ਕੀਤਾ ਪਸਾਉ ਏਕੋ ਕਵਾਉ-2
ਡਾ: ਗੋਬਿੰਦਰ ਸਿੰਘ ਸਮਰਾਓ
                                          (ਭਾਗ ਦੂਜਾ)                 ਫੋਨ: 408-634-2310

ਮੇਰੀ ਖੋਜ਼ ਦੇ ਸਿੱਟੇ ਭਾਵੇਂ ਜ਼ਰਾ ਵੀ ਤੱਸਲੀਬਖਸ਼ ਨਹੀਂ ਸਨ ਪਰ ਮੈਂ ਆਪਣਾ ਕੰਮ ਜਾਰੀ ਰੱਖਿਆ। ਗੁਰੂ ਗ੍ਰੰਥ ਸਾਹਿਬ ਦੀ ਕੂੰਜੀ ਸਮਝੇ ਜਾਂਦੇ ਜਪੁਜੀ ਸਾਹਿਬ ਦਾ ਗਿਆਨ ਹਰ ਸਿੱਖ ਲਈ ਮਹਤੱਵਪੂਰਣ ਗੱਲ ਹੈ। ਇਸ ਤੋਂ ਬਿਨਾਂ ਸਿੱਖੀ ਸਿਧਾਂਤਾਂ ਦੀ ਸਹੀ ਸਮਝ ਪੈਣੀ ਬੜੀ ਮੁਸ਼ਕਿਲ ਹੈ। ਅੱਛੀ ਉਮੀਦ ਲਈ ਮੈਂ ਅਕਾਦਮਿਕ ਅਦਾਰਿਆਂ ਨਾਲ ਜੁੜੇ ਸਥਾਪਤ ਸਿੱਖ ਵਿਦਵਾਨਾਂ ਨਾਲ ਗੱਲ-ਬਾਤ ਕਰਨ ਦੇ ਨਾਲ ਨਾਲ ਕੁਝ ਅਜਿਹੇ ਵਿਦਵਾਨਾਂ ਨੂੰ ਵੀ ਮਿਲਣਾ ਸ਼ੁਰੂ ਕੀਤਾ ਜਿਹਨਾਂ ਦਾ ਅਧਿਆਪਨ ਤੇ ਖੋਜ਼ ਨਾਲ ਕੋਈ ਸੰਬੰਧ ਨਹੀਂ ਸੀ ਤੇ ਨਾ ਹੀ ਉਹ ਕਿਤੇ ਪ੍ਰਕਾਸ਼ਤ ਹੋਏ ਸਨ। ਮੇਰਾ ਖਿਆਲ ਸੀ ਕੀ ਸ਼ਾਇਦ ਅਜਿਹੇ ਸਿੱਖ ਸ਼ਰਧਾਲੂ ਪਦ-ਲਾਲਸਾ ਤੇ ਪੇਸ਼ਾਵਰ ਮਜ਼ਬੂਰੀਆਂ ਤੋਂ ਪਰੇ ਹੋਣ ਕਰਕੇ ਕੁਝ ਵਧੇਰੇ ਜਾਣਕਾਰ ਹੋਣਗੇ ਤੇ ਦੂਜਿਆਂ ਨਾਲੋਂ ਗੁਰਬਾਣੀ ਦੀ ਡੂੰਘੀ ਸਮਝ ਰੱਖਦੇ ਹੋਣਗੇ। ਪਰ ਇਹ ਸਿੱਖ ਸ਼ਰਧਾਲੂ ਵੀ ਦੂਜਿਆਂ ਵਾਂਗ ਹੀ ਇਸ ਦੇ ਸਹੀ ਗਿਆਨ ਤੋਂ ਕੋਰੇ ਪਾਏ ਗਏ। ਇਸ ਦਾ ਭਾਵ ਇਹ ਨਹੀਂ ਕਿ ਇਹ ਸਿੱਖ ਬਾਣੀ ਪੜ੍ਹਦੇ ਨਹੀਂ ਸਨ ਜਾਂ ਇਸ ਦਾ ਸਤਿਕਾਰ ਨਹੀਂ ਸਨ ਕਰਦੇ, ਸਗੋਂ ਪੂਰਾ ਅਦਬ ਅਦਾਬ ਕਰਦੇ ਹੋਏ ਵੀ ਉਹ ਇਸ ਦੇ ਅਸਲੀ ਸਮਝ ਤੋਂ ਦੂਰ ਸਨ। ਲਗਦਾ ਹੈ ਕਿ ਗੁਰੂ ਸਾਹਿਬ ਆਪਣੇ ਸਿੱਖਾਂ ਤੋਂ ਧੁਰ ਦੇ ਮਸਲਿਆਂ ਬਾਰੇ ਦਰਸ਼ਨ ਅਤੇ ਵਿਗਿਆਨ ਦੀ ਮੁਢਲੀ ਜਾਣਕਾਰੀ ਦੀ ਤੱਵਕੋ ਰੱਖਦੇ ਸਨ ਤਾਂ ਜੋ ਉਹ ਉਹਨਾਂ ਦੀ ਬਾਣੀ ਨੂੰ ਆਸਾਨੀ ਨਾਲ ਸਮਝ ਸਕਣ। ਪਰ ਅੱਜ ਸੈਂਕੜੇ ਸਾਲਾਂ ਬਾਦ ਵਿਗਿਆਨ ਦੇ ਯੁਗ ਵੀ ਜੇ ਉਹ ਉਹਨਾਂ ਦੇ ਇਸ ਆਸੇ ਮੁਤਾਬਿਕ ਪੂਰਾ ਨਹੀਂ ਉੱਤਰਦੇ, ਤਾਂ ਇਹ ਗੱਲ ਹੈਰਾਨਕੁਨ ਹੀ ਨਹੀਂ ਚੁੱਭਣਸ਼ੀਲ ਵੀ ਹੈ।
ਕੁਝ ਸਮਾਂ ਪਹਿਲਾਂ ਮੈਨੂੰ ਮੇਰੇ ਇਕ ਪੁਰਾਣੇ ਮਰੀਜ਼ ਨੇ ਉਹਨਾਂ ਘਰ ਮਹਿਮਾਨ ਆਏ ਇਕ ਸਿੱਖ ਵਿਦਵਾਨ ਨਾਲ ਮਿਲਾਉਣ ਲਈ ਸਮਾਂ ਮੰਗਿਆ। ਜੀ ਆਇਆਂ ਕਹਿੰਦਿਆਂ ਮੈਂ ਉਸ ਨੂੰ ਹਾਂ ਕਰ ਦਿਤੀ। ਜਦੋਂ ਅਸੀਂ ਮਿਲੇ ਤਾਂ ਪੈਂਹਠ ਕੁ ਸਾਲ ਦਾ ਇਹ ਸਿੱਖ ਸ਼ਰਧਾਲੂ ਬਾਹਰ ਧੁੱਪ ਵਿਚ ਕੁਰਸੀ ਤੇ ਅੱਖਾਂ ਮੀਚੀ ਬੈਠਾ ਪਾਠ ਕਰ ਰਿਹਾ ਸੀ। ਫਤਹਿ ਬੁਲਾਈ ਤਾਂ ਉਸ ਨੇ ਮੈਨੂੰ ਬੈਠਣ ਦਾ ਇਸ਼ਾਰਾ ਕੀਤਾ। ਬੈਠਦਿਆਂ ਹੀ ਮੈਂ ਉਸ ਦੀ ਲਿਵ ਤੋੜਨ ਲਈ ਖਿਮਾ ਮੰਗੀ। ਉਸ ਦੇ ਬੋਲਣ ਤੋਂ ਪਹਿਲਾਂ ਹੀ ਮੇਰਾ ਮਰੀਜ਼ ਬੋਲਿਆ, ਕੋਈ ਗੱਲ ਨਹੀਂ ਜੀ, ਇਹ ਤਾਂ ਹਮੇਸ਼ਾ ਹੀ ਇਸੇ ਤਰ੍ਹਾਂ ਨਾਮ ਜਪਦੇ ਰਹਿੰਦੇ ਹਨ। ਗੱਲ ਸ਼ੁਰੂ ਕਰਦਿਆਂ ਮੈਂ ਉਸ ਨੂੰ ਪੁੱਛਿਆ, ਕਿਹੜੇ ਭਾਵ ਤੇ ਵਧੇਰੇ ਟੇਕ ਲਗਾਉਂਦੇ ਹੋ ਜੀ? ਉਹ ਬੋਲਿਆ, ਮੈਂ ਦਰਅਸਲ ਧਰਮ ਦਾ ਨਹੀਂ ਫਿਲਾਸਫੀ ਦਾ ਵਿਦਿਆਰਥੀ ਹਾਂ। ਮੇਰੀ ਐਮ ਏ ਅਤੇ ਪੀ ਐਚ ਡੀ ਦੋਵੇਂ ਫਿਲਾਸਫੀ ਵਿਸ਼ੇ ਵਿਚ ਹਨ। ਉਥੋਂ ਮੇਰੀ ਦਿਲਚਸਪੀ ਬੁੱਧ ਧਰਮ ਵਿਚ ਹੋਈ। ਉਸ ਦੇ ਅਧਿਐਨ ਲਈ ਮੈਂ ਪਾਲੀ ਤੇ ਸੰਸਕ੍ਰਿਤ ਭਾਸ਼ਾਵਾਂ ਸਿੱਖੀਆਂ। ਇਸ ਉਪਰੰਤ ਮੈਂ ਵੇਦਾਂ ਸ਼ਾਸ਼ਤਰਾਂ ਤੇ ਗੀਤਾ ਨੂੰ ਪੜ੍ਹਿਆ। ਇਥੋਂ ਤੀਕਰ ਕਿ ਕੁਰਾਨ ਤੇ ਅੰਜੀਲ ਦਾ ਮੁਤਾਲਿਆ ਵੀ ਕੀਤਾ। ਕਿਤੇ ਮਨ ਨਾ ਟਿਕਿਆ। ਅੰਤ ਨੂੰ ਗੁਰਬਾਣੀ ਮੇਰੀ ਰੁਚੀ ਦਾ ਕੇਂਦਰ ਬਣੀ। ਇਸ ਨੂੰ ਪੜ੍ਹ ਕੇ ਮੈਨੂੰ ਲੱਗਿਆ ਕਿ ਮੈਂ ਸਹੀ ਟਿਕਾਣੇ ਤੇ ਪਹੁੰਚ ਗਿਆ ਹਾਂ। ਹੁਣ ਇਸੇ ਤੇ ਮੇਰੀ ਟੇਕ ਹੈ।ਧੀਮੀ ਆਵਾਜ਼ ਵਿਚ ਗੱਲ ਕਰਦੇ ਇਸ ਵਿਦਵਾਨ ਨੂੰ ਮੈਂ ਕਿਹਾ, ਤੁਹਾਡੀ ਘਾਲਣਾ ਮਹਾਨ ਹੈ। ਤੁਸੀਂ ਬੜੇ ਗਿਆਨਵਾਨ ਹੋ। ਜੇ ਜਪੁਜੀ ਸਾਹਿਬ ਪੜ੍ਹਦੇ ਹੋ ਤਾਂ ਮੇਰੇ ਸ਼ੰਕੇ ਦਾ ਨਿਵਾਰਣ ਕਰੋ। ਕਹਿਣ ਲੱਗਿਆ ਜਪੁਜੀ ਸਾਹਿਬ ਮੈਂ ਹਰ ਰੋਜ਼ ਪੜਦਾ ਹਾਂ ਪਰ ਮੈਨੂੰ ਤਾਂ ਇਸ ਵਿਚ ਕੋਈ ਸ਼ੰਕੇ ਵਾਲੀ ਗੱਲ ਨਜ਼ਰ ਨਹੀਂ ਆਈ। ਖੈਰ ਪੁੱਛੋ। ਮੈਂ ਪ੍ਰਸ਼ਨ ਕੀਤਾ, ਗੁਰੂ ਸਾਹਿਬ ਨੇ ਜਪੁਜੀ ਵਿਚ ਸੁਣੀਐ ਦੀ ਗੱਲ ਕੀਤੀ, ਕਰ ਕੇ ਛੱਡ ਦਿਤੀ। ਫਿਰ ਮੰਨੈ ਦੀ ਗੱਲ ਕੀਤੀ ਤੇ ਇਸ ਦੀਆਂ ਤਾਰੀਫਾਂ ਦੇ ਪੁਲ ਬੰਨ ਦਿਤੇ। ਕੀ ਇਹ ਦੋਵੇਂ ਇਕ ਦੂਜੇ ਦੇ ਪੂਰਕ ਹਨ ਜਾਂ ਵਿਰੋਧਆਤਮਿਕ? ਗਿਆਨੀ ਬੋਲਿਆ, ਪੂਰਕ ਹਨ, ਵਿਰੋਧਆਤਮਿਕ ਤਾਂ ਬਾਣੀ ਵਿਚ ਕੁਝ ਹੈ ਹੀ ਨਹੀਂ? ਪਹਿਲਾਂ ਅਸੀਂ ਸੁਣਦੇ ਹਾਂ, ਸੁਣ ਕੇ ਫਿਰ ਮੰਨਦੇ ਹਾਂ। ਮੈਂ ਕਿਹਾ, ਜੇ ਇੱਦਾਂ ਹੁੰਦਾ ਤਾਂ ਗੁਰੂ ਸਾਹਿਬ ਸੁਣੀਐ ਦੀ ਮਹਿਮਾ ਵੀ ਮੰਨੈ ਵਾਂਗ ਹੀ ਕਰਦੇ ਤੇ ਆਪਣੇ ਜੀਵਨ ਵਿਚ ਇਸ ਤੇ ਅਮਲ ਕਰਦੇ। ਪਰ ਉਹਨਾਂ ਨੇ ਤਾਂ ਨਾ ਕਾਜ਼ੀ ਦੀ ਗੱਲ ਮੰਨੀ, ਨਾ ਜੰਜੂ ਪਾਉਣ ਆਏ ਪਾਂਡੇ ਦੀ ਗੱਲ ਸੁਣ ਕੇ ਸਵੀਕਾਰ ਕੀਤੀ ਅਤੇ ਨਾ ਹੀ ਹਰਿਦਵਾਰ ਵਿਚ ਸੂਰਜ ਨੂੰ ਪਾਣੀ ਦੇਂਦੇ ਬ੍ਰਾਹਮਣਾਂ ਦੀ ਗੱਲ ਤੇ ਵਿਸ਼ਵਾਸ ਕੀਤਾ। ਇਸ ਦਾ ਭਾਵ ਇਹ ਕਿ ਜਾਂ ਤਾਂ ਇਹ ਪ੍ਰਸਪਰ ਵਿਰੋਧੀ ਹਨ ਜਾਂ ਗੁਰੂ ਸਾਹਿਬ ਦੀ ਕਹਿਣੀ ਤੇ ਕਥਨੀ ਵਿਚ ਦਵੰਧ ਸੀ। ਇਹ ਸੁਣ ਕੇ ਗਿਆਨੀ ਸੋਚ ਵਿਚਾਰ ਵਿਚ ਡੁੱਬ ਗਿਆ। ਉਨ੍ਹਾਂ ਦੇ ਮੇਜ਼ਮਾਨ ਨੇ ਆਪਣੇ ਵਲੋਂ ਕਈ ਸ਼ਪਸ਼ਟੀਕਰਣ ਦੇ ਕੇ ਉਨ੍ਹਾਂ ਦਾ ਮਾਣ ਰੱਖਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀਆਂ ਦਲੀਲਾਂ ਨੂੰ ਗਿਆਨੀ ਨੇ ਖੁਦ ਨਕਾਰ ਦਿਤਾ। ਆਪ ਹੀ ਰੱਖ-ਰਖਾਓ ਕਰਦਾ ਹੋਇਆ ਮੈਂ ਬੋਲਿਆ, ਇਸ ਅੜਾਉਣੀ ਦੇ ਨਾਲ ਨਾਲ ਮੈਂਨੂੰ ਇਕ ਹੋਰ ਗੱਲ ਵੀ ਭੁਲੇਖੇ ਵਿਚ ਪਾਉਂਦੀ ਹੈ ਜੀ। ਉਹ ਇਹ ਕਿ ਮੰਨੈ ਦੀ ਪ੍ਰਸ਼ੰਸਾ ਕਰਦੇ ਕਰਦੇ ਗੁਰੂ ਸਾਹਿਬ ਯਕ-ਦਮ ਪੰਚਾਂ ਦਾ ਪ੍ਰਸੰਗ ਛੋਹ ਲੈਂਦੇ ਹਨ ਪਰ ਇਹਨਾਂ ਦੋਵਾਂ ਵਿਚਕਾਰ ਕੋਈ ਸੰਬੰਧ ਨਹੀਂ ਦੱਸਦੇ। ਮੰਨੈ ਤੇ ਪੰਚ ਭਾਵ ਦੀਆਂ ਪਉੜੀਆਂ ਵਿਚ ਆਏ ਇਸ ਖਲਾਅ ਨੂੰ ਤੁਸੀਂ ਕਿਵੇਂ ਪੂਰਦੇ ਹੋ?
ਗਿਆਨੀ ਜੀ ਸੋਚ ਕੇ ਬੋਲੇ, ਮੈਂ ਤਾਂ ਇਹੀ ਸਮਝਦਾ ਹਾਂ ਕਿ ਇਹ ਗਿਆਨ ਪ੍ਰਾਪਤੀ ਦੀਆਂ ਤਿੰਨ ਅਵਸਥਾਵਾਂ ਹਨ। ਸੁਣਨ ਉਪਰੰਤ ਬੰਦਾ ਮੰਨਣ ਲਗ ਜਾਂਦਾ ਹੈ ਤੇ ਮੰਨਣ ਤੋਂ ਬਾਦ ਉਸ ਨੂੰ ਗਿਆਨ ਹੋ ਜਾਂਦਾ ਹੈ। ਅਜਿਹੇ ਗਿਆਨੀ ਨੂੰ ਫਿਰ ਪੰਚ ਕਹਿੰਦੇ ਹਨ। ਪੰਚ ਨੂੰ ਉਸ ਦੇ ਗਿਆਨੀ ਹੋਣ ਕਾਰਨ ਹੀ ਸਮਾਜ ਵਿਚ ਫੈਸਲੇ ਕਰਨ ਦਾ ਕੰਮ ਵੀ ਸੌਂਪਿਆ ਜਾਂਦਾ ਹੈ। ਮੈਂ ਹੈਰਾਨ ਹੋ ਕੇ ਉਸ ਨੂੰ ਟੋਕਦਿਆਂ ਬੋਲਿਆ, ਤੁਸੀਂ ਗਿਆਨੀ ਹੋ, ਕੀ ਤੁਹਾਨੂੰ ਲੋਕ ਪੰਚ ਕਹਿ ਕੇ ਬੁਲਾਉਂਦੇ ਹਨ? ਉਸ ਨੇ ਉੱਤਰ ਦਿੱਤਾ, ਜੇ ਮੈਂ ਗਿਆਨੀ ਹੋਵਾਂ ਤਾਂ ਲੋਕ ਮੈਨੂੰ ਪੰਚ ਕਹਿਣ। ਮੈਂ ਕਿਹਾ, ਚਲੋ ਮੈਂ ਤੁਹਾਨੂੰ ਗਿਆਨੀ ਕਹਿੰਦਾ ਹਾਂ, ਕੀ ਮੈਂ ਤੁਹਾਨੂੰ ਪੰਚ ਵੀ ਕਹਿ ਸਕਦਾ ਹਾਂ? ਕਹਿਣ ਲੱਗਿਆ, ਮੈਂ ਫੈਸਲੇ ਨਹੀਂ ਕਰਦਾ, ਮੈਨੂੰ ਪੰਚ ਕਿਵੇਂ ਕਹੋਗੇ? ਉਸ ਦੀ ਗੱਲ ਪਾ ਕੇ ਮੈਂ ਪੁੱਛਿਆ, ਫਿਰ ਕੀ ਫੈਸਲੇ ਕਰਵਾਉਣ ਵਾਲੇ ਪੰਚਾਇਤਾਂ ਦੇ ਪੰਚਾਂ ਨੂੰ ਗਿਆਨੀ ਆਖ ਸਕਦੇ ਹਾਂ? ਇਹ ਸੁਣ ਕੇ ਗਿਆਨੀ ਆਪਣੇ ਹੀ ਜਾਲ ਵਿਚ ਉਲਝਿਆ ਮਹਿਸੂਸ ਕਰਨ ਲੱਗਾ। ਉਸ ਨੂੰ ਰਾਹਤ ਦੇਂਦਿਆਂ ਮੈ ਕਿਹਾ, ਚਲੋ ਪੰਚ ਨੂੰ ਗਿਆਨੀ ਤੇ ਗਿਆਨੀ ਨੂੰ ਪੰਚ ਮੰਨ ਵੀ ਲਵੋ। ਪਰ ਪਉੜੀ ਵਿਚ ਪੰਚ ਦਾ ਵਰਨਣ ਸਮਾਪਤ ਕਰਕੇ ਗੁਰੂ ਜੀ ਲਿਖਦੇ ਹਨ, ਜੇ ਕੋ ਕਹੈ ਕਰੈ ਵਿਚਾਰੁ। ਕਰਤੇ ਕੈ ਕਰਣੈ ਨਾਹੀਂ ਸੁਮਾਰੁ। ਭਾਵ ਜੇ ਕੋਈ ਉਪਰ ਵਾਂਗ ਪੰਚ ਦੀ ਮਹੱਤਤਾ ਤੇ ਜ਼ੋਰ ਦੇਂਦਾ ਹੈ ਤਾਂ ਉਹ ਵਿਚਾਰ ਕਰੇ ਭਾਵ ਸੋਚੇ ਕਿ ਕਰਤੇ ਨੇ ਅਣਗਿਣਤ ਚੀਜ਼ਾਂ ਉਪਾਈਆਂ ਹਨ, ਫਿਰ ਉਸ ਦਾ ਤੋੜਾ ਪੰਚ ਤੇ ਹੀ ਕਿਉਂ ਟੁੱਟ ਜਾਂਦਾ ਹੈ? ਹੁਣ ਨਿਰਧਾਰਤ ਕਰਕੇ ਦੱਸੋ ਜੀ ਕਿ ਪੰਚ ਦਾ ਅਰਥ ਗਿਣਤੀ ਵਾਲਾ ਪੰਚ ਹੈ ਜਾਂ ਫੈਸਲੇ ਕਰਵਾਉਣ ਵਾਲਾ ਗਿਆਨਵਾਨ? ਇਹ ਸੁਣ ਕੇ ਗਿਆਨੀ ਬੋਲਿਆ, ਬਾਣੀ ਬਾਰੇ ਮੈਂ ਤਾਂ ਇਸ ਤਰ੍ਹਾਂ ਦਾ ਕਿੰਤੂ ਪ੍ਰੰਤੂ ਕਦੇ ਕੀਤਾ ਨਹੀ। ਮੈਨੂੰ ਲੱਗਿਆ ਜਿਵੇਂ ਪੰਜਵੇਂ ਗੁਰੂ ਨੇ ਇਹ ਤੁਕ ਅਜਿਹੇ ਗਿਆਨੀਆਂ ਲਈ ਹੀ ਫੁਰਮਾਈ ਸੀ, ਨਹ ਜਾਪੈ ਨਹ ਬੂਝੀਐ ਨਹ ਕਛੁ ਕਰਤ ਬੀਚਾਰੁ॥ ਸੁਆਦ ਮੋਹ ਰਸ ਬੇਧਿਓ ਅਗਿਆਨ ਰਚਿਓ ਸੰਸਾਰ॥ ਇਸ ਨਾਲ ਹੀ ਸਾਡੀ ਮੁਲਾਕਾਤ ਮੇਜ਼ਮਾਨ ਵਲੋਂ ਵਰਤਾਏ ਸਵਾਦੀ ਚਾਹ ਸਮੋਸਿਆਂ ਦੇ ਲੰਗਰ ਵਿਚ ਤਬਦੀਲ ਹੋ ਗਈ।
ਕੁਝ ਸਾਲ ਪਹਿਲਾਂ ਮੈਨੂੰ ਸੈਕਰਾਮੈਂਟੋ ਦੇ ਇਕ ਗੁਰਦੁਆਰੇ ਵਿਚ ਜਾਣ ਦਾ ਮੌਕਾ ਮਿਲਿਆ। ਦੁਪਹਿਰ ਤੋਂ ਬਾਦ ਲੰਗਰ ਹਾਲ ਵਿਚ ਚਾਹ ਪੀਂਦਿਆਂ ਨੇੜੇ ਬੈਠੇ ਇਕ ਅੰਮ੍ਰਿਤਧਾਰੀ ਵਿਦਵਾਨ ਉੱਤੇ ਨਜ਼ਰ ਪਈ। ਉਹ ਇਕ ਕਲੀਨ-ਸ਼ੇਵ ਸੱਜਣ ਨਾਲ ਉੱਚੀ-ਉੱਚੀ ਬਚਨ-ਬਿਲਾਸ ਕਰ ਰਿਹਾ ਸੀ ਜਿਵੇਂ ਉਸ ਦੀ ਕਲਾਸ ਲੈ ਰਿਹਾ ਹੋਵੇ। ਉਸ ਦੇ ਦੁਆਲੇ ਉਸਦੇ ਕੁਝ ਕੱਕਾਰ-ਧਾਰੀ ਚੇਲੇ ਬੈਠੇ ਸਨ ਜੋ ਉਸ ਦੇ ਅੰਗਰਖਿਅਕ ਲਗ ਰਹੇ ਸਨ। ਮੈਂ ਉਸ ਵਿਦਵਾਨ ਨੂੰ ਮੂਲ ਮੰਤਰ ਬਾਰੇ ਦੱਸਦੇ ਸੁਣਿਆਂ ਕਿ ਇਸ ਦੇ ਮੁੱਢ ਵਿਚ ਆਇਆ  ਇਸਲਾਮੀ ਤੇ ਹਿੰਦੂਤਵੀ ਧਾਰਮਿਕ ਚਿੰਨਾਂ ਦੀ ਯੁਕਤੀ ਉਪ੍ਰੰਤ 'ਕਾਰ' ਦਾ ਨਿਸ਼ਾਨ ਜੋੜਨ ਨਾਲ ਬਣਿਆ ਹੈ ਤੇ ਇਸ ਦਾ ਅਰਥ ਇਕ ਸਰਬ-ਸ਼ਕਤੀਮਾਨ ਪ੍ਰਮਾਤਮਾ ਹੈ। ਫਿਰ ਉਸ ਨੇ ਉਸ ਨੂੰ ਇਸ ਦੇ ਉਚਾਰਨ ਦੀ ਵਿਧੀ ਸਮਝਾਈ ਤੇ ਵਾਰ ਵਾਰ ਪੜ੍ਹਨ ਦੇ ਫਾਇਦੇ ਦੱਸੇ। ਮੈਂ ਉਸ ਵਿਦਵਾਨ ਦੇ ਇਕ ਸ਼ਰਧਾਲੂ ਰਾਹੀਂ ਚਿੱਟ ਭੇਜ ਕੇ ਉਸ ਕੋਲੋਂ ਗੱਲ ਕਰਨ ਦਾ ਸਮਾਂ ਮੰਗਿਆ। ਸ਼ਰਧਾਲੂ ਸਿੱਖ ਨੇ ਦੱਸਿਆ ਕਿ ਉਹ ਵਿਦਵਾਨ ਆਪਣੇ ਇਕ ਇੰਜਿਨੀਅਰ ਚਹੇਤੇ ਦੇ ਸੱਦੇ ਤੇ ਉੱਚੇਚਾ ਉਸ ਨੂੰ ਗੁਰਬਾਣੀ ਉਪਦੇਸ਼ ਦੇਣ ਲਈ ਆਇਆ ਹੈ ਤੇ ਉਸ ਦੀ ਐਪੋਆਇੰਟਮੈਂਟ ਖਤਮ ਹੋਣ ਉਪਰੰਤ ਅੱਧੇ ਘੰਟੇ ਬਾਅਦ ਹੀ ਮਿਲ ਸਕੇਗਾ। ਮੈਂ ਇੰਤਜ਼ਾਰ ਕਰਨ ਲੱਗਿਆ। ਸਮਾਂ ਖਤਮ ਹੁੰਦਿਆਂ ਹੀ ਮੈਂ ਉਸ ਕੋਲ ਗਿਆ ਤੇ ਪੁੱਛਿਆ, "ਗਿਆਨੀ ਜੀ, ਮੈਂ ਦੂਰ ਬੈਠੇ ਨੇ ਆਪ ਜੀ ਦੇ ਬਚਨ ਸੁਨਣ ਦੀ ਗੁਸਤਾਖੀ ਕੀਤੀ ਹੈ। ਆਪ ਜੀ ਨੇ ੴ  ਨੂੰ ਪ੍ਰਮਾਤਮਾ ਦੀ ਸੰਗਿਆ ਦਿੱਤੀ ਹੈ, ਅਜਿਹਾ ਕਿਉਂ?" ਉਸ ਦੀਆਂ ਅੱਖਾਂ ਵਿਚ ਲਾਲੀ ਉਤਰ ਆਈ ਤੇ ਭਰਵੀਂ ਆਵਾਜ਼ ਵਿਚ ਬੋਲਿਆ, "ਇਹ ਸਵਾਲ ਕਰਨ ਵਾਲੇ ਤੁਸੀਂ ਕੌਣ ਹੋ?" "ਇਕ ਜਗਿਆਸੂ ਜੀ", ਮੈਂ ਕਿਹਾ। ਉਹ ਬੋਲਿਆ, "ਜੋ ਗੱਲ ਮੈਂ ਤੁਹਾਨੂੰ ਕਹੀ ਨਹੀਂ ਉਸ ਦਾ ਉੱਤਰ ਦੇਣਾ ਬਣਦਾ ਤਾਂ ਨਹੀਂ ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ੴ  ਨੂੰ ਪ੍ਰਮਾਤਮਾ ਦੀ ਸੰਗਿਆ ਗੁਰੂ ਨਾਨਕ ਨੇ ਆਪ ਦਿੱਤੀ ਹੈ ਨਾ ਕਿ ਮੈਂ।" ਮੈਂ ਕਿਹਾ, "ਖਿਮਾ ਦਾ ਜਾਚਕ ਹਾਂ ਜੀ, ਪਰ ਗੁਰੂ ਨਾਨਕ ਨੇ ਤਾਂ ਇਸ ਨੂੰ "ਸਤਿਨਾਮੁ" ਭਾਵ ਸਚਾਈ ਦਾ ਨਾਂ ਕਹਿ ਕੇ ਪੁਕਾਰਿਆ ਹੈ।" ਉਹ ਬੋਲਿਆ, "ਸਤਿ ਤੇ ਪ੍ਰਮਾਤਮਾ ਇਕ ਹੀ ਚੀਜ਼ ਹੈ।" ਮੈਂ ਕਿਹਾ "ਗੁਰੂ ਨਾਨਕ ਅਧਿਆਤਮ ਤੇ ਬੋਲੀ ਦੇ ਧਨੀ ਸਨ। ਉਹ ਹਰ ਭਾਵ ਲਈ ਸ਼ੁਧ, ਸਹੀ ਤੇ ਢੁੱਕਵੀਂ ਸ਼ਬਦਾਵਲੀ ਦੀ ਵਰਤੋਂ ਕਰਦੇ ਸਨ। ਜੇ ਉਹ ਚਾਹੁੰਦੇ ਤਾਂ ਇਸ ਲਈ ਪ੍ਰਮਾਤਮਾ, ਰੱਬ, ਪ੍ਰਭੂ, ਨਿਰੰਕਾਰ ਜਾਂ ਅਜਿਹਾ ਕੋਈ ਹੋਰ ਪ੍ਰਚਲਤ ਸ਼ਬਦ ਵਰਤ ਸਕਦੇ ਸਨ। ਇਹ ਸਭ ਸ਼ਬਦ ਉਹਨਾਂ ਨੂੰ ਲਿਖਣੇ ਆਉਂਦੇ ਸਨ। ਪਰ ਉਹਨਾਂ ਨੇ ਇਸ ਲਈ "ਸਤਿਨਾਮੁ" ਸ਼ਬਦ ਵਰਤਣਾ ਹੀ ਯੋਗ ਸਮਝਿਆ। ਕਿਉਂ?"
ਬੁਧੀਜੀਵੀ ਸੋਚ ਕੇ ਬੋਲਿਆ, "ਤੀਹ ਸਾਲ ਪਹਿਲਾਂ ੴ  ਵਿਸ਼ੇ ਤੇ ਪਟਿਆਲੇ ਵਿਸ਼ਵ-ਵਿਦਿਆਲੇ ਵਿਚ ਇਕ ਉੱਚ-ਪਧਰੀ ਸੈਮੀਨਾਰ ਹੋਈ ਸੀ। ਉਸ ਵਿਚ ਬੜਾ ਵਿਚਾਰ ਚਰਚਾ ਹੋਇਆ ਸੀ ਪਰ ਕਿਸੇ ਨੇ ਵੀ ੴ  ਤੇ ਪ੍ਰਮਾਤਮਾ ਦੇ ਸੰਕਲਪ ਨੂੰ ਵੱਖ 2 ਨਹੀਂ ਸੀ ਦੱਸਿਆ। ਤੁਸੀਂ ਆਪਣੇ ਕੋਲੋਂ ਹੀ ਅਜਿਹਾ ਤਰਕ ਕਿਸ ਤਰਾਂ ਦੇ ਸਕਦੇ ਹੋ?" ਮੈਂ ਕਿਹਾ, "80-ਵਿਆਂ ਦੇ ਸ਼ੂਰੂ ਚ ਹੋਏ ਉਸ ਸੈਮੀਨਾਰ ਵਿਚ ਮੈਂ ਵੀ ਹਾਜ਼ਰ ਸਾਂ। ਉਸ ਵਿਚ ਪੇਸ਼ ਹੋਏ ਪਰਚੇ ਹਾਲੇ ਵੀ ਮੇਰੇ ਕੋਲ ਹਨ। ਉੱਥੇ ਇਸ ਵਿਸ਼ੇ ਤੇ ਕੋਈ ਸਰਬਸੰਮਤੀ ਵੀ ਨਹੀਂ ਸੀ ਹੋਈ। ਰਿਹਾ ਮੇਰੇ ਤਰਕ ਦਾ ਸਵਾਲ, ਇਹ ਤੱਥਾਂ ਤੇ ਆਧਾਰਿਤ ਹੈ। ਗੁਰੂ ਸਾਹਿਬ ਨੇ ਸਾਰੇ ਜਪੁਜੀ ਸਾਹਿਬ ਵਿਚ ਕਿਤੇ ਪ੍ਰਮਾਤਮਾ ਦੀ ਅਨੁਭੂਤੀ ਵਾਲਾ ਕੋਈ ਸ਼ਬਦ ਨਹੀਂ ਵਰਤਿਆ। ਇਹ ਜਪੁਜੀ ਸਾਹਿਬ ਨੂੰ ਸਮਝਣ ਲਈ ਇਕ ਮਹੱਤਵਪੂਰਣ ਉਕਤੀ ਹੈ।"
ਉਸ ਦੇ ਬੋਲਣ ਤੋਂ ਪਹਿਲਾਂ ਹੀ ਗੁੱਸੇ ਵਿਚ ਭਰਿਆ ਉਸ ਦਾ ਇਕ ਸ਼ਰਧਾਲੂ ਬੋਲਿਆ, "ਨਾ ਹੁਣ ਤੂੰ ਸਿਖਾਏਂਗਾ ਇਹਨਾਂ ਨੂੰ ਜਪੁਜੀ ਸਾਹਿਬ? ਤੈਨੂੰ ਪਤਾ ਹੈ ਇਹ ਕੌਣ ਹਨ? ਇਹ ਤੀਹ ਸਾਲ ਲੁਧਿਆਣੇ ਕਾਲਜ਼ ਵਿਚ ਫਿਲਾਸਫੀ ਦੇ ਪ੍ਰੋਫੈਸਰ ਰਹਿ ਚੁੱਕੇ ਹਨ।" ਉਸ ਦਾ ਹੀਨ ਵਿਵਹਾਰ ਵੇਖ ਕੇ ਕੋਲ ਬੈਠੀ ਮੇਰੀ ਪਤਨੀ ਬੋਲੀ, "ਠੀਕ ਗੱਲ ਕਰੋ ਭਾਈ ਸਾਹਿਬ! ਇਹ ਡਾ: ਸਮਰਾਓ ਹਨ। ਇਹ ਵੀ ਪੰਜਾਬ ਵਿਚ 30 ਸਾਲ ਪ੍ਰੋਫੈਸਰ ਰਹਿ ਚੁੱਕੇ ਹਨ ਤੇ ਜਪੁਜੀ ਸਾਹਿਬ ਤੇ ਪੁਸਤਕ ਲਿਖ ਰਹੇ ਹਨ। ਇਹਨਾਂ ਦੀ ਮਦਦ ਕਰੋ!" ਵਿਦਵਾਨ ਪਹਿਲਾਂ ਤਾਂ ਬੇ-ਲੋੜਾ ਬੋਲਣ ਲਈ ਚੇਲੇ ਤੇ ਵਰ੍ਹਿਆ ਤੇ ਫਿਰ ਉਸ ਨੇ ਕੌਤਕੀ ਢੰਗ ਨਾਲ ਮੇਰੇ ਵਾਂਗ ਲਾਈ ਆਪਣੀ ਕਾਲੀ ਐਨਕ ਉਤਾਰ ਕੇ ਟੇਬਲ ਤੇ ਰੱਖ ਦਿਤੀ। ਥੋੜਾ ਰੁਕ ਕੇ ਕਹਿਣ ਲਗਾ, "ਡਾ: ਸਾਹਿਬ, ਕਿਹਾ ਸੁਣਿਆਂ ਮੁਆਫ ਕਰਨਾ। ਜੇ ਆਪਣੀ ਸਹਿਮਤੀ ਨਹੀਂ ਤਾਂ ਕੋਈ ਤਕਰਾਰ ਵੀ ਨਹੀਂ। ਮੈਂ ਰਵਾਇਤੀ ਗੱਲ ਕਰਦਾ ਹਾਂ, ਤੁਸੀਂ ਅਧੁਨਿਕ। ਹੋ ਸਕਦਾ ਹੈ ਤੁਹਾਡੇ ਕੋਲ ਕੁਝ ਅਜਿਹਾ ਹੋਵੇ ਜਿਸ ਨਾਲ ਤੁਹਾਡੀ ਦਲੀਲ ਸਥਾਪਤ ਹੋ ਜਾਵੇ। ਤਾਂ ਫਿਰ ਸ਼ਾਇਦ ਕੱਲ ਨੂੰ ਸਾਨੂੰ ਤੁਹਾਡੀ ਹੀ ਗੱਲ ਕਹਿਣੀ ਪਵੇ!" ਵਿਦਵਾਨ ਦ੍ਰਿੜ ਨਹੀਂ ਸੀ ਇਸ ਲਈ ਦਬਦਬਾ ਨਾ ਚਲਣ ਕਾਰਨ ਆਪਣੇ ਨੁਕਤੇ ਤੋਂ ਹਿੱਲ ਗਿਆ ਸੀ। ਮਾਹੌਲ ਚੰਗਾ ਵੇਖ ਅਸੀਂ ਜਾਣ ਦੀ ਆਗਿਆ ਮੰਗੀ। ਉਸ ਨੇ ਸਦਭਾਵਨਾ-ਸਹਿਤ ਦੂਜੇ ਚੇਲੇ ਨੂੰ ਕਿਹਾ ਕਿ ਸਾਨੂੰ ਗੱਡੀ ਤੀਕਰ ਛੱਡ ਕੇ ਆਵੇ।
ਮੇਰੇ ਮਰਹੂਮ ਦੋਸਤ ਆਤਮਜੀਤ ਸਿੰਘ ਪੰਜਾਬੀ ਸਾਹਿਤ ਦੇ ਉੱਘੇ ਵਿਦਵਾਨ ਸਨ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਪੰਜਾਬੀ ਦੇ ਪ੍ਰੋਫੈਸਰ ਤੇ ਵਿਭਾਗ ਦੇ ਮੁਖੀ ਵੀ ਰਹਿ ਚੁੱਕੇ ਸਨ। ਉਹ ਜਦੋਂ ਵੀ ਮੈਨੂੰ ਮਿਲਦੇ ਮੈਂ ਉਹਨਾਂ ਨੂੰ ਗੁਰੂ ਨਾਨਕ ਦੇਵ ਤੇ ਜਪੁਜੀ ਸਾਹਿਬ ਬਾਰੇ ਚਾਨਣਾ ਪਾਉਣ ਲਈ ਕਹਿੰਦਾ। ਉਹ ਹਮੇਸ਼ਾ ਇਹ ਕਹਿ ਕੇ ਟਾਲ ਦੇਂਦੇ ਕਿ ਜਿੰਨਾ ਤੂੰ ਜਾਣਦਾ ਹੈਂ ਉੱਨਾ ਮੈਂ ਜਾਣਦਾ ਆਂ। ਇਕ ਦਿਨ ਸੈਨ-ਹੋਜ਼ੇ ਗੁਰਦੁਆਰੇ ਦੇ ਬੈਂਚਾਂ ਤੇ ਬੈਠੇ ਲੰਗਰ ਛੱਕਦਿਆਂ ਮੈਂ ਉਹਨਾਂ ਨੂੰ ਖਾਸ ਪ੍ਰਸ਼ਨ ਪੁੱਛ ਕੇ ਗੋਸ਼ਟੀ ਵਿਚ ਪਾਉਣਾ ਚਾਹਿਆ ਤਾਂ ਜੋ ਉਹ ਕੁਝ ਖੁਲ੍ਹਣ। ਮੈਂ ਕਿਹਾ, "ਪ੍ਰੋਫੈਸਰ ਸਾਹਿਬ ਜਪੁਜੀ ਸਾਹਿਬ ਦੀਆਂ ਕਿੰਨੀਆਂ ਪਾਉੜੀਆਂ ਹਨ?" ਕਹਿਣ ਲੱਗੇ, "ਅੱਠਤੀ।" ਮੈਂ ਫਿਰ ਸਵਾਲ ਕੀਤਾ, "ਸ਼ਬਦ ਨਾਨਕ ਕਿੰਨੀਆਂ ਪਾਉੜੀਆਂ ਪਿੱਛੇ ਲੱਗਿਆ ਹੋਇਆ ਹੈ?" "ਨਾਨਕ ਤਾਂ ਸਾਰੀਆਂ ਪਿੱਛੇ ਲੱਗਿਆ ਹੋਵੇਗਾ।" ਉਹਨਾਂ ਉੱਤਰ ਦਿਤਾ। ਮੈਂ ਕਿਹਾ, "ਨਹੀਂ, ਕੇਵਲ ਸੋਲਾਂ ਪਾਉੜੀਆਂ ਪਿੱਛੇ ਹੀ ਨਾਨਕ ਸ਼ਬਦ ਆਉਂਦਾ ਹੈ। ਦਸ ਹੋਰ ਪਉੜੀਆਂ ਵਿਚ ਇਹ ਸ਼ਬਦ ਵਿਚਕਾਰ ਕਰ ਕੇ ਆਉਂਦਾ ਹੈ ਤੇ ਦੋ ਵਿਚ ਦੋ ਦੋ ਵਾਰ ਆਇਆ ਹੈ। ਤੇਰਾਂ ਪਉੜੀਆਂ ਅਜਿਹੀਆਂ ਹਨ ਜਿਹਨਾਂ ਵਿਚ ਤਾਂ ਨਾਨਕ ਸ਼ਬਦ ਕਿਤੇ ਵੀ ਨਹੀਂ ਆਇਆ।" ਪ੍ਰੋਫੈਸਰ ਸਾਹਿਬ ਕਹਿਣ ਲੱਗੇ, "ਇਹ ਤਾਂ ਮੈਂ ਪਹਿਲੀ ਵਾਰ ਸੁਣ ਰਿਹਾ ਹਾਂ। ਮੈਂ ਤਾਂ ਕਦੇ ਇਸ ਪਾਸੇ ਧਿਆਨ ਹੀ ਨਹੀਂ ਸੀ ਦਿੱਤਾ।" ਗੱਲ ਅੱਗੇ ਤੋਰਨ ਦੇ ਪੱਜ ਮੈਂ ਉਹਨਾਂ ਨੂੰ ਕਿਹਾ, "ਜੇ ਹੁਣ ਤੁਹਾਨੂੰ ਪਤਾ ਲੱਗ ਹੀ ਗਿਆ ਹੈ ਤਾਂ ਦੱਸੋ ਕਿ ਇਹ ਇਸ ਤਰ੍ਹਾਂ ਕਿਉਂ ਹੈ?" ਮੈਂ ਹਾਲੇ ਇਹ ਪ੍ਰਸ਼ਨ ਕੀਤਾ ਹੀ ਸੀ ਕਿ ਕੋਲ ਬੈਠਿਆ ਸਿਰ ਤੇ ਪੱਟਕਾ ਬੰਨੀ ਲੰਗਰ ਛੱਕਦਾ ਇਕ ਕਲੀਨ-ਸ਼ੇਵ ਸਿੱਖ ਨੌਜਵਾਨ ਕੜਕ ਕੇ ਬੋਲਿਆ, 'ਤੂੰ ਕੌਣ ਹੈਂ ਬਾਣੀ ਬਾਰੇ ਮਿੰਗ-ਮੇਖ ਕਰਨ ਵਾਲਾ? ਕਿਸੇ ਪਾਉੜੀ ਪਿੱਛੇ ਆਪਣਾ ਨਾਂ ਲਿਖਣਾ ਜਾਂ ਨਾ ਲਿਖਣਾ, ਗੁਰੂ ਸਾਹਿਬ ਦੀ ਮਰਜ਼ੀ ਹੈ। ਤੂੰ ਇਸ ਵਿਚੋਂ ਕੀ ਕੜ੍ਹੀ ਲੈਣੀ ਐਂ?" ਮੈਂ ਉਸ ਨੂੰ ਠੰਢਾ ਕਰਦਿਆਂ ਕਿਹਾ," ਕਾਕਾ ਜੀ, ਕਿੰਤੂ ਪ੍ਰੰਤੂ ਨਹੀਂ ਕਰਦਾ, ਮੈਂ ਤਾਂ ਇਹਨਾਂ ਨਾਲ ਜਪੁਜੀ ਸਾਹਿਬ ਦੀ ਬਣਤਰ ਤੇ ਭਾਵ ਬਾਰੇ ਜਾਣਕਾਰੀ ਸਾਂਝੀ ਕਰ ਰਿਹਾ ਹਾਂ।" ਉਹ ਮੁੜਦਾ ਹੀ ਬੋਲਿਆ, "ਬਾਣੀ ਦੀ ਕੋਈ ਬਣਤਰ ਨਹੀਂ ਹੁੰਦੀ, ਬਾਣੀ ਦਾ ਕੇਵਲ ਭਾਵ ਹੁੰਦਾ ਹੈ। ਬਾਣੀ ਦਾ ਕੋਈ ਅਧੀਐਨ ਨਹੀਂ ਹੁੰਦਾ ਇਸ ਦਾ ਕੇਵਲ ਪਾਠ ਹੁੰਦਾ ਹੈ।" ਮੈਂ ਆਤਮਜੀਤ ਸਿੰਘ ਨੂੰ ਕਿਹਾ, "ਡਾ: ਸਾਹਿਬ ਇਸ ਨੂੰ ਦਸੋ ਕਿ ਜੇ ਬਾਣੀ ਦੀ ਬਣਤਰ ਹੈ ਤਾਂ ਹੀ ਤਾਂ ਇਹ ਰਾਗਾਂ ਅਨੁਸਾਰ ਨਿਖੇੜ ਕੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੀ ਗਈ ਹੈ।" ਉਹ ਕਹਿਣ ਲੱਗੇ," ਮੈਂ ਕਿਸੇ ਨੂੰ ਕੁਝ ਨਹੀਂ ਸਮਝਾ ਸਕਦਾ। ਲੰਗਰ ਖਾ ਲਿਆ ਹੈ ਸੋ ਚਲੋ ਉੱਠੋ ਚਲੀਏ।" ਬਹਿਸ ਆਈ ਗਈ ਹੋਈ ਪਰ ਨੌਜਵਾਨ ਦੀ ਕਟੱੜਤਾ ਤੇ ਅਸਹਿਨਸ਼ੀਲਤਾ ਇਕ ਬੇਸੁਆਦਾ ਜਿਹਾ ਅਹਿਸਾਸ ਮਨ ਵਿਚ ਛੱਡ ਗਈ
ਪੰਜ ਛੇ ਸਾਲ ਪਹਿਲਾਂ ਇਕ ਦਿਨ ਮੈਂ ਗੁਰਦੁਆਰਿਓਂ ਅਖਬਾਰ ਲੈ ਕੇ ਕਾਰ ਵੱਲ ਜਾ ਰਿਹਾ ਸਾਂ। ਪਿੱਛੋਂ "ਭਾਈ ਸਾਹਿਬ, ਭਾਈ ਸਾਹਿਬ" ਦੀਆਂ ਆਵਾਜ਼ਾਂ ਆਉਂਦੀਆਂ ਸੁਣੀਆਂ ਤਾਂ ਮੈਂ ਰੁੱਕ ਗਿਆ। ਪਿੱਛੇ ਪਰਤ ਕੇ ਦੇਖਿਆ ਤਾਂ ਨੀਲਾ ਪਟਕਾ ਬੰਨੀ ਇਕ ਅੱਧਖੜ ਉਮਰ ਦਾ ਗੋਰਾ ਚਿੱਟਾ ਮਨੁੱਖ ਮੇਰੇ ਵਲ ਆ ਰਿਹਾ ਸੀ। ਮੈਂ ਉਸ ਨੂੰ ਪਛਾਣਿਆਂ ਨਾ ਤੇ ਮੁੜ ਅੱਗੇ ਚੱਲ ਪਿਆ। ਉਹ ਮੈਨੂੰ ਫਿਰ ਰੋਕ ਕੇ ਕਹਿਣ ਲੱਗਾ, "ਭਾਈ ਸਾਹਿਬ ਜ਼ਰਾ ਰੁਕੋ, ਮੈਂ ਤੁਹਾਡੇ ਨਾਲ ਗੱਲ ਕਰਨੀ ਹੈ।" ਮੈਂ ਕਿਹਾ, "ਤੁਹਾਨੂੰ ਗਲਤੀ ਲੱਗੀ ਹੈ ਵੀਰ, ਸ਼ਾਇਦ ਤੁਸੀਂ ਕਿਸੇ ਹੋਰ ਦੇ ਭਲਾਵੇਂ ਮੈਨੂੰ ਰੋਕ ਰਹੇ ਹੋ।" ਉਹ ਕਹਿਣ ਲੱਗਿਆ, "ਨਹੀਂ ਜੀ, ਮੈਨੂੰ ਗਲਤੀ ਨਹੀਂ ਲੱਗੀ।" ਪਤਾ ਨਹੀਂ ਕਿਉਂ ਮੈਂ ਉਸ ਵਲ ਮੂੰਹ ਕਰ ਕੇ ਉੱਚੀ 2 ਹਸਿੱਆ ਤੇ ਕਿਹਾ, "ਭਰਾ ਜੀ, ਜੇ ਮੈਂ ਤੁਹਾਨੂੰ ਨਹੀਂ ਜਾਣਦਾ, ਤੁਸੀਂ ਮੈਂਨੂੰ ਕਿਵੇਂ ਜਾਣਦੇ ਹੋ? ਤੁਸੀਂ ਭੁਲੇਖਾ ਖਾਇਆ ਹੋਇਆ ਹੈ।" ਉਹ ਬੋਲਿਆ, "ਮੈਂ ਤੁਹਾਨੂੰ ਜਾਣਦਾ ਹੀ ਨਹੀਂ ਜੀ ਬਰਸਾਂ ਤੋਂ ਤੁਹਾਡੀ ਭਾਲ ਕਰਦਾ ਫਿਰ ਰਿਹਾ ਹਾਂ।" ਮੈਨੂੰ ਯਾਦ ਕਰਾਉਂਦੇ ਉਹ ਬੋਲਿਆ, "ਤੁਹਾਨੂੰ ਪਤਾ ਹੈ ਪਰਾਣੇ ਗੁਰੂ ਘਰ ਵਿਚ ਇਕ ਵਾਰ ਲੰਗਰ ਛਕਦੇ ਵੇਲੇ ਤੁਹਾਨੂੰ ਕਿਸੇ ਨੇ ਬਾਣੀ ਬਾਰੇ ਬੋਲਦਿਆਂ ਟੋਕਿਆ ਸੀ।" ਮੈਂ ਕਿਹਾ,"ਹਾਂ, ਹਾਂ!" ਕਹਿਣ ਲੱਗਿਆ, "ਯਾਦ ਕਰੋ ਉਹ ਮੈਂ ਹੀ ਸਾਂ! ਮੈਂ ਤੁਹਾਨੂੰ ਉਦੋਂ ਤੋ ਹੀ ਲੱਭ ਰਿਹਾ ਹਾਂ। ਮੈਨੂੰ ਉਸ ਗੁਸਤਾਖੀ ਲਈ ਖਿਮਾ ਕਰ ਦਿਓ।" ਮੈਂ ਉਸ ਵੱਲ ਵੇਖ ਕੇ ਕਿਹਾ, "ਵਿਚਾਰਾਂ ਦਾ ਫਰਕ ਤਾਂ ਚਲਦਾ ਹੀ ਰਹਿੰਦਾ ਹੈ, ਇਸ ਵਿਚ ਮੁਆਫੀ ਦੀ ਕੀ ਗੱਲ ਹੈ? ਫਿਰ ਤੂੰ ਤਾਂ ਇਨਸਾਨ ਹੀ ਬਹੁਤ ਮਹਾਨ ਐਂ, ਮੈਂ ਤੈਨੂੰ ਕੀ ਮੁਆਫੀ ਦੇ ਸਕਦਾ ਹਾਂ? ਜਿਸ ਗੱਲ ਨੂੰ ਮੈਂ ਭੁੱਲ ਵਿਸਰ ਗਿਆ ਸਾਂ ਉਸ ਬਾਰੇ ਸਾਲਾਂ ਬਾਦ ਵੀ ਤੂੰ ਖਿਮਾਂ ਯਾਚਨਾ ਕਰ ਰਿਹਾ ਹੈਂ। ਮੇਰੇ ਵਲੋਂ ਤਾਂ ਕੀ ਤੂੰ ਤਾਂ ਕੁਦਰਤ ਵਲੋਂ ਵੀ ਮੁਆਫ਼ ਹੈ!" ਸੁਣ ਕੇ ਉਸ ਨੇ ਮੇਰੇ ਗੋਡੇ ਛੂਹੇ ਤੇ ਗਿੜਗਿੜਾਇਆ, "ਮੇਰੀ ਇੱਛਾ ਹੈ ਹੁਣ ਤੁਸੀਂ ਓਹੀ ਗੱਲ ਸ਼ੁਰੂ ਕਰੋ ਤੇ ਮੈਂ ਸੁਣਾਂ।" ਮੈਂ ਤ੍ਰਭਕ ਕੇ ਕਿਹਾ," ਇਹ ਕਿਵੇਂ ਹੋ ਸਕਦਾ ਹੈ, ਮੁੜ ਝਗੜਾ ਕਰਨਾ ਚਾਹੁੰਨਾ ਐਂ?" ਉਹ ਬੋਲਿਆ, "ਇੱਦਾਂ ਨਹੀਂ ਹੋਵੇਗਾ। ਮੈਂ ਸਹੀ ਰਸਤੇ ਦੀ ਭਾਲ ਵਿਚ ਹਾਂ। ਹਰ ਰੋਜ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹਦਾ ਹਾਂ। ਧਿਆਨ ਲਗਾਉਂਦਾ ਹਾਂ। ਰਾਤ ਨੂੰ ਸਾਰੀ ਰਾਤ ਕਦੇ ਕੋਈ ਤੇ ਕਦੇ ਕੋਈ ਸੈਂਚੀ ਛਾਤੀ ਤੇ ਰੱਖ ਕੇ ਸੌਂਦਾ ਹਾਂ। ਮੇਰੇ ਕੁਝ ਪੱਲੇ ਨਹੀਂ ਪੈਂਦਾ, ਮੈਨੂੰ ਕੋਈ ਦਿਸ਼ਾ ਨਹੀਂ ਲੱਭਦੀ। ਮੇਰਾ ਯਕੀਨ ਹੈ ਕਿ ਉਸ ਦਿਨ ਤੁਸੀਂ ਕੋਈ ਵੱਡੀ ਗੱਲ ਕਰਨ ਜਾ ਰਹੇ ਸੀ ਜੋ ਮੈਂ ਰੋਕ ਕੇ ਗੁਨਾਹ ਕੀਤਾ। ਸ਼ਾਇਦ ਉਸੇ ਵਿਚ ਮੇਰਾ ਰਾਹ ਛੁਪਿਆ ਸੀ।" ਮੈਂ ਉਸ ਨੂੰ ਕਿਹਾ, "ਮੈਂ ਕੋਈ ਵਿਸ਼ੇਸ਼ ਗੱਲ ਨਹੀਂ ਸੀ ਕਰ ਰਿਹਾ। ਤੂੰ ਇੰਜ ਕਰ, ਗੁਰੂ ਘਰ ਦੀ ਪਿਛਲੀ ਪਹਾੜੀ ਤੇ ਚੜ੍ਹ ਕੇ ਉਥੋਂ ਇਹ ਜ਼ਮੀਨ ਵੇਖ, ਆਸਮਾਨ, ਬਨਸਪਤੀ ਤੇ ਜੀਵ ਜੰਤੂ ਵੇਖ। ਇਹਨਾਂ ਸਭ ਵਿਚੋਂ ਕੁਦਰਤ ਅਤੇ ਕਾਦਰ ਦੇ ਕੌਤਕ ਵੇਖ। ਇਸ ਬ੍ਰਹਮੰਡ ਦੀਆਂ ਵਡਿਆਈਆਂ ਵਲ ਧਿਆਨ ਕਰ ਤੇ ਸਮੂਚੀ ਕਾਇਨਾਤ ਦੀ ਸਿਰਜਣ-ਵਿਧੀ ਦੀ ਕਲਪਣਾ ਕਰ। ਜਿੰਨੀ ਸਹੀ ਤੇ ਨਿਰਪੱਖ ਕਲਪਣਾ ਕਰ ਸਕੇਂਗਾ ਓਨਾਂ ਹੀ ਤੂੰ ਗੁਰੂ ਨਾਨਕ ਦੇ ਮਾਰਗ ਦੇ ਅੰਗ ਸੰਗ ਹੋਵੇਂਗਾ। ਹਾਂ ਰਿੱਧੀਆਂ-ਸਿਧੀਆਂ ਦੀਆਂ ਖਰਾਇਤਾਂ ਵਾਲਾ ਝੋਲ੍ਹਾ ਘਰੇ ਛੱਡ ਕੇ ਆਈਂ।" ਉਹ ਹਲਕਾ ਜਿਹਾ ਮੁਸਕ੍ਰਾਇਆ ਤੇ ਹਰ ਹਫਤੇ ਮਿਲਣ ਦੀ ਪੇਸ਼-ਕਸ਼ ਕਰਦਾ ਚਲਾ ਗਿਆ। ਪੇਸ਼ੇ ਵਜੋਂ ਇੰਜਨੀਅਰ ਇਹ ਸੱਜਣ ਅੱਜ ਕੱਲ ਸਿੰਘ ਸੱਜਿਆ ਹੋਇਆ ਹੈ।
ਇਹ ਘਟਨਾਵਾਂ ਦੱਸ ਕੇ ਮੇਰਾ ਕਿਸੇ ਦੀ ਕੋਈ ਨੁਕਤਾਚੀਨੀ ਜਾਂ ਨਿੰਦਾ ਚੁਗਲੀ ਕਰਨ ਦਾ ਕੱਤਈ ਮਨੋਰਥ ਨਹੀਂ ਸਗੋਂ ਇਸ ਦਾ ਇਕੋ ਇਕ ਉਦੇਸ਼ ਅਜੋਕੇ ਸਮੇਂ ਵਿਚ ਸਿੱਖ ਵਿਦਵਾਨਾਂ ਦਾ ਬਾਣੀ ਪ੍ਰਤੀ ਲਗਾਓ ਅਤੇ ਇਸ ਦੇ ਸ਼ੁਧ ਅਰਥਾਂ ਪ੍ਰਤੀ ਚੇਤਨਾ ਨੂੰ ਪਰਖਣਾ ਹੈ। ਮੇਰੇ ਇਸ ਉਪਰਾਲੇ ਤੋਂ ਪਤਾ ਚਲਦਾ ਹੈ ਕਿ ਅਜੋਕੇ ਸਮੇਂ ਵਿਚ ਬਾਣੀ ਨੂੰ ਘੋਖਣ ਵਿਚਾਰਨ ਤੇ ਇਸ ਦੀਆਂ ਵਿਗਿਆਨਕ ਸੰਭਾਵਨਾਵਾਂ ਸਮਝਣ ਦਾ ਰੁਝਾਨ ਗਾਇਬ ਹੈ। ਵਧੇਰੇ ਕਰਕੇ ਸਿੱਖ ਵਿਦਵਾਨ ਵਿਗਿਆਨ ਨੂੰ ਬਾਣੀ ਦਾ ਸ਼ਤਰੂ ਸਮਝਦੇ ਹਨ। ਉਹ ਇਹ ਨਹੀਂ ਜਾਣਦੇ ਕਿ ਗੁਰੂ ਨਾਨਕ ਪਹਿਲੇ ਅਜਿਹੇ ਦਾਰਸ਼ਨਿਕ ਸਨ ਜਿਹਨਾਂ ਨੇ ਮੱਧ ਕਾਲ ਦੇ ਅੰਧੇਰੇ ਦੌਰ ਵਿਚ ਵਿਗਿਆਨਕ ਚੇਤਨਤਾ ਦਾ ਚਿਰਾਗ ਜਲਾ ਕੇ ਬੌਧਿਕਤਾ ਦਾ ਮਾਰਗ ਦਰਸਾਇਆ ਸੀ ਤੇ ਧਰਮ ਤੇ ਸਾਇੰਸ ਦਾ ਫਰਕ ਖਤਮ ਕੀਤਾ ਸੀ।
ਸਾਰੰਸ਼ ਇਹ ਹੈ ਕਿ ਅੱਜੋਕਾ ਸਿੱਖ ਬਾਣੀ ਪੜ੍ਹਦਿਆਂ ਸੁਣਦਿਆਂ ਵੀ ਬਾਣੀ ਦੀ ਸੇਧ ਨਾਲੋਂ ਨਿਖੜਿਆ ਹੋਇਆ ਹੈ। ਉਸ ਨੇ ਹੱਥੀਂ ਕਿਰਤ ਕਰਨੀ, ਪਲਿਓਂ ਦਾਨ ਦੇਣਾ ਤੇ ਸਤਿਨਾਮੁ ਦਾ ਵਿਚਾਰ ਕਰਨਾ ਆਦਿ ਸਭ ਗਲਾਂ ਤੱਜ ਦਿਤੀਆਂ ਹਨ। ਉਸ ਨੇ ਸਿੱਖੀ ਬਾਣਾ ਧਾਰ ਕੇ ਬਾਣੀ ਨੂੰ ਮਾਇਆ ਇੱਕਠੀ ਕਰਨ ਦਾ ਸਾਧਨ ਬਣਾਇਆ ਹੋਇਆ ਹੈ। ਕਈ ਅਰਦਾਸਾਂ ਤੇ ਚੜ੍ਹਾਵਿਆਂ ਰਾਹੀ ਨੌ ਨਿਧੀਆਂ ਦੇ ਭੰਡਾਰ ਘਰ ਲੈ ਜਾਣਾ ਚਾਹੁੰਦੇ ਹਨ ਤੇ ਕਈ ਸਿੱਧਾ ਗੋਲਕ ਤੇ ਹੱਥ ਮਾਰ ਕੇ ਰਾਤੋ ਰਾਤੀ ਨਿਜ਼ੀ ਖਜਾਨੇ ਪੂਰਨ ਵਿਚ ਲੱਗੇ ਹੋਏ ਹਨ। ਨਿੱਤਾਪ੍ਰਤੀ ਦੀ ਇਸ ਦੌੜ ਵਿਚ ਅੱਜ ਬਹੁਤੇ ਸਿੱਖ ਸ਼ਰਧਾਲੂ ਗੁਰਦੁਆਰਿਆਂ ਵਿਚ ਲੜਦੇ ਝਗੜਦੇ ਤੇ ਇਕ ਦੂਜੇ ਦੀਆਂ ਪਗੜੀਆਂ ਉਛਾਲਦੇ ਨਜ਼ਰ ਆਉਂਦੇ ਹਨ। ਦੁਨਿਆਵੀ ਲਾਲਸਾਵਾਂ ਵਿਚ ਉਲਝੀ ਸਾਧ ਸੰਗਤ ਕੋਲ "ਬਿੱਗ-ਬੈਂਗ" ਤੇ "ਕੀਤਾ ਪਸਾਉ ਏਕੋ ਕਵਾਉ" ਵਰਗੀਆਂ ਮਹਤੱਵਪੂਰਣ ਵਿਗਿਆਨਿਕ ਪ੍ਰਾਪਤੀਆਂ ਨੂੰ ਬਾਣੀ ਦੇ ਪ੍ਰੀਪੇਖ ਵਿਚ ਵੇਖਣ ਦੀ ਸਮਰੱਥਾ ਨਹੀਂ ਹੈ। ਇਸ ਉਲਟੀ ਸਥਿਤੀ ਵਿਚ ਬੱਸ ਇਕੋ ਸੰਤੋਖ ਹੈ ਕਿ ਚਲੋ ਅਣਜਾਣਪੁਣੇ ਵਿਚ ਹੀ ਸਹੀ, ਇਹ ਲੱਖਾਂ ਸਿੱਖ ਸ਼ਰਧਾਲੂ ਜਪੁਜੀ ਸਾਹਿਬ ਨੂੰ ਪੜ੍ਹਦੇ ਸੁਣਦੇ ਘਟੋ ਘੱਟ ਇਸ ਮਹਾਨ ਲਿਖਤ ਨਾਲ ਜੁੜੇ ਹੋਏ ਤਾਂ ਹਨ ਜਿਸ ਦਾ ਸਾਨੀ ਨਾ ਇਸ ਸੰਸਾਰ ਵਿਚ ਕੋਈ ਹੈ, ਨਾ ਸੀ ਤੇ ਨਾ ਕਦੇ ਹੋਵੇਗਾ। 

No comments:

Post a Comment