ਧਰਮੁ ਪੰਖ ਕਰਿ ਉਡਰਿਆ
ਡਾ: ਗੋਬਿੰਦਰ ਸਿੰਘ ਸਮਰਾਓ
ਅੱਜ ਜਦੋਂ ਮੈਂ ਇਹ ਸਤਰਾਂ ਲਿਖ ਰਿਹਾ
ਹਾਂ, ਉਦੋਂ ਕਿਤੇ ਨਾ
ਕਿਤੇ ਕੋਈ ਸਿੱਖ ਸੰਗਤ ਕਿਸੇ ਨਾ ਕਿਸੇ ਸੰਤ ਨੂੰ ਸਨਮਾਨਿਤ ਕਰ ਰਹੀ ਹੋਵੇਗੀ ਅਤੇ ਕਿਸੇ ਨਾ ਕਿਸੇ
ਅਖ਼ਬਾਰ ਵਿਚ ਕਿਸੇ ਨਾ ਕਿਸੇ ਸੰਤ ਦੀ ਮਹਿਮਾ ਭਰਪੂਰ ਫੋਟੋ ਛਪ ਰਹੀ ਹੋਵੇਗੀ। ਇਸ ਦੇ ਨਾਲ ਹੀ ਉਸੇ
ਅਖ਼ਬਾਰ ਵਿਚ ਹੀ ਕਿਸੇ ਨਾ ਕਿਸੇ ਸਿੱਖ ਬੁਧੀਜੀਵੀ ਜਾਂ ਬੁਧੀਜੀਵੀਕਾ ਦਾ ਸੰਤ ਪ੍ਰਥਾ ਖਿਲਾਫ ਭੰਡੀ
ਪ੍ਰਚਾਰ ਦਾ ਲੇਖ਼ ਵੀ ਛੱਪ ਰਿਹਾ ਹੋਵੇਗਾ। ਕਈ ਇਸਤਰੀ ਪੱਖੀ ਸੁਧਾਰਵਾਦੀ ਲਿਖਾਰੀ ਤਾਂ ਇਹਨਾਂ
ਸੰਤਾਂ ਦੇ ਡੇਰਿਆਂ ਵਿਚ ਹੋ ਰਹੇ ਨਾਰੀ ਸ਼ੋਸ਼ਣ ਦੀ ਗੱਲ ਲੈ ਕੇ ਲੰਮੀ ਚਰਚਾ ਵੀ ਤੋਰ ਰਹੇ ਹੋਣਗੇ ਤੇ
ਪੁੱਛ ਰਹੇ ਹੋਣਗੇ ਕਿ ਸਾਡੀਆਂ ਧੀਆਂ ਭੈਣਾਂ ਆਖਰ ਉਥੇ ਕੀ ਲੈਣ ਜਾਂਦੀਆਂ ਹਨ। ਭਾਵੇਂ ਸਮੂਚਾ ਸਿੱਖ
ਜਗਤ ਡੇਰੇਦਾਰ ਸੰਤਾਂ ਦੇ ਮਸਲੇ ਵਿਚ ਦੋਚਿਤੀ ਵਿਚ ਹੈ ਪਰ ਸਮਾਜਕ ਤੇ ਇਤਿਹਸਕ ਸਮਝ ਵਾਲੇ
ਵਿਦਵਾਨਾਂ ਤੋਂ ਇਸ ਪ੍ਰਥਾ ਦੇ ਭੇਦ ਛਿਪੇ ਨਹੀਂ ਹੋਣੇ। ਉਹ ਫਿਰ ਵੀ ਹੈਰਾਨ ਹਨ ਕਿ ਲੋਕ ਸੰਤਾਂ
ਮਗਰ ਕਿਉਂ ਲਗਦੇ ਹਨ।
ਸਭ ਜਾਣਦੇ ਹਨ ਕਿ ਗੁਰੂ ਨਾਨਕ ਦੇਵ ਨੇ
ਆਪਣੀ ਬਾਣੀ ਵਿਚ ਆਪਣੇ ਸਮੇਂ ਦੇ ਡੇਰੇਦਾਰਾਂ, ਸੰਤਾਂ, ਮਹੰਤਾਂ, ਨਾਥ ਜੋਗੀਆਂ ਤੇ ਬ੍ਰਾਹਮਣੀ ਸ਼ਫਾਂ ਦੀ ਕਰੜੀ ਅਲੋਚਨਾ ਕੀਤੀ ਸੀ ਜਿਸ
ਕਾਰਣ ਸਿੱਖਾਂ ਵਿਚ ਇਹਨਾਂ ਅਨਸਰਾਂ ਦਾ ਕੋਈ ਬਹੁਤਾ ਮਾਨ ਸਨਮਾਨ ਨਹੀਂ ਸੀ ਰਿਹਾ। ਪਰ ਜਦੋਂ
ਪੰਜਵੇਂ ਪਾਤਸ਼ਾਹ ਨੇ ਆਪਣੇ ਸਬੰਧੀਆਂ ਵਲੋਂ ਗੁਰੂ ਘਰ ਤੇ ਕਬਜੇ ਸਬੰਧੀ ਵਰਤੇ ਹਰਬਿਆਂ ਦੇ ਸੰਧਰਭ
ਵਿਚ ਸੱਚ ਕੱਚ ਦੀ ਪਹਿਚਾਣ ਕਰਾਉਂਦਿਆਂ ਸੁਖਮਨੀ ਸਾਹਿਬ ਵਿਚ ਬ੍ਰਹਮਗਿਆਨੀ, ਸੰਤ ਅਤੇ ਸਾਧ ਆਦਿ ਆਦਰਸ਼ਾਂ ਦੀ ਮਹਿਮਾ
ਕੀਤੀ ਤਾਂ ਬਹੁਤੇ ਸਿੱਖ ਇਹ ਨਾ ਸਮਝ ਸਕੇ ਕਿ ਇਹਨਾਂ ਆਦਰਸ਼ਾਂ ਦੀ ਪ੍ਰੀਭਾਸ਼ਾ ਵਿਚ ਕੇਵਲ ਗੁਰੁ
ਸਾਹਿਬਾਨ ਜਿਹੇ ਬਹੁਪ੍ਰਤਿਭਾਵਾਨ ਮਹਾਂਗਿਆਨੀ ਹੀ ਸਮਾਉਂਦੇ ਸਨ, ਕੋਈ ਹੋਰ ਨਹੀਂ। ਇਸ ਲਈ ਉਹਨਾਂ ਲਈ ਗੁਰੂ ਘਰ ਤੋਂ ਬਾਹਰ ਵੀ ਅਜਿਹੇ
ਵਿਅਕਤੀਆਂ ਨੂੰ ਸੰਤ ਵਜੋਂ ਪਰਵਾਨ ਕਰਨ ਦਾ ਰਾਹ ਖੁਲ ਗਿਆ। ਗੁਰੂ ਕਾਲ ਵਿਚ ਤਾਂ ਗੁਰੂ ਸਾਹਿਬਾਨ ਦੇ
ਪ੍ਰਭੁਤਵ ਕਾਰਣ ਸੰਤ ਪ੍ਰਥਾ ਸਿਰ ਨਾ ਚੁੱਕ ਸਕੀ ਪਰ ਗੁਰੂ ਗੋਬਿੰਦ ਸਿੰਘ ਰਾਹੀਂ ਗੁਰੂ ਗ੍ਰੰਥ
ਸਾਹਿਬ ਨੂੰ ਗੁਰਗੱਦੀ ਸੌਂਪਣ ਉਪਰੰਤ ਇਸ ਦੇ ਵਧਣ ਫੁਲਣ ਲਈ ਮਹੌਲ ਸੁਖਾਵਾਂ ਬਣ ਗਿਆ। ਸਿੰਘ ਸਭਾ
ਦੌਰ ਵਿਚ ਜਦੋਂ ਗੁਰਬਾਣੀ ਦੇ ਪ੍ਰਚਾਰ ਦਾ ਰੁਝਾਨ ਵਧਿਆ ਤਾਂ ਕਈ ਸਿੱਖ ਪਰਚਾਰਕ ਇਸ ਮੈਦਾਨ ਵਿਚ
ਨਿੱਤਰੇ ਤੇ ਕਈਆਂ ਨੇ ਸੰਤ ਬਣ ਕੇ ਆਪਣੇ ਡੇਰੇ ਸਥਾਪਤ ਕਰ ਲਏ। ਸੁਤੰਤਰਤਾ ਪ੍ਰਾਪਤੀ ਉਪਰੰਤ ਪੰਜਾਬ
ਵਿਚ ਹਿੰਦੂ-ਸਿੱਖ ਖਿਚੋਤਾਣ ਵਧਣ ਤੇ ਵੋਟ-ਰਾਜਨੀਤੀ ਪ੍ਰਚਲਤ ਹੋਣ ਕਾਰਨ ਤਾਂ ਸੰਤ
ਖੂੰਬਾਂ ਵਾਂਗ ਪੈਦਾ ਹੋਣ ਲਗੇ। ਵੱਡੇ 2 ਸਿਆਸਤਦਾਨ ਤੇ ਰਾਜਸੀ ਲੀਡਰ ਇਹਨਾਂ ਦੇ ਡੇਰੇ ਜਾ 2 ਇਹਨਾਂ ਦੇ ਚਰਣੀ ਪੈਣ ਲਗੇ ਤੇ ਇਹਨਾਂ ਤੋਂ ਰਾਜਸੀ ਸੇਧ ਲੈਣ ਲਗੇ।
ਦੇਖਦੇ 2 ਇਹ ਰਾਜਨੀਤੀ ਵਿਚ ਛਾ ਗਏ ਤੇ ਰਾਜਸੀ ਪਾਰਟੀਆਂ ਦੇ ਅਹੁਦੇਦਾਰ ਬਣ ਗਏ। ਇਥੋਂ ਤਕ ਕਿ ਇਹਨਾ
ਤੋਂ ਬਗੈਰ ਸੂਬੇ ਦੀ ਰਾਜਨੀਤੀ ਚਲਣੀ ਹੀ ਔਖੀ ਹੋ ਗਈ। ਪਰ ਵਿਦਵਾਨ ਫਿਰ ਵੀ ਪੁੱਛਦੇ ਹਨ ਕਿ ਲੋਕ
ਇਹਨਾਂ ਕੋਲ ਕੀ ਕਰਨ ਜਾਂਦੇ ਹਨ?
ਸਭ ਨੂੰ ਪਤਾ ਹੈ ਕਿ ਅੱਜ ਇਹ ਸੰਤ ਚਿੱਟੇ
ਬਾਣੇ ਖਾਲਸਾਈ ਕਕਾਰਾਂ ਦਾ ਧਾਰਮਿਕ ਮਖੌਟਾ ਪਾ ਕੇ ਗਿਆਨ ਵਿਹੂਣੀ ਸੰਗਤ ਦਾ ਅਧਿਆਤਮਿਕ ਸ਼ੋਸ਼ਣ ਕਰਦੇ
ਹਨ। ਗੁਰੂ ਵਾਲੇ ਬਨਾਉਣ
ਦਾ ਪੱਜ ਲਾ ਕੇ ਭੋਲੇ ਭਾਲੇ ਸ਼ਰਧਾਵਾਨ ਲੋਕਾਂ ਨੂੰ ਆਪਣੇ ਮਗਰ ਲਾਉਂਦੇ ਹਨ। ਚੜ੍ਹਾਵੇ ਬਟੋਰਦੇ ਹਨ
ਤੇ ਸੰਸਥਾਵਾਂ ਚਲਾਉਂਦੇ ਹਨ। ਅੰਧਾ-ਧੁੰਦ ਅਮ੍ਰਿਤਪਾਨ ਕਰਾ ਕੇ ਆਪਣਾ ਪੱਕਾ ਵੋਟ-ਬੈਂਕ ਸਿਰਜਦੇ ਹਨ। ਚੋਣਾਂ ਵੇਲੇ ਰਣਨੀਤੀ ਘੜਕੇ ਸਰਗਰਮ ਰਾਜਸੀ ਖੇਡਾਂ ਖੇਡਦੇ ਹਨ। ਅੱਖ ਦੇ ਇਸ਼ਾਰੇ ਨਾਲ ਵੋਟਾਂ
ਦਾ ਮੂੰਹ ਪਲਟਾ ਕੇ ਵੱਡੀਆਂ 2 ਪਾਰਟੀਆਂ ਨੁੰ
ਪਿੱਠ ਪਰਨੇ ਸੁਟਦੇ ਹਨ। ਰਾਜ-ਸੱਤਾ ਨਾਲ ਨੇੜਤਾ
ਤੇ ਭਾਈਵਾਲੀ ਪੈਦਾ ਕਰਕੇ ਰਾਜਨੀਤਕ ਛਤਰੀ ਦਾ ਭਰਪੂਰ ਲਾਹਾ ਲੈਂਦੇ ਹਨ। ਅੰਤ ਨੂੰ ਮੀਰੀ ਪੀਰੀ ਦੀ
ਪੰਥਕ ਸਿਆਸਤ ਵਿਚ ਯੋਗਦਾਨ ਪਾ ਕੇ ਤਾਕਤ ਦਾ ਨਸ਼ਾ ਲੈਂਦੇ ਹਨ। ਹਰ ਹਰਬੇ ਨਵਾਂ ਕਰਿਸਮਾ ਕਰਦੇ ਹਨ
ਤੇ ਫਿਰ ਜਨਤਾ ਨੂੰ ਹੋਰ ਲੁਭਾਉਂਦੇ ਹਨ। ਅਜੇ ਵਿਦਵਾਨ ਪੁੱਛੀ ਜਾਂਦੇ ਹਨ ਕਿ ਸਾਡੇ ਲੋਕ ਉਨਾਂ ਕੋਲ
ਕੀ ਕਰਨ ਜਾਂਦੇ ਹਨ?
ਇਹ ਗੱਲ ਵੀ ਕਿਸੇ ਤੋਂ ਭੁਲੀ ਹੋਈ ਨਹੀਂ
ਕਿ ਅੱਜ ਕਲ ਦੇ ਇਹ ਸੰਤ ਸਰਦਾਰ ਸ਼ੋਭਾ ਸਿੰਘ ਦੇ ਚਿਤਰਾਂ ਵਿਚ ਦਿਤੇ ਗੁਰੂ ਸਾਹਿਬਾਨ ਦੇ ਵਸਤਰਾਂ
ਦੀ ਨਕਲ ਤੇ ਵਿਲਖਣ ਪਹਿਚਾਨ ਵਾਲੇ ਨਿਰਮਲ ਬਾਣੇ ਪਹਿਨਦੇ ਹਨ। ਦਸ਼ਮੇਸ਼ ਗੁਰੂ ਦੀ ਨਕਲ ਕਰਦਿਆਂ ਕਲਗੀਆਂ ਸਜਾਉਂਦੇ ਹਨ।ਅਲੀਸ਼ਾਨ ਅਧੁਨਿਕ
ਡੇਰਿਆਂ ਵਿਚ ਰਹਿੰਦੇ ਹਨ, ਦਰਬਾਰ
ਲਗਾਉਂਦੇ ਹਨ ਤੇ ਤਖਤਨੁਮਾ ਆਸਣਾਂ ਤੇ ਬੈਠਦੇ ਹਨ। ਔਰਤਾਂ ਮਰਦਾਂ, ਬੱਚਿਆਂ, ਲੀਡਰਾਂ ਤੇ
ਵੋਟਰਾਂ ਸਭ ਤੋਂ ਮੱਥੇ ਟਿਕਵਾਉਂਦੇ ਹਨ। ਭੌਰਿਆਂ ਤਹਿਖਾਨਿਆਂ ਵਿਚ ਐਸ਼ੀਆ ਵਿਸ਼ਰਾਮ ਫੁਰਮਾਉਂਦੇ ਹਨ, ਤੇ ਡੇਰਿਆਂ ਵਿਚ
ਹਰ ਤਰਾਂ ਦੀ ਨਾਦਰਸ਼ਾਹੀ ਵਰਤਾਉਂਦੇ ਹਨ। ਹਥਿਆਰਧਾਰੀ ਅੰਗ-ਰਖਿਅਕਾਂ ਦੇ ਘੇਰੇ ਵਿਚ ਰਹਿੰਦੇ ਹਨ, ਲਾਲ ਬੱਤੀਆਂ
ਵਾਲੇ ਅਤਿ-ਮਹਿੰਗੇ ਵਾਹਨਾਂ ਵਿਚ ਘੂੰਮਦੇ ਹਨ ਤੇ
ਧੌਂਸ ਜਮਾਉਣ ਲਈ ਹੈਲੀਕਾਪਟਰਾਂ ਵਿਚ ਉਡਦੇ ਹਨ। ਘਰ 2 ਚੇਲੇ ਭੇਜ ਕੇ ਹਾੜ੍ਹੀ ਸੌਣੀ ਜਬਰੀ ਉਗਰਾਹੀ ਕਰਵਾਉਂਦੇ ਹਨ। ਸ਼ਰਧਾਲੂਆਂ ਤੋਂ ਬਿਜਨਸ ਕਲਾਸ
ਹਵਾਈ ਟਿਕਟਾਂ ਦਾਨ ਲੈ ਕੇ ਵਿਦੇਸ਼ੀ ਦੌਰੇ ਕਰਦੇ
ਹਨ ਤੇ ਥਾਂ 2 ਘੁੰਮ ਕੇ ਡਾਲਰਾਂ-ਪੌਡਾਂ ਦੇ ਗੱਫੇ
ਬਟੋਰਦੇ ਹਨ। ਬਿਜਨਸ, ਘਰ, ਕੋਠੀਆਂ, ਜਮੀਨਾਂ ਤੇ ਹੋਰ ਜਾਇਦਾਦਾਂ ਖਰੀਦਦੇ ਹਨ। ਸਦਾ ਅੰਧ ਮਾਇਆ ਵਿਚ ਰਹਿੰਦੇ ਹਨ ਤੇ ਅੰਧ
ਮਾਇਆ ਦੀ ਖੁਲੀ ਨੁਮਾਇਸ਼ ਕਰਦੇ ਹਨ। ਅਜੇ ਵੀ ਕਈ ਧਰਮੀ ਕਾਲਮ-ਨਵੀਸ ਇਹ ਪੁੱਛਦੇ
ਹਨ ਕਿ ਲੋਕ ਉੱਥੇ ਕਿਉਂ ਜਾਂਦੇ ਹਨ?
ਸਭ ਨੇ ਵੇਖਿਆ ਹੈ ਕਿ ਇਹ ਡੇਰੇਦਾਰ ਆਪਣੇ
ਆਪ ਨੂੰ ਕਹਾਉਂਦੇ ਸੰਤ ਹਨ ਪਰ ਕਾਰਜਸ਼ੈਲੀ ਦੇਹਧਾਰੀ ਗੁਰੂਆਂ ਦੀ ਅਪਣਾਉਂਦੇ ਹਨ। ਜਲੂਸਾਂ ਵਿਚ ਜਾ
ਕੇ ਥਾਂ 2 ਦੀਵਾਨ ਸਜਾਉਂਦੇ ਹਨ। ਸੱਤ-ਪਕਵਾਨੀ ਦੇ ਲੰਗਰ ਲਾਉਂਦੇ ਹਨ। ਸ਼ਾਹੀ ਅੰਦਾਜ਼ ਵਿਚ ਪਰਗਟ ਹੋ ਕੇ
ਸੰਗਤਾਂ ਨੂੰ ਦਰਸ਼ਨ ਦੇਂਦੇ ਹਨ। ਡੇਰੇ ਮਾਰਕਾ ਸ਼ਰਬਤੀ ਅਮ੍ਰਿਤ ਛਕਾਉਂਏ ਹਨ। ਅੱਧ-ਮੀਟੀਆਂ ਅੱਖਾਂ ਨਾਲ ਅਸ਼ੀਰਵਾਦ ਦੇਂਦੇ ਹਨ। ਦਰ ਆਈਆਂ ਔਰਤਾਂ ਨੂੰ
ਦੁੱਧ-ਪੁੱਤ ਬਖ਼ਸ਼ਦੇ ਹਨ।
ਬੀਮਾਰਾਂ ਨੂੰ ਸਿਹਤ ਤੇ ਬੇਰੁਜ਼ਗਾਰਾਂ ਨੂੰ ਨੌਕਰੀਆਂ ਦਾ ਸਬਜ਼ਬਾਗ ਦਿਖਾਉਂਦੇ ਹਨ। ਵਿਦਿਆਰਥੀਆਂ
ਨੂੰ ਉਚ-ਵਿਦਿਆ ਤੇ
ਨੌਜਵਾਨਾਂ ਨੂੰ ਉਚ-ਅਹੁਦਿਆਂ ਦਾ ਵਿਸ਼ਵਾਸ਼ ਬੰਨਾਉਂਦੇ ਹਨ।
ਦੁਖੀਆਂ ਨੂੰ ਫ਼ਰਜ਼ੀ ਢਾਰਸ ਦੇਂਦੇ ਹਨ। ਵਿਦੇਸ਼ ਜਾਣ ਦੇ ਚਾਹਵਾਨਾਂ ਤੋ ਵੱਡੀਆਂ ਕੀਮਤਾਂ ਪ੍ਰਾਪਤ
ਕਰ ਕੇ ਤਿਮਾਹੀ ਜਥਿੱਆਂ ਨਾਲ ਕਬੂਤਰ ਬਣਾਉਂਦੇ ਹਨ। ਗੱਲ ਕੀ ਆਸ਼ੀਰਵਾਦਾਂ ਨਾਲ ਜਣੇ ਖਣੇ ਦਾ ਘਰ
ਨੌਂ ਨਿੱਧੀਆਂ ਅਠਾਰਾਂ ਸਿੱਧੀਆਂ ਨਾਲ ਭਰਦੇ ਹਨ। ਗੁਰਬਤ, ਅਗਿਆਨਤਾ ਤੇ
ਮਜ਼ਬੂਰੀ ਦੇ ਮਾਰੇ ਲੋਕਾਂ ਦੀ ਇਹ ਲੋੜ ਹਨ ਤੇ ਲੋਕ ਇਹਨਾਂ ਦੀ ਲੋੜ ਹਨ। ਫਿਰ ਵੀ ਫ਼ਾਜ਼ਲ ਲੇਖਕ
ਪੁੱਛਦੇ ਹਨ ਕਿ ਲੋਕ ਹੁਮ ਹੁਮਾ ਕੇ ਇਹਨਾਂ ਦੇ
ਡੇਰੇ ਕੀ ਲੈਣ ਜਾਂਦੇ ਹਨ?
ਆਮ ਦੇਖਣ ਵਿਚ ਆਉਂਦਾ ਹੈ ਕਿ ਦੇਸੀ ਘਿਓ
ਨਾਲ ਚੋਂਦੀਆਂ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਖਾ 2 ਪਲੇ ਇਹ ਸੰਤ ਬਾਣੀ
ਦੀ ਤੋੜ ਮ੍ਰੋੜ ਕੇ ਵਿਆਖਿਆ ਕਰਦੇ ਹਨ। ਨੌਜਵਾਨਾਂ ਨੂੰ ਸੰਪਰਦਾਇਕਤਾ, ਸੰਕੀਰਣਤਾ, ਹਿੰਸਾ ਤੇ ਖਾਹਮਖਾਹ ਕੁਰਬਾਨੀ ਦੀ ਪੱਟੀ
ਪੜਾਉਂਦੇ ਹਨ। ਆਪ ਪਿੱਛੇ ਰਹਿ ਕੇ ਜਵਾਨ ਪੀੜ੍ਹੀਆਂ ਨੂੰ ਸਮੇਂ ਦੀਆਂ ਸਰਕਾਰਾਂ ਨਾਲ ਭਿੜਨ ਦੀ ਸ਼ਹਿ
ਦੇਂਦੇ ਹਨ। ਨੌਜਵਾਨਾਂ ਨੂੰ ਗੋਲੀ ਦੀ ਬਲੀ ਚੜ੍ਹਨ ਲਈ ਪ੍ਰੇਰਦੇ ਹਨ ਤੇ ਆਪ ਪੁਲਸ ਤੇ ਪ੍ਰਸ਼ਾਸ਼ਨਿਕ
ਅਧਿਕਾਰੀਆਂ ਤੋਂ ਸਲਾਮਾਂ ਲੈਂਦੇ ਹਨ। ਵੱਡੇ 2 ਰਾਜਨੀਤਕ ਨੇਤਾ
ਪ੍ਰੀਵਾਰਾਂ ਸਮੇਤ ਇਹਨਾਂ ਦੀ ਚੌਕੀ ਭਰਦੇ ਹਨ। ਚੰਗੇ ਭਲੇ ਬੰਦੇ ਦੀ ਬਾਂਹ ਮ੍ਰੋੜਨ ਵਾਲੇ ਸ਼੍ਰੋਮਣੀ
ਕਮੇਟੀ ਤੇ ਅਕਾਲ਼ ਤਖ਼ਤ ਇਹਨਾਂ ਤੋਂ ਦੂਰੋਂ ਪਾਸਾ ਵੱਟਦੇ ਹਨ। ਸਰਕਾਰੇ ਦਰਬਾਰੇ ਇਹਨਾਂ ਦੀਆਂ
ਸਲਿਪਾਂ ਦੇ ਹਵਾਲੇ ਚਲਦੇ ਹਨ। ਗ੍ਰਿਹਸਤ ਤਿਆਗ ਇਹ ਸੰਤ ਸ਼ਾਹੀ ਠਾਠ ਨਾਲ ਜਿਉਂਦੇ ਹਨ ਤੇ ਗਲੈਮਰ
ਨਾਲ ਰਹਿੰਦੇ ਹਨ। ਪਰ ਵਿਦਵਾਨ ਫਿਰ ਵੀ ਪੁੱਛਦੇ ਦੇ ਹਨ ਕਿ ਨੌਜਵਾਨ ਲੜਕੇ ਲੜਕੀਆਂ ਆਖਰ ਇਹਨਾਂ ਦੇ
ਡੇਰੇ ਕੀ ਕਰਨ ਜਾਂਦੇ ਹਨ?
ਮੈਂ ਤੀਹ ਸਾਲ ਕਾਲਜਾਂ ਯੂਨੀਵਰਸਿਟੀਆਂ
ਵਿਚ ਪੜ੍ਹਾਇਆ ਹੈ। ਹਜਾਰਾਂ ਦੀ ਗਿਣਤੀ ਵਿਚ ਵਿਦਿਆਰਾਥੀ ਮੇਰੇ ਸੰਪਰਕ ਵਿਚ ਆਏ ਹਨ। ਇਹਨਾਂ ਵਿਚ
ਕਈ ਐਮ ਫਿੱਲ ਤੇ ਪੀ ਐਚ ਡੀ ਕਰਨ ਵਾਲੇ ਸਕੂਲਾਂ ਕਾਲਜਾਂ ਦੇ ਅਧਿਆਪਕ ਤੇ ਪ੍ਰਿੰਸਿਪਲ ਵੀ ਸਨ। ਪਰ
ਮੈਂ ਸੌਂਹ ਖਾ ਕੇ ਕਹਿੰਦਾ ਹਾਂ ਕਿ ਕਿਸੇ ਇਕ ਨੇ ਵੀ ਕਦੇ ਗਿਆਨ ਦੀ ਗੱਲ ਸਮਝਣ ਸਮਝਾਉਣ ਲਈ ਮੇਰੇ
ਨਾਲ ਸੰਪਰਕ ਨਹੀਂ ਕੀਤਾ। ਸਾਰੇ ਹੀ ਘੱਟ ਮਿਹਨਤ ਨਾਲ ਵਧੇਰੇ ਅੰਕ ਪ੍ਰਾਪਤ ਕਰਨ ਦੇ ਨੁਕਤੇ ਭਾਲਦੇ
ਸਨ। ਜੀਵਨ ਵਿਚ ਸ਼ਾਰਟ ਕੱਟ ਭਾਲਣ ਵਾਲੇ ਇੱਦਾਂ ਦੇ ਹੀ ਵਿਅਕਤੀ ਸਮਾਜ ਵਿਚ ਵਿਚਰਦੇ ਹਨ। ਇਹਨਾਂ
ਵਰਗੇ ਹੀ ਲੋਕ ਸਾਧਾਂ ਸੰਤਾ ਵਿਚ ਹਨ ਤੇ ਇਹਨਾਂ ਵਰਗੇ ਹੀ ਸ਼ਰਧਾਲੂਆਂ ਵਿਚ। ਫਿਰ ਇਹਨਾਂ ਅਭਿਲਾਸ਼ਾ-ਰਹਿਤ ਲੋਕਾਂ ਕੋਲੋਂ ਗਿਆਨ ਧਿਆਨ ਦੀ ਕੀ ਆਸ ਹੋ ਸਕਦੀ ਹੈ? ਇਹ ਤਾਂ ਸ਼ਾਰਟ-ਕੱਟ ਮਾਰਕੇ ਆਪਣਾ
ਕੰਮ ਕਢਣਾ ਨੂੰ ਹੀ ਗਿਆਨ ਜਾਣਦੇ ਹਨ। ਸ਼ਰਧਾਲੂ ਪੈਸਾ ਦੇ ਕੇ ਸ਼ਰਧਾ ਦਾ ਦਿਖਾਵਾ ਕਰਦੇ ਹਨ ਤੇ ਸੰਤ
ਪੈਸਾ ਵੇਖ ਕੇ ਪਰਉਪਕਾਰ ਕਰਦੇ ਹਨ। ਦੋਵੇਂ ਧਿਰਾਂ ਪਾਖੰਡ ਤੇ ਆਡੰਬਰ ਦੇ ਸਹਾਰੇ ਖੜੀਆਂ ਹਨ। ਗੁਰੂ
ਨਾਨਕ ਦੇਵ ਨੇ ਅਜੇਹੇ ਲੋਕਾਂ ਦੀਆਂ ਪ੍ਰਾਪਤੀਆਂ ਦਾ ਲੇਖਾ ਜੋਖਾ ਕਰ ਕੇ ਹੀ ਲਿਖਿਆ ਸੀ:
ਗਿਆਨ ਖੰਡ ਮਹਿ
ਗਿਆਨ ਪ੍ਰਚੰਡ। ਤਿਥੈ ਨਾਦਿ ਬਿਨੋਦ ਕੋਡ ਅਨੰਦ।
(ਇਸ ਧਰਤੀ ਧਰਮਸਾਲ
ਦੇ ਗਿਆਨ ਦੇ ਖਾਨੇ ਵਿਚ ਗਿਆਨ ਨੇ ਪ੍ਰਚੰਡ ਜਾਂ ਉੱਗਰ-ਅਦਾਕਾਰੀ ਰੂਪ
ਧਾਰਨ ਲਿਆ ਹੈ। ਇਸ ਦੀ ਥਾਂ ਹੁਣ ਗਾਉਣ-ਬਜਾਉਣ, ਮਨੋਰੰਜਨ, ਕੌਤਕ ਤੇ ਮੌਜ
ਮੇਲੇ ਨੇ ਲੈ ਲਈ ਹੈ।)
ਅਜ ਵੀ ਸਭ ਕੁਝ ਉਵੇਂ ਦਾ ਉਵੇਂ ਹੀ ਹੈ।
ਜੀਵਨ ਸਫਲਾ ਕਰਨ ਲਈ ਗਿਆਨ ਦੇ ਜਿਹੋ ਜਿਹੇ ਸ਼ਾਰਟ-ਕਟ ਸ਼ਰਧਾਲੂਆ ਨੂੰ
ਲੋੜੀਂਦੇ ਹਨ ਉਹੋ ਜਿਹੇ ਹੀ ਸੰਤ ਲੋਕ ਆਪਣੇ ਡੇਰਿਆਂ ਵਿਚ ਪ੍ਰਦਾਨ ਕਰਦੇ ਹਨ। ਸਭ ਕੁਝ ਜਾਣਦੇ ਹੋਏ
ਗਿਆਨੀ ਹਾਲੇ ਵੀ ਪੁੱਛੀ ਜਾਂਦੇ ਹਨ ਕਿ ਪ੍ਰੀਵਾਰਾਂ ਦੇ ਪ੍ਰੀਵਾਰ ਸੰਤਾਂ ਦੇ ਡੇਰੇ ਕੀ ਕਰਨ ਜਾਂਦੇ
ਹਨ?
ਗੁਰੂ ਸਾਹਿਬ ਨੇ ੴ ਸਤਿਨਾਮ ਲਿਖ ਕੇ ਦਸਿਆ ਸੀ ਕਿ ਸਮੂਚੇ ਬ੍ਰਹਮੰਡ ਦੇ ਸੱਚ
ਦਾ ਨਾਂ ੴ ਹੈ। ਭਾਵ ਇਹ ਸੱਚ ਗੱਲੀਂ ਬਾਤੀਂ ਨਹੀਂ, ਵਿਗਿਆਨਕ ਵਿਧੀ ਰਾਹੀਂ ਜਾਣਿਆ ਜਾਵੇਗਾ। ਵਿਗਿਆਨ ਤਰਕ-ਸੰਗਤ ਹੈ। ਸਭ ਵਿਗਿਆਨਾਂ ਵਿਚ ਵਧੇਰੇ ਤਰਕ-ਸੰਗਤ ਵਿਗਿਆਨ ਗਣਿੱਤ ਹੈ। ਗਣਿੱਤ ਦੇ ਤਿੰਨ ਮੁੱਖ ਅੰਗ ਹਨ- ਅੰਕ ਗਣਿੱਤ, ਬੀਜ ਗਣਿੱਤ ਤੇ
ਰੇਖਾ ਗਣਿੱਤ। ਵਿਗਿਆਨ ਦੀਆਂ ਇਹਨਾਂ ਤਿੰਨਾਂ ਮੁੱਖ ਧਾਰਾਵਾਂ ਦੇ ਨੁਮਾਯਾ ਚਿੰਨਾਂ ੧ , ੳ ਤੇ (ਕਾਰ- ਭਾਵ ਲਾਈਨ) ਨੂੰ ਜੋੜ ਕੇ
ਉਹਨਾਂ ੴ ਦਾ ਮਿਸ਼ਰਿਤ ਚਿੰਨ ਘੜਿਆ ਸੀ। ਪਰ ਸਤਿ
ਦਾ ਇਹ ਨਾਮ ਸੰਤਾਂ ਮਹੰਤਾਂ ਤੇ ਗ੍ਰੰਥੀਆਂ ਦੀ ਸਮਝ ਵਿਚ ਨਾ ਆਇਆ। ਪੂਰੇ ਜਪੁਜੀ ਸਾਹਿਬ ਵਿਚ ਚਲਦੇ
ਵਿਗਿਆਨਕ ਪ੍ਰਵਾਹ ਤੋਂ ਵੀ ਉਹ ਅਨਜਾਣ ਰਹੇ। ਗੱਲੀਂ-ਬਾਤੀਂ ਰੱਬ ਪਾਉਣ
ਦਾ ਯਤਨ ਕਰਦੇ ਰਹੇ ਤੇ ਭਰਮਾਂ ਵਿਚ ਉਲਝਦੇ ਰਹੇ। ਕਈ ਤਾਂ ਓਹਲੇ ਪਰਦੇ ਨਾਲ ਸ਼ਰਧਾਲੂਆਂ ਨੂੰ ਗੁਪਤ
ਤੌਰ ਤੇ ਵੀ "ਨਾਮ" ਦੇ ਕੇ ਰੱਬ ਵੇਚਦੇ ਰਹੇ। ਵਿਗਿਆਨ ਦੇ ਰਸਤੇ ਚਲਦੇ ਵਿਗਿਆਨਕਾਂ ਨੇ "ਰੱਬੀ-ਕਣ" ਦੀ ਖੋਜ ਕਰ ਕੇ ਰੱਬੀ ਦਰਸ਼ਨ ਕਰਨ ਵਿਚ ਪਹਿਲ ਵੀ ਕਰ ਲਈ। ਪਰ ਇਹ
ਬੇਖਬਰ ਫਿਰ ਵੀ ਮੂੰਹ ਜਬਾਨੀ ਵਿਖਿਆਨ ਹੀ ਕਰਦੇ ਰਹੇ। ਸਾਇੰਸ ਦੀ ਇਸ ਉਪਲਭਦੀ ਨੇ ਸਾਬਤ ਕਰ ਦਿਤਾ
ਕਿ ਗੁਰੂ ਸਾਹਿਬ ਦੀ ਗੱਲ ਸੱਚੀ ਸੀ ਤੇ ਉਹਨਾਂ ਦੀ ਸੋਚ ਦਾ ਆਧਾਰ ਵਿਗਿਆਨਕ ਸੀ। ਮੈਥ ਤੇ ਵਿਗਿਆਨ
ਦੇ ਡਰੋਂ ਸਕੂਲੋਂ ਭੱਜ ਕੇ ਆਏ ਅਜੋਕੇ ਸੰਤ ਤੇ ਮਹੰਤ ਗੁਰੂ ਸਾਹਿਬ ਦੇ ਗਹਿਰ ਗੰਭੀਰ ਦਰਸ਼ਨ ਤੋਂ
ਕੋਸਾਂ ਦੂਰ ਰਹੇ। ਜੇ ਸੋਚੀਏ, ਤਾਂ ਭਲਾ ਕੁਝ
ਜਮਾਤਾਂ ਪੜ੍ਹੇ, ਵਿਗਿਆਨ ਤੋਂ ਕੋਰੇ ਤੇ ਮਾਇਆ ਵਿਚ ਲਿਪਤ
ਸੰਤ, ਗ੍ਰੰਥੀ, ਪ੍ਰਚਾਰਕ ਤੇ ਸਕਾਲਰ ਗੁਰੂ ਸਾਹਿਬ ਦੀ ਡੂੰਘੀ ਰੁਹਾਨੀ ਸਮਝ ਨੂੰ
ਪਹੁੰਚ ਵੀ ਕਿਵੇਂ ਸਕਦੇ ਹਨ? "ਰੋਟੀਆ ਕਾਰਣ ਪੂਰੈ
ਤਾਲ" ਦੇ ਮਹਾਵਾਕ ਅਨੁਸਾਰ ਇਹ ਸੰਤ ਘੜੀਆਂ
ਘੜਾਈਆਂ ਪੱਧਤੀਆਂ ਸਹਾਰੇ ਗੁਰਬਾਣੀ ਦੀ ਵਿਆਖਿਆ ਕਰਦੇ ਹਨ ਤੇ ਭਾੜੇ ਤੇ ਸ਼ਰਧਾਲੂਆਂ ਦੀ ਰਸਮੀ
ਆਤਮਿਕ ਘਰ-ਪੂਰਤੀ ਕਰਦੇ ਹਨ। ਧਰਮੀ ਪਤਰਕਾਰ ਫਿਰ ਵੀ
ਨਹੀਂ ਸਮਝਦੇ ਕਿ ਭੁੱਲੇ ਲੋਕ ਸੰਤਾਂ ਡੇਰੇ ਕਿਉਂ ਢੁੱਕਦੇ ਹਨ।
ਇਹੀ ਵਿਦਵਾਨ ਅਕਸਰ ਦਸਦੇ ਹਨ ਕਿ ਅਜੋਕੇ
ਸੰਤਾਂ ਦੀਆਂ ਜੜ੍ਹਾਂ ਸਿੱਖ ਸਮਾਜ, ਸਿੱਖ ਮਾਨਸਿਕਤਾ ਤੇ ਸਿੱਖ ਸਿਆਸਤ ਦੀ ਮਿੱਟੀ ਵਿਚ ਇੰਨੀਆਂ ਡੂੰਘੀਆਂ ਚਲੀਆਂ ਗਈਆਂ ਹਨ ਕਿ
ਬੁੱਧੀ ਜੀਵੀਆਂ ਦੇ ਦੋ ਚਾਰ ਲੇਖ ਜਾਂ ਬੱਬੂ ਮਾਨ ਦੇ ਇਕ ਦੋ ਪੌਪ ਗੀਤ ਇਹਨਾਂ ਨੂੰ ਨਹੀਂ ਹਿਲਾ
ਸਕਦੇ। ਅੱਜ ਆਮ ਆਦਮੀ ਇਹਨਾਂ ਨੂੰ ਮਾਨਤਾ ਦੇਣ ਲਗ ਪਿਆ ਹੈ ਤੇ ਹਰ ਆਦਮੀ ਇਹਨਾਂ ਨਾਲ ਸਿੱਧੇ ਅਸਿੱਧੇ
ਨਾਲ ਜੁੜਿਆ ਹੋਇਆ ਹੈ। ਉਹ ਨਹੀਂ ਸਮਝਦਾ ਕਿ ਆਮ ਆਦਮੀ ਵਾਲੀਆਂ ਸਾਰੀਆਂ ਕਮਜੋਰੀਆਂ ਇਹਨਾਂ ਵਿਚ
ਮੌਜ਼ੂਦ ਹਨ ਜੋ ਚੋਲੇ ਤੇ ਮਾਲਾ ਦੀ ਓਟ ਵਿਚ ਇਹਨਾਂ ਦੀ ਲਾਲਸਾਮਈ ਜੀਵਨ-ਸ਼ੈਲੀ ਦਾ ਅਟੁੱਟ ਅੰਗ ਬਣੀਆਂ ਹੋਈਆਂ ਹਨ।
ਜਿਥੇ ਅੰਧਾਧੁੰਦ ਦੌਲਤ, ਤਾਕਤ, ਪ੍ਰਸੰਸਾ ਤੇ ਮਾਨਤਾ ਦਾ ਮੇਲ ਹੋਵੇ ਤੇ ਜਿੰਮੇਵਾਰੀ ਦਾ
ਅਭਾਵ ਹੋਵੇ, ਉਥੇ ਅਨੀਅਮਤੀਆਂ
ਤੇ ਬਦਇਖਲਾਕੀਆਂ ਸੁਭਾਵਕ ਹੀ ਪਨਪ ਪੈਂਦੀਆਂ ਹਨ। ਫਿਰ ਅਜੋਕੇ ਤ੍ਰਿਸ਼ਨਾਵਾਦੀ ਸਾਧ ਸੰਤ ਹਊਮੈ, ਲਾਲਚ, ਵਾਸ਼ਨਾ ਤੇ ਪਾਖੰਡ ਤੋਂ ਕਿਵੇਂ ਬਚ ਸਕਦੇ
ਹਨ? ਜੋ ਲੋਕ ਇਹਨਾਂ ਦੇ
ਪਾਕ ਦਾਮਨ ਹੋਣ ਬਾਰੇ ਮਨ ਵਿਚ ਭਰਮ ਭੁਲੇਖੇ ਲਈ ਘੁੰਮ ਰਹੇ ਹਨ ਉਹਨਾਂ ਨੂੰ ਸਮਝ ਹੀ ਲੈਣਾ ਚਾਹੀਦਾ
ਹੈ ਕਿ ਇਹ ਸੰਤ ਤੇ ਗ੍ਰੰਥੀ ਅੰਦਰੋਂ ਮਾਇਆ ਤੇ ਮਨਮਤਿ ਦੇ ਪੁਜਾਰੀ ਹੀ ਹਨ। ਉਮੀਦ ਹੈ ਕਿ ਸਭ
ਵਿਦਵਾਨ ਸਮਝ ਹੀ ਗਏ ਹੋਣਗੇ ਕਿ ਲੁਕਾਈ ਸੰਤਾਂ ਦੇ ਡੇਰਿਆਂ ਨਾਲ ਕਿਉਂ ਜੁੜੀ ਹੋਈ ਹੈ।
ਜੇ ਕਿਸੇ ਵਿਦਵਾਨ ਦੇ ਮਨ ਵਿਚ ਹਾਲੇ ਵੀ
ਕੋਈ ਸਵਾਲ ਰਹਿ ਗਿਆ ਹੋਵੇ, ਉਸ ਦੀ ਸ਼ੰਕਾ
ਨਵਿਰਤੀ ਲਈ ਹੇਠ ਲਿਖੀ ਸੱਚੀ ਘਟਨਾ ਵਿਚਾਰਨ ਯੋਗ ਹੈ।
ਮਾਰਚ ਸੰਨ 1980 ਦੀ ਗੱਲ ਹੈ। ਮੈਂ "ਪੰਜਾਬ ਵਿਚ ਧਰਮ ਤੇ ਰਾਜਨੀਤੀ" ਵਿਸ਼ੇ ਤੇ ਰਿਸਰਚ
ਕਰ ਰਿਹਾ ਸਾਂ। ਮੈਨੂੰ ਸ਼੍ਰੋਮਣੀ ਕਮੇਟੀ ਅਮਿ੍ਤਸਰ ਦੇ ਦਫਤਰੋਂ ਇਸ ਕਮੇਟੀ ਦੇ ਇਤਿਹਾਸਕ
ਦਸਤਾਵੇਜ਼ਾਂ ਦਾ ਅਧਿਐਨ ਕਰਨਾ ਸੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਇਸ ਮਕਸਦ ਦੀ ਸਨਾਖ਼ਤੀ
ਚਿੱਠੀ ਲੈ ਕੇ ਮੈਂ ਤੇਜਾ ਸਿੰਘ ਸਮੂੰਦਰੀ ਹਾਲ ਪਹੁੰਚ ਗਿਆ। ਧਰਮ ਪ੍ਰਚਾਰ ਕਮੇਟੀ ਦੇ ਸੱਕਤਰ ਨੇ
ਜੀ ਆਇਆਂ ਕਹਿੰਦਿਆਂ ਮੈਨੂੰ ਗੁਰੂ ਨਾਨਕ ਨਿਵਾਸ ਦੀ ਦੂਜੀ ਮੰਜ਼ਿਲ ਤੇ ਇਕ ਮਹੀਨੇ ਲਈ ਇਕ ਕਮਰਾ
ਅਲਾਟ ਕਰ ਦਿਤਾ ਤੇ ਸੇਵਾਦਾਰਾਂ ਨੂੰ ਮੇਰਾ ਖਿਆਲ ਰਖਣ ਦੀ ਤਾਕੀਦ ਕਰ ਦਿਤੀ।
ਜਦੋਂ ਮੈਂ ਸਮਾਨ ਰਖਣ ਲਈ ਕਮਰੇ ਵਿਚ ਗਿਆ
ਤਾਂ ਦੇਖਿਆ ਕਿ ਇਹ ਕਮਰਾ ਨਹੀਂ ਬਲਕਿ ਇਕ ਕੈਬਿਨ ਸੀ ਜਿਸ ਵਿਚ ਇਕ ਮੰਜੇ ਜਿੰਨੀ ਹੀ ਥਾਂ ਸੀ। ਇਸ
ਨੂੰ ਇਕ ਲੰਮੇ ਕਮਰੇ ਚੋਂ ਪਤਲੇ ਫੱਟਿਆਂ ਦੀ ਦੀਵਾਰ ਖੜ੍ਹੀ ਕਰ ਕੇ ਬਣਾਇਆ ਗਿਆ ਸੀ। ਅਨਘੜ ਫੱਟਿਆਂ
ਵਿਚ ਵੱਡੀਆਂ 2 ਝੀਥਾਂ ਸਨ ਜਿਨਾਂ ਵਿਚੋਂ ਦੂਜੇ ਪਾਸੇ ਸਭ
ਦੇਖਿਆ ਤੇ ਸੁਣਿਆ ਜਾ ਸਕਦਾ ਸੀ। ਪੜ੍ਹਨ ਲਿਖਣ ਲਈ ਥਾਂ ਘੱਟ ਹੋਣ ਕਾਰਨ ਮੈਂ ਵੱਡਾ ਕਮਰਾ ਦੇਣ ਲਈ
ਬੇਨਤੀ ਕੀਤੀ। ਸੇਵਾਦਾਰ ਕਹਿਣ ਲਗਿਆ, “ਜੀ ਸਭ ਕਮਰੇ ਇੱਡੇ
2 ਹੀ ਹਨ। ਸਭ ਹੁਣੇ ਹੀ ਪਾਰਟੀਸ਼ਨਾਂ ਕਰ ਕੇ
ਬਣਵਾਏ ਹਨ। ਉਤਲੀਆਂ ਦੋ ਮੰਜ਼ਲਾਂ ਵਿਚ ਸੰਤ ਭਿੰਡਰਾਂ ਵਾਲੇ ਉੱਤਰੇ ਹੋਏ ਹਨ। ਇਸ ਲਈ ਯਾਤਰੀਆਂ
ਵਾਸਤੇ ਕਮਰੇ ਘਟ ਗਏ ਸਨ।" ਮੈਂ ਸੋਚਿਆ ਉਹ
ਠੀਕ ਹੀ ਕਹਿੰਦਾ ਹੈ। ਉੱਤੇ ਆਉਂਦਿਆਂ ਮੈਂ ਵੀ ਦੂਜੀ ਮੰਜ਼ਲ ਦੀਆਂ ਪਉੜੀਆਂ ਅਗੇ ਬਰਛਿਆਂ ਵਾਲੇ ਦੋ
ਹਥਿਆਰਬੰਦ ਸਿੰਘ ਖੜ੍ਹੇ ਵੇਖੇ ਸਨ ਜੋ ਪਹਿਰਾਵੇ ਤੋਂ ਸੰਤ ਦੇ ਪਹਿਰੇਦਾਰ ਲਗਦੇ ਸਨ। ਇਸ ਲਈ ਮੈਂ
ਕੈਬਿਨ ਵਿਚ ਹੀ ਟਿਕ ਗਿਆ।
ਸ਼ਾਮ ਨੂੰ ਮੈਂ ਦਿਨ ਦੀ ਥਕਾਵਟ ਕਾਰਨ
ਜਲਦੀ ਹੀ ਸੌਣ ਲਗਾ। ਅਜੇ ਲਾਈਟ ਬੰਦ ਹੀ ਕੀਤੀ ਸੀ ਕਿ ਨਾਲ ਦੀ ਕੈਬਿਨ ਵਿਚ ਦੋ ਗ੍ਰੰਥੀ ਸਿੰਘ ਆ
ਵੜੇ। ਉਹ ਉੱਚੀ ਬੋਲਦੇ ਸੁਨਣ ਜਿਵੇਂ ਮੇਰੇ ਕਮਰੇ ਵਿਚ ਹੀ ਹੁੰਦੇ ਹਨ। ਮੇਰੀ ਨੀਂਦ ਟਲ ਗਈ। ਉਹਨਾਂ
ਦੀਆਂ ਗੱਲਾਂ ਤੋਂ ਪਤਾ ਲਗਿਆ ਕਿ ਉਹ ਬਠਿੰਡੇ ਵਲ ਦੇ ਸ਼੍ਰੋਮਣੀ ਕਮੇਟੀ ਦੇ ਕਿਸੇ ਗੁਰਦੁਆਰੇ ਦੇ
ਕਰਤਾ ਧਰਤਾ ਜਾਂ ਗ੍ਰੰਥੀ ਸਨ। ਉਹ ਇਥੇ ਟੌਹੜਾਂ ਸਾਹਿਬ ਨੂੰ ਮਿਲ ਕੇ ਇਹ ਬੇਨਤੀ ਕਰਨ ਆਏ ਸਨ ਕਿ
ਉਹ ਆਉਂਦੀ ਮੱਸਿਆ ਵਾਲੇ ਦਿਨ ਉਹਨਾਂ ਦੇ ਗੁਰਦੁਆਰੇ ਆ ਕੇ ਦੀਵਾਨ ਨੂੰ ਸੰਬੋਧਨ ਕਰਨ ਤਾਂ ਜੋ
ਗੁਰਦੁਆਰੇ ਵਿਚ ਸੰਗਤ ਦਾ ਇੱਕਠ ਹੋਵੇ ਤੇ ਗੁਰਦੁਆਰੇ ਵਿਚ ਮਾਇਆ ਬਰਸੇ। ਉਹ ਬਾਰ 2 ਕਹਿ ਰਹੇ ਸਨ ਕਿ ਗੋਲਕ ਵਿਚੋਂ ਲੰਗਰ ਪਾਣੀ ਜੋਗੇ ਪੈਸੇ ਵੀ ਨਹੀਂ
ਨਿਕਲਦੇ ਤੇ ਘੱਟ ਆਮਦਨ ਕਾਰਣ ਕਮੇਟੀ ਵਾਲੇ ਤੰਗ ਕਰਦੇ ਹਨ। ਉਹਨਾਂ ਦੀਆਂ ਗੱਲਾਂ ਦਿਲਚਸਪ ਤਾਂ ਸਨ
ਪਰ ਬੇਵਕਤ ਬੇਆਰਾਮੀ ਪੈਦਾ ਕਰ ਰਹੀਆਂ ਸਨ। ਇੰਨੇ ਨੂੰ ਇਕ ਤੀਜਾ ਸਿੰਘ ਉਹਨਾਂ ਦਾ ਦਰਵਾਜਾ ਖੋਹਲ
ਕੇ ਅੰਦਰ ਆ ਵੜਿਆ ਤੇ ਤਿੰਨਾ ਨੇ ਉੱਚੀ 2 ਜੈ ਕਾਰੇ ਬਲਾਏ
ਜਿਵੇਂ ਚਿਰੀ-ਵਿਛੁਨੇ ਹੋਣ। ਉਹਨਾਂ ਦੀਆਂ ਗੱਲਾਂ ਤੋਂ
ਪਤਾ ਲਗਿਆ ਨਵਾਂ ਆਇਆ ਸਿੰਘ ਵੀ ਸ਼੍ਰੋਮਣੀ ਕਮੇਟੀ ਅਧੀਨ ਕਿਸੇ ਗੁਰਦਵਾਰੇ ਦਾ ਗ੍ਰੰਥੀ ਹੀ ਸੀ।
ਤਿੰਨੇ ਆਪਸ ਵਿਚ ਇਕ ਦੂਜੇ ਨੂੰ ਚੰਗੀ ਤਰਾਂ ਜਾਣਦੇ ਸਨ, ਪਰ ਮਿਲੇ ਦੇਰ ਬਾਦ
ਸਨ।
ਪਹਿਲੇ ਗ੍ਰੰਥੀਆਂ ਵਿਚੋਂ ਇਕ ਨੇ ਨਵੇਂ
ਆਏ ਨੂੰ ਪੁਛਿੱਆ। "ਸੁਣਾ ਪ੍ਰਲਾਦ ਸਿੰਆਂ, ਅੱਜ ਕੱਲ ਕਿੱਥੇ ਹੁੰਨਾ ਐਂ? ਅਗੋਂ ਜਵਾਬ ਆਇਆ, “ਸੰਗਰੂਰ ਜਿਲੇ 'ਚ ਆਂ, ਭਾਗੂ ਸਾਹਿਬ ਵਿਚ। ਤੁਸੀ?" ਪਹਿਲੇ ਦੋਵੇਂ ਸਿੰਘ ਇੱਕਠੇ ਹੀ ਬੋਲੇ,” ਅਸੀਂ ਦੋਵੇ
ਲਲਕਾਰਾ ਸਾਹਿਬ ਵਿਚ ਆਂ, ਸਰਦੂਲ ਗੜ੍ਹ ਕੋਲ।" ਪਹਿਲਿਆਂ ਚੋਂ ਇਕ ਨੇ ਫਿਰ ਕਿਹਾ,” ਜਾਣਦੇ ਆਂ ਅਸੀਂ ਭਾਗੂ ਸਾਹਿਬ ਨੂੰ, ਕੋਹ ਕੁ ਬਾਹਰ ਹੈ ਪਿੰਡ ਤੋਂ। ਤੂੰ ਤਾਂ ਉਥੇ ਐਸ਼ ਲੁਟ ਰਿਹਾ
ਹੋਵੇਂਗਾ?” "ਲੈ ਐਸ਼ ਕਾਹਦੀ ਐ ਉਥੇ ਟਿਬਿਆਂ ਵਿਚ, ਪਾਣੀ ਤੋਂ ਵੀ
ਤਰਸੇ ਹੋਏ ਆਂ।" ਪ੍ਰਲਾਦ ਨੇ ਕਿਹਾ। "ਤੈਨੂੰ ਪਾਣੀ ਕੀ ਕਰਨਾਐਂ? ਤੂੰ ਤਾਂ ਦੁੱਧ
ਪੀਂਦਾ ਹੋਵੇਂਗਾ ਉੱਥੇ। ਗਡਰੀਆਂ ਦਾ ਇਲਾਕਾ ਐ ਉਹ ਤਾਂ। ਸਵੇਰੇ 2 ਬਕਰੀਆਂ ਲੈ ਕੇ ਆ
ਜਾਂਦੀਆਂ ਹੋਣਗੀਆਂ ਗਡਰਨੀਆਂ। ਨਾਲੇ ਉਹਨਾਂ ਨੂੰ ਚੁੰਘਦਾ ਹੋਵੇਂਗਾ ਨਾਲੇ ਉਹਨਾਂ ਨੂੰ।" ਪਹਿਲੇ ਗ੍ਰੰਥੀ ਕਹਿਕਹੇ ਲਾ ਕੇ ਹੱਸੇ। "ਲੈ! ਲੈ!! ਉਥੇ ਤਾਂ ਚਿੜੀ ਵੀ ਨੀ ਫਰਕਦੀ ਭਰਾਵੋ। ਮੈਂ ਤਾਂ ਟੌਹੜਾ ਸਾਹਿਬ
ਨੂੰ ਕਹਿ ਕੇ ਬਦਲੀ ਕਰਾਉਣ ਆਇਆ ਆਂ।" ਪ੍ਰਲਾਦ ਨੇ ਮਨ ਦੀ
ਦਸੀ। "ਬਦਲੀ?" ਉਹ ਦੋਵੇ ਚੀਕੇ। "ਤੇਰੇ ਕੁਦਿਨ ਆਏ ਹੋਏ ਨੇ, ਇਸ ਤੋਂ ਵਧੀਆ ਥਾਂ
ਤੈਨੂੰ ਹੋਰ ਕਿਹੜੀ ਮਿਲੂ? ਉਥੇ ਕੌਣ ਵੇਖਦਾ ਐ
ਜਾ ਕੇ, ਭਾਵੇਂ ਦੋ ਦੋ ਟੱਬਰ ਪਾਲ। ਗੋਲਕ ਨਹੀਂ
ਭਰਦੀ ਨਾ ਸਈ, ਖਰਚਾ ਕਮੇਟੀ ਗਲ ਪਾ। ਆਖਰ ਜੀਵਨ ਦਾ ਵੀ
ਕੋਈ ਲਾਹਾ ਹੁੰਦਾ ਐ ਕਿ ਨਹੀਂ?" ਉਹਨਾਂ ਨੇ ਅਪੱਣਤ
ਨਾਲ ਕਿਹਾ। "ਉਹ ਤਾਂ ਥੋਡੀ ਗੱਲ ਠੀਕ ਐ ਪਰ ਮੇਰਾ ਉਥੇ
ਜੀਅ ਨੀ ਲਗਦਾ।" ਪ੍ਰਲਾਦ ਨੇ ਜਵਾਬ ਦਿਤਾ। "ਨਾ ਜੀਅ ਤੇਰਾ ਕੜ੍ਹੀ-ਪੱਤੇ ਦਾ ਪੌਦਾ ਐ
ਜਿਹੜਾ ਉੱਥੇ ਨਹੀਂ ਲਗਦਾ?” ਇਕ ਗ੍ਰੰਥੀ ਨੇ
ਕਿਹਾ। "ਉਥੇ ਹੋਰ ਸਮਸਿਆ ਐ ਵੀਰ, ਤੁਸੀਂ ਨੀਂ ਜਾਣਦੇ।" ਪ੍ਰਲਾਦ ਸਿੰਘ ਨੇ ਸੱਚੇ ਹਿਰਦਿਓਂ ਕਿਹਾ। "ਹੋਰ ਸਮਸਿਆ? ਉਹ ਕੀ?” ਦੋਵੇਂ ਗਿਆਨੀ ਹੈਰਾਨ ਹੋ ਕੇ ਬੋਲੇ।
“ਉੱਥੇ ਰਾਤ ਨੂੰ ਚੀਜ਼ਾਂ ਆਉਂਦੀਆਂ ਨੇ।
ਸੁਣਿਐਂ ਅਬਦਾਲੀ ਦੇ ਪਹਿਲੇ ਹਮਲੇ ਵੇਲੇ ਸਿਖਾਂ ਨੇ ਉਥੇ ਉਸ ਦੀਆਂ ਫੌਜਾਂ ਦਾ ਘਾਣ ਕੀਤਾ ਸੀ। ਕਈ
ਸਿੱਖ ਬੱਚੇ ਤੇ ਔਰਤਾਂ ਵੀ ਮਾਰੇ ਗਏ ਸਨ। ਹੁਣ ਉਹਨਾਂ ਦੇ ਪ੍ਰੇਤ ਈ ਆ ਆ ਸਤਾਈ ਜਾਂਦੇ ਨੇ।" ਪ੍ਰਲਾਦ ਨੇ ਭਾਵ ਪੂਰਵਕ ਕਿਹਾ। "ਪ੍ਰੇਤ ਸਤਾਉਂਦੇ ਆ? ਕਿਵੇ?” ਦੋਵੇਂ ਗ੍ਰੰਥੀਆਂ ਨੇ ਸਹਿਮੀ ਆਵਾਜ ਵਿਚ ਪੁੱਛਿਆ। "ਰਾਤ ਨੂੰ ਆ ਕੇ ਬੂਹੇ ਤੋਡਦੇ ਆ, ਇੱਟਾਂ ਪੱਥਰ ਮਾਰਦੇ ਆ। ਸੌਣ ਨੀ ਦੇਂਦੇ।" ਪੀੜਤ ਗ੍ਰੰਥੀ ਨੇ ਦੱਸਿਆ। "ਆਹ ਤਾਂ ਬਈ ਬੜੀ ਖਤਰੇ ਵਾਲੀ ਗੱਲ ਐ। ਕੋਈ ਜਾਨ ਦਾ ਨੁਕਸਾਨ ਹੋ ਜੇ! ਇਹ ਦੁਰਲਭ ਜੀਵਨ ਕੋਈ ਬਾਰ 2 ਮਿਲਣਾ ਐ? ਜੇ ਇਹ ਗੱਲ ਐ ਤਾਂ ਤੂੰ ਪ੍ਰਲਾਦ ਸਿੰਆਂ ਉਥੋਂ ਨਿਕਲ। ਹਾਂ ਟੌਹੜਾ
ਸਾਹਿਬ ਕੋਲ ਇਸ ਦਾ ਜਿਕਰ ਨਾ ਕਰੀਂ। ਉਹਨਾਂ ਨੇ ਨੀ ਇਸ ਗੱਲ ਨੂੰ ਮੰਨਣਾ ਕਿਉਂਕਿ ਉਹਨਾਂ ਲਈ ਉੱਥੇ
ਕੋਇ ਹੋਰ ਬੰਦਾ ਭੇਜਣਾ ਮੁਸ਼ਕਲ ਹੋਜੂ। ਬਹਾਨਾ ਤੂੰ ਬਦਲੀ ਦਾ ਕੋਈ ਹੋਰ ਲਾਈਂ।" ਪਹਿਲੇ ਗ੍ਰੰਥੀਆਂ ਨੇ ਸਮਝਾਇਆ।
ਉਹਨਾਂ ਚੋਂ ਇਕ ਥੋੜਾ ਰੁਕ ਕੇ ਬੋਲਿਆ,”ਪਰ ਜਿੰਨੀ ਦੇਰ ਉਥੇ ਹੈਂ ਉਨੀਂ ਦੇਰ ਤੂੰ ਉਸ ਸ਼ਬਦ ਦਾ ਗਾਇਨ ਕਰ
ਲਿਆ ਕਰ ਜਿਹੜਾ ਗੁਰੂ ਨਾਨਕ ਦੇਵ ਨੇ ਉਦਾਸੀਆਂ ਵੇਲੇ ਅਰਬ ਦੇਸ਼ ਦੀਆਂ ਚੁੜੇਲਾਂ ਭਜਾਉਣ ਲਈ ਗਾਇਆ
ਸੀ। ਆਉਂਦਾ ਐ ਤੈਨੂੰ?” “ਨਾ ਮੈਨੂੰ ਨੀ ਪਤਾ।" ਪ੍ਰਲਾਦ ਸਿੰਘ ਬੋਲਿਆ। "ਕੋਈ ਨਾ ਅਸੀਂ ਦੱਸ ਦਿੰਨੇ ਆਂ ਤੈਨੂੰ। ਜਾਹ ਭੱਜ ਕੇ ਆਪਣੇ ਕਮਰੇ ਚੋਂ ਹਰਮੋਨੀਅਮ ਲੈ ਆ, ਲਿਆਇਆ ਐਂ ਨਾਲ? ਤਬਲੇ ਦਾ ਕੰਮ
ਇਥੋਂ ਈ ਕਿਸੇ ਚੀਜ਼ ਨਾਲ ਸਾਰ ਲੈ ਲਾਂਗੇ।" ਦੋਵੇ ਗ੍ਰੰਥੀ
ਗਾਉਣ ਦੇ ਮੂਡ ਵਿਚ ਆ ਕੇ ਬੋਲੇ।
ਮੈਂ ਸੋਚਿਆ ਹੁਣ ਇਹ ਕਈ ਘੰਟੇ ਸੌਣ ਨਹੀਂ
ਦੇਣਗੇ। ਇਸ ਲਈ ਮੈਂ ਕੋਈ ਡਰਾਮਾ ਖੇਡਾਂ। ਮੈਂ ਫੌਰਨ ਬੈਠਾ ਹੋ ਗਿਆ ਤੇ ਗਲਾ ਸਾਫ ਕਰ ਕੇ ਉੱਚੀ
ਸਾਰੀ ਉਹਨਾਂ ਨੂੰ ਸੰਬੋਧਨ ਕਰ ਕੇ ਸੰਤ ਭਾਸ਼ਾ ਵਿਚ ਕਿਹਾ, "ਭਗਤੋਅ!"
ਉਹ ਇਕ ਦਮ ਖਾਮੋਸ਼ ਹੋ ਗਏ। ਹਰਮੋਨੀਅਮ
ਲਿਆਉਣ ਵਾਲਾ ਵੀ ਰੁਕ ਗਿਆ। ਮੈਂ ਫਿਰ ਆਵਾਜ਼ ਲਗਾਈ, “ਭਗਤੋ! ਸੰਤ ਜਰਾ ਵਿਸ਼ਰਾਮ ਕਰਨਾ ਚਾਹੁੰਦੇ ਥੇਅ!! ਪ੍ਰਾਤੈਕਾਲ ਟੌਹੜਾ ਸਾਹਿਬ ਸੇ ਮੁਲਾਕਾਤ ਥੀ।”
"ਕੋਈ ਗੱਲ ਨਹੀਂ ਬਾਬਾ ਜੀ, ਤੁਸੀਂ ਆਰਾਮ ਕਰੋ" ਉਹਨਾਂ ਵਿਚੋਂ ਇਕ ਨੇ ਮੈਂਨੂੰ ਸਤਿਕਾਰ ਦੀ ਭਾਵਨਾ ਨਾਲ ਕਿਹਾ।
” ਪ੍ਰਲਾਦ ਸਿੰਆ ਹੁਣ ਤੂੰ ਜਾਹ ਬਈ, ਸਵੇਰੇ ਗੱਲ ਕਰਾਂਗੇ",ਦੂਜੇ ਨੇ ਕਿਹਾ।
ਇਸ ਤੋਂ ਬਾਦ ਉਹ ਸਾਰੇ ਹੀ ਤਾਲਾ ਲਾ ਕੇ
ਬਾਹਰ ਨਿਕਲ ਗਏ। ਮੈਨੂੰ ਲਗਿਆ ਉਹ ਘਬਰਾ ਗਏ ਸਨ ਕਿ ਬਾਬੇ ਨੇ ਉਹਨਾਂ ਦਾ ਸਭ ਊਲ-ਜਲੂਲ ਸੁਣ ਲਿਆ ਹੈ, ਕਿਤੇ ਟੌਹੜਾ
ਸਾਹਿਬ ਕੋਲ ਹੀ ਭਿਣਕ ਨਾ ਪਾ ਦਵੇ।
ਮੈਂ ਅੱਜ ਤੀਕਰ ਸੋਚ ਰਿਹਾ ਹਾਂ ਕਿ ਇਹੋ
ਜਿਹੇ ਕੂੜੀ ਸੋਚ ਵਾਲੇ ਸੰਤ-ਪੁਜਾਰੀ, ਜੋ ਮਹਾਂਪਾਵਨ ਅਸਥਾਨ ਹਰਿਮੰਦਰ ਸਾਹਿਬ ਵਿਚ ਪਹੁੰਚ ਕੇ ਵੀ ਵਹਿਮਾਂ
ਭਰਮਾਂ ਤੇ ਲੁੱਚਪੁਣੇ ਦੀਆਂ ਗੱਲਾਂ ਤੋਂ ਬਾਜ ਨਹੀਂ ਆਉਂਦੇ, ਉਹ ਆਪਣੇ ਡੇਰਿਆਂ-ਗੁਰਦੁਆਰਿਆਂ ਵਿਚ ਧਰਮ ਦੇ ਕਿੰਨੇ ਕੁ ਨੇੜੇ ਹੁੰਦੇ ਹੋਣਗੇ? "ਮੈਨੂੰ ਧਰਮੁ ਪੰਖ ਕਰਿ ਉਡਰਿਆ" ਤੁਕ ਦੇ ਅਰਥ ਪਹਿਲੀ ਵਾਰ ਸਮਝ ਵਿਚ ਆਏ।
No comments:
Post a Comment