾ ਨਿਹੋਰਾ ਮਰਿਆ ਸੀ ਜਿਸ ਦੀ ਉਹ ਕਥਿਤ ਤੌਰ ਤੇ ਭਾਲ ਕਰ ਰਹੇ ਸਨ। ਉਸ ਨੂੰ ਇਹ ਦਸਣਾ ਜਰੂਰੀ ਬਣਦਾ ਸੀ ਕਿ ਗੁਰੁ ਨਾਨਕ ਦੇ ਸਿੱਖੀ ਮੰਤਰ, ਜੋ ਉਹਨਾਂ ਨੂੰ ਵਿਰਾਸਤ ਵਿਚ ਮਿਲਿਆ ਹੋਇਆ ਸੀ, ਉਤੇ ਕੋਈ ਹੋਰ ਮੰਤਰ ਨਹੀਂ ਚਲਦਾ। ਇਸ ਲਈ ਉਸ ਮਹਿਲਾ ਦੀ ਇੱਜ਼ਤ ਆਬਰੂ ਅਤੇ ਖੁਦ ਆਪਣੇ ਰੁਤਬੇ ਦਾ ਖਿਆਲ ਰਖ ਕੇ ਗੁਰੁ ਜੀ ਰਾਤ ਵੇਲੇ ਚੋਲਾ ਪਹਿਨ ਕੇ ਉਸ ਦੇ ਘਰ ਗਏ। ਉਹ ਆਪਣੀ ਨਿਜੀ ਚਾਦਰ ਵੀ ਨਾਲ ਲੈ ਕੇ ਗਏ ਤਾਂ ਜੋ ਉਸ ਕਾਮ-ਗ੍ਰਸਤ ਮਹਿਲਾ ਵਲੋਂ ਪੇਸ਼ ਕੀਤੇ ਕਿਸੇ ਆਸਣ ਤੇ ਬੈਠਣਾ ਨਾ ਪਵੇ।

ਇਸ ਕਥਾ ਵਿਚ ਇਕ ਲੰਮੇ ਸੰਵਾਦ ਦਾ ਵਰਨਣ ਹੈ ਜਿਸ ਰਾਹੀਂ ਗੁਰੁ ਸਾਹਿਬ ਨੇ ਕਾਮ-ਦਿਵਾਨੀ ਮਹਿਲਾ ਦੀਆਂ ਨਿਮਨ-ਜਜ਼ਬਾਤੀ ਯਾਚਨਾਵਾਂ ਦੇ ਮਰਿਆਦਾ-ਪੂਰਵਕ ਉੱਤਰ ਦੇ ਕੇ ਉਸ ਨੂੰ ਬੁਲੰਦ ਨੈਤਿਕ ਕਦਰਾਂ ਵਲ ਪ੍ਰੇਰਿਨ ਦੀ ਕੋਸ਼ਿਸ ਕੀਤੀ। ਇਸ ਦੌਰਾਨ ਗੁਰੁ ਸਾਹਿਬ ਦੀਆਂ ਕਾਟ-ਰਹਿਤ ਦਲੀਲਾਂ ਰਾਹੀਂ ਮੂਰਸ਼ਿਤ ਹੋਈ ਉਸ ਕਾਮਗ੍ਰਸਤ ਮਹਿਲਾ ਨੇ ਘਿਨਾਉਣੇ ਤ੍ਰੀਆ-ਚ੍ਰਿਤਰ ਦਾ ਰਾਹ ਅਪਣਾ ਕੇ ਉਹਨਾਂ ਨੂੰ ਅਪਮਾਨਿਤ ਕਰਨ ਦੀ ਕੋਸ਼ਿਸ ਕੀਤੀ। ਪ੍ਰੰਤੂ ਸਰਬਕਲਾ-ਸਮਰਥ ਗੁਰੂ ਜੀ ਨੇ ਆਪਣਾ ਕੌਤਕ ਖੇਡ ਕੇ ਉਸ ਦਾ ਇਹ ਚਕਰਵਿਊਹ ਸਫਲਤਾਪੂਰਵਕ ਪਛਾੜ ਦਿਤਾ। ਅਗਲੇ ਦਿਨ ਉਸ ਔਰਤ ਨੂੰ ਦਰਬਾਰ ਵਿਚ ਸੱਦ ਕੇ ਆਦਰਸ਼ ਸ਼ਿਸਟਾਚਾਰੀ ਨੇਮਾਂ ਦਾ ਪਾਲਣ ਕਰਦਿਆਂ ਗੁਰੁ ਸਾਹਿਬ ਨੇ ਪਹਿਲਾਂ ਉਸ ਅਗੇ ਲੰਘੀ ਰਾਤ ਦੀਆਂ ਘਟਨਾਵਾਂ ਦਾ ਖੇਦ ਪਰਗਟ ਕੀਤਾ ਤੇ ਫਿਰ ਸਿਖਿਆ ਦਾ ਅਮਲ ਪੂਰਾ ਕਰ ਕੇ ਉਸ ਨੂੰ ਪੂਰੇ ਤੌਰ ਤੇ ਗੁਰੁ ਘਰ ਨਾਲ ਜੋੜਿਆ।

ਇਸ ਬਿਰਤਾਂਤ ਨੂੰ ਪੜ੍ਹ ਕੇ ਪਤਾ ਲਗਦਾ ਹੈ ਕਿ ਦਸਮ-ਗੁਰੂ ਇਕ ਫ਼ੌਲਾਦੀ ਯੋਧੇ ਤੇ ਪ੍ਰਤਿਭਾਵਾਨ ਕਵੀ ਹੀ ਨਹੀਂ ਸਨ ਸਗੋਂ ਚੱਟਾਨੀ ਇਖ਼ਲਾਕ ਤੇ ਮਿਸਾਲੀ ਕਿਰਦਾਰ ਦੇ ਮਾਲਕ ਵੀ ਸਨ। ਜਿਸ ਕਾਮ ਸ਼ਤ੍ਰੂ ਅਗੇ ਇਤਿਹਾਸਿਕ ਤਾਂ ਕੀ ਬੜੇ 2 ਮਿਥਿਹਾਸਿਕ ਯੋਧਾ ਵੀ ਘੁਟਨੇ ਟੇਕ ਗਏ, ਗੁਰੁ ਜੀ ਨੇ ਉਸ ਨੂੰ ਸਹਿਜ ਸੁਭਾਅ ਹੀ ਪ੍ਰਾਜਿਤ ਕਰ ਦਿਤਾ। ਅਜਿਹੇ ਅਦੁਤੀ ਇਖ਼ਲਾਕ ਤੇ ਕਿਰਦਾਰ ਦੀ ਉਦਾਹਰਨ ਹਿੰਦੁਸਤਾਨ ਤਾਂ ਕੀ ਦੁਨੀਆਂ ਦੇ ਇਤਿਹਾਸ ਵਿਚ ਕਿਧਰੇ ਨਹੀਂ ਮਿਲਦੀ। ਉਹਨਾਂ ਦੇ ਇਸ ਬਿਰਤਾਂਤ ਨੁੰ ਪੜ੍ਹ ਕੇ ਮਨ ਸ਼ਰਧਾ ਨਾਲ ਝੁਕ ਜਾਂਦਾ ਹੈ ਅਤੇ ਸਿਰ ਸਿੱਖੀ ਮਾਣ ਨਾਲ ਉੱਚਾ ਹੋ ਜਾਂਦਾ ਹੈ।

ਕਈ ਵਿਦਵਾਨ ਇਸ ਬਿਰਤਾਂਤ ਦੇ ਮਜ਼ਮੂਨ ਤੇ ਸ਼ਬਦਾਵਲੀ ਨੂੰ ਸ਼ਰਮਸਭਰਪੂਰ ਕਰਾਰ ਦਿੰਦਿਆਂ ਇਸ ਨੂੰ ਗੁਰੁ ਸਾਹਿਬ ਦੀ ਰਚਨਾ ਹੀ ਨਹੀਂ ਮੰਨਦੇ। ਸ਼ਾਇਦ ਉਹ ਇਸ ਕ੍ਰਿੱਤ ਨੂੰ ਅਜੋਕੇ ਯੁਗ ਦੇ ਲੱਚਰ ਗੀਤਾਂ ਦੁਆਰਾ ਪ੍ਰਭਾਤਵਿਤ ਗੰਧਲੇ ਨੈਤਿਕ ਮਿਆਰਾਂ ਰਾਹੀਂਂ ਨਿਹਾਰਦੇ ਹਨ। ਬੜਾ ਔਖਾ ਕੰਮ ਹੈ ਕਿਸੇ ਡਿਗੇ ਹੋਏ ਨੂੰ ਸਹਾਰਾ ਦੇ ਕੇ ਖੜਾ ਕਰਨਾ ਤੇ ਸਿਰ ਉੱਚਾ ਕਰ ਕੇ ਚਲਣ ਦੀ ਜਾਚ ਸਿਖਾਂਉਣਾ। ਸ਼ਇਦ ਅਜਿਹੇ ਵਿਦਵਾਨਾਂ ਦੇ ਅਨੁਭਵ ਵਿਚ ਕਦੇ ਅਜਿਹਾ ਕਰਨ, ਵੇਖਣ ਜਾਂ ਸੁਨਣ ਨੂੰ ਨਾ ਆਇਆ ਹੋਵ ਕਿ ਚਿੱਕੜ ਵਿਚ ਡਿਗੇ ਨੂੰ ਚਿੱਕੜ ਵਿਚ ਵੜ ਕੇ ਹੀ ਬਾਹਰ ਕੱਢਿਆ ਜਾਂਦਾ ਹੈ। ਸ਼ਾਇਦ ਉਹ ਇਸ ਵਰਤਾਰੇ ਦੇ ਅੰਦਰੂਨੀ ਮੰਤਵ ਤੇ ਬਾਹਰਲੀ ਦਿੱਖ ਦੇ ਭੇਦਾਂ ਨੂੰ ਸੁਮੇਲ ਕੇ ਨਹੀਂ ਦੇਖਦੇ।  ਸ਼ਾਇਦ ਇਸੇ ਕਰਕੇ ਉਹ ਸੋਚ ਦੇ ਘੋੜੇ ਇੱਧਰ ਉੱਧਰ ਦੁੜਾਉਂਦੇ ਫਿਰਦੇ ਹਨ। ਅਜਿਹੇ ਵਿਦਵਾਨਾਂ ਲਈ ਇਹੀ ਠੀਕ ਹੈ ਕਿ ਉਹ ਗੁਰੁ ਸਾਹਿਬ ਦੇ ਬਹੁ-ਪੱਖੀ ਵਿਅਕਤੀਤਵ ਨੂੰ ਸਵੀਕਾਰਦੇ ਹੋਏ ਉਹਨਾਂ ਦੀਆਂ ਰਚਨਾਵਾਂ ਦੀ ਵਿਭਿੰਨਤਾ ਨੂੰ ਸਮਝਣ ਅਤੇ ਇਤਿਹਾਸ ਉਤੇ ਆਪਣੀ ਨਿਆਇਧੀਸ਼ੀ ਨਾ ਕਰਨ।

ਕਈ ਵਿਦਵਾਨ ਇਸ ਗੱਲ ਤੇ ਹੀ ਅਟਕ ਜਾਂਦੇ ਹਨ ਕਿ ਚਰਿਤਰੋਪਾਖਿਆਨ ਦੇ ਕੌਤਕ ਦੌਰਾਨ ਗੁਰੁ ਜੀ ਨੇ ਜਿਸ ਆਦਮੀ ਦੀ ਪਗੜੀ ਉਤਾਰੀ ਉਹ ਮੇਜ਼ਮਾਨ ਮਹਿਲਾ ਦਾ ਭਰਾ ਨਹੀਂ ਸੀ ਕੋਈ ਹੋਰ ਸੀ। ਪਰ ਅਜਿਹੇ ਰੌਲੇ ਰੱਪੇ ਵਿਚ ਇਕ ਤਾਂ ਕੀ ਕਈ ਪਗੜੀਆਂ ਵੀ ਲੱਥੀਆਂ ਹੋ ਸਕਦੀਆਂ ਸਨ।ਪੱਗੜੀ ਕਿਸੇ ਦੀ ਵੀ ਲੱਥੀ ਹੋਵੇ ਗੱਲ ਤਾਂ ਗੁਰੁ ਜੀ ਦੇ ਕਸੂਤੀ ਸਥਿਤਿ ਵਿਚੋਂ ਸਫਲਤਾਪੂਰਵਕ ਬਚ ਨਿਕਲਣ ਦੀ ਹੈ। ਕੀ ਅਜਿਹੇ ਨਿੱਕੇ ਵੇਰਵੇ ਦੇ ਹੇਰ ਫੇਰ ਨਾਲ ਸਮੂਚੇ ਬ੍ਰਿਤਾਂਤ ਦੇ ਮੰਤਵ ਵਿਚ ਕੋਈ ਫ਼ਰਕ ਪੈਂਦਾ ਹੈ?

ਕਈ ਵਿਦਵਾਨਾਂ ਦਾ ਇਤਰਾਜ਼ ਹੈ ਕਿ ਉਹਨਾਂ ਨੂੰ ਡਾ:ਹਰਭਜਨ ਸਿੰਘ ਦੇ ਲੇਖ਼ ਵਿਚ ਗੁਰੁ ਜੀ ਝੂਠ ਬੋਲਦੇ ਨਜ਼ਰ ਆਉਂਦੇ ਹਨ। ਅਜਿਹੇ ਵਿਦਵਾਨ ਆਪਣੇ ਵਿਚਾਰਾਂ ਦੀ ਸੰਕੀਰਣਤਾ ਕਾਰਣ ਗੁਰੁ ਜੀ ਦੇ ਕੌਤਕ ਨੂੰ ਉਹਨਾਂ ਦੇ ਮੰਤਵ ਤੋਂ ਵੱਖ ਕਰ ਕੇ ਦੇਖਦੇ ਹਨ। ਇਸ ਤਰਾਂ ਉਹ ਇਸ ਘਟਨਾ ਦੇ ਵਿਰਾਟ ਪਰਿਪੇਖ ਨੂੰ ਨਜ਼ਰਅੰਦਾਜ਼ ਕਰਨ ਦੀ ਗਲਤੀ ਕਰਦੇ ਹਨ। ਇਦਾਂ ਤਾਂ ਖ਼ਾਲਸੇ ਦੀ ਸਿਰਜਣਾਂ ਲਈ ਕੀਤੇ ਕੌਤਕ ਵੇਲੇ ਵੀ ਗੁਰੁ ਸਾਹਿਬ ਨੇ ਲਹੂ ਭਿੱਜੀ ਸ੍ਰੀ ਸਾਹਿਬ ਵਿਖਾ ਕੇ ਸਿੱਖਾਂ ਦੇ ਸਿਰ ਦੀ ਬਲੀ ਲੈ ਲੈਣ ਦੀ ਗੱਲ ਦਸੀ ਸੀ। ਬਾਦ ਵਿਚ ਉਹਨਾਂ ਨੇ ਇਹੀ ਸਿੱਖ ਜਿਉਂਦੇ ਦਰਬਾਰ ਵਿਚ ਪੇਸ਼ ਕੀਤੇ ਸਨ ਤੇ ਪੰਜ ਪਿਆਰੇ ਸਜਾਏ ਸਨ। ਚਮਕੌਰ ਦੀ ਗੜ੍ਹੀ ਤੋਂ ਅਲੋਪ ਹੋਣ ਵੇਲੇ ਵੀ ਉਹਨਾਂ ਨੇ ਨੀਲ ਵਸਤਰ ਧਾਰਨ ਕਰਕੇ ਤੇ “ਉੱਚ ਦਾ ਪੀਰ” ਸਦਾ ਕੇ ਮੁਗਲ ਫੌਜਾਂ ਦੇ ਘੇਰੇ ਚੋਂ ਨਿਕਲਣ ਦਾ ਕੌਤਕ ਕੀਤਾ ਸੀ। ਇਹਨਾਂ ਵਰਤਾਰਿਆਂ ਨੂੰ ਤਾਂ ਇਹ ਵਿਦਵਾਨ ਕਦੇ “ਝੂਠ” ਨਹੀ ਗਰਦਾਨਦੇੇ। ਸੱਚ ਝੂਠ ਦਾ ਇਹਨਾਂ ਦਾ ਕੀ ਤਰਕ ਹੈ, ਇਹੀ ਜਾਨਣ। ਪਰ ਇਕ ਗੱਲ ਇਹ ਵਿਦਵਾਨ ਜਰੂਰ ਜਾਣ ਲੈਣ ਕਿ ਗੁਰੁ ਸਾਹਿਬ ਇਕ ਸ਼ਹਿਨਸ਼ਾਹ ਦੀ ਹੈਸੀਅਤ ਰਖਦੇ ਸਨ। ਇਹ ਗੱਲ ਜ਼ਫ਼ਰਨਾਮੇ ਦੇ ਪੋ੍ਰਟੋਕੋਲ ਤੋਂ ਵੀ ਭਲੀ ਭਾਂਤੀ ਜਾਹਰ ਹੁੰਦੀ ਹੈ। ਸਭ ਸ਼ਹਿਨਸ਼ਾਹ ਦੁਨਿਆਵੀ ਨੈਤਿਕ ਮਿਆਰਾਂ ਤੋਂ ਉਪਰ ਸਮਝੇ ਜਾਂਦੇ ਸਨ; ਉਹ ਸੱਚ ਝੂਠ ਦੇ ਤਰਾਜੂ ਵਿਚ ਨਹੀਂ ਸਨ ਤੋਲੇ ਜਾਂਦੇ। ਸਰਬੱਤ ਦਾ ਕਲਿਆਣ ਹੀ ਉਹਨਾਂ ਦੀ ਨੈਤਿਕਤਾ ਹੁੰਦੀ ਸੀ। ਸਰਬੱਤ-ਕਲਿਆਣ ਹਿੱਤ ਬੋਲਿਆ ਉਹਨਾਂ ਦਾ ਝੁਠ ਵੀ ਸੱਚ ਦਾ ਹੀ ਦਰਜਾ ਰਖਦਾ ਸੀ।

ਕਈ ਵਿਦਵਾਨ ਗੁਰੁ ਸਾਹਿਬ ਵਲੋਂ ਕੀਤੇ ਕੌਤਕਾਂ ਨੂੰ ਹੀ ਤੱਥ-ਪੂਰਵਕ ਤੇ ਤਰਕ-ਸੰਗਤ ਨਹੀਂ ਮੰਨਦੇ। ਉਹ ਸਮਝਦੇ ਹਨ ਕਿ ਇਹ ਮਿਥਿਹਾਸ ਹਨ। ਉਹ ਭੁਲ ਜਾਂਦੇ ਹਨ ਕਿ ਕੌਤਕ ਤਾਂ ਸਿੱਖਆ ਦਾ ਅੱਟੁਟ ਮਾਧਿਅਮ ਹੁੰਦੇ ਹਨ। ਇਹ ਵਿਗਿਆਨਕ ਪ੍ਰੀਕਸ਼ਣਾਂ ਵਾਂਗ ਸਿੱਖਿਆ ਦਾ ਕੰਮ ਆਸਾਨ ਕਰਦੇ ਹਨ ਅਤੇ ਸਿਖਿਅਕ ਦਾ ਸੁਨੇਹਾ ਸਰਲ ਰੂਪ ਵਿਚ ਸਿੱਖ ਦੇ ਮਨ ਤਕ ਪਹੁੰਚਾਉਂਦੇ ਹਨ। ਜਦੋਂ ਬਾਕੀ ਢੰਗ ਨਾਕਾਮਯਾਬ ਹੋ ਜਾਣ ਕੌਤਕ ਹੀ ਕਾਰਗਾਰ ਸਿੱਧ ਹੁੰਦੇ ਹਨ। ਸਿੱਖ ਇਤਿਹਾਸ ਵਿਚ ਗੁਰੁ ਸਾਹਿਬਾਨ ਵਲੋਂ ਗੁੰਝਲਦਾਰ ਮੁੱਦੇ ਕੌਤਕਾਂ ਰਾਹੀਂ ਸਮਝਾਏ ਜਾਣ ਦੀ ਲੰਮੀ ਪਰੰਪਰਾ ਹੈ। ਗੁਰੁ ਨਾਨਕ ਦੇਵ ਨੇ ਸੁਲਤਾਨ ਪੁਰ ਲੋਧੀ ਵਿਖੇ ਮਲਿਕ ਭਾਗੋ ਨੂੰ, ਮੱਕੇ ਵਿਚ ਮੁਸਲਮਾਨਾਂ ਨੂੰ ਤੇ ਹਰਦੁਆਰ ਵਿਚ ਪੰਡਿਆਂ ਨੂੰ ਕੌਤਕਾਂ ਰਾਹੀਂ ਹੀ ਤਾਂ ਆਪਣੀ ਗੱਲ ਸਮਝਾਈ ਸੀ।     

ਬਹੁਤ ਸਾਰੇ ਵਿਦਵਾਨਾਂ ਨੂੰ ਚਰਿਤਰੋਪਾਖਿਆਨ ਦੇ ਅਧਿਆਏ ਪਿੱਛੇ ਕਿਸੇ ਹਿੰਦੁ ਜਾਂ ਬ੍ਰਾਹਮਣਵਾਦ ਦੀ ਚਾਲ ਨਜ਼ਰ ਆਉਂਦੀ ਹੈ। ਇਸ ਲਈ ਇਸ ਅਧਿਆਏ ਦੀ ਅਲੋਚਨਾ ਕਰਨਾ ਉਹ ਆਪਣਾ ਪਰਮੋਧਰਮ ਸਮਝਦੇ ਹਨ। ਪਰ ਉਹ ਇਹ ਨਹੀਂ ਵਿਚਾਰਦੇ ਕਿ ਅੱਵਲ ਤਾਂ ਇਸ ਵਿਚ ਕਿਸੇ ਹਿੰਦੂ ਦਾ ਹੱਥ ਹੋ ਹੀ ਨਹੀਂ ਸਕਦਾ ਕਿਉਂਕਿ ਛੜਯੰਤਰ ਕਰਨ ਵਾਲੇ ਹਿੰਦੂ ਨੇ ਤਾਂ ਗੁਰੁ ਸਾਹਿਬ ਦੀ ਛਵੀ ਵਿਗਾੜ ਕੇ ਪੇਸ਼ ਕਰਨੀ ਸੀ। ਪਰ ਜੇ ਮੰਨ ਵੀ ਲਿਆ ਜਾਵੇ ਕਿ ਇਹ ਕਿਸੇ ਹਿੰਦੂ ਦੀ ਰਚਨਾ ਹੈ ਤਾਂ ਇਸ ਪ੍ਰਸੰਗ ਵਿਚ ਤਾਂ ਉਸ ਨੇ ਗੁਰੁ ਸਾਹਿਬ ਦੇ ਉੱਚ ਚਰਿਤਰ ਦੀ ਗੱਲ ਕਹੀ ਹੈ ਤੇ ਉਹਨਾਂ ਨੂੰ ਬੜੀ ਤਿਲਕਵੀ ਸਥਿਤੀ ਵਿਚ ਵੀ ਪਾਕ ਦਾਮਨ ਰਹਿ ਕੇ ਇਕ ਆਦਰਸ਼ਕ “ਗੁਰੁ” ਦਾ ਕਿਰਦਾਰ ਕਰਦਿਆਂ ਦਰਸਾਂਇਆ ਹੈ। ਅਜਿਹੇ ਮਹਾਨ ਕਾਰਜ ਕਰਨ ਵਾਲੇ ਹਿੰਦੂ ਨੂੰ ਤਾਂ ਸਗੋਂ ਸ਼ਾਬਾਸ਼ ਦੇ ਕੇ ਗਲੇ ਲਗਾਉਣਾ ਚਾਹੀਦਾ ਸੀ ਕਿਉਂਕਿ ਉਸ ਨੇ ਧਰਮ ਦੀ ਭਿੰਨਤਾ ਦੇ ਬਾਵਜੂਦ ਸੱਚ ਦੀ ਨਿਰਮਲਤਾ ਨੂੰ ਗੰਧਲਾ ਨਹੀਂ ਹੋਣ ਦਿਤਾ। ਉਲਟਾ ਇਹ ਵਿਦਵਾਨ ਇਸ ਹਿੰਦੂ ਨੂੰ ਨਿੰਦਕ ਨਜ਼ਰਾਂ ਨਾਲ ਦੇਖਦੇ ਹਨ ਅਤੇ ਇਸ ਦੀ ਪੇਸ਼ ਕੀਤੀ ਪਾਕ ਛਵੀ ਨੂੰ  ਗੁਰੁ ਜੀ ਦੀ ਛਵੀ ਮੰਨਣ ਤੋਂ ਹੀ ਇਨਕਾਰੀ ਹਨ। ਅਬਦਾਲੀ ਵੇਲੇ ਦਾ ਮੁਸਲਮਾਨ ਖ਼ਬਰ-ਨਵੀਸ ਖਾਫੀ ਖਾਂ ਵੀ ਸਿੱਖਾਂ ਦੇ ਉੱਚ ਆਚਰਣ ਦੀ ਪ੍ਰਸੰਸਾ ਕਰਦਾ ਹੈ। ਪਰ ਉਹ ਉਹਨਾਂ ਨਾਲ ਨਫ਼ਰਤ ਵੀ ਕਰਦਾ ਹੈ ਤੇ ਨਾਲ ਗਾਲਾਂ ਕਢਦਿਆਂ ਉਹਨਾਂ ਨੂੰ “ਕੁੱਤੇ” ਵੀ ਦਸਦਾ ਹੈ। ਉਸ ਦੀਆਂ ਲਿਖਤਾਂ ਦੇ ਤਾਂ ਇਹ ਵਿਦਵਾਨ ਫ਼ਖ਼ਰ ਨਾਲ ਹਵਾਲੇ ਦੇਂਦੇ ਨਹੀਂ ਥੱਕਦੇ। ਫਿਰ ਇਸ ਕਥਿਤ ਹਿੰਦੂ ਲੇਖਕ ਨਾਲ ਵਿਤਕਰਾ ਕਿਉਂ? ਲ਼ਗਦਾ ਹੈ ਹਰ ਤਰਕਹੀਣ ਗੱਲ ਦੇ ਦੋਸ਼ ਦਾ ਭਾਂਡਾ ਬਰਾਹਮਣਵਾਦ ਦੇ ਨਾਂ ਭੰਨਣ ਦੀ ਬਹੁਤੇ ਅਧੁਨਿਕ ਸਿੱਖ ਵਿਦਵਾਨਾਂ ਦੀ ਇਕ ਰਵਾਇਤ ਹੀ ਬਣ ਗਈ ਹੈ।

ਜਾਹਿਰ ਹੈ ਕਿ ਚਰਿਤਰੋਪਾਖਿਆਨ ਵਿਚ ਮਹਿਲਾ ਅਨੂਪ ਕੌਰ ਦਾ ਪ੍ਰਸੰਗ ਗੁਰੁ ਸਾਹਿਬ ਦੇ ਬੇਮਿਸਾਲ ਕਿਰਦਾਰ ਨੂੰ ਵਿੱਜਈ ਲਹਿਜ਼ੇ ਵਿਚ ਉਭਾਰ ਕੇ ਪੇਸ਼ ਕਰਦਾ ਹੈ। ਇਸ ਵਿਚ ਉਹ ਆਪਣੇ ਆਪ ਨੂੰ ਪਿਤਰੀ ਸਿਖਿਆ ਦੇ ਪ੍ਰੀਪਾਲਕ, ਗੁਰਗੱਦੀ ਨਾਲ ਜੁੜੇ ਸੰਸਕਾਰਾਂ ਦੇ ਬੰਧਕ ਤੇ ਗੁਰਸਿੱਖੀ ਪਰੰਪਰਾਵਾਂ ਦੇ ਪੈਰੋਕਾਰ ਦਸਦੇ ਹੋਏ ਉਚ ਆਚਾਰ ਦੇ ਮਾਰਗ ਤੇ ਅਡੋਲ ਚਲਦੇ ਨਜ਼ਰ ਆਉਂਦੇ ਹਨ। ਇਸ ਵਿਚ ਜਿਥੇ ਕਾਮ ਅਤੇ ਮੋਹ ਉਤੇ ਉਹਨਾਂ ਦੀ ਸਹਿਜਮਈ ਵਿਜੇ ਸਪਸ਼ਟ ਝਲਕਦੀ ਹੈ ਉਥੇ ਕ੍ਰੋਧ ਅਤੇ ਹੰਕਾਰ ਉਤੇ ਵੀ ਉਹਨਾਂ ਦੀ ਸੁਭਾਵਕ ਜਿੱਤ ਦਾ ਪ੍ਰਗਟਾਵਾ ਨਜ਼ਰ ਆਉੰਦਾ ਹੈ। ਕੌਤਕ ਉਪ੍ਰੰਤ ਮਹਿਲਾ ਅਤੇ ਉਸ ਦੇ ਸੰਬੰਧੀਆਂ ਨਾਲ ਕੀਤੇ ਨੇਕ ਸਲੂਕ ਤੋਂ ਪਤਾ ਚਲਦਾ ਹੈ ਕਿ ਗੁਰੁ ਸਾਹਿਬ ਬਦਲੇ ਦੀ ਭਾਵਨਾ ਅਤੇ ਲੋਭ ਲਾਲਚ ਦੇ ਵਿਚਾਰ ਤੋਂ ਬਹੁਤ ਉਪਰ ਸਨ। ਬੰਧਕ ਮਹਿਲਾ ਅਗੇ ਬੀਤੀ ਘਟਨਾ ਦਾ ਖ਼ੇਦ ਪ੍ਰਗਟ ਕਰਨਾ ਅਤੇ ਤਰਕ-ਸੰਗਤ ਉਸ ਨੂੰ ਸਿੱਖੀ ਆਦਰਸ਼ ਵਿਚ ਢਾਲਣਾ ਉਹਨਾਂ ਦੀ ਅਤਿ ਦਰਜੇ ਦੀ ਹਲੀਮੀ ਤੇ ਸੱਚੀ ਸਿਦਕ ਦਾ ਪ੍ਰਤੀਕ ਹਨ। ਹੈਰਾਨੀ ਦੀ ਗੱਲ ਹੈ ਕਿ ਗੁਰੁ ਸਾਹਿਬਾਨ ਤਾਂ ਤਰਕ, ਵਾਰਤਾਲਾਪ, ਕੌਤਕ ਅਤੇ ਹਲੀਮੀ ਸਮੇਤ ਸਿਖਿਆ ਦਾ ਹਰ ਢੰਗ ਵਰਤਕੇ ਸਿੱਖੀ ਅਮਲ ਦਾ ਮਾਰਗ ਸਿਰਜਦੇ ਸਨ ਪਰ ਅਜ ਕੱਲ ਦੇ ਖ਼ਾਲਸੇ ਤਾਂ ਚਾਹਟਾ ਪਿਆਉਣ ਤੇ ਸੋਧਣ ਤੋਂ ਘੱਟ ਗੱਲ ਹੀ ਨਹੀਂ ਕਰਦੇ।

ਅੰਤ ਵਿਚ ਅਸੀਂ ਕਹਿ ਸਕਦੇ ਹਾਂ ਕਿ ਚਰਿਤਰੋਪਾਖਿਆਨ ਦੀ ਕਥਾ ਵਿਚ ਆਤਮ-ਸੰਜਮ ਤੇ ਉੱਚ-ਚਰਿਤਰ ਦੀ ਮਹਿਮਾ ਦਾ ਬਹੁਤ ਹੀ ਅਹਿਮ ਸੰਦੇਸ਼ ਛਿਪਿਆ ਹੋਇਆ ਹੈ। ਇਸ ਸੰਦੇਸ਼ ਨੂੰ ਸਿੱਖੀ ਰਹਿਤ-ਮਰਿਆਦਾ ਤੇ ਚਲਣ ਵਾਲਾ ਪੂਰਨ-ਸਰੂਪ ਸਿੱਖ ਤਾਂ ਕੀ, ਕੋਈ ਸਾਧਾਰਣ ਵਿਅਕਤੀ ਵੀ ਅਖੋਂ ਓਹਲੇ ਨਹੀਂ ਕਰ ਸਕਦਾ। ਅੱਜ ਦੇ ਢਹਿੰਦੀ ਨੈਤਿਕਤਾ ਦੇ ਯੁੱਗ ਵਿਚ ਜਿਥੇ ਸਮੂਚੀ ਮਨੁਖਤਾ ਝੂਠ, ਫ਼ਰੇਬ, ਖੋਖਲੀ ਹਊਮੈ, ਵੇਸ਼ਿਆ-ਵਿਰਤੀ, ਦੇਹ-ਵਪਾਰ, ਨਸ਼ਾਖੋਰੀ ਅਤੇ ਏਡਜ਼ ਦੀ ਮਾਰ ਹੇਠ ਆਈ ਹੋਈ ਹੈ, ਗੁਰੁ ਸਾਹਿਬ ਦੀ ਇਸ ਮਾਰਗ-ਦਰਸ਼ਕ ਕ੍ਰਿਤ ਨੂੰ ਸਭ ਭਾਸ਼ਾਵਾਂ ਵਿਚ ਅਨੁਵਾਦ ਕਰਕੇ ਮਾਨਵ-ਲਾਭ ਹਿੱਤ ਦੁਨੀਆਂ ਦੇ ਕੋਨੇ 2 ਵਿਚ ਪਹੁੰਚਾਇਆ ਜਾਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਹੀ ਅਜੋਕੀ ਸਿੱਖੀ ਸੋਚ ਅਧੁਨਿਕ ਸਮੇਂ ਦੇ ਹਾਣ ਦੀ ਹੋ ਸਕਦੀ ਹੈ।            
                                                       


No comments:

Post a Comment