Editor's Mail (2)


ਸਨਮਾਨਯੋਗ ਸੰਪਾਦਕ ਜੀ

         ਮੈਂ ਪੰਜਾਬ ਟਾਈਮਜ਼ ਦਾ ਪੁਰਾਣਾ ਪਾਠਕ ਹਾਂ ਤੇ ਇਕ ਅਰਸੇ ਤੋਂ ਇਸ ਵਿਚ ਛਪਦੇ ਉੱਤਮ ਲੇਖਾਂ ਦਾ ਅਨੰਦ ਮਾਣਦਾ ਆ ਰਿਹਾ ਹਾਂ। 28 ਜਨਵਰੀ 2012 ਨੂੰ ਛਪਿਆ ਬਲਜੀਤ ਬਾਸੀ ਦਾ ਲੇਖ਼ “ਗਰੀਬਾ ਉਪਰ ਜਿ ਖਿੰਜੈ ਦਾੜੀ” ਉਸ ਦੇ ਪਹਿਲੇ ਲੇਖ਼ਾਂ ਵਾਂਗ ਹੀ ਬੜਾ ਗਿਆਨ ਭਰਪੂਰ ਸੀ ਤੇ ਹਰ ਗੁਰਸਿੱਖ ਦੇ ਠਰੰਮੇ ਨਾਲ ਵਿਚਾਰ ਕਰਨ ਯੋਗ ਸੀ।
        ਅਪਣੇ ਇਸ ਲੇਖ ਵਿਚ ਬਲਜੀਤ ਬਾਸੀ ਨੇ ਖ਼ਦਸ਼ਾ ਜਾਹਰ ਕੀਤਾ ਹੈ ਕਿ ਵਧ ਰਹੀ ਕਟੜਤਾ ਤੇ ਸੰਕਰੀਣਤਾ ਕਾਰਣ ਅੱਜ ਦਾ ਸਿੱਖ ਧਰਮ ਦੇ ਬੁਨਿਆਦੀ ਅਸੂਲਾਂ ਅਤੇੇ ਸਿੱਖੀ ਵਿਰਸੇ ਤੋਂ ਦੂਰ ਜਾ ਰਿਹਾ ਹੈ।ਉਹ ਮੁੜ ਤੋਂ ਕਰਮ-ਕਾਂਡਾਂ ਤੇ ਪਖੰਡਾਂ ਦੇ ਉਸ ਰਾਹ ਤੇ ਚਲ ਪਿਆ ਹੈ ਜਿਸ ਪਾਸਿਓਂ ਦਸ ਗੁਰੂ ਸਾਹਿਬਾਨ ਨੇ ਉਸ ਨੂੰ ਰੋਕਿਆ ਸੀ।ਗੁਰੂਧਾਮਾਂ ਦੇ ਚੜਾਵਿਆਂ ਨੂੰ ਵਰਤ ਕੇ ਰਾਜਸੀ ਹਿੱਤਾਂ ਦੀ ਪੂਰਤੀ ਲਈ ਅਜਿਹਾ ਸੌੜਾ ਸਿੱਖੀ ਪ੍ਰਚਾਰ ਚਲਾਇਆ ਜਾ ਰਿਹਾ ਹੈ ਜਿਸ ਵਿਚੋਂ ਆਉਣ ਵਾਲੀਆਂ ਪੀੜ੍ਹੀਆਂ ਸਦੀਆਂ ਤੀਕਰ ਨਹੀਂ ਨਿਕਲ ਸਕਦੀਆਂ।ਅੱਜ ਤਰਾਂ 2 ਦੇ ਆਪ ਮੁਹਾਰੇ ਸੰਤ ਤੇ ਪ੍ਰਚਾਰਕ ਇਕ ਦੂਜੇ ਤੋਂ ਅਗੇ ਲੰਘਣ ਦੀ ਦੌੜ ਵਿਚ ਸਿੱਖੀ ਦੇ ਬੁਨਿਆਦੀ ਅਸੂਲਾਂ ਨੂੰ ਤੋੜ ਮਰੋੜ ਕੇ ਪੇਸ਼ ਕਰ ਰਹੇ ਹਨ।ਉਹ ਭੋਲੇ ਭਾਲੇ ਲੋਕਾਂ ਵਿਚ ਸਿੱਖੀ ਦੇ ਨਾਂ ਤੇ ਭੜਕਾਊ ਰੁਝਾਨ ਪੈਦਾ ਕਰ ਰਹੇ ਹਨ।ਇਹ ਅਖਾਉਤੀ ਸੰਤ ਤੇ ਪਰਚਾਰਕ ਲੋਕਾਂ ਨੂੰ ਗੁਰੂ ਸ਼ਬਦ ਦੀ ਸਹੀ ਸੇਧ ਦਿਤੇ ਬਗੈਰ ਹੀ ਪੰਜ ਕਕਾਰ ਪਹਿਨਾ ਕੇ “ਗੁਰੂ ਵਾਲੇ” ਬਣਾ ਦੇਣ ਦਾ ਦਾਹਵਾ ਕਰ ਰਹੇ ਹਨ।
        ਗੁਰੂ ਸਾਹਿਬਾਨ ਨੇ ਸਿੱਖੀ ਦੀ ਨੀਂਹ ਵਿਵੇਕ ਤੇ ਵਿਚਾਰ ਤੇ ਰਖੀ ਸੀ। ਇਸ ਦੇ ਸਹਾਰੇ ਹੀ ਉਹਨਾਂ ਨੇ ਉਸ ਸਮੇਂ ਦੇ ਸਮਾਜ ਵਿਚ ਪ੍ਰਚੱਲਤ ਭ੍ਰਸ਼ਟ ਕਰਮਕਾਂਡਾਂ ਤੇ ਫੋਕੇ ਵਿਸ਼ਵਾਸ਼ਾਂ ਦਾ ਖੰਡਣ ਕੀਤਾ ਸੀ।ਵਿਵੇਕ ਦੀ ਇਸ ਸਮਝ ਸਿੱਖਣ ਤੇ ਅਪਨਾਉਣ ਲਈ ਬਚਨ-ਬੱਧ ਹੋਣ ਲਈ ਹੀ ਉਹਨਾਂ ਨੇ ਆਪਣੇ ਅਨੁਆਈਆਂ ਨੂੰ “ਸਿੱਖ” ਦੀ ਉਪਾਧੀ ਨਾਲ ਸੁਸ਼ੋਭਤ ਕੀਤਾ ਸੀ। ਉਹਨਾਂ ਦੀ ਸਿਖਿਆ ਅਨੁਸਾਰ “ਜੇ ਵਿਵੇਕ ਨਹੀਂ ਤਾਂ ਸਿੱਖੀ ਨਹੀਂ“ ਦੀ ਗੱਲ ਉੱਭਰ ਕੇ ਅੱਗੇ ਆਉਂਦੀ ਹੈ ਅਤੇ ਭਲੀ ਭਾਂਤ ਹਰ ਇਕ ਦੀ ਸਮਝ ਵਿਚ ਆਉਂਦੀ ਹੈ। ਇਸੇ ਲਈ ਹੀ ਹਰ ਅਰਦਾਸ ਵੇਲੇ ਗੁਰੂ ਸਾਹਿਬ ਕੋਲੋਂ ਉਚੇਚੇ ਤੌਰ ਤੇ ਵਿਵੇਕ ਦਾਨ ਦੀ ਮੰਗ ਕੀਤੀ ਜਾਂਦੀ ਹੈ। ਪਰ ਲਗਦਾ ਹੈ ਕਿ ਵਿਵੇਕ ਹੀ ਇਕ ਅਜਿਹੀ ਸ਼ੈ ਹੈ ਜੋ ਅਜੋਕੀ ਸਿੱਖੀ ਵਿਚੋਂ ਅਲੋਪ ਹੋ ਚੁਕੀ ਹੈ!
        ਗੁਰੂ ਨਾਨਕ ਦੇਵ ਨੇ “ਨਾ ਕੋ ਹਿੰਦੂ ਨਾ ਕੋ ਮੁਸਲਮਾਨ” ਦੀ ਗੱਲ ਕਹਿ ਕੇ ਮੁੱਢ ਵਿਚ ਹੀ ਸਪਸ਼ਟ ਕਰ ਦਿਤਾ ਸੀ ਕਿ ਸਿੱਖ ਮਤ ਚਿੰਨ-ਰਹਿਤ ਹੈ ਤੇ ਕੇਵਲ ਅਮਲਾਂ ਨੂੰ ਹੀ ਪ੍ਰਾਰਥਮਿਕਤਾ ਦੇਂਦਾ ਹੈ। ਬਾਸੀ ਨੇ ਇਸ ਗੱਲ ਨੂੰ ਮੁੱਖ ਰਖਦਿਆਂ ਦਸਿਆ ਹੈ ਕਿ ਕੇਸ਼ ਤੇ ਕਕਾਰ ਸਿੱਖੀ ਦਾ ਸਿੰਗਾਰ ਤਾਂ ਹਨ ਪਰ ਇਹ ਸਿੱਖੀ ਦੀ ਕਾਇਆ ਨਹੀਂ। ਅਰਥਾਤ ਦੀਨ ਵਿਚ ਦਾਹੜੀ ਹੈ, ਦਾਹੜੀ ਵਿਚ ਦੀਨ ਨਹੀਂ ਹੈ।ਸਿੱਖ ਧਰਮ ਵਿਚਾਰਾਂ ਦਾ ਇਕ ਵਿਸ਼ਾਲ ਅੰਬਾਰ ਹੈ ਜੋ ਸਭ ਬਾਹਰ ਿਚਿੰਨਾ ਤੇ ਸੰਕਲਪਾਂ ਤੋਂ ਪਹਿਲਾਂ ਹੋਂਦ ਵਿਚ ਆਇਆ।ਬਾਹਰੀ ਚਿੰਨ ਬਾਦ ਵਿਚ ਮਿੱਥੇ ਗਏੇ ਤੇ ਇਸ ਅੰਬਾਰ ਨਾਲ ਜੁੜ ਗਏ। ਪਰ ਇਹ ਸਭ ਕੁਝ ਜਾਣਦਿਆਂ ਹੋਇਆਂ ਅਜੋਕੇ ਸਿੰਘਾਂ ਨੇ ਸਿੱਖੀ ਨੂੰ ਦਾਹੜੀ ਤੇ ਕਕਾਰਾਂ ਤੀਕਰ ਹੀ ਸੀਮਿਤ ਕਰ ਦਿਤਾ ਹੈ।ਅੱਜ ਸਿੱਖੀ ਸੋਚ ਸਤਹੀ ਸ਼ਿੰਗਾਰ ਤੇ ਬਾਹਰੀ ਚਿੰਨਾਂ ਵਿਚ ਹੀ ਉਲਝ ਕੇ ਰਹਿ ਗਈ ਹੈ।ਜਾਹਰ ਹੈ ਕਿ ਨਾ ਅਜਿਹਾ ਗੁਰੂ ਨਾਨਕ ਸਾਹਿਬ ਨੇ ਸੋਚਿਆ ਸੀ ਤੇ ਨਾ ਹੀ ਕਲਗੀਧਰ ਗੁਰੂ ਗੋਬਿੰਦ ਸਿੰਘ ਨੇ।
        ਬਲਜੀਤ ਬਾਸੀ ਨੇ ਗੁਰੂ ਗ੍ਰੰਥ ਸਾਹਿਬ ਵਿਚੋਂ ਅਨੇਕਾਂ ਸ਼ਬਦ ਪੇਸ਼ ਕਰ ਕੇ ਕੇਸਾਂ ਤੇ ਬਾਹਰੀ ਵੇਸ ਬਾਰੇ ਗੁਰੂ ਸਾਹਿਬਾਨ ਤੇ ਭਗਤਾਂ ਦੇ ਉਪਦੇਸ਼ਾਂ ਦਾ ਖ਼ੁਲਾਸਾ ਕੀਤਾ ਹੈ।ਗ੍ਰੰਥ ਸਾਹਿਬ ਵਿਚ ਇਸ ਵਿਸ਼ੇ ਤੇੇ ਉਸ ਦੇ ਲਿਖਣ ਤੋਂ ਵੀ ਵੱਧ ਬਹੁਤ ਕੁਝ ਦਰਜ਼ ਹੈ ਜੋ ਉਹ ਨਜ਼ਰ ਅੰਦਾਜ਼ ਕਰ ਗਿਆ ਹੈ।ਨਿਸ਼ਚੇ ਹੀ ਉਸ ਦੇ ਛੋਟੇ ਲੇਖ ਵਿਚ ਪਵਿਤਰ ਬਾਣੀ ਦਾ ਇਹ ਵਿਸ਼ਾਲ ਭੰਡਾਰ ਸਮਾ ਵੀ ਨਾ ਸਕਦਾ।ਸੋਚਣ ਵਾਲੀ ਗੱਲ ਹੈ ਕਿ ਸੰਸਾਰ ਭਰ ਦੇ ਲੱਖਾਂ ਗੁਰਧਾਮਾਂ ਵਿਚ ਦਿਨ ਰਾਤ ਸਮੂਚੀ ਬਾਣੀ ਦਾ ਪਾਠ ਤੇ ਗੁਣ-ਗਾਇਨ ਹੁੰਦਾ ਰਹਿੰਦਾ ਹੈ।ਪਰ ਇਸ ਸਭ ਦੇ ਬਾਣਜ਼ੂਦ ਅਜੋਕਾ ਸਿੱਖ ਗੁਰਬਾਣੀ ਦੇ ਇਸ ਵੱਡਮੁਲੇ ਉਪਦੇਸ਼ ਨੂੰ ਅਣਗੌਲਿਆ ਕਰ ਕੇ ਕਰਮਕਾਂਡੀ ਰੂੜੀਵਾਦ ਦੇ ਰਸਤੇ ਤੇ ਚਲਦਾ ਜਾ ਰਿਹਾ ਹੈ! ਇਹੀ ਨਹੀਂ, ਉਹ ਬੜੀ ਉਗਰਤਾ ਨਾਲ ਦਾਹਵਾ ਵੀ ਕਰਦਾ ਹੈ ਕਿ ਅਜਿਹੇ ਕਰਮ ਕਾਂਡ ਭੁਗਤਾਉਣਾ ਹੀ “ਅਸਲ ਅਰਥਾਂ ਵਿਚ” ਸਿੱਖ ਧਰਮ ਹੈ। ਅਜਿਹੀ ਧਾਰਨਾ ਵਿਵੇਕਹੀਣਤਾ ਦੀ ਨਿਸ਼ਾਨੀ ਹੈ ਜੋ ਅਜੋਕੇ ਸਿੱਖ ਸੰਸਾਰ ਵਿਚ ਪੂਰਾ ਘਰ ਕਰ ਚੁੱਕੀ ਹੈ।
        ਇਸ ਕਰਮਕਾਂਡੀ ਸੋਚ ਦੀ ਝਲਕ 4 ਫਰਵਰੀ ਦੇ ਅੰਕ ਵਿਚ ਨਿਊ ਜਰਸੀ ਤੋ ਲਿਖਦੇ ਇਕ ਵੀਰ ਦੇ ਪ੍ਰਤੀਕਰਮ ਤੋਂ ਭਲੀ ਭਾਤ ਉਜਾਗਰ ਹੁੰਦੀ ਹੈ। ਇਹ ਵੀਰ ਬਲਜੀਤ ਬਾਸੀ ਨੂੰ ਤਿੰਨ ਸਦੀਆਂ ਪਹਿਲਾਂ ਦੇ ਸਿੱਖ ਇਤਿਹਾਸ ਦਾ ਨਜ਼ਾਰਾ ਦਿਖਾ ਕੇ ਦਾਹੜੀ ਕੇਸਾਂ ਦੇ ਚਿੰਨ ਦੀ ਮਾਨ-ਮਰਿਆਦਾ ਦਾ ਮੱਹਤਵ ਦਰਸਾਉਂਦਾ ਹੈ।ਉਸ ਨੇ ਆਪਣੇ ਕੋਲੋਂ ਤਾਂ ਕੋਈ ਦਲੀਲ ਦੀ ਗੱਲ ਲਿਖੀ ਨਹੀਂ ਪਰ ਆਪਣੇ ਵਿਅੰਗੀ ਬਾਣਾਂ ਨਾਲ ਬਾਸੀ ਦੀਆਂ ਦਲੀਲਾਂ ਦਾ ਮਜ਼ਾਕ ਜਿਹਾ ਉਡਾਉਣ ਦੀ ਕੋਸ਼ਿਸ਼ ਜਰੂਰ ਕੀਤੀ ਹੈ।ਲਗਦਾ ਹੈ ਇਸ ਵੀਰ ਦਾ ਜਾਂ ਤਾਂ ਤਰਕ-ਵਿਵੇਕ ਵਲੋਂ ਹੱਥ ਕਾਫੀ ਤੰਗ ਹੈ ਤੇ ਜਾਂ ਇਸ ਨੇ ਗੁਰੂ ਬਾਬੇ ਦੀ ਵਿਚਾਰ-ਗੋਸ਼ਟੀ ਪ੍ਰਥਾ ਦਾ ਸਬਕ ਬਿਲਕੁਲ ਹੀ ਪੜ੍ਹਿਆ-ਸੁਣਿਆਂ ਨਹੀਂ। ਉਸ ਨੇ ਬੌਧਿਕ ਦਲੀਲਾਂ ਰਾਹੀਂ ਲੇਖ ਦਾ ਜਵਾਬ ਦੇਣ ਦੀ ਥਾਂ ਬਾਸੀ ਨੂੰ ਮੁਗ਼ਲ ਕਾਲੀ ਜਰਵਾਣਿਆਂ ਵਾਂਗ ਕੋਈ “ਵੱਡਾ ਹੱਥ-ਹੌਲਾ” ਕਰਨ ਦੀ ਧਮਕੀ ਵੀ ਦੇ ਮਾਰੀ ਹੈ।
        ਬਾਸੀ ਦੀ ਲਿਖਤ ਤੋਂ ਤਾਂ ਨਹੀਂ ਲਗਦਾ ਕਿ ਉਸ ਨੇ ਕੋਈ ਅਜਿਹੀ ਕੁਤਾਹੀ ਕੀਤੀ ਹੈੇ ਜਿਸ ਕਰ ਕੇ ਉਸ ਨੂੰ ਤਿੰਨ ਸਦੀਆਂ ਪੁਰਾਣੇ ਇਤਿਹਾਸ ਦੀ ਪੜਤਲ ਤੇ ਸੁੱਟ ਕੇ “ਹੱਥ ਹੌਲਾ” ਕੀਤਾ ਜਾਵੇ।ਮੇਰੀ ਉਪ੍ਰੋਕਤ ਵੀਰ ਨੂੰ ਸਲਾਹ ਹੈ ਕਿ ਉਹ ਔਖਾ ਸੌਖਾ ਦੋ ਕੁ ਸਦੀਆਂ ਹੋਰ ਪਿੱਛੇ ਚਲਾ ਜਾਵੇ ਤੇ ਵੇਖੇ ਕੇ ਬਾਬੇ ਨਾਨਾਕ ਨੇ ਕਿਸ ਤਰਾਂ ਦੂਰ ਦੁਰਾਡੇ ਦੇਸਾਂ ਵਿਚ ਜਾ ਕੇ ਮੁਸਲਮਾਨਾਂ, ਜੋਗੀਆਂ, ਬੋਧੀਆਂ, ਤਾਨਾਸ਼ਾਹਾਂ ਤੇ ਸਮਾਜ ਵਿਰੋਧੀ ਅਨਸਰਾਂ ਨਾਲ ਭਰਵੇਂ ਸੰਵਾਦ ਰਚਾਏ ਸਨ ਤੇ ਅਖੀਰ ਉਹਨਾਂ ਨੂੰ ਉਹਨਾਂ ਦੇ ਅੰਧ-ਵਿਸ਼ਵਾਸ਼ ਤੋਂ ਜਾਣੂ ਕਰਵਾ ਕੇ ਕਿਵੇਂ ਸੱਚ ਦਾ ਰਾਹ ਦਿਖਾਇਆ ਸੀ।ਉਹਨਾਂ ਸੰਕੀਰਣ ਤੇ ਜਾਲਮਾਨਾਂ ਸਮਿਆਂ ਵਿਚ ਵੀ ਕਦੇ ਕਿਸੇ ਨੇ ਗੁਰੂ ਸਾਹਿਬ ਤੇ “ਹੱਥ ਹੌਲਾ ਕਰਨ” ਦੀ ਗੱਲ ਨਹੀਂ ਸੀ ਕਹੀ।ਇੱਕੀਵੀਂ ਸਦੀ ਦੇ ਮੋਕਲੇ ਤੇ ਸ਼ਹਿਨਸ਼ੀਲ ਮਹੌਲ ਵਿਚ ਅਜਿਹੀ ਗੱਲ ਕਰ ਕੇ ਇਸ ਵੀਰ ਨੇ ਸਿੱਖੀ ਦਾ ਸਿਰ ਉੱਚਾ ਨਹੀਂ ਕੀਤਾ ਹੈ।
        ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਜਿਹੀ ਪ੍ਰਵਿਰਤੀ ਸਹੀ ਸਿੱਖੀ ਬੋਧ, ਸਹੀ ਸਿੱਖੀ ਸੋਚ ਤੇ ਸਹੀ ਸਿੱਖੀ ਅਮਲ ਨਾਲੋਂ ਵਿਜੋਗੇ ਜਾਣ ਕਰਕੇ ਹੀ ਪੈਦਾ ਹੁੰਦੀ ਹੈ।ਇਸ ਲਈ ਅੱਜ ਲੋੜ ਹੈ ਕਿ ਹਰ ਸਿੱਖ ਆਪ ਗੁਰਬਾਣੀ ਦਾ ਅਧਿਐਨ ਕਰੇ ਤੇ ਇਸ ਦੇ ਸੱਚੇ-ਸੁੱਚੇ ਅਰਥਾਂ ਨਾਲ ਜੁੜਨ ਦੀ ਕੋਸ਼ਿਸ਼ ਕਰੇ।


No comments:

Post a Comment