ਫਰਕ
ਬੱਚੇ ਉਡਾਰੂ ਹੋ ਰਹੇ ਸਨ। ਪੋਤਾ ਤਿੰਨਾਂ ਤੋਂ ਉੱਤੇ ਤੇ ਪੋਤੀ ਦੋਹਾਂ ਤੋਂ ਉੱਤੇ ਸੀ। ਬੋਲਣਾ ਸ਼ੁਰੂ ਹੀ ਕਰ ਰਹੇ ਸਨ ਪਰ ਬਿਨ ਬੋਲਿਆਂ ਹੀ ਸਮਝਦੇ ਕਰਦੇ ਸਭ ਕੁਝ ਸਨ। ਉਂਜ ਮਾਮੀ, ਡੈਡ, ਪਾਨੀ, ਬੈਠੋ, ਡੋਰ, ਕਾਰ ਆਦਿ ਬੋਲ ਲੈਂਦੇ ਸਨ ਪਰ ਇਨ੍ਹਾਂ ਸ਼ਬਦਾਂ ਤੋਂ ਬਿਨਾਂ ਵੀ ਦੋਹਾਂ ਦੀ ਆਪਣੀ ਹੀ ਇਕ ਵਿਸ਼ੇਸ਼ ਭਾਸ਼ਾ ਸੀ ਜੋ ਕਿਸੇ ਹੋਰ ਨੂੰ ਸਮਝ ਵਿਚ ਨਹੀਂ ਸੀ ਆਉਂਦੀ। ਉਸ ਰਾਹੀਂ ਉਹ ਆਪਸ ਵਿਚ ਗੱਲ ਬਾਤ ਕਰਦੇ ਸਨ। ਵੱਡਾ ਇਕ ਕਾਰ ਜਿਹੀ ਚਲਾ ਕੇ ਛੋਟੀ ਕੋਲ ਆਉਂਦਾ ਤੇ ਕੁਝ "ਬਲਾ" "ਬਲਾ" ਕਰਦਾ ਤਾਂ ਛੋਟੀ ਝੱਟ ਉਸ ਦੀ ਗੱਲ ਸਮਝ ਲੈਂਦੀ ਤੇ ਉਸ ਦੇ ਪਿੱਛੇ ਬੈਠ ਜਾਂਦੀ। ਫਿਰ ਉਹ ਕਾਰ ਚਲਾ ਕੇ ਤੇਜੀ ਨਾਲ ਉਡ ਲੈਂਦਾ।
ਪਰ ਥੋੜੇ ਉਡਾਰ ਹੋ ਕੇ ਹੁਣ ਉਹ ਕੁਝ ਅਗਲੇਰੀਆਂ ਸ਼ਰਾਰਤਾਂ ਕਰਨ ਲੱਗ ਪਏ ਸਨ ਜੋ ਸਾਡਾ ਵਧੇਰੇ ਧਿਆਨ ਮੰਗਣ ਲੱਗੀਆਂ ਸਨ। ਬਾਥ ਰੂਮ ਵਿਚ ਵੜ ਕੇ ਅੰਦਰੋਂ ਦਰਵਾਜ਼ਾ ਲੌਕ ਕਰ ਲੈਣਾ, ਸੋਫਿਆਂ ਪਿੱਛੇ ਛੁਪ ਜਾਣਾ ਤੇ ਬਿਨਾਂ ਕੁਝ ਗਰਮ ਕਰਨ ਨੂੰ ਅੰਦਰ ਰੱਖਿਆਂ ਮਾਇਕਰੋਵੇਵ ਨੂੰ ਆਨ ਕਰ ਦੇਣਾ ਆਦਿ ਉਨ੍ਹਾਂ ਵਲੋਂ ਆਮ ਕੀਤਾ ਜਾਣ ਲੱਗਿਆ ਸੀ। ਇਕ ਦਿਨ ਤਾਂ ਇਕ ਨੇ ਇਕ ਗਿੱਲਾ ਤੌਲੀਆਂ ਵਿਚ ਰੱਖ ਕੇ ਮਾਈਕਰੋਵੇਵ ਚਲਾ ਦਿੱਤਾ। ਜਦੋਂ ਕਿਚਨ ਵਿਚ ਧੂੰਆਂ ਤੇ ਮੁਸ਼ਕ ਫੈਲੇ ਤਾਂ ਭੱਜ ਕੇ ਅਸੀਂ ਬੰਦ ਕੀਤਾ। ਅਸੀਂ ਉਨ੍ਹਾਂ ਵਲ ਘੂਰ ਕੇ ਤੱਕਿਆ ਤਾਂ ਦੋਹਾਂ ਨੇ ਅੱਖਾਂ ਤੇ ਹੱਥ ਰੱਖ ਲਏ ਜਿਵੇਂ ਕਹਿ ਰਹੇ ਹੋਣ "ਬੜੇ ਭਾਪੇ ਸਾਡੇ ਕੋਲੋਂ ਗੁਨਾਹ ਹੋਇਆ ਹੈ, ਅਸੀਂ ਸਵੀਕਾਰ ਕਰਦੇ ਹਾਂ।" ਅਗਲੇ ਹੀ ਪਲ ਉਹ ਭੱਜ ਕੇ ਸਾਡੀਆਂ ਟੰਗਾਂ ਨਾਲ ਚਿਮਟ ਗਏ ਜਿਵੇਂ ਕਹਿ ਰਹੇ ਹੋਣ, “ਗੁਨਾਹ ਨਹੀਂ ਗਲਤੀ ਹੋਈ ਹੈ, ਸਾਨੂੰ ਮੁਆਫ ਕਰ ਦਿਓ।" ਅਸੀਂ ਦੋਹਾਂ ਨੂੰ ਚੁੱਕ ਕੇ ਗਲ ਨਾਲ ਲਾ ਲਿਆ। ਉਹ ਪਹਿਲਾਂ ਵਾਂਗ ਖੁਸ਼ ਹੋ ਗਏ।
ਤਿਉਹਾਰਾਂ ਦਾ ਮੌਸਮ ਨੇੜੇ ਆਇਆ। ਗਲੀ ਦੇ ਲੋਕਾਂ ਨੇ ਬਾਹਰ ਲਾਈਟਾਂ ਲਵਾ ਲਈਆਂ ਤੇ ਰਾਤ ਨੂੰ ਰੌਸ਼ਨੀ ਵਾਲੀ ਸਜਾਵਟ ਕਰਨੀ ਸ਼ੁਰੂ ਕਰ ਦਿੱਤੀ। ਸ਼ਾਮ ਹੁੰਦੇ ਹੀ ਬੱਚੇ ਭੱਜ ਭੱਜ ਕੇ ਮੇਰੇ ਕਮਰੇ ਵਿਚ ਆਉਂਦੇ ਤੇ ਕੁਰਸੀਆਂ ਉਪਰ ਚੜ੍ਹ ਕੇ ਬਾਹਰ ਦੇਖਣ ਲੱਗਦੇ। ਕਈ ਵਾਰ ਉਹ ਸੈਨਤਾਂ ਨਾਲ ਮੈਂਨੂੰ ਆਪਣੇ ਕੋਲ ਬੁਲਾ ਲੈਂਦੇ। ਮੈਨੂੰ ਬਾਹਰ ਦੀਆਂ ਰੋਸ਼ਨੀਆਂ ਨਾਲੋਂ ਉਨ੍ਹਾਂ ਦਾ ਨਜ਼ਾਰਾ ਵਧੇਰੇ ਅਨੰਦਮਈ ਲਗਦਾ। ਇਕ ਦਿਨ ਉਹ ਮੈਂਨੂੰ ਉੱਥੇ ਹੀ ਬੈਠਾ ਛੱਡ ਕੇ ਆਪ ਅਚਨਚੇਤ ਕਮਰੇ ਤੋਂ ਬਾਹਰ ਚਲੇ ਗਏ। ਮੈਂ ਆਪਣੇ ਕੰਮ ਵਿਚ ਮਸਰੂਫ ਹੋ ਗਿਆ।
ਇੰਨੇ ਨੂੰ ਬਾਹਰੋਂ ਇਕ ਬੈੱਲ ਵੱਜੀ। ਮੈਂ ਸੋਚਿਆ ਐਮੇਜ਼ਾਨ ਦਾ ਟੱਰਕ ਕੋਈ ਡਲਿਵਰੀ ਰੱਖ ਕੇ ਗਿਆ ਹੋਣਾ ਹੈ। ਜਾ ਕੇ ਬੂਹਾ ਖੋਹਲਿਆ ਤਾਂ ਦੇਖਿਆ ਬੂਹੇ ਅੱਗੇ ਇਕ ਅਧਖੱੜ ਉਮਰ ਦੀ ਗੋਰੀ ਔਰਤ ਖੜ੍ਹੀ ਹੈ। ਉਸ ਨੇ ਦੋਹਾਂ ਬੱਚਿਆਂ ਦੇ ਹੱਥ ਫੜੇ ਹੋਏ ਸਨ। ਮੇਰੀ ਸਮਝ ਵਿਚ ਨਾ ਆਇਆ ਇਹ ਕੀ ਹੈ। ਔਰਤ ਨੇ ਪੁੱਛਿਆ, “ਇਹ ਬੱਚੇ ਤੁਹਾਡੇ ਹਨ?” ਮੈਂ ਕਿਹਾ, “ਹਾਂ ਸਾਡੇ ਹੀ ਹਨ।" ਉਹ ਬੋਲੀ, “ਇਹ ਸਾਡੇ ਘਰ ਅੱਗੇ ਸਜਾਵਟ ਦੇਖ ਰਹੇ ਸਨ। ਹਨੇਰੇ ਦਾ ਸਮਾਂ ਹੈ ਕਿਤੇ ਹੋਰ ਅੱਗੇ ਨਾ ਨਿਕਲ ਜਾਣ, ਇਹ ਜਾਣਕੇ ਮੈਂ ਇਨ੍ਹਾਂ ਨੂੰ ਇੱਥੇ ਮੋੜ ਲਿਆਈ ਹਾਂ।" ਮੈਂ ਉਸ ਦੀ ਨੇਕ ਕਰਮੀ ਦਾ ਧੰਨਵਾਦ ਕੀਤਾ ਤੇ ਨਾਲੇ ਸਫਾਈ ਦਿੱਤੀ ਕਿ ਬੱਚੇ ਹੁਣ ਲੀਵਰ ਘੁਮਾ ਕੇ ਆਪੇ ਬੂਹਾ ਖੋਹਲਣ ਲਗ ਪਏ ਹਨ, ਇਸ ਲਈ ਅੱਖ ਬਚਾ ਕੇ ਬਾਹਰ ਨਿਕਲ ਗਏ ਹੋਣਗੇ। ਅਗੋਂ ਧਿਆਨ ਰੱਖਾਂਗੇ। ਉਹ ਮੁੜਦਿਆਂ ਬੋਲੀ, ”ਕਿਰਪਾ ਕਰ ਕੇ ਇਹ ਨਾ ਸਮਝਣਾ ਕਿ ਇਨ੍ਹਾਂ ਦੇ ਮੇਰੇ ਘਰ ਅੱਗੇ ਖੇਲ੍ਹਣ ਦੀ ਮੈਂਨੂੰ ਕੋਈ ਤਕਲੀਫ ਹੋਈ ਹੈ। ਹਨੇਰੇ ਵਿਚ ਦੂਰ ਕਿਤੇ ਚਲੇ ਜਾਣ ਜਾਂ ਸੜਕ ਤੇ ਉਤਰ ਆਉਣ ਤਾਂ ਪ੍ਰੇਸ਼ਾਨੀ ਵਾਲੀ ਗੱਲ ਬਣ ਸਕਦੀ ਹੈ। ਨਾਲੇ ਮੈਂ ਤਾਂ ਜਾਣਦੀ ਸੀ ਕਿ ਇਹ ਇੱਥੇ ਹੀ ਕਿਤੇ ਰਹਿੰਦੇ ਹਨ ਇਸ ਲਈ ਅੰਦਾਜ਼ੇ ਨਾਲ ਇੱਥੇ ਲੈ ਆਈ। ਜੇ ਨਾ ਪਤਾ ਹੁੰਦਾ ਤਾਂ ਘਰ ਵੀ ਲੱਭਣਾ ਔਖਾ ਹੋਣਾ ਸੀ।" ਮੈਂ ਉਸ ਦਾ ਮੁੜ ਧੰਨਵਾਦ ਕੀਤਾ ਤੇ ਉਹ ਚਲੀ ਗਈ।
ਅਸੀਂ ਘਰ ਬਹਿ ਕੇ ਸਲਾਹ ਕੀਤੀ ਕਿ ਬੱਚਿਆਂ ਦੀ ਇਸ ਸਮੱਸਿਆ ਦਾ ਇਲਾਜ਼ ਸ਼ੀਘਰ ਕੀਤਾ ਜਾਣਾ ਚਾਹੀਦਾ ਹੈ। ਸੋਚਣ ਉਪਰੰਤ ਸਭ ਤੋਂ ਪਹਿਲਾਂ ਐਮੇਜ਼ਾਨ ਤੋਂ ਬੂਹੇ ਨੂੰ ਖੁਲ੍ਹਣ ਤੋਂ ਰੋਕਣ ਵਾਲਾ ਜੰਤਰ ਆਰਡਰ ਕੀਤਾ ਤੇ ਦੂਜੇ ਦਿਨ ਉਸ ਨੂੰ ਫਿਟ ਕਰਨ ਵਾਲੇ ਹੈਂਡੀਮੈਨ (ਮਿਸਤਰੀ) ਦੀ ਭਾਲ ਵਿਚ ਫੋਨ ਘੁਮਾਉਣ ਸ਼ੁਰੂ ਕੀਤੇ। ਇੰਨੇ ਸਮੇਂ ਵਿਚ ਅਸੀਂ ਬੂਹੇ ਦੇ ਅੰਦਰਵਾਰ ਇਕ ਸੋਫਾ ਰੱਖ ਦਿੱਤਾ ਤਾਂ ਜੋ ਲੀਵਰ ਖੁਲ੍ਹਣ ਦੇ ਬਾਵਜ਼ੂਦ ਵੀ ਉਹ ਬੂਹਾ ਨਾ ਖੁਲ੍ਹ ਸਕੇ। ਪਰ ਬੱਚਿਆਂ ਨੇ ਇਸ ਨੂੰ ਆਪਣੀ ਆਜ਼ਾਦੀ ਤੇ ਹਮਲਾ ਸਮਝਿਆ। ਪੂਰਾ ਦਿਨ ਉਹ ਸੋਫੇ ਨੂੰ ਹਲਾ ਚਲਾ ਕੇ ਪਰ੍ਹੇ ਧਕਣ ਦੀ ਕੋਸਿਸ਼ ਕਰਦੇ ਰਹੇ। ਉਨ੍ਹਾਂ ਦੀਆਂ ਕੋਸ਼ਿਸ਼ਾਂ ਸਫਲ ਨਾ ਹੁੰਦੇ ਦੇਖ ਮੈਂ ਅਵੇਸਲਾ ਜਿਹਾ ਹੋ ਗਿਆ ਤੇ ਆਪਣੇ ਕਮਰੇ ਵਿਚ ਬੈਠ ਕੇ ਕੰਮ ਕਰਨ ਚਲਾ ਗਿਆ।
ਕੁਝ ਸਮੇਂ ਬਾਦ ਹਨੇਰਾ ਹੋ ਗਿਆ ਤੇ ਗਲੀ ਦੀਆਂ ਸਭ ਲਾਈਟਾਂ ਫਿਰ ਰੁਸ਼ਨਾ ਗਈਆਂ। ਲੋਕਾਂ ਦੇ ਘਰਾਂ ਅੱਗੇ ਰੱਖੇ ਕ੍ਰਿਸਮਸ ਦਰਖਤ, ਹਿਰਣ, ਖਰਗੋਸ਼ ਤੇ ਹੋਰ ਸਜਾਵਟੀ ਸਾਮਾਨ ਰੰਗ ਬਰੰਗੀਆਂ ਬਿਜਲਈ ਰੋਸ਼ਨੀਆਂ ਨਾਲ ਜਗਮਗਾ ਰਿਹਾ ਸੀ। ਤਦੇ ਹੀ ਬਾਹਰ ਬੂਹੇ ਤੇ ਬੈਲ ਹੋਈ। ਮੈਂ ਸੋਚਿਆ ਸ਼ਾਇਦ ਹੈਂਡੀਮੈਨ ਆਇਆ ਹੈ। ਬੂਹਾ ਖੋਹਲਿਆ ਤਾਂ ਉਹੀ ਔਰਤ ਦੋਹਾਂ ਬੱਚਿਆਂ ਨੂੰ ਉਂਗਲ ਲਾਈ ਬਾਹਰ ਖੜ੍ਹੀ ਸੀ। ਮੈਂ ਸੋਚਿਆ, "ਉਫ! ਇਹ ਸ਼ੈਤਾਨ ਬਾਹਰ ਕਿਵੇਂ ਚਲੇ ਗਏ?” ਦੇਖਿਆ ਤਾਂ ਸੋਫਾ ਪਰ੍ਹਾਂ ਕੀਤਾ ਪਿਆ ਸੀ। ਮੈਂ ਆਪਣੇ ਆਪ ਨੂੰ ਝੂਠਾ, ਕੱਚਾ, ਢੀਠ ਤੇ ਗੈਰ ਜ਼ੁਮੇਂਵਾਰ ਮਹਿਸੂਸ ਕਰਦਿਆਂ ਬੋਲਿਆ, “ਮੈਡਮ, ਮੈਨੂੰ ਅਫਸੋਸ ਹੈ। ਬੂਹੇ ਅੱਗੇ ਸੋਫਾ ਰੱਖਿਆ ਹੋਇਆ ਸੀ, ਪਰ ਆਹ ਦੇਖੋ ਇਸ ਸੋਫੇ ਨੂੰ ਪਰ੍ਹੇ ਧਕੇਲ ਕੇ ਇਹ ਸ਼ਰਾਰਤੀ ਬੱਚੇ ਫਿਰ ਬਾਹਰ ਨਿਕਲ ਗਏ। ਇਸ ਦਾ ਪੱਕਾ ਕੰਮ ਕਰਨ ਲਈ ਮੈਂ ਐਮੇਜ਼ਾਨ ਤੋਂ ਇਕ ਡੋਰ ਲਾਕ ਆਰਡਰ ਕਰ ਦਿੱਤਾ ਹੈ ਤੇ ਉਸ ਨੂੰ ਜੜਨ ਲਈ ਹੈਂਡੀਮੈਨ ਵੀ ਲੱਭ ਰਿਹਾ ਹਾਂ। ਜਦੋਂ ਤੁਸੀਂ ਬੈੱਲ ਕੀਤੀ ਮੈ ਇਹੀ ਸਮਝਿਆ ਸੀ ਕਿ ਉਹ ਆਇਆ ਹੈ। ਖੈਰ ਤੁਸੀਂ ਤਾਂ ਇਨ੍ਹਾਂ ਬੱਚਿਆਂ ਲਈ ਏਂਜਲ ਹੋ।" ਉਹ ਬੋਲੀ ਕੋਈ ਗੱਲ ਨਹੀਂ ਮੇਰੇ ਘਰ ਅੱਗੇ ਸੈਂਟਾ, ਘੋੜਾ ਤੇ ਭੇਡ ਬਕਰੀਆਂ ਸਭ ਰੱਖੀਆਂ ਹਨ। ਬਹੁਤੀ ਰੋਸ਼ਨੀ ਦੇਖ ਕੇ ਬੱਚੇ ਉੱਥੇ ਆ ਜਾਂਦੇ ਹਨ। ਸੜਕ ਦਾ ਕਿਨਾਰਾ ਹੈ। ਇਸ ਲਈ ਇਨ੍ਹਾਂ ਨੂੰ ਇਨ੍ਹਾਂ ਦੇ ਘਰ ਛੱਡਣਾ ਮੇਰਾ ਫਰਜ ਸੀ।"
ਮੈਂ ਉਸ ਦਾ ਦਿਲੋਂ ਧੰਨਵਾਦ ਕੀਤਾ ਤੇ ਭਰੋਸਾ ਦਿਲਾਇਆ ਕਿ ਇਹ ਬੱਚਿਆਂ ਵਲੋਂ ਆਖਰੀ ਤਕਲੀਫ ਸੀ ਜੋ ਉਸ ਨੇ ਉਠਾਈ ਹੈ। ਉਹ ਕੁਝ ਕਦਮ ਚਲ ਕੇ ਵਾਪਸ ਮੁੜ ਆਈ ਤੇ ਕਹਿਣ ਲੱਗੀ, “ਹਾ ਮੈਂਨੂੰ ਪਤਾ ਹੈ ਕਿ ਇਹ ਮੇਰਾ ਆਖਰੀ ਮੌਕਾ ਹੈ। ਉਹ ਲਾਕ ਤੁਸੀਂ ਨਾ ਮੰਗਵਾਉਣਾ। ਜੇ ਮੰਗਵਾਇਆ ਹੈ ਤਾਂ ਆਰਡਰ ਕੈਂਸਲ ਕਰ ਦੇਣਾ।" ਮੈਂ ਹੈਰਾਨੀ ਨਾਲ ਪੁੱਛਿਆ, "ਉਹ ਕਿਉਂ?” ਉਹ ਬੋਲੀ, “ਦਰ ਅਸਲ ਉਹ ਮੈਂ ਤੁਹਾਡੇ ਲਈ ਉਸ ਦਿਨ ਹੀ ਆਰਡਰ ਕਰ ਦਿੱਤਾ ਸੀ। ਆ ਗਿਆ ਹੋਣਾ ਐ ਜਾਂ ਕਲ ਆ ਜਾਵੇਗਾ। ਜਦੋਂ ਵੀ ਆਇਆ ਮੈਂ ਤੁਹਾਨੂੰ ਦੇ ਦੇਵਾਂਗੀ।"
ਮੇਰਾ ਹਿੰਦੁਸਤਾਨੀ ਮਨ ਉਸ ਦੀ ਗੱਲ ਦੀ ਥਾਹ ਨਾ ਪਾ ਸਕਿਆ। ਮੈਂ ਸੋਚਿਆ, "ਬੱਚੇ ਸਾਡੇ ਨੇ ਅਸੀਂ ਸੰਭਾਲਣੇ ਨੇ, ਆਪ ਬੰਦੋਬਸਤ ਕਰ ਲਵਾਂਗੇ। ਇਸ ਦੀਆਂ ਦੋ ਮਿੱਠੀਆਂ ਗੱਲਾਂ ਸਹਾਰੇ ਆਪਣਾ ਆਰਡਰ ਥੋੜਾ ਕੈਂਸਲ ਕਰ ਦੇਵਾਂਗੇ। ਮੌਕੇ ਦੀ ਮੌਕੇ ਲੋਕ ਸੌ ਸੌ ਮਿੱਠੀਆਂ ਗਲਾਂ ਬੋਲ ਦਿੰਦੇ ਹਨ ਪਰ ਪੂਰੀਆਂ ਥੋੜਾ ਕਰਦੇ ਹਨ। ਮਜੀਠੀਏ ਨੂੰ ਦੇਖ ਲਵੋ, ਚਤੁਰਾਈ ਨਾਲ ਬੇਗਾਨੀ ਧੀ ਨੂੰ ਬਾਪ ਦੇ ਫਰਜ ਨਿਭਾਉਣ ਦਾ ਝਾਂਸਾ ਦੇ ਗਿਆ ਹੈ। ਪਰ ਉਹ ਆਪਣੀ ਅੱਧੀ ਜਾਇਦਾਦ ਉਸ ਦੇ ਨਾਂ ਥੋੜਾ ਲਵਾਇਗਾ।" ਇਹ ਸਭ ਗੱਲਾਂ ਦਿਮਾਗ਼ ਵਿਚ ਘੁੰਮਦੀਆਂ ਦੇਖ ਮੈਂ ਔਰਤ ਦਾ ਇਕ ਵਾਰ ਫੇਰ ਰਸਮੀ ਧੰਨਵਾਦ ਕਰ ਕੇ ਬੱਚਿਆਂ ਨੂੰ ਅੰਦਰ ਲੈ ਆਇਆ। ਇਸ ਵਾਰ ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਖੇਡ ਕਮਰੇ ਵਿਚ ਬਿਠਾ ਕੇ ਆਪ ਬੂਹੇ ਅੱਗੇ ਪਏ ਸੋਫੇ ਤੇ ਬੈਠ ਕੇ ਹੀ ਕੰਮ ਕਰਨ ਲੱਗਿਆ।
ਪੰਦਰਾਂ ਕੁ ਮਿੰਟ ਹੀ ਹੋਏ ਸਨ ਕਿ ਬੈੱਲ ਫਿਰ ਵੱਜੀ। ਸਭ ਤੋਂ ਪਹਿਲਾਂ ਮੈਂ ਅੰਦਰ ਬੱਚੇ ਚੈਕ ਕਰਨ ਗਿਆ। ਉਹ ਟੀਵੀ ਦੇਖ ਰਹੇ ਸਨ। ਮੈਂ ਸੋਚਿਆ ਇਹ ਤਾਂ ਹੁਣ ਐਮੇਜ਼ਾਨ ਦਾ ਪੈਕਟ ਹੀ ਆਇਆ ਹੋਵੇਗਾ। ਮੈਂ ਬੜੇ ਕਨਫੀਡੈਂਸ ਨਾਲ ਬੂਹਾ ਖੋਹਲਿਆ ਤਾਂ ਅੱਗੇ ਉਹੀ ਔਰਤ ਖੜ੍ਹੀ ਸੀ। ਬੋਲੀ, “ਮੈਂ ਜਾ ਕੇ ਆਪਣਾ ਮੇਲ ਬਾਕਸ ਚੈਕ ਕੀਤਾ ਇਹ ਆਇਆ ਪਿਆ ਸੀ। ਲੈ ਲਓ। ਇਸ ਨੂੰ ਫਿੱਟ ਕਰਨ ਲਈ ਹੈਂਡੀਮੈਨ ਦੀ ਵੀ ਲੋੜ ਨਹੀਂ। ਤੁਸੀਂ ਆਪ ਹੀ ਫਿੱਟ ਕਰ ਸਕਦੇ ਹੋ। ਬੱਚੇ ਜਿੰਨੀ ਮਰਜੀ ਕੋਸ਼ਿਸ਼ ਕਰਨ ਬੂਹੇ ਦਾ ਹੈਂਡਲ ਨਹੀਂ ਘੁਮਾ ਸਕਣਗੇ।"
ਮੇਰੀ ਗੁਰੂਆਂ ਪੀਰਾਂ ਤੇ ਰਿਸ਼ੀਆਂ ਮੁਨੀਆਂ ਦੀ ਧਰਤੀ ਤੋਂ ਨਾਲ ਲਿਆਂਦੀ ਸੋਚ ਦੇ ਸਾਰੇ ਪਾਸੇ ਉਲਟੇ ਵੱਜ ਗਏ। ਇਸ ਤੋਂ ਪਹਿਲਾਂ ਕਿ ਮੈਂ ਉਸ ਦੇ ਜੰਤਰ ਨੂੰ ਰੱਖਣ ਜਾਂ ਮੋੜਨ ਬਾਰੇ ਸੋਚਦਾ ਮੇਰੇ ਮੂੰਹੋਂ ਆਪ ਮੁਹਾਰੇ ਨਿਕਲਆ, “ਮੈਡਮ ਜੀ, ਕੀ ਤੁਹਾਡੇ ਜਿਹਾ ਹੋਰ ਵਿਅਕਤੀ ਇਸ ਦੁਨੀਆਂ ਵਿਚ ਹੈ?” ਉਹ ਸੰਜਮੀ ਮੁਸਕਾਨ ਵਰਤ ਕੇ ਬੋਲੀ, "ਹਾਂ ਬਹੁਤ ਹਨ, ਕਿਉਂ?” ਮੈਂ ਭਾਵੁਕ ਹੋ ਕੇ ਬੋਲਿਆ, “ਪਰ ਜਿੱਥੋਂ ਮੈਂ ਆਇਆ ਹਾਂ ਉੱਥੇ ਤਾਂ ਇਕ ਵੀ ਨਹੀਂ। ਉੱਥੇ ਤਾਂ ਬੱਚੇ ਨੂੰ ਇੱਕਲਾ ਦੇਖ ਕੇ ਚੁੱਕ ਲੈ ਜਾਂਦੇ ਹਨ, ਹਸਪਤਾਲੋਂ ਹੀ ਚੋਰੀ ਕਰ ਕੇ ਅੱਗੇ ਵੇਚ ਦਿੰਦੇ ਹਨ। ਗਲੋਂ ਚੇਨ ਹੱਥੋਂ ਕੜੇ ਕੱਢ ਲੈਂਦੇ ਹਨ। ਹੋਰ ਨਹੀਂ ਤਾਂ ਵਾਲਾਂ ਦੀ ਲਿਟ ਜਾਂ ਝੱਗੇ ਦੀ ਕੰਨੀ ਕੁਤਰ ਲੈਂਦੇ ਹਨ। ਇਕ ਤੁਸੀਂ ਹੋ ਜੋ ਸਾਡੇ ਬੱਚਿਆਂ ਦੀ ਹਿਫਾਜ਼ਤ ਲਈ ਵੀਹ ਡਾਲਰਾਂ ਦਾ ਤਾਲਾ ਪੱਲਿਓਂ ਮੰਗਵਾ ਕੇ ਦੇ ਰਹੇ ਹੋ!"
ਉਸ ਗੋਰੀ ਨੇ ਮੇਰੀ ਕਹੀ ਗੱਲ ਨੂੰ ਚਰਚਾ ਦਾ ਵਿਸ਼ਾ ਨਹੀਂ ਬਣਾਇਆ। ਉਹ ਆਪਣੇ ਕੀਤੇ ਨੂੰ ਆਪਣਾ ਫਰਜ ਦੱਸ ਕੇ ਚਲੀ ਗਈ। ਮੈਂ ਉਸ ਦਾ ਜਾਂਦੀ ਦਾ ਇਕ ਹੋਰ ਧੰਨਵਾਦ ਕੀਤਾ।
ਭਾਵੇਂ ਮਿੰਨੀ ਕਹਾਣੀ ਸ਼ਬਦ ਦੀ ਵਰਤੋਂ ਨਾਲ ਮੇਰੇ ਇਕ ਸਾਹਿਤਕਾਰ ਹੋਣ ਦਾ ਭੁਲੇਖਾ ਪਵੇ ਪਰ ਮੈਂ ਕੋਈ ਸਾਹਿਤਕਾਰ ਹਾਂ ਨਹੀਂ। ਇਹ ਤਾਂ ਇਕ ਸੱਚੀ ਘਟਨਾ ਹੈ ਜਿਸ ਨੂੰ ਮੈਂ ਹੁ-ਬਹੂ ਬਿਆਨ ਕੀਤਾ ਹੈ ਜੋ ਕੋਈ ਵੀ ਕਰ ਸਕਦਾ ਹੈ। ਗਲਪ ਤਾਂ ਨਾ ਮੈਂ ਲਿਖ ਸਕਦਾ ਹਾਂ ਤੇ ਨਾਂ ਹੀ ਕਦੇ ਲਿਖਾਂਗਾ। ਉਂਜ ਮੈਂ ਗਲਪ ਦਾ ਕਦਰਦਾਨ ਹਾਂ ਕਿਉਂਕਿ ਸੰਸਾਰ ਦੇ ਸਭ ਉੱਘੇ ਗਲਪਕਾਰਾਂ ਦੀਆਂ ਕ੍ਰਿਤੀਆਂ ਨੂੰ ਮੈਂ ਪੜ੍ਹਿਆ ਹੈ ਤੇ ਅੱਜ ਜੋ ਕੁਝ ਹਾਂ ਬਹੁਤਾ ਉਨ੍ਹਾਂ ਦੇ ਪਰਭਾਵ ਦੀ ਬਦੌਲਤ ਹੀ ਹਾਂ। ਇਹ ਟਿੱਪਣੀ ਮੈਂ ਇਸ ਲਈ ਕੀਤੀ ਹੈ ਕਿਉਂਕਿ ਜੋ ਮੈਂ ਕਹਿਣਾ ਚਾਹੁੰਦਾ ਹਾਂ ਉਹ ਮਿੰਨੀ ਕਹਾਣੀ ਦੇ ਸੰਚੇ ਤੋ ਬਾਹਰ ਡੁਲਦਾ ਹੈ।
ਉਸ ਔਰਤ ਦੇ ਜਾਣ ਮਗਰੋਂ ਮੈਂ ਸੋਚਦਾ ਰਿਹਾ ਕਿ ਕੋਈ ਫਰਕ ਤਾਂ ਹੋਵੇਗਾ ਇਨਾਂ ਲੋਕਾਂ ਤੇ ਸਾਡੇ ਲੋਕਾਂ ਵਿਚ। ਇਕ ਪਾਸੇ ਅਸੀਂ ਹਾਂ ਜੋ ਸਰਬੱਤ ਦਾ ਭਲਾ, ਚੜ੍ਹਦੀਕਲਾ, ਮਨੁੱਖੀ ਭਾਈਵਾਲਤਾ ਤੇ ਪਰਮਾਰਥ ਤੇ ਹੋਰ ਸੌ ਸੌ ਪਰਕਾਰ ਦੀਆਂ ਗੱਲਾਂ ਕਰਦੇ ਹਾਂ। ਅਣਗਿਣਤ ਅਖੰਡ ਪਾਠ, ਨਿੱਤ ਨੇਮ ਤੇ ਸ਼ਬਦ ਕੀਰਤਨ ਪੜਦੇ ਸੁਣਦੇ ਹਾਂਪ ਸਵਾਸ ਸਵਾਸ ਸਿਮਰਨ ਤੇ ਜੋਰ ਦਿੰਦੇ ਹਾਂ। ਅਨੇਕਾਂ ਵਾਰ ਧੂਪ-ਬੱਤੀਆਂ,ਆਰਤੀਆਂ, ਮੱਥੇ, ਚੜਾਵੇ ਕਰਦੇ ਤੇ ਭੋਗ ਲਵਾਉਂਦੇ ਹਾਂ। ਅੰਮਰਤ, ਕਕਾਰ, ਰਹਿਤ ਮਰਿਆਦਾਵਾਂ ਆਦਿ ਹੰਢਾਉਂਦੇ ਹਾਂ। ਇਸ ਉਪਰ ਦੋ ਦੋ ਵਾਰ ਫ੍ਰੀ ਸਰਕਾਰੀ ਗੱਡੀਆਂ ਵਿਚ ਗੁਰਧਾਮਾਂ ਤੇ ਤੀਰਥ ਅਸਥਾਨਾਂ ਤੇ ਦਰਸ਼ਨ ਦੀਦਾਰ ਕਰਦੇ ਹਾਂ। ਹੋਰ ਉਪਰ ਇਹ ਕਿ ਸਮੇਂ ਸਮੇਂ ਤੇ ਇੰਡੀਆ ਤੋਂ ਆਏ ਸਾਧ ਸੰਤ, ਭਾਈ, ਰਾਗੀ, ਢਾਡੀ, ਪਾਠੀ, ਸਿੰਘ ਸਾਹਿਬਾਨ ਤੇ ਬੇਅੰਤ ਮਿਸ਼ਨਰੀ ਅਮਲਾ ਫੇਲਾ ਸਾਡੀ ਓਰੀਆਂਟਲ ਸਮਝ ਨੂੰ ਪਾਲਸ਼ ਕਰ ਕਰ ਜਾਂਦੇ ਹਨ। ਪਰ ਇੰਨਾ ਕੁਝ ਕਰ ਕੇ ਵੀ ਅਸੀਂ ਵੀ ਅਸਲ ਮਾਨਵਤਾ ਤੇ ਪ੍ਰਮਾਰਥ ਦੀ ਜੂਹ ਤੀਕਰ ਨਹੀਂ ਅਪੜ ਸਕੇ। ਦੂਜੇ ਪਾਸੇ ਉਹ ਹਨ ਜੋ ਬਿਨਾਂ ਅਜਿਹਾ ਕੁਝ ਵੀ ਕੀਤੇ ਤੇ ਬਿਨਾਂ ਅਗਲੇ ਦੀ ਜਾਤ ਗੋਤ ਪੁੱਛੇ, ਸੁਤੇ ਸੁਧ ਹੀ ਮਾਨਵੀ ਕਦਰਾਂ ਕੀਮਤਾਂ ਬਿਖੇਰਦੇ ਤੇ ਮਾਣਦੇ ਜਾਂਦੇ ਹਨ।
ਇਕ ਅਸੀਂ ਹਾਂ ਜੋ ਆਪਣੇ ਭਲੇ ਲਈ ਧਾਰਮਿਕ ਅਸਥਾਨਾਂ ਵਿਚ ਅਰਦਾਸਾਂ ਕਰਦੇ ਹਾਂ ਤੇ ਅਨੰਤ ਮਾਇਆ ਭੇਂਟ ਕਰਦੇ ਹਾਂ। ਪਰ ਬਾਹਰ ਕਿਸੇ ਗਰੀਬ ਨੂੰ ਦੋ ਆਨੇ ਦੇਣ ਵੇਲੇ ਦਸ ਵਾਰ ਸੋਚਦੇ ਹਾਂ ਕਿ ਕਿਤੇ ਇਹ ਫਲਾਂ ਜਾਤ, ਫਲਾਂ ਧਰਮ, ਫਲਾਂ ਦੇਸ ਜਾਂ ਫਲਾਂ ਨਸਲ ਦਾ ਤਾਂ ਨਹੀ। ਅਸੀਂ ਦੇਖਦੇ ਹਾਂ ਕਿ ਸਾਡੇ ਤੁੱਛ ਦਾਨ ਦਾ ਪਾਤਰ ਕਿਤੇ ਕੋਈ ਕੰਮਚੋਰ, ਕਮੀਣ ਜਾਂ ਧੋਖੇਬਾਜ ਤਾਂ ਨਹੀਂ। ਕਿਤੇ ਉਹ ਅਪਾਹਜ ਬਣਿਆ ਹੱਟਾ-ਕੱਟਾ ਕੰਮ ਚੋਰ ਤਾਂ ਨਹੀਂ, ਕੋਈ ਬਾਹਰੋਂ ਆਇਆ ਬਈਆ ਜਾਂ ਬੰਗਲਾ ਦੇਸੀ ਤਾਂ ਨਹੀਂ, ਜਾਂ ਅਧੀਏ ਪਊਏ ਦਾ ਕੋਈ ਕੰਗਾਲ ਜੁਗਾੜੀ ਤਾਂ ਨਹੀਂ। ਜੇ ਉਹ ਕੁਝ ਵੀ ਅਜਿਹਾ ਨਾ ਨਿਕਲੇ, ਦਿੰਦੇ ਅਸੀਂ ਤਾਂ ਵੀ ਕੁਝ ਨਹੀਂ ਤੇ ਇਹ ਸੋਚ ਕੇ ਪੈਸੇ ਮੋੜ ਜੇਬ ਵਿਚ ਪਾ ਲੈਂਦੇ ਹਾਂ ਕਿ ਮੱਨੁਖ ਵਿਸੇਸ਼ ਨੂੰ ਦੇਣ ਦੀ ਥਾਂ ਕਿਸੇ ਧਰਮ ਅਰਥ ਸੰਸਥਾ ਨੂੰ ਦੇਵਾਂਗੇ ਜੋ ਸਾਡੀ ਦਸਾਂ ਨਹੁੰਆਂ ਦੀ ਕਿਰਤ ਕਮਾਈ ਨੂੰ ਵਧੇਰੇ ਕੁਸ਼ਲਤਾ ਨਾਲ ਇਸ ਦੇ ਸਹੀ ਹੱਕਦਾਰ ਕੋਲ ਪਹੁੰਚਾ ਦੇਵੇਗੀ। ਪਰ ਅਜਿਹੀ ਸੰਸਥਾ ਦਾ ਅਸੀਂ ਕਦੇ ਮੂੰਹ ਵੀ ਨਹੀਂ ਦੇਖਦੇ। ਦੂਜੇ ਪਾਸੇ ਉਹ ਹਨ ਜੋ ਇਨਸਾਨ ਤੇ ਇਨਸਾਨ ਦੀ ਲੋੜ ਨੂੰ ਦੇਖਦਿਆਂ ਫੌਰੀ ਤੇ ਨਿ-ਸਵਾਰਥ ਸਹਾਇਤਾ ਕਰ ਦਿੰਦੇ ਹਨ।
ਸਾਡੇ ਇਸ ਪਖੰਡੀ, ਵਹਿਮੀ, ਨਘੋਚੀ ਤੇ ਦੰਭੀ ਕਿਰਦਾਰ ਦਾ ਜੋ ਆਧਾਰ ਹੈ ਅਸੀਂ ਉਸ ਨੂੰ ਲੱਭ ਕੇ ਖਤਮ ਕਰਨ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ?
No comments:
Post a Comment