ਵਿਦਿਆ ਵੀਚਾਰੀ ਤਾਂ ਪਰਉਪਕਾਰੀ
ਡਾ:ਗੋਬਿੰਦਰ ਸਿੰਘ ਸਮਰਾਓ
408-634-2310

ਕੋਈ ਮੰਨੇ ਨਾ ਮੰਨੇ, ਪਰ ਮੱਨੁਖ ਦੇ ਆਪਣੇ ਦੁਆਰਾ ਹੰਢਾਏ ਦੁਖ, ਤਕਲੀਫ ਤੇ ਪੀੜਾ ਦੇ ਭਾਵ ਉਸ ਦੇ ਅਰੋਗ ਹੋਣ ਤੋਂ ਬਾਅਦ ਵੀ ਉਸ ਦੀ ਅਚੇਤ ਬੁੱਧੀ ਵਿਚ ਜਿਉਂ ਦੇ ਤਿਉਂ ਭਰੇ ਪਏ ਰਹਿੰਦੇ ਹਨ  ਜਦੋਂ ਕਦੇ ਉਹ ਦੁਖ ਭਰੇ ਸਮੇਂ ਨੂੰ ਯਾਦ ਕਰਦਾ ਹੈ ਤਾਂ ਉਸ ਦੇ ਮਨ  ਨੂੰ ਬੀਤੇ ਸੰਤਾਪ ਦਾ ਡਰ ਤੇ ਇਸ ਦੇ ਭੈ ਦੀਆਂ ਤਰੰਗਾਂ ਝੰਜੋੜਦੀਆਂ ਸੁਟਦੀਆਂ ਹਨ ਪਰ ਆਪਣੇ ਦੁਖ ਬਾਰੇ ਸ਼ਾਇਦ ਕਿਸੇ ਨੂੰ ਕਦੇ ਉਹ ਕਰੁਣਾ ਦੀ ਭਾਵਨਾ ਨਹੀਂ ਉਪਜਦੀ ਜੋ ਦੂਜਿਆਂ ਦਾ ਦੁਖ ਦੇਖਣ ਵੇਲੇ ਪੈਦਾ ਹੁੰਦੀ ਹੈ ਇਹ ਇਸ ਲਈ ਕਿ ਦੂਜਿਆਂ ਦਾ ਦਰਦ ਦੇਖਣ ਵੇਲੇ ਉਸ ਵਿਚ ਐਮਪੈਥੀ (Empathy) ਦੀ ਭਾਵਨਾ ਉਪਜਦੀ ਹੈ ਜਿਸ ਰਾਹੀਂ ਮੱਨੁਖ ਦੂਜਿਆਂ ਦੇ ਦੁੱਖ ਨੂੰ ਆਪਣੇ ਮਨ ਵਿਚ ਆਪਣੇ ਉੱਤੇ ਹੰਢਾ ਕੇ ਮਹਿਸੂਸ ਕਰਦਾ ਹੈ ਤੇ ਦੂਜਿਆਂ ਨਾਲ ਸੱਚੀ ਹਮਦਰਦੀ ਪਰਗਟਾਉਂਦਾ ਹੈ। ਅਜਿਹੀ ਹਮਦਰਦੀ ਭਾਵ ਕਰੁਣਾ ਆਪਣੇ ਆਪ ਨਾਲ ਨਹੀਂ ਦਰਸਾਈ ਜਾ ਸਕਦੀ।
ਪਰ ਐਮਪੈਥੀ ਦਾ ਕਾਰਜ ਹਮਦਰਦੀ ਤੀਕਰ ਹੀ ਸੀਮਤ ਨਹੀਂ ਹੈ ਇਸ ਦਾ ਮਨੋਰਥ ਅਜਿਹੇ ਗੁਣ ਧਾਰਨ ਕਰਨਾ ਜਾਂ ਸਿਖਣਾ ਵੀ ਹੈ ਜੋ ਆਪਣੇ ਅਤੇ ਦੂਜਿਆਂ ਦੇ ਦੁੱਖ ਨਿਵਾਰਨ ਕਰਨ ਵਿਚ ਸਹਾਈ ਹੋਣ ਸ਼ਾਇਦ ਇਸੇ ਗੱਲ ਨੂੰ ਮੁੱਖ ਰੱਖ ਕੇ ਗੁਰੂ ਸਾਹਿਬ ਨੇ ਵਿਦਿਆ ਵੀਚਾਰੀ ਤਾਂ ਪਰਉਪਕਾਰੀ" ਦਾ ਵਾਕ ਫੁਰਮਾਇਆ ਹੈ। ਵਿਦਵਾਨ ਤੇ ਗਿਆਨੀ ਲੋਕ ਇਸ ਦਾ ਅਰਥ ਕਰਦੇ ਹੋਏ ਦੱਸਦੇ ਹਨ ਕਿ ਵਿਦਿਆ ਦੇ ਵੀਚਾਰਨ ਨਾਲ ਮੱਨੁਖ ਵਿਚ ਦੂਜਿਆਂ ਤੇ ਉਪਕਾਰ ਕਰਨ ਵਾਲੇ ਚੰਗੇ ਗੁਣ ਉੱਤਪਨ ਹੁੰਦੇ ਹਨ ਇਹ ਇਸ ਤੁੱਕ ਦੀ ਇਕ ਸਾਧਾਰਣ ਜਿਹੀ ਵਿਆਖਿਆ ਹੈ ਪੜ੍ਹਨ ਲਿਖਣ ਨਾਲ ਚੰਗੇ ਗੁਣ ਤਾਂ ਪੈਦਾ ਹੁੰਦੇ ਹੀ ਹਨ ਪਰ ਹਜ਼ਾਰਾਂ ਪੜ੍ਹੇ ਲਿਖੇ ਵਿਅਕਤੀ ਗੈਰ-ਇਖਲਾਕੀ ਤੇ ਸਮਾਜ-ਵਿਰੋਧੀ ਕੰਮ ਵੀ ਕਰਦੇ ਫਿਰਦੇ ਹਨ ਦਰਅਸਲ ਵਿਦਵਾਨ ਇਸ ਤੁੱਕ ਦੇ ਅਸਲ ਅਰਥਾਂ ਕੋਲ ਪਹੁੰਚਣ ਤੋਂ ਪਹਿਲਾਂ ਹੀ ਰੁਕ ਜਾਂਦੇ ਹਨ ਗੰਭੀਰਤਾ ਨਾਲ ਵਿਸ਼ਲੇਸ਼ਣ ਕਰਨ ਨਾਲ ਇਸ ਤੁੱਕ ਦਾ ਪੂਰਾ ਭਾਵ ਇਹ ਨਿਕਲਦਾ ਹੈ ਕਿ ਕਿਸੇ ਵਿਸ਼ੇਸ਼ ਗਿਆਨ ਦੇ ਵਿਧੀਵਤ ਰੂਪ ਵਿਚ ਪ੍ਰਾਪਤ ਕਰਨ ਤੇ ਵਰਤਣ ਨਾਲ ਆਪਣਾ ਭਲਾ ਤਾਂ ਹੁੰਦਾ ਹੀ ਹੈ ਸਗੋਂ ਇਸ ਦੀ ਵਰਤੋਂ ਤੋਂ ਨਿਕਲਦੇ ਵਧੀਕ ਸਿੱਟਿਆਂ ਰਾਹੀਂ ਸਮੂਚੇ ਸਮਾਜ ਦਾ ਵੀ ਕਲਿਆਣ ਹੁੰਦਾ ਹੈ ਤੁੱਕ ਦੇ ਇਹ ਅਰਥ ਵਿਦਿਆ ਨੂੰ ਐਮਪੈਥੀ ਰਾਹੀਂ ਸਮਾਜ ਕਲਿਆਣ ਦੀ ਰੀੜ੍ਹ ਨਾਲ ਜੋੜਦੇ ਹੋਏ ਮੱਨੁਖ ਨੂੰ ਇਨਸਾਨੀਅਤ ਦੀ ਉਸ ਆਲਮੀ-ਪੱਧਰ ਤੇ ਲੈ ਜਾਂਦੇ ਹਨ ਜਿਸ ਪੱਧਰ ਤੇ ਗੁਰੂ ਨਾਨਕ ਆਪ ਵਿਚਰਦੇ ਸਨ ਐਮਪੈਥੀ ਸਮੋਏ ਇਸ ਮਹਾਂਵਾਕ ਦੀ ਵਿਆਖਿਆ ਨੂੰ ਹੋਰ ਸਪਸ਼ਟ ਕਰਨ ਲਈ ਇਕ ਸੱਚੀ ਘਟਨਾ ਦਾ ਜ਼ਿਕਰ ਕਰਦਾ ਹਾਂ ਜਿਸ ਵਿਚ ਪਾਤਰਾਂ ਤੇ ਸਥਾਨਾਂ ਦੇ ਨਾਂ ਪਤੇ ਹੀ ਬਦਲੇ ਹੋਏ ਹਨ ਤੇ ਬਾਕੀ ਸਭ ਉਵੇਂ ਹੈ
ਅੱਜ ਤੋਂ ਠੀਕ ਦਸ ਸਾਲ ਪਹਿਲਾਂ ਭਾਵ ਸੰਨ 2007 ਦੇ ਜੂਨ ਮਹੀਨੇ ਵਿਚ ਹਰਿਆਣੇ ਵਲੋਂ ਮੇਰੀ ਇਕ ਰਿਸ਼ਤੇਦਾਰ ਲਗਦੀ ਬੀਬੀ ਆਪਣੇ ਗੋਡਿਆਂ ਦੇ ਦਰਦਾਂ ਲਈ ਦਵਾਈ ਲੈਣ ਆਈ ਉਸ ਨਾਲ ਪੰਜਾਬ ਚੋਂ ਉਸ ਦੀ ਰਿਸ਼ਤੇਦਾਰ ਲਗਦੀ ਕੋਈ 35 ਕੁ ਸਾਲ ਦੀ ਇਕ ਹੋਰ ਬੀਬੀ ਵੀ ਸੀ ਜੋ ਨਿਮੋਝੀਣੀ ਜਿਹੀ ਬਣੀ ਉਸ ਦੇ ਨੇੜੇ ਖਾਮੋਸ਼ ਬੈਠੀ ਰਹੀ ਚਲਣ ਵੇਲੇ ਮੇਰੀ ਰਿਸ਼ਤੇਦਾਰ ਬੋਲੀ, "ਬਾਈ, ਇਸ ਬੀਬੀ ਕਾ ਛੋਕਰਾ ਢਿੱਲਾ ਜਾ ਰਹੀ ਜਾਹਾ ਸਭ ਪਾਸੈ ਦਿਖਾ ਲਿਆ ਕਹੀਂ ਤੇ ਰਾਮ ਨੀ ਆਇਆ ਕੱਲਾ ਕੱਲਾ ਪੁੱਤ ਐ ਇਸ ਕਾ, ਜੇ ਉਸ ਨੂੰ ਠੀਕ ਕਰ ਦੇਂ ਬੜਾ ਪੁੰਨ ਹੋਏਗਾ" ਮੇਰੇ ਬੂਹੇ ਤਾਂ ਸਭ ਲਈ ਬਰਾਬਰ ਖੁਲ੍ਹੇ ਸਨ ਪਰ ਉਸ ਭੈਣ ਦੀ ਸ਼ਿਫਾਰਸ਼ ਪੁਆ ਕੇ ਲੜਕੇ ਦੀ ਮਾਂ ਸ਼ਾਇਦ ਆਪਣੇ ਬੀਮਾਰ ਪੁੱਤਰ ਦੇ ਇਲਾਜ਼ ਨੂੰ ਕੁਝ ਵਧੇਰੇ ਤੱਸਲੀ-ਬਖਸ਼ ਬਨਾਉਣਾ ਚਾਹੁੰਦੀ ਹੋਵੇਗੀ ਸੁਣ ਕੇ ਮੈਂ ਬੀਬੀ ਨੂੰ ਕਿਹਾ, "ਕਿੱਥੇ ਐ ਲੜਕਾ?" ਬੀਬੀ ਬੋਲੀ, "ਲੜਕਾ ਤੋ ਅੱਜ ਗਰਾਓਂ ਮਾਂਏਂ ਐਂ ਕੋਈ ਨਾ, ਕਿਸੇ ਹੋਰ ਦਿਨ ਲਿਆ ਆਵੇਗੀ ਜੋਹ ਉਸ ਕੀ ਮਾਂ ਥਾਰੇ ਪਾ ਪੰਜਾਬ ਮਾ ਖੰਨੇ ਪਾਸ ਕੇ ਈ ਐਂ ਨੇਂਹ ਮੈਂ ਗੈਲ ਨਾ ਵੀ ਆਵਾਂ, ਬਾਈ ਚੰਗੀ ਤਰ੍ਹਾਂ ਦੇਖ ਕੈ ਦਵਾਈ ਦਈਂ" ਮੇਰਾ ਜਵਾਬ ਉਡੀਕੇ ਬਿਨਾਂ ਦੋਵੇਂ ਜਣੀਆਂ ਉੱਠ ਕੇ ਚੱਲੀਆਂ ਗਈਆਂ
ਦੋ ਕੁ ਦਿਨ ਬਾਦ ਲੜਕੇ ਦੀ ਮਾਂ ਆਪਣਾ ਪੁੱਤਰ ਲੈ ਕੇ ਮੇਰੇ ਕੋਲ ਆਈ ਤੇ ਉਸ ਨੇ 'ਅੰਕਲ ਜੀ' ਕਹਿ ਕੇ ਸਤਿ ਸ੍ਰੀ ਆਕਾਲ ਬੁਲਾਈ ਮੇਰੀ ਰਿਸ਼ਤੇਦਾਰ ਦੀ ਰੀਸ ਵਿਚ ਉਹ ਦੁੱਧ ਦੀ ਇਕ ਕੇਨੀ, ਪੂੜੇ ਤੇ ਖੀਰ ਦਾ ਡੱਬਾ ਵੀ ਲੈ ਕੇ ਆਈ ਜੋ ਪਰੇ ਰੱਖ ਕੇ ਬੋਲੀ,
"ਅੰਕਲ ਜੀ, ਇਹ ਹੈ ਉਹ ਮੇਰਾ ਬੇਟਾ ਜੋ ਢਿੱਲਾ ਰਹਿੰਦਾ ਐ ਅਸੀਂ ਕੋਈ ਥਾਂ ਨਹੀਂ ਛੱਡੀ ਜਿੱਥੋਂ ਇਲਾਜ਼ ਨਹੀਂ ਕਰਵਾਇਆ ਪਰ ਇਹ ਕਿਤੋਂ ਠੀਕ ਨਹੀਂ ਹੋਇਆ ਮੈਂ ਇਸ ਨੂੰ ਪੈਦਾ ਹੋਣ ਤੋਂ ਲੈ ਕੇ ਹੁਣ ਤੀਕਰ ਕਦੇ ਤੰਦਰੁਸਤ ਨਹੀਂ ਵੇਖਿਆ" ਇੰਨਾ ਕਹਿ ਕੇ ਉਹ ਲੜਕੇ ਲਈ ਟੂਟੀ ਚੋਂ ਪਾਣੀ ਦਾ ਗਿਲਾਸ ਭਰਨ ਚਲੀ ਗਈ ਮੈਂ ਕੋਲ ਬੈਠੇ ਲੜਕੇ ਵਲ ਵੇਖਿਆ ਉਹ ਖਾਮੋਸ਼ ਭਾਵ ਵਿਚ ਸਾਹਮਣੀ ਕੰਧ ਤੇ ਟਿਕਟਿਕੀ ਲਾ ਕੇ ਵੇਖ ਰਿਹਾ ਸੀ ਕਾਲਾ, ਸੁੱਕਾ, ਪਤਲਾ ਤੇ ਵੱਧਣ ਤੋਂ ਰੁਕਿਆ ਨੌਜਵਾਨ ਲਗਦਾ ਸੀ ਉਹ ਭਾਵੇਂ ਉਸ ਦੀ ਉਮਰ 8-9 ਸਾਲ ਦੇ ਲੱਗ ਭੱਗ ਜਾਪਦੀ ਸੀ ਪਰ ਉਸ ਦੇ ਮੁਰਝਾਏ ਜਿਹੇ ਚੇਹਰੇ ਤੇ ਛਾਏ ਗਭਰੈਲ ਉਭਾਰ ਉਸ ਦੇ 14-15 ਸਾਲਾਂ ਦੇ ਹੋਣ ਦੀ ਹਾਮੀ ਭਰ ਰਹੇ ਸਨ ਉਸ ਨੇ ਮੂੰਹ ਨੂੰ ਇਸ ਤਰ੍ਹਾਂ ਘੁੱਟ ਕੇ ਬੰਦ ਕਰ ਰੱਖਿਆ ਸੀ ਜਿਵੇਂ ਡਰਦਾ ਹੋਵੇ ਕਿ ਬਦੋ ਬਦੀ ਖਾਂਸੀ ਨਾ ਨਿਕਲ ਜਾਵੇ ਉਸ ਦੀ ਮਾਂ ਨੇ ਲਿਆ ਕੇ ਉਸ ਨੂੰ ਪਾਣੀ ਦਾ ਗਿਲਾਸ ਫੜਾਇਆ ਤੇ ਉਹ ਗਟਾ-ਗਟ ਨਿਗਲ ਗਿਆ
ਉਸ ਦੇ ਸ਼ਰੀਰਕ ਢਾਂਚੇ (constitution) ਤੋਂ ਮੁਢਲੇ ਅੰਦਾਜ਼ੇ ਲਾਉਂਦਿਆਂ ਮੇਰੇ ਮਨ ਵਿਚ ਐਲੁਮੀਨਾ, ਬ੍ਰਾਇਨੀਆ ਤੇ ਸਿਲੀਸ਼ੀਆ ਜਿਹੀਆਂ ਕਈ ਦਵਾਈਆਂ ਘੁੰਮਣ ਲਗੀਆਂ ਪਰ ਜਦੋਂ ਮਰੀਜ਼ ਸਾਹਮਣੇ ਬੈਠਾ ਹੋਵੇ ਤਾਂ ਉਸ ਦੀ ਗੱਲ ਸੁਣੇ ਬਗੈਰ ਮੈਂ ਕਿਸੇ ਸਿੱਟੇ ਤੇ ਪਹੁੰਚਣ ਨੂੰ ਬੇਮਾਹਨਾ ਸਮਝਦਾ ਹਾਂ ਇਸ ਲਈ ਮਰੀਜ਼ ਨਾਲ ਗੱਲ ਤੋਰਨ ਲਈ ਮੈਂ ਉਸ ਨੂੰ ਉਸ ਦੇ ਨਾਂ ਤੇ ਉਮਰ ਬਾਰੇ ਕੁਝ ਮੁਢਲੇ ਪ੍ਰਸ਼ਨ ਪੁੱਛੇ ਉਸ ਨੇ ਆਪਣਾ ਨਾਂ ਦਲਜੀਤ ਸਿੰਘ ਤੇ ਉਮਰ 14 ਸਾਲ ਦੱਸੀ ਜੋ ਮੇਰੇ ਅੰਦਾਜ਼ੇ ਅਨੁਸਾਰ ਠੀਕ ਸੀ ਉਸ ਨੇ ਦੱਸਿਆ ਕਿ ਉਹ ਅੱਠਵੀਂ ਜਮਾਤ ਵਿਚ ਪੜ੍ਹਦਾ ਹੈ। ਮੈਂ ਉਸ ਨੂੰ ਉਸ ਦੀ ਤਕਲੀਫ ਬਾਰੇ ਪੁੱਛਿਆ। ਮੁੰਡੇ ਨੇ ਬੋਲਣ ਲਈ ਮੂੰਹ ਖੋਹਲਿਆ ਹੀ ਸੀ ਕਿ ਉਸ ਨੂੰ ਖਾਂਸੀ ਛਿੜ ਪਈ ਜੋ ਛੋਟੇ ਛੋਟੇ ਕਸਵੇਂ ਸਾਹਾਂ ਵਿਚ ਤਬਦੀਲ ਹੋ ਗਈ। ਮੁੰਡੇ ਨੇ ਝੱਟ ਜੇਬ ਵਿਚੋਂ ਇਨਹੇਲਰ ਕੱਢ ਕੇ ਸੁੰਘਣਾ ਸ਼ੁਰੂ ਕਰ ਦਿਤਾ। "ਬੱਸ ਜੀ ਇਹੋ ਕੁਝ ਹੈ।" ਉਸ ਦੀ ਮਾਂ ਇਕ ਅਣਕਹੀ ਤੜਪ ਨਾਲ ਵਿਲਕੀ। ਮੈਂ ਉਸ ਨੂੰ ਕਿਹਾ, "ਇਹ ਕਦੋਂ ਤੋਂ ਹੈ ਇੱਦਾਂ?" ਉਸ ਨੇ ਕਿਹਾ, "ਕਈ ਸਾਲਾਂ ਤੋਂ ਐਂ ਜੀ ਪਰ ਹੁਣ ਦਿਨ ਪਰ ਦਿਨ ਜਿਆਦਾ ਹੀ ਹੁੰਦਾ ਜਾ ਰਿਹਾ ਹੈ। ਕਦੇ ਕਦੇ ਤਾਂ ਪੜ੍ਹਨ ਵੀ ਨਹੀਂ ਭੇਜਿਆ ਜਾਂਦਾ, ਛੁੱਟੀ ਕਰਾਉਣੀ ਪੈਂਦੀ ਐ।" ਲੜਕਾ ਇਕ ਮੁਜ਼ਰਮ ਵਾਂਗ ਨੀਵੀ ਪਾਈ ਖਾਮੋਸ਼ ਬੈਠਾ ਸੁਣਦਾ ਰਿਹਾ।
ਲੜਕੇ ਤੇ ਉਸ ਦੀ ਮਾਂ ਦੀ ਹਾਲਤ ਵੇਖ ਕੇ ਮੇਰੇ ਦਿਲ ਵਿਚ ਇਕ ਚੀਸ ਜਿਹੀ ਉੱਠੀ। ਉਹਨਾਂ ਦੋਹਾਂ ਦੇ ਵੱਖੋ ਵੱਖਰੇ ਦੁੱਖ ਮੇਰੇ ਦਿਲ ਦਿਮਾਗ ਵਿਚ ਇਸ ਤਰਾਂ ਘੁੰਮਣ ਲੱਗੇ ਕਿ ਮੈਂ ਆਪਣੇ ਜੀਵਨ ਦੇ ਚੁਰੰਜਾ ਵਰ੍ਹੇ ਪਲਟ ਕੇ ਪਿੱਛੇ ਚਲਾ ਗਿਆ ਜਦੋਂ ਮੈਂ ਉਸ ਲੜਕੇ ਦੀ ਉਮਰ ਦਾ ਹੁੰਦਾ ਸੀ। ਮੇਰੀ ਵੀ ਉਸ ਵੇਲੇ ਕੁਝ ਸਾਲ ਉਹੀ ਹਾਲਤ ਰਹੀ ਸੀ ਜੋ ਇਸ ਵੇਲੇ ਇਸ ਲੜਕੇ ਦੀ ਸੀ। ਮੇਰੀ ਮਾਂ ਵੀ ਮੇਰੀ ਤੰਦਰੁਸਤੀ ਲਈ ਬਿਲਕੁਲ ਉਸ ਦੀ ਮਾਂ ਵਾਂਗ ਹੀ ਝੂਰਦੀ ਰਹਿੰਦੀ ਸੀ। ਆਪਣੀ ਉਮਰ ਦੇ ਬਾਹਰਵੇਂ ਸਾਲ ਸਿਆਲ ਦੀ ਇਕ ਰਾਤ ਮੈਂ ਆਪਣੀ ਖੱਬੀ ਕੱਛ ਵਿਚ ਹਲਕਾ ਜਿਹਾ ਦਰਦ ਮਹਿਸੂਸ ਕੀਤਾ ਜੋ ਹਰ ਰੋਜ਼ ਵਧਦਾ ਹੀ ਗਿਆ। ਮਾਂ ਨੂੰ ਦੱਸਿਆ ਤਾਂ ਉਸ ਨੇ ਸਰਦੀ ਲਗਣ ਦਾ ਪ੍ਰਕੋਪ ਕਹਿ ਕੇ ਕੁਝ ਦਿਨ ਲੌਂਗ ਤੇ ਅਦਰਕ ਦੀ ਚਾਹ ਪਿਆਈ। ਪਰ ਉਸ ਦੇ ਦੇਸੀ ਉਪਚਾਰਾਂ ਨਾਲ ਇਸ ਦਰਦ ਨੂੰ ਕੋਈ ਠੱਲ ਨਾ ਪਈ, ਸਗੋਂ ਪੀੜਾ ਨੇ ਇਕ ਦਿਨ ਮੈਨੂੰ ਦਰਦ ਵਾਲੀ ਥਾਂ ਨੂੰ ਦਬਾਉਣ ਲਈ ਮਜ਼ਬੂਰ ਕਰ ਦਿਤਾ। ਟੋਹਣ ਤੋਂ ਅੰਦਰ ਇਕ ਬੇਰ ਦੀ ਗਿਟਕ ਜਿੱਡੀ ਸਖਤ ਜਿਹੀ ਗੰਢ ਰੜਕੀ ਜੋ ਦਬਾਇਆਂ ਦੁਖਦੀ ਸੀ। ਮੇਰੀ ਮਾਂ ਨੇ ਕਿਹਾ, "ਪੁੱਤ ਇਹ ਕੱਛ ਦੀ ਰਸੌਲੀ ਹੋ ਸਕਦੀ ਹੈ ਜੋ ਕਈਆਂ ਨੂੰ ਹੋ ਜਾਂਦੀ ਹੈ। ਆਪੇ ਹਟੇਗੀ। ਨਾ ਹਟੀ ਤਾਂ ਫੁੱਟ ਕੇ ਠੀਕ ਹੋਵੇਗੀ।" ਰਸੌਲੀ ਦਿਨ ਪ੍ਰਤੀਦਿਨ ਵੱਡੀ ਹੁੰਦੀ ਗਈ ਤੇ ਦਰਦਨਾਕ ਵੀ। ਦਬਣ ਦਾ ਕੋਈ ਆਸਾਰ ਨਾ ਦੇਖ ਮੈਂ ਇਸ ਦੇ ਫੁੱਟ ਕੇ ਠੀਕ ਹੋਣ ਦੀ ਉਡੀਕ ਕਰਨ ਲੱਗਿਆ। ਹੌਲੀ ਹੋਲੀ ਇਹ ਮੱਕੀ ਦੀ ਰੋਟੀ ਦੇ ਪੇੜੇ ਜਿੱਡੀ ਵੱਡੀ ਹੋ ਗਈ ਤੇ ਇਸ ਨਾਲ ਬਾਂਹ ਵੀ ਮੁੜਨੋਂ ਰਹਿ ਗਈ। ਫਿਰ ਬਾਂਹ ਮੋਢੇ ਤੋਂ ਉੱਕਾ ਹੀ ਜਾਮ ਹੋ ਗਈ ਤੇ ਮੈਂ ਕਮੀਜ਼ ਪੁਆਉਂਦਿਆਂ ਵੀ ਚੀਕਾਂ ਮਾਰਨ ਲੱਗਾ। ਕੁਝ ਸਮੇਂ ਬਾਦ ਰਸੌਲੀ ਦਾ ਰੰਗ ਬਦਲਣਾ ਸ਼ੁਰੂ ਹੋ ਗਿਆ ਤੇ ਇਹ ਉਤੋਂ ਸੂਹੀ ਲਾਲ ਹੋ ਗਈ। ਹੁਣ ਇਸ ਦੀਆਂ ਚੀਸਾਂ ਨੇ ਛਾਤੀ, ਮੋਢਾ, ਪਿੱਠ ਸਮੇਤ ਮੇਰਾ ਸਾਰਾ ਖੱਬਾ ਪਾਸਾ ਜਕੜ ਲਿਆ। ਮੇਰੇ ਸਿਰ ਵਿਚ ਵੀ ਹਰ ਵੇਲੇ ਦਰਦ ਰਹਿਣ ਲੱਗਿਆ। ਇਸ ਦੀ ਮਾਰ ਮੈਨੂੰ ਦਿਨੇ ਹਲਕਾ ਤੇ ਰਾਤ ਨੂੰ ਤੇਜ਼ ਬੁਖਾਰ ਚੜ੍ਹਨ ਲੱਗਿਆ। ਮੈਂ ਗਲ ਵਿਚ ਪੱਟੀ ਪਾ ਕੇ ਬਾਂਹ ਨੂੰ ਟੰਗੀ ਰੱਖਦਾ ਤੇ ਸਭ ਤੋਂ ਦੂਰ ਦੀ ਹੋ ਕੇ ਲੰਘਦਾ ਤਾਂ ਜੋ ਕੋਈ ਇਸ ਨੂੰ ਛੋਹ ਨਾ ਦੇਵੇ। ਕਈ ਮੀਲ ਸਾਈਕਲ ਚਲਾ ਕੇ ਸਕੂਲ ਜਾਂਦਿਆਂ ਬੜੀ ਔਖ ਹੁੰਦੀ। ਮਾਂ ਤੁਰਨ ਲੱਗਿਆਂ ਕਹਿੰਦੀ, "ਪੁੱਤ ਜੋਰ ਨਾ ਲਾਈਂ, ਦਰਦ ਹੋਊ।" ਮੈਂ ਭੱਜਣ ਨੱਠਣ ਦੇ ਕਾਬਲ ਨਾ ਰਿਹਾ। ਮੇਰੇ ਨਾਲ ਦੇ ਮੁੰਡਿਆਂ ਨੇ ਪੀ ਟੀ ਮਾਸਟਰ ਨੂੰ ਮੇਰੀ ਤਕਲੀਫ ਬਾਰੇ ਦੱਸ ਕੇ ਮੈਨੂੰ ਪੀ ਟੀ ਕਰਨ ਤੋਂ ਛੁੱਟੀ ਦਿਵਾ ਦਿਤੀ। ਬਿਮਾਰ ਸਮਝ ਕੇ ਕਈ ਲੜਕੇ ਮੇਰੇ ਨਾਲ ਖੇਡਣੋਂ ਹਟ ਗਏ ਤੇ ਕਈ ਤਾਂ ਨਕਾਰਾ ਸਮਝ ਕੇ ਗੱਲ ਬਾਤ ਕਰਨੀ ਵੀ ਛੱਡ ਗਏ।
ਰਸੌਲੀ ਵੱਡੀ ਹੋਈ ਵੇਖ ਕਿਸੇ ਨੇ ਸਲਾਹ ਦਿੱਤੀ ਕਿ ਇਸ ਨੂੰ ਚੀਰਾ ਦਿਵਾ ਲਓ। ਚੀਰੇ ਦਾ ਨਾਂ ਸੁਣ ਕੇ ਮੈਨੂੰ ਗਸ਼ੀ ਜਿਹੀ ਪੈ ਗਈ ਤੇ ਮੈਂ ਡਰ ਨਾਲ ਰੋਣ ਲੱਗਿਆ। ਮਾਂ ਨੇ ਗਲ ਨਾਲ ਲਾਇਆ ਤੇ ਯਕੀਨ ਕਰਵਾਇਆ ਕਿ ਚੀਰਾ ਨਹੀਂ ਦਿਵਾਏਗੀ। ਕੁਝ ਦਿਨ ਨਿਕਲ ਗਏ। ਫਿਰ ਕਿਸੇ ਨੇ ਦੱਸਿਆ ਕਿ ਇਸ ਉੱਤੇ ਪੀਪਲ ਦੀ ਲਕੜੀ ਦੀ ਰਾਖ ਨੂੰ ਸਾਬਣ ਨਾਲ ਮਿਲਾ ਕੇ ਲਾਓ। ਲੇਪ ਤੋਂ ਮੈਨੂੰ ਕੋਈ ਖਤਰਾ ਮਹਿਸੂਸ ਨਾ ਹੋਇਆ ਤੇ ਇਹ ਕਰਵਾਉਣ ਲਈ ਮੈਂ ਸਹਿਮਤ ਹੋ ਗਿਆ। ਸ਼ਾਮ ਨੂੰ ਮੇਰੇ ਪਿਤਾ ਨੇ ਧਰਮਸਾਲ ਵਿਚ ਲੱਗੇ ਪੀਪਲ ਤੋਂ ਇਕ ਸੁੱਕੀ ਲਕੜੀ ਤੋੜ ਕੇ ਲਿਆਂਦੀ ਤੇ ਇਸ ਦੀ ਰਾਖ ਬਣਾ ਕੇ ਕੌਲੀ ਵਿਚ ਪਾਈ। ਮਾਂ ਨੇ ਇਸ ਨੂੰ ਸਨਲਾਈਟ ਸਾਬਣ ਦੇ ਘੋਲ ਵਿਚ ਗੁੰਨ ਕੇ ਗਾਹੜਾ ਜਿਹਾ ਲੇਪ ਬਣਾਇਆ ਤੇ ਰਸੌਲੀ ਉਤੇ ਮੱਥ ਦਿਤਾ। ਅਗਲੇ ਦਿਨ ਸਵੇਰੇ ਉੱਠਿਆ ਤਾਂ ਲੇਪ ਦੀ ਪਾਪੜੀ ਸੁੱਕ ਕੇ ਚੁੱਭਣ ਲਗ ਪਈ ਸੀ। ਮੇਰੀ ਮਾਂ ਮੈਨੂੰ ਮੰਜੇ ਤੋਂ ਹੇਠਾਂ ਬਿਠਾ ਕੇ ਪਾਪੜੀ ਨੂੰ ਉਤਾਰਨ ਲੱਗੀ। ਜਿਉਂ ਹੀ ਉਸ ਨੇ ਇਸ ਨੂੰ ਜੋਰ ਨਾਲ ਲਾਹਿਆ, ਰਸੌਲੀ ਵਿਚ ਤਿੰਨ ਚਾਰ ਸੁਰਾਖ ਹੋ ਗਏ ਤੇ ਇਹਨਾਂ ਸੁਰਾਖਾਂ ਵਿਚੋਂ ਪੀਕ ਦੇ ਝਰਨੇ ਵਗਣੇ ਸ਼ੁਰੂ ਹੋ ਗਏ। ਉਹ ਇਸ ਨੂੰ ਦਬਾਉਂਦੀ ਗਈ ਤੇ ਹੇਠ ਪੀਕ ਦਾ ਛੱਪੜ ਲਗਦਾ ਗਿਆ। ਸਾਰੀ ਪੀਕ ਨਿਕਲਣ ਤੋਂ ਬਾਦ ਰਸੌਲੀ ਦਬ ਗਈ ਤੇ ਤਿੰਨ ਮਹੀਨਿਆਂ ਵਿਚ ਪਹਿਲੀ ਵਾਰੀ ਮੈਨੂੰ ਥੋੜਾ ਚੈਨ ਅਨੁਭਵ ਹੋਇਆ। ਮਾਂ ਨੇ ਇਸ ਉੱਤੇ ਗਰਮ ਦੇਸੀ ਘਿਓ ਦਾ ਲੇਪਨ ਕਰਕੇ ਜਖਮਾਂ ਨੂੰ ਰੂੰ ਨਾਲ ਕੱਜ ਦਿਤਾ। ਦੁਖ ਤੋਂ ਛੁਟਕਾਰੇ ਦੀ ਆਸ ਵਿਚ ਉਸ ਨੇ ਮੈਨੂੰ ਉਸ ਦਿਨ ਸਕੂਲੋਂ ਛੁੱਟੀ ਵੀ ਕਰਵਾ ਦਿਤੀ।
ਪਰ ਇਹ ਮੇਰੀ ਮੁਸੀਬਤ ਦਾ ਅੰਤ ਨਹੀਂ, ਸਗੋਂ ਸ਼ੁਰੂਆਤ ਸੀ। ਰਸੌਲੀ ਦੇ ਜਖਮਾਂ ਵਿਚ ਹਰ ਰੋਜ਼ ਪੀਕ ਭਰਨ ਤੇ ਨਿਕਲਣ ਲੱਗੀ। ਦਰਦ ਤੇ ਬੁਖਾਰ ਮੁੜ ਤੋਂ ਵਾਪਸ ਆ ਗਏ। ਪਿਤਾ ਜੀ ਮੈਨੂੰ ਪਿੰਡ ਦੇ ਕੰਪਾਉਂਡਰ-ਨੁਮਾ ਡਾਕਟਰ ਕੋਲ ਲੈ ਗਏ। ਉਸ ਨੇ ਕਿਹਾ, "ਜਖਮ ਅੰਦਰੋਂ ਡੂੰਘਾ ਹੈ ਤੇ ਇਸ ਦਾ ਮੂੰਹ ਤੰਗ ਹੈ। ਉੱਤੇ ਲਾਈ ਦਵਾਈ ਅੰਦਰ ਨਹੀਂ ਪਹੁੰਚਦੀ। ਇਸ ਦਾ ਮੂੰਹ ਖੋਲ੍ਹ ਕੇ ਵਿਚ ਦਵਾਈ ਭਰਨੀ ਪਵੇਗੀ।" ਮੈਂ ਠਠੰਬਰ ਗਿਆ। ਡਾਕਟਰ ਦੇ ਕਹੇ ਮੁਤਾਬਿਕ ਪਿਤਾ ਨੇ ਮੈਨੂੰ ਗੋਦ ਵਿਚ ਬਿਠਾ ਕੇ ਮੇਰੀ ਖੱਬੀ ਬਾਂਹ ਜੋਰ ਨਾਲ ਉੱਪਰ ਚੁੱਕ ਦਿੱਤੀ ਤੇ ਗਰਦਨ ਮਰੋੜ ਕੇ ਸੱਜੇ ਮੋਢੇ ਵਲ ਘੁਮਾ ਦਿੱਤੀ। ਡਾਕਟਰ ਨੇ ਕੈਂਚੀ ਨਾਲ ਮਾਸ ਕੱਟ ਕੇ ਸਭ ਸੁਰਾਖਾਂ ਨੂੰ ਇਕ ਦੂਜੇ ਨਾਲ ਜੋੜ ਦਿੱਤਾ। ਮੈਂ ਰੋਇਆ। ਇਸ ਜੁਲਮ ਦਾ ਦਰਦ ਮੈਂਨੂੰ ਅੱਜ ਵੀ ਜਿਵੇਂ ਦਾ ਤਿਵੇਂ ਯਾਦ ਹੈ। ਜ਼ਖਮ ਦਾ ਮੂੰਹ ਖੁਲ੍ਹਾ ਕਰ ਕੇ ਉਸ ਨੇ ਇਸ ਵਿਚ ਕਪੜੇ ਦੀ ਇਕ ਬਾਰੀਕ ਲੰਮੀ ਪੱਟੀ ਦਵਾਈ ਵਿਚ ਭਿਓਂ ਕੇ ਸੁੱਡ ਦਿੱਤੀ। ਫਿਰ ਇਸ ਉੱਤੇ ਹੋਰ ਦਵਾਈ ਲਾ ਕੇ ਰੂੰ ਦੀ ਡਰੈਸਿੰਗ ਕਰ ਦਿਤੀ। ਡਾਕਟਰ ਨੇ ਹਰ ਰੋਜ਼ ਪੈਂਸਲੀਨ ਦਾ ਟੀਕਾ ਤੇ ਹਰ ਤੀਜੇ ਦਿਨ ਪੱਟੀ ਕਰਵਾਉਣ ਲਈ ਕਹਿ ਕੇ ਤੋਰ ਦਿਤਾ। ਮੈਂ ਮਹੀਨਿਆਂ ਬੱਧੀ ਉਸ ਦਾ ਇਹ ਕੋਰਸ ਕਰਦਾ ਥੱਕ ਗਿਆ ਪਰ ਕੋਈ ਆਰਾਮ ਨਾ ਆਇਆ। ਜ਼ਖਮ ਅੰਦਰ ਕਾਫੀ ਦੂਰ ਤੀਕਰ ਫੈਲ ਗਿਆ। ਮੋਢਾ ਤੇ ਛਾਤੀ ਸੁੱਜ ਗਏ। ਭੁੱਖ ਲਗਣੋਂ ਹਟ ਗਈ। ਭੋਜਨ ਹਜ਼ਮ ਹੋਣੋ ਰਹਿ ਗਿਆ। ਸ਼ਰੀਰ ਸੁੱਕ ਕੇ ਕਾਲਾ ਹੋ ਗਿਆ। ਮੈਨੂੰ ਆਪਣੇ ਆਪ ਤੋਂ ਨਫਰਤ ਹੋਣ ਲਗੀ। ਲਗਦਾ ਕਿ ਹੁਣ ਮੇਰੇ ਜੀਉਣ ਦੇ ਬਹੁਤੇ ਦਿਨ ਬਾਕੀ ਨਹੀਂ ਰਹੇ। ਮਾਂ ਵੀ ਅੰਦਰੋਂ ਇਹੀ ਅਨੁਭਵ ਕਰਦੀ। ਉਹ ਛੁੱਪ ਛੁੱਪ ਕੇ ਰੋਂਦੀ ਰਹਿੰਦੀ। ਜਿਸ ਦਿਨ ਪੱਟੀ ਕਰਵਾਉਣ ਵੇਲੇ ਜ਼ਖਮ ਵਿਚੋਂ ਪੀਕ ਨਾ ਨਿਕਲਦੀ ਉਹ ਦਿਨ ਉਮੀਦ ਭਰਿਆ ਲਗਦਾ ਤੇ ਘਰ ਵਿਚ ਵੀ ਖੁਸ਼ੀ ਵਰਤਦੀ। ਪਰ ਅਗਲੇ ਦਿਨ ਜਦੋਂ ਡਾਕਟਰ ਦੂਣੀ ਪੀਕ ਕਢੱਦਾ ਤਾਂ ਫਿਰ ਉਦਾਸੀ ਛਾ ਜਾਂਦੀ। ਜਦੋਂ ਡੇਢ ਦੋ ਸਾਲ ਇਹੀ ਹਾਲ ਰਿਹਾ ਤਾਂ ਪਿਤਾ ਜੀ ਨੇ ਪਟਿਆਲੇ ਕਿਸੇ ਡਾਕਟਰ ਨੂੰ ਦਿਖਾਇਆ। ਉਸ ਤੋਂ ਕਈ ਮਹੀਨੇ ਇਲਾਜ਼ ਕਰਵਾਉਣ ਉਪਰੰਤ ਕੁਝ ਆਰਾਮ ਆਇਆ। ਫਿਰ ਵੀ ਮੈਂਨੂੰ ਤਕਰੀਬਨ ਇਕ ਸਾਲ ਤੀਕਰ ਆਪਣੇ ਠੀਕ ਹੋਣ ਦਾ ਵਿਸ਼ਵਾਸ ਨਾ ਆਇਆ। ਇਹੀ ਲੱਗਦਾ ਰਿਹਾ ਕਿ ਸਭ ਕੁਝ ਮੁੜ ਪਰਤ ਕੇ ਆਇਆ ਕਿ ਆਇਆ। ਹੁਣ ਜਦੋਂ ਪਿਛਾਹਾਂ ਮੁੜ ਕੇ ਵੇਖਦਾ ਹਾਂ ਤਾਂ ਜਿਊਣ ਤੇ ਮੌਤ ਵਿਚਕਾਰ ਵਿਚਰਣ ਵਰਗੇ ਉਹ ਦੋ ਤਿੰਨ ਸਾਲ ਮੇਰੀ ਜਿੰਦਗੀ ਤੇ ਲੱਗੇ ਇਕ ਗ੍ਰਹਿਣ ਵਾਂਗ ਪ੍ਰਤੀਤ ਹੁੰਦੇ ਹਨ। ਹੋਮਿਓਪੈਥਿਕ ਇਲਾਜ਼ ਕੀਤਾ ਹੁੰਦਾ ਤਾਂ ਬੈਲਾਡੋਨਾ (Belladona), ਕਲਕੇਰੀਆ ਫਲੋਰ (Calcarea Fluor), ਟੂਬਰਕੂਲੀਨਮ (Tuberculenum), ਹੀਪਰ ਸਲਫ (Hepar Sulph), ਤੇ ਸਿਲੇਸੀਆ (Silicea) ਆਦਿ ਕੁਝ ਦਵਾਈਆਂ ਵਰਤ ਕੇ ਹੀ ਇਹ ਰੋਗ ਜੜੋਂ ਨਸ਼ਟ ਹੋ ਜਾਣਾ ਸੀ। ਮੈਂ ਸੋਚਦਾ ਹਾਂ ਕਾਸ਼ ਮੇਰੇ ਮਾਤਾ ਪਿਤਾ ਜਾਂ ਉਸ ਪਿੰਡ ਦੇ ਡਾਕਟਰ ਨੂੰ ਹੋਮਿਓਪੈਥੀ ਦੀ ਵਿਦਿਆ ਆਉਂਦੀ ਹੁੰਦੀ!  ਕਾਸ਼ ਉਹਨਾਂ ਦੇ ਗਿਆਨ ਸਦਕਾ ਮੇਰੇ ਉੱਤੇ ਵੀ ਪਰਉਪਕਾਰ ਹੋ ਗਿਆ ਹੁੰਦਾ!!  ਮੈਨੂੰ ਯਕੀਨ ਹੈ ਕਿ ਜੇ ਇੰਜ ਹੁੰਦਾ ਤਾਂ ਮੇਰੇ ਬਚਪਨ ਦੇ ਕੀਮਤੀ ਵਰ੍ਹੇ ਉਸ ਨਾਮੁਰਾਦ ਰਸੌਲੀ ਦੀ ਭੇਂਟ ਨਾ ਚੜ੍ਹਦੇ।
ਸਾਹਮਣੇ ਬੈਠਿਆ ਲੜਕਾ ਮੈਨੂੰ ਆਪਣਾ ਹੀ ਰੂਪ ਲੱਗਿਆ ਤੇ ਉਸ ਦੀ ਮਾਂ ਆਪਣੀ ਮਾਂ। ਮਨ ਦੇ ਇਹ ਭਾਵ ਉਹਨਾਂ ਤੋਂ ਛੁੱਪਾ ਕੇ ਮੈਂ ਲੜਕੇ ਨੂੰ ਕਿਹਾ, "ਕਾਕਾ ਤੂੰ ਆਪਣੀ ਤਕਲੀਫ ਦੱਸਣ ਲੱਗਿਆ ਸੀ, ਦੱਸ ਕੀ ਹੁੰਦਾ ਰਹਿੰਦਾ ਹੈ ਤੈਨੂੰ?" ਇਨਹੇਲਰ ਲੈਣ ਉਪਰੰਤ ਕਾਇਮ ਹੋਇਆ ਮੁੰਡਾ ਬੋਲਿਆ, "ਅੰਕਲ ਜੀ ਮੈਂ ਠੰਡੇ ਪਾਣੀ ਨਾਲ ਨਹਾ ਨਹੀਂ ਸਕਦਾ। ਟਿਊਬ ਵੈਲ ਜਾਂ ਨਹਿਰ ਵਿਚ ਨਹਾਉਣ ਸਾਰ ਠੰਡ ਲਗ ਕੇ ਦਮਾ ਹੋ ਜਾਂਦਾ ਹੈ। ਫਿਰ ਸ਼ਰੀਰ ਵਿਚ ਦਰਦਾਂ ਹੋ ਕੇ ਬੁਖਾਰ ਹੋ ਜਾਂਦਾ ਹੈ...। ਅੰਕਲ ਜੀ ਸੱਚ ਮੇਰੇ ਪੇਟ ਵਿਚ ਹਰ ਵੇਲੇ ਦਰਦ ਹੁੰਦਾ ਰਹਿੰਦਾ ਹੈ।" ਉਸ ਦੀ ਮਾਂ ਟੋਕ ਕੇ ਬੋਲੀ, "ਜੀ ਅਸੀਂ ਗਰਮੀਆਂ ਵਿਚ ਵੀ ਇਸ ਨੂੰ ਗਰਮ ਪਾਣੀ ਨਾਲ ਹੀ ਨਹਾਉਂਦੇ ਹਾਂ। ਇਹ ਕੂਲਰ ਦੀ ਹਵਾ ਵੀ ਬਰਦਾਸ਼ਤ ਨਹੀਂ ਕਰਦਾ। ਪੇਟ ਦਰਦ ਕਾਰਣ ਇਹ ਕੁਝ ਖਾਂਦਾ ਨਹੀਂ ਤੇ ਇਸ ਦੀ ਸਿਹਤ ਵੀ ਬਣਨੋਂ ਹਟ ਗਈ ਹੈ।" ਮੈਂ ਉਹਨਾਂ ਤੋਂ ਲੜਕੇ ਦੀ ਹਾਲਤ ਸਬੰਧੀ ਕਈ ਹੋਰ ਸਵਾਲ ਪੁੱਛੇ ਪਰ ਉਹ ਦੋਵੇਂ ਨਹਾਉਣ, ਦਮਾ, ਪੇਟ ਦਰਦ ਤੇ ਬੁਖਾਰ ਦੀ ਰਟ ਤੋਂ ਬਾਹਰ ਨਾ ਨਿਕਲੇ।
ਦੱਸੀਆਂ ਅਲਾਮਤਾਂ ਅਨੁਸਾਰ ਮੈਂ ਉਸ ਨੂੰ ਐਟਿਮ ਟਾਰਟ (Antim Tart-30) ਦੀਆਂ ਤਿੰਨ ਹਫਤਾਵਾਰੀ ਖੁਰਾਕਾਂ ਦੇ ਕੇ ਮਹੀਨੇ ਬਾਦ ਆਉਣ ਲਈ ਕਿਹਾ। ਮਹੀਨੇ ਬਾਦ ਆ ਕੇ ਉਹਨਾਂ ਦੱਸਿਆ ਕਿ ਪਹਿਲੀ ਖੁਰਾਕ ਨਾਲ ਤਾਂ ਸਾਹ ਤੇ ਦਮੇ ਨੂੰ ਕੁਝ ਫਰਕ ਲੱਗਿਆ ਸੀ ਪਰ ਫੇਰ ਸਭ ਕੁਝ ਮੁੜ ਉਵੇਂ ਈ ਹੋ ਗਿਆ। ਮੈਨੂੰ ਲੱਗਿਆ ਕਿ ਪੂਰੀਆਂ ਅਲਾਮਤਾਂ ਦੀ ਅਣਹੋਂਦ ਵਿਚ ਕਿਸੇ ਸਿੱਟੇ ਤੇ ਪੁੱਜਣਾ ਹਨੇਰੇ ਵਿਚ ਟੱਕਰਾਂ ਮਾਰਨ ਸਮਾਨ ਹੈ। ਇਸ ਲਈ ਮੈਂ ਬੀਬੀ ਨੂੰ ਕਿਹਾ, "ਤੁਸੀਂ ਲੜਕੇ ਨੂੰ ਲੈ ਕੇ ਸਾਹਮਣੇ ਪਾਰਕ ਵਿਚ ਬੈਠੋ ਤੇ ਸੋਚੋ। ਇਕ ਘੰਟੇ ਬਾਦ ਆ ਕੇ ਮੈਂਨੂੰ ਦੱਸੋ ਕਿ ਇਹ ਤਕਲੀਫ ਇਸ ਨੂੰ ਕਦੋਂ ਤੇ ਕਿਵੇਂ ਸ਼ੁਰੂ ਹੋਈ ਸੀ। ਜੇ ਦਸੋਗੇ ਤਾਂ ਹੀ ਅਗਲੀ ਦਵਾਈ ਦੇ ਸਕਾਂਗਾ।" ਦੋਵੇਂ ਮਾਂ ਪੁੱਤ ਪਾਰਕ ਵਿਚ ਜਾ ਕੇ ਇਕ ਦਰਖਤ ਦੀ ਛਾਵੇਂ ਬੈਠੇ ਘੰਟਾ ਭਰ ਵਿਚਾਰ ਕਰਦੇ ਰਹੇ।
ਸਮਾਂ ਹੋਣ ਤੇ ਬੀਬੀ ਨੇ ਆ ਕੇ ਦੱਸਿਆ, "ਜੀ, ਇਸ ਦਾ ਜਨਮ ਮੇਰੇ ਪੇਕੇ ਘਰ ਹੋਇਆ ਸੀ। ਜਨਮ ਵੇਲੇ ਇਹ ਬਹੁਤ ਹੀ ਸੁੰਦਰ ਤੇ ਤੰਦਰੁਸਤ ਸੀ। ਸ਼ਾਇਦ ਇਸ ਦੀ ਹੁਣ ਦੀ ਹਾਲਤ ਵੇਖ ਕੇ ਤੁਹਾਨੂੰ ਇਸ ਗੱਲ ਦਾ ਯਕੀਨ ਵੀ ਨਾ ਆਵੇ ਪਰ ਉਦੋਂ ਇਸਦਾ ਸੂਹਾ ਚੇਹਰਾ ਲਾਲ ਭਾ ਮਾਰਦਾ ਸੀ। ਕੋਈ ਡੇਢ ਮਹੀਨੇ ਬਾਦ ਜਦੋਂ ਅਸੀਂ ਇਸ ਨੂੰ ਪੇਕਿਓਂ ਆਪਣੇ ਪਿੰਡ ਲੈ ਕੇ ਆਏ ਤਾਂ ਬਹੁਤ ਹੀ ਠੰਡ ਤੇ ਬੱਦਲਵਾਈ ਦਾ ਮੌਸਮ ਸੀ। ਮੈਂ ਇਸ ਨੂੰ ਗਰਮ ਕੱਪੜੇ ਪੁਆ ਕੇ ਸ਼ਾਲ ਵਿਚ ਲਪੇਟ ਕੇ ਸਕੂਟਰ ਪਿੱਛੇ ਬੈਠੀ ਆ ਰਹੀ ਸਾਂ। ਕੁਝ ਹੀ ਦੂਰ ਆਏ ਸਾਂ ਕਿ ਬਾਰਸ਼ ਹੋਣੀ ਸ਼ੁਰੂ ਹੋ ਗਈ। ਅਸੀਂ ਭਿੱਜ ਗਏ ਤੇ ਉੱਪਰ-ਥੱਲੇ ਕਰਦਿਆਂ ਇਸ ਨੂੰ ਵੀ ਮੀਂਹ ਦੇ ਛਿੱਟੇ ਵੱਜੇ। ਮੈਨੂੰ ਯਾਦ ਹੈ ਉਸ ਵੇਲੇ ਇਸ ਨੂੰ ਪਸੀਨਾ ਆਇਆ ਹੋਇਆ ਸੀ। ਹਵਾ ਲੱਗਣ ਤੇ ਭਿੱਜਣ ਕਾਰਨ ਇਸ ਨੂੰ ਘਰ ਜਾ ਕੇ ਬੁਖਾਰ ਚੜ੍ਹ ਗਿਆ। ਅਗਲੇ ਦਿਨ ਡਾਕਟਰ ਦੇ ਲੈ ਗਏ ਤੇ ਦਵਾਈ ਦਿਵਾ ਲਿਆਏ। ਬੁਖਾਰ ਤਾਂ ਉਤਰ ਗਿਆ ਪਰ ਖਾਂਸੀ ਸ਼ੁਰੂ ਹੋ ਗਈ। ਖਾਂਸੀ ਦੀ ਦਵਾਈ ਕਰਦਿਆਂ ਬੁਖਾਰ ਫਿਰ ਆ ਗਿਆ ਤੇ ਲਗਾਤਾਰ ਮਹੀਨਾ ਭਰ ਚੜ੍ਹਿਆ ਰਿਹਾ। ਡਾਕਟਰ ਨੇ ਟਾਈਫਾਈਡ ਦੱਸ ਕੇ ਟਾਈਫਾਈਡ ਦੀ ਦਵਾਈ ਸ਼ੁਰੂ ਕਰ ਦਿੱਤੀ। ਇਸ ਦਵਾਈ ਦੇ ਚਲਦਿਆਂ ਇਸ ਦਾ ਰੰਗ ਪੀਲਾ ਹੋਣਾ ਸ਼ੁਰੂ ਹੋ ਗਿਆ। ਡਾਕਟਰ ਨੇ ਦੱਸਿਆ ਪੀਲੀਆ ਹੋ ਗਿਆ ਹੈ। ਅਸੀਂ ਘਬਰਾ ਗਏ ਤੇ ਉਸ ਡਾਕਟਰ ਦਾ ਇਲਾਜ਼ ਛੱਡ ਕੇ ਇਸ ਨੂੰ ਪਟਿਆਲੇ ਰਾਜਿੰਦਰਾ ਹਸਪਤਾਲ ਲੈ ਗਏ। ਰਾਜਿੰਦਰਾ ਵਾਲਿਆਂ ਨੇ ਇਸ ਨੂੰ ਡੇਢ ਹਫਤਾ ਰੱਖ ਕੇ ਘਰ ਭੇਜ ਦਿੱਤਾ। ਉਦੋਂ ਤੋਂ ਇਸ ਨੂੰ ਬੁਖਾਰ ਤੇ ਪੀਲੀਆ ਤਾਂ ਹਟ ਗਏ ਪਰ ਗਰਦ, ਮਿੱਟੀ, ਸਿਲ੍ਹਾਬੀ ਤੇ ਠੰਡ ਵਿਚ ਔਖਾ ਸਾਹ ਆਉਣਾ ਸ਼ੁਰੂ ਹੋ ਗਿਆ। ਰਾਤ ਨੂੰ ਤਾਂ ਸਾਹ ਬੰਦ ਹੋਣ ਨਾਲ ਸੌਂਦਾ ਹੋਇਆ ਉੱਠ ਕੇ ਬੈਠ ਜਾਂਦਾ ਹੈ ਤੇ ਦਮੇ ਵਾਲਿਆਂ ਵਾਂਗ ਖਿੱਚ ਕੇ ਸਾਹ ਲੈਂਦਾ ਰਹਿੰਦਾ ਹੈ। ਇਸ ਤਕਲੀਫ ਨੂੰ ਕੰਟਰੋਲ ਕਰਨ ਲਈ ਡਾਕਟਰ ਨੇ ਇਸ ਨੂੰ ਇਨਹੇਲਰ ਲਵਾਇਆ ਹੋਇਆ ਹੈ ਜੋ ਇਹ ਅਟੈਕ ਵੇਲੇ ਲੈ ਲੈਂਦਾ ਹੈ ਤੇ ਸਕੂਲ ਵਿਚ ਵੀ ਨਾਲ ਰੱਖਦਾ ਹੈ।"
ਇੰਨਾ ਦੱਸ ਕੇ ਬੀਬੀ ਚੁੱਪ ਹੋ ਗਈ। ਉਹ ਮੇਰੇ ਵੱਲ ਇਦਾਂ ਦੇਖਣ ਲਗੀ ਜਿਵੇਂ ਕੁਝ ਹੋਰ ਕਹਿਣਾ ਚਾਹੁੰਦੀ ਹੋਵੇ ਪਰ ਕਹਿ ਨਾ ਸਕਦੀ ਹੋਵੇ। ਇਸ ਉਪ੍ਰੰਤ ਇੱਧਰ ਉੱਧਰ ਵੇਖ ਕੇ ਉਹ ਆਪਣਾ ਪਰਸ ਫਰੋਲਣ ਲੱਗੀ ਜਿਵੇਂ ਕੁਝ ਲੱਭ ਰਹੀ ਹੋਵੇ। ਫਿਰ ਇਕ ਦਮ ਪਰਤ ਕੇ ਆਪਣੇ ਲੜਕੇ ਨੂੰ ਬੋਲੀ, "ਦਲਜੀਤ ਜਾਹ ਦਰਖਤ ਹੇਠ ਦੇਖੀਂ ਕਿਤੇ ਮੈਂ ਆਪਣਾ ਮੋਬਾਈਲ ਉੱਥੇ ਤਾਂ ਨੀ ਭੁੱਲ ਆਈ। ਜਿੱਥੇ ਕਿਤੇ ਆਪਾਂ ਘੁੰਮੇ ਸੀ ਸਾਰੇ ਦੇਖੀਂ।" ਲੜਕੇ ਦੇ ਜਾਣ ਤੋਂ ਬਾਦ ਉਹ ਚੁੰਨੀ ਦਾ ਪਲੂ ਦੋਹਾਂ ਹੱਥਾਂ ਵਿਚ ਲੈ ਕੇ ਮੱਥੇ ਨਾਲ ਲਾਉਂਦੀ ਬਿਨੰਤੀ ਮੁਦਰਾ ਵਿਚ ਝੁਕ ਕੇ ਬੋਲੀ, "ਅੰਕਲ ਜੀ, ਇਹ ਮੇਰੀ ਇਕੋ ਇਕ ਔਲਾਦ ਹੈ, ਪਹਿਲੀ ਤੇ ਆਖਰੀ। ਮੈਂ ਇਸ ਦੇ ਸਹਾਰੇ ਹੀ ਜਿਊਂਦੀ ਫਿਰਦੀ ਹਾਂ। ਇਸ ਨੂੰ ਠੀਕ ਕਰ ਦਿਓ ਮੈਂ ਸਾਰੀ ਉਮਰ ਤੁਹਾਡੀ ਗੁਲਾਮ ਰਹਾਂਗੀ।" ਇੰਨਾ ਕਹਿ ਕੇ ਉਸ ਦਾ ਗਲਾ ਰੁਕ ਗਿਆ ਤੇ ਉਸ ਨੇ ਪਲੂ ਨਾਲ ਅੱਖਾਂ ਢੱਕ ਲਈਆਂ। ਬੋਲਣ ਤੋਂ ਆਹਰੀ ਹੋਈ ਬੀਬੀ ਨੂੰ ਮੈਂ ਢਾਰਸ ਦੇਂਦਿਆਂ ਕਿਹਾ, "ਦਿਲ ਹੌਲਾ ਨਾ ਕਰ, ਸਭ ਠੀਕ ਹੋ ਜਾਵੇਗਾ।" ਫਿਰ ਉਸ ਦਾ ਧਿਆਨ ਹੋਰ ਪਾਸੇ ਪਾਉਂਦਿਆਂ ਮੈਂ ਪੁੱਛਿਆ, "ਪਰ ਦਲਜੀਤ ਤੇਰੀ ਪਹਿਲੀ ਤੇ ਆਖਰੀ ਸੰਤਾਨ ਕਿਉਂ ਹੈ, ਕੀ ਤੇਰੇ ਹੋਰ ਬੱਚੇ ਨਹੀਂ?" ਉਹ ਅੱਖਾਂ ਪੂੰਝ ਕੇ ਬੋਲੀ, "ਨਾ ਕੋਈ ਹੋਰ ਹੈ ਨਾ ਹੋਣਾ ਐ। ਇਸ ਦੇ ਬਾਪ ਨੇ ਨਸ਼ਿਆਂ ਵਿਚ ਰੁਲ ਕੇ ਆਪਣੀ ਜਵਾਨੀ ਖਰਾਬ ਕਰ ਲਈ ਹੈ। ਅਸੀਂ ਤਾਂ ਲੋਕ ਲਾਜ ਨੂੰ ਇੱਕਠੇ ਤੁਰੇ ਫਿਰਦੇ ਹਾਂ ਜੀ ਪਰ ਸਾਡਾ ਮਾਲਕ ਤੀਵੀਂ ਵਾਲਾ ਕੋਈ ਸੰਬੰਧ ਨੀ ਬਚਿਆ। ਤਿੰਨ ਸਾਲਾਂ ਤੋਂ ਤਾਂ ਅਸੀਂ ਇਕ ਥਾਂ ਸੌਂਦੇ ਵੀ ਨਹੀਂ। ਮੇਰੀ ਜਾਨ ਇਸੇ ਲੜਕੇ ਤੇ ਟਿਕੀ ਹੈ। ਚਾਹੋ ਤਾਂ ਮੇਰੀ ਜਾਨ ਕੱਢ ਲਓ ਪਰ ਇਸ ਨੂੰ ਠੀਕ ਕਰ ਦਿਓ।" ਉਸ ਨੇ ਡੂੰਘਾ ਤਰਲਾ ਕੀਤਾ।
ਇੰਨੇ ਨੂੰ ਦਲਜੀਤ ਨੇ ਆ ਕੇ ਕਿਹਾ, "ਮੰਮੀ, ਮੈਨੂੰ ਤਾਂ ਉੱਥੇ ਕਿਤੇ ਲੱਭਿਆ ਨੀ ਥੋਡਾ ਫੋਨ।" ਬੀਬੀ ਝੱਟ ਬੋਲੀ, "ਚਲ ਕੋਈ ਨਾ ਮੇਰੇ ਪਰਸ 'ਚ ਈ ਪਿਆ ਹੋਊ ਕਿਤੇ।" ਬੀਬੀ ਦੀ ਗੱਲ ਸੁਣ ਕੇ ਅਨਭੋਲ ਮੁੰਡਾ ਉਸ ਕੋਲ ਆ ਬੈਠਿਆ।
ਉਹਨਾਂ ਦੇ ਬੈਠਿਆਂ ਮੈਂ ਲੜਕੇ ਦੇ ਕੇਸ ਦੇ ਤਾਜ਼ਾ ਪਹਿਲੂ ਕੰਪਿਊਟਰ ਵਿਚ ਦਰਜ਼ ਕਰ ਕੇ ਦਵਾਈ ਦਾ ਨਿਰਣਾ ਕਰ ਲਿਆ। ਪਹਿਲੇ ਹਫਤੇ ਐਕੋਨਾਈਟ 200 (Aconite 200) ਤਿੰਨ ਖੁਰਾਕਾਂ ਤੇ ਦੂਜੇ ਹਫਤੇ ਰੱਸ ਟਾਕਸ- 1 ਐਮ (Rhus Tox 1M) ਤਿੰਨ ਖੁਰਾਕਾਂ। ਕਈ ਸਿਆਣੇ ਹੋਮਿਓਪੈਥ ਤਾਂ ਇਹ ਕਹਿੰਦੇ ਹਨ ਕੇ ਸਭ ਤੋਂ ਪਹਿਲਾਂ ਸਭ ਤੋਂ ਬਾਦ ਵਿਚ ਉਤਪੰਨ ਹੋਏ ਸਿੰਪਟਮ ਮੁਤਾਬਿਕ ਦਵਾਈ ਦੀ ਖੋਜ਼ ਕਰੋ। ਪਰ ਮੈਂ ਪਹਿਲਾਂ ਕਾਰਕ ਨੂੰ ਨਸ਼ਟ ਕਰਨ ਦਾ ਹਾਮੀ ਹਾਂ ਕਿਉਂਕਿ ਹੋਮਿਓਪੈਥੀ ਵਿਚ ਵਿਕਾਰ ਦੇ ਕਾਰਣ ਨੂੰ ਸਰਬਪ੍ਰਥਮ ਮੰਨਿਆ ਜਾਂਦਾ ਹੈ। ਇਸ ਕੇਸ ਵਿਚ ਸਭ ਤੋਂ ਪਹਿਲਾਂ ਕਈ ਕੱਪੜਿਆਂ ਦੀ ਨਿੱਘ ਵਿਚ ਲਪੇਟੇ ਨਵਜਾਤ ਸ਼ਿਸ਼ੂ ਨੂੰ ਸਕੂਟਰ ਤੇ ਸਵਾਰੀ ਕਰਦਿਆਂ ਠੰਡੀ ਹਵਾ ਦੇ ਬੁਲ੍ਹਿਆਂ ਦਾ ਪ੍ਰਕੋਪ ਹੋਇਆ ਸੀ ਫਿਰ ਮੀਂਹ ਦੀ ਬੁਛਾੜ ਦਾ। ਇਹਨਾਂ ਦੇ ਪੁਰਾਣੇ ਅਸਰ ਨੂੰ ਖਤਮ ਕਰਨ ਲਈ ਪਹਿਲਾਂ ਐਕੋਨਾਈਟ ਹਾਈ ਤੇ ਫਿਰ ਰੱਸ ਟਾਕਸ ਹਾਈ ਦੇਣੇ ਜਰੂਰੀ ਸਨ। ਦਵਾਈ ਸਮਝਾ ਕੇ ਅਤੇ ਕੋਈ ਐਲੋਪੈਥੀ ਦਵਾਈ ਨਾ ਦੇਣ ਦੀ ਹਦਾਇਤ ਕਰ ਕੇ ਮੈਂ ਬੀਬੀ ਨੂੰ ਮਹੀਨੇ ਬਾਦ ਆਉਣ ਲਈ ਕਹਿ ਕੇ ਤੋਰ ਦਿੱਤਾ।
ਮਹੀਨੇ ਬਾਦ ਬੀਬੀ ਖੀਰ ਪੂੜੇ ਬਣਾ ਕੇ ਲੜਕੇ ਨੂੰ ਵਿਖਾਉਣ ਲਿਆਈ। ਲੜਕੇ ਦੇ ਚਿਹਰੇ ਤੇ ਥੋੜੀ ਰੌਣਕ ਸੀ ਤੇ ਬੀਬੀ ਵੀ ਕੁਝ ਸੁਖਾਲੀ ਜਾਪ ਰਹੀ ਸੀ। ਹਾਲ ਪੁੱਛਣ ਤੇ ਕਹਿਣ ਲੱਗੀ ਕਿ ਪਹਿਲੇ ਹਫਤੇ ਤਾਂ ਲੜਕੇ ਨੂੰ ਬੁਖਾਰ ਚੜ੍ਹਿਆ ਤੇ ਸਾਹ ਵੀ ਬਹੁਤ ਔਖਾ ਆਇਆ। ਇਕ ਰਾਤ ਤਾਂ ਬੈਠ ਕੇ ਹੀ ਕੱਟੀ ਤੇ ਸਕੂਲ ਤੋਂ ਛੁੱਟੀ ਕਰਵਾਉਣੀ ਪਈ। ਪਰ ਫਿਰ ਬੁਖਾਰ ਘਟਣ ਲੱਗਿਆ ਤੇ ਸਾਹ ਵੀ ਕੁਝ ਠੀਕ ਹੋ ਗਿਆ। ਪੂਰੀ ਤਰ੍ਹਾਂ ਤਾਂ ਕੁਝ ਵੀ ਠੀਕ ਨਹੀਂ ਹੋਇਆ, ਉਂਜ ਉਹ ਬਿਨਾ ਇਨਹੇਲਰ ਹੀ ਔਖਾ ਸੌਖਾ ਸਮਾਂ ਕੱਢਣ ਲਗ ਪਿਆ ਹੈ। ਪੇਟ ਦਾ ਦਰਦ ਵੀ ਉਵੇਂ ਹੀ ਰਹਿੰਦਾ ਹੈ। ਇਸ ਵਾਰ ਮੈਨੁੰ ਲੜਕੇ ਜਾਂ ਉਸ ਦੀ ਮਾਂ ਤੋਂ ਕੁਝ ਪੁੱਛਣ ਦੀ ਲੋੜ ਨਾ ਪਈ। ਪਿਛਲੀ ਤਾਰੀਖ ਦੀਆਂ ਨਿਰਧਾਰਤ ਕੀਤੀਆਂ ਦੋ ਦਵਾਈਆਂ- ਟਾਈਫਾਈਡ ਲਈ ਟਾਈਫਾਈਡੀਨਮ-200 (Typhoidinum-200) ਤੇ ਪੀਲੀਆ ਲਈ ਚੈਲੀਡੋਨੀਅਮ ਐਮ-200 (Chelidonium M-200)- ਦੀਆਂ ਤਿੰਨ ਤਿੰਨ ਹਫਤਾਵਾਰੀ ਖੁਰਾਕਾਂ ਦੇ ਕੇ ਉਹਨਾਂ ਨੂੰ ਰੁਖ਼ਸਤ ਕਰ ਕੀਤਾ। ਪਹਿਲਾਂ ਵਾਂਗ ਹੀ ਮੈਂ ਲੜਕੇ ਨੂੰ ਕਿਹਾ ਕਿ ਮਹੀਨੇ ਬਾਦ ਆਵੇ ਤੇ ਚਾਹੇ ਕੁਝ ਵੀ ਹੋਵੇ ਕੋਈ ਐਲੋਪੈਥੀ ਦਵਾਈ ਨਾ ਖਾਵੇ। ਜੇ ਲੋੜ ਪਵੇ ਤਾਂ ਮੈਨੂੰ ਫੋਨ ਕਰੇ।
ਮਹੀਨਾ ਪੂਰਾ ਹੋਣ ਤੋਂ ਕੁਝ ਦਿਨ ਪਹਿਲਾਂ ਮੈਨੂੰ ਬੀਬੀ ਦਾ ਫੋਨ ਆਇਆ ਕਿ ਲੜਕੇ ਦੀਆਂ ਟੰਗਾਂ ਤੇ ਫੋੜੇ ਨਿਕਲ ਆਏ ਹਨ। ਤੁਰ ਨਹੀਂ ਸਕਦਾ, ਇਸ ਲਈ ਉਸ ਨੂੰ ਲਿਆ ਨਹੀਂ ਸਕਦੇ। ਉਸ ਨੇ ਫੋੜਿਆਂ ਤੇ ਕੋਈ ਮਲ੍ਹਮ ਲਾਉਣ ਲਈ ਇਜ਼ਾਜਤ ਮੰਗੀ ਪਰ ਮੈਂ ਮਨ੍ਹਾ ਕਰ ਦਿਤਾ। ਹਫਤੇ ਕੁ ਬਾਦ ਬੀਬੀ ਦਾ ਸਾਰਾ ਪ੍ਰੀਵਾਰ ਲੜਕੇ ਨੂੰ ਕਾਰ ਵਿਚ ਲੱਦ ਕੇ ਤ੍ਰਾਹੀਮਾਨ ਕਰਦਾ ਮੇਰੇ ਕੋਲ ਪਹੁੰਚ ਗਿਆ। ਮੁਸਲਾਧਾਰ ਮੀਂਹ ਪੈ ਰਿਹਾ ਸੀ ਤੇ ਮੈਂ ਬਾਰਸ ਕਾਰਣ ਸ਼ਹਿਰ ਵਿਚ ਕਿਤੇ ਘਿਰਿਆ ਹੋਇਆ ਸਾਂ। ਉਹ ਫੋਨ ਕਰ ਕੇ ਆਪਣੀ ਕਾਰ ਰਾਹੀਂ ਮੈਨੂੰ ਸ਼ਹਿਰੋਂ ਮੇਰੀ ਕਲੀਨਿਕ ਲੈ ਆਏ। ਮੁੰਡੇ ਦੀਆਂ ਲੱਤਾਂ ਤੇ ਅਣਗਿਣਤ ਕਾਲੇ ਫੋੜਿਆਂ ਚੋਂ ਪੀਕ ਚੱਲ ਰਹੀ ਸੀ। ਕਈ ਥਾਵਾਂ ਤੋਂ ਉਸ ਦਾ ਪਜ਼ਾਮਾ ਵੀ ਮਵਾਦ ਨਾਲ ਚੰਮੜ ਕੇ ਲੱਤਾਂ ਨਾਲ ਜੁੜਿਆ ਹੋਇਆ ਸੀ। ਉਹ ਦਰਦ ਨਾਲ ਕਰਾਹ ਰਿਹਾ ਸੀ ਤੇ ਅਸੱਹਿ ਜਲਣ ਦੀ ਸ਼ਕਾਇਤ ਕਰ ਰਿਹਾ ਸੀ। ਮੈਂ ਕੈਮਰੇ ਨਾਲ ਉਸ ਦੀਆਂ ਟੰਗਾਂ ਦੀ ਫੋਟੋ ਲਈ ਤਾਂ ਜੋ ਇਲਾਜ਼ ਉਪਰੰਤ ਵੇਖਣ ਇਸ ਦਾ ਰਿਕਾਰਡ ਰੱਖਿਆ ਜਾ ਸਕੇ। ਮੈਂ ਲੜਕੇ ਨੂੰ ਐਂਥਰੇਸਾਈਨਮ 200 (Anthracinum-200) ਦੀਆਂ ਦੋ ਖੁਰਾਕਾਂ ਦੇ ਕੇ ਅੱਠਵੇਂ ਦਿਨ ਲਿਆਉਣ ਲਈ ਕਿਹਾ। ਸਮਾਂ ਆਉਣ ਤੇ ਉਹਨਾਂ ਘਰੋਂ ਹੀ ਦੱਸਿਆ ਕਿ ਦਰਦ ਹਟ ਗਿਆ ਹੈ ਤੇ ਫੋੜੇ ਸੁੱਕ ਰਹੇ ਹਨ। ਮੈਂ ਉਹਨਾਂ ਨੂੰ ਅਗਲੇ ਹਫਤੇ ਆ ਜਾਣ ਲਈ ਕਿਹਾ।
ਇਸ ਵਾਰ ਆਇਆ ਤਾਂ ਲੜਕਾ ਠੀਕ ਲਗਦਾ ਸੀ ਤੇ ਉਸ ਦੇ ਚਿਹਰੇ ਤੇ ਰੌਣਕ ਸੀ। ਉਸ ਨੇ ਦੱਸਿਆ ਕਿ ਪੇਟ ਦਰਦ ਤੇ ਬੁਖਾਰ ਤਾਂ ਹੁਣ ਕਦੇ ਨਹੀਂ ਹੋਏ ਪਰ ਚਲਦਿਆਂ ਕਮਜ਼ੋਰੀ ਕਾਰਣ ਸਾਹ ਚੜ੍ਹਦਾ ਹੈ ਤੇ ਰਾਤ ਬਰਾਤ ਉੱਖੜ ਵੀ ਜਾਂਦਾ ਹੈ। ਮੈਂ ਉਸ ਨੂੰ ਆਰਸੈਨਿਕ ਐਲਬਮ-30 (Arsenicum Album-30) ਦੀਆਂ ਪੰਦਰਾਂ ਖੁਰਕਾਂ ਇਕ ਦਿਨ ਛੱਡ ਕੇ ਲੈਣ ਲਈ ਦੇ ਦਿਤੀਆਂ। ਤੇ ਮਹੀਨੇ ਬਾਦ ਆਉਣ ਲਈ ਕਿਹਾ। ਮਹੀਨੇ ਬਾਦ ਆ ਕੇ ਮਾਂ ਬੇਟੇ ਨੇ ਦੱਸਿਆ ਕਿ ਪਿਛਲੇ 15 ਦਿਨਾਂ ਤੋਂ ਇਸ ਦਾ ਸਾਹ ਬਿਲਕੁਲ ਠੀਕ ਐ ਤੇ ਇਸ ਨੂੰ ਰਾਤ ਨੂੰ ਵੀ ਕੋਈ ਤਕਲੀਫ ਨਹੀਂ ਹੋਈ। ਮੈਂ ਉਸ ਨੂੰ ਉਸੇ ਵੇਲੇ ਸਲਫਰ 1 ਐਮ (Sulphur 1M) ਦੀ ਇਕ ਖੁਰਾਕ ਦਿਤੀ ਤੇ ਆਰਸੈਨਿਕ ਐਲਬਮ 200 ਦੀਆਂ ਚਾਰ ਖੁਰਾਕਾਂ ਇਕ ਇਕ ਹਫਤੇ ਦੇ ਫਰਕ ਨਾਲ ਲੈਣ ਲਈ ਨਾਲ ਦੇ ਦਿੱਤੀਆਂ। ਉਸ ਨੂੰ ਮੈਂ ਠੰਡੇ ਪਾਣੀ ਨਾਲ ਨਹਾਉਣ ਦੀ ਅਤੇ ਸਵੇਰੇ ਉੱਠ ਕੇ ਦੌੜ ਲਾਉਣ ਦੀ ਸਲਾਹ ਵੀ ਦਿੱਤੀ। ਮਾਂ ਤੇ ਮੁੰਡਾ ਠੰਡੇ ਪਾਣੀ ਦਾ ਨਾਂ ਸੁਣਦੇ ਹੀ ਕੰਬ ਗਏ, ਪਰ ਹੌਲੀ ਹੌਲੀ ਮੰਨ ਗਏ। ਮਹੀਨੇ ਬਾਦ ਬੀਬੀ ਨੇ ਫੋਨ ਕਰ ਕੇ ਦੱਸਿਆ ਕਿ ਮਰੀਜ਼ ਹੁਣ ਬਿਲਕੁਲ ਠੀਕ ਹੈ ਤੇ ਟਿਊਬਵੈਲ ਤੇ ਨਹਾ ਵੀ ਲੈਂਦਾ ਹੈ।
ਸਮਾਂ ਬੀਤਦਾ ਗਿਆ ਫਿਰ ਇਕ ਦਿਨ ਬੀਬੀ ਲੜਕੇ ਨਾਲ ਸਕੂਟਰ ਤੇ ਬੈਠ ਕੇ ਆਈ। ਇਸ ਵਾਰ ਖੀਰ ਦੇ ਡੱਬੇ ਦੀ ਥਾਂ ਉਸ ਦੇ ਹੱਥ ਖਾਲੀ ਸਨ ਤੇ ਸਿਰ ਤੇ ਸਫੇਦ ਦੁੱਪਟਾ ਸੀ। ਉਸ ਨੇ ਆਉਂਦਿਆਂ ਹੀ ਭਰੇ ਗਲੇ ਨਾਲ ਦੱਸਿਆ ਕਿ ਉਸ ਦਾ ਪਤੀ ਦੋ ਮਹੀਨੇ ਪਹਿਲਾਂ ਅਚਾਨਕ ਸੁਰਗਵਾਸ ਹੋ ਗਿਆ ਸੀ। ਇਸੇ ਕਾਰਣ ਉਹਨਾਂ ਨੂੰ ਆਉਣ ਵਿਚ ਦੇਰੀ ਹੋ ਗਈ ਸੀ। ਮੈਨੂੰ ਬੜਾ ਦੁੱਖ ਹੋਇਆ ਤੇ ਮੈਂ ਮਾਂ ਪੁੱਤ ਦੋਵਾਂ ਨੂੰ ਦਿਲਾਸਾ ਦੇਣ ਤੋਂ ਬਾਦ ਪੁੱਛਿਆ, "ਕਾਕੇ ਦਾ ਹੁਣ ਕੀ ਹਾਲ ਹੈ?" ਮੁੰਡਾ ਬੋਲਿਆ, "ਹੁਣ ਬਿਲਕੁਲ ਠੀਕ ਹੈ ਜੀ।" "ਖਾਂਸੀ, ਪੇਟ ਦਰਦ, ਸਾਹ, ਬੁਖਾਰ ਸਭ ਠੀਕ ਨੇ?" ਮੈਂ ਉਸ ਦੀਆਂ ਸਭ ਤਕਲੀਫਾਂ ਦਾ ਨਾਂ ਲੈ ਕੇ ਤੱਸਲੀ ਕਰਦਿਆਂ ਪੁੱਛਿਆ। ਲੱਤ ਨੰਗੀ ਕਰ ਕੇ ਦਿਖਉਂਦਿਆਂ ਉਸ ਨੇ ਕਿਹਾ, "ਹਾਂ ਜੀ, ਹੁਣ ਤਾਂ ਫੋੜੇ ਵੀ ਬਿਲਕੁਲ ਸੁੱਕ ਗਏ ਹਨ।" ਮੈਂ ਉਸ ਨੂੰ ਉਸ ਦੇ ਸ਼ਰੀਰਕ ਢਾਂਚੇ ਮੁਤਾਬਿਕ ਕਲਕੇਰੀਆ ਫਾਸ (Calc. Phos 30x), ਮੈਗਨੇਸ਼ੀਆ ਫਾਸ (Mag. Phos 30x) ਤੇ ਸਿਲੀਸੀਆ (Sil. 30x) ਨਾਮਕ ਤਿੰਨ ਬਾਇਓਕੈਮਿਕ ਦਵਾਈਆਂ ਬਦਲ ਬਦਲ ਕੇ ਲੈਣ ਲਈ ਲਿਖ ਦਿੱਤੀਆਂ ਤਾਂ ਜੋ ਉਸ ਦੀ ਸਿਹਤ ਬਣੇ ਤੇ ਦਮਾ, ਪੇਟ ਦਰਦ ਆਦਿਕ ਪੀਰੀਆਡਿਕ ਤਕਲੀਫਾਂ ਮੁੜ ਕੇ ਸਿਰ ਨਾ ਚੁੱਕਣ। ਬੀਬੀ ਨੇ ਉਸ ਨੂੰ ਉਸੇ ਵੇਲੇ ਨੇੜੇ ਦੇ ਹਨੀ ਹੋਮਿਓਪੈਥਿਕ ਸਟੋਰ ਤੋਂ ਦਵਾਈਆਂ ਲਿਆਉਣ ਲਈ ਭੇਜ ਦਿਤਾ।
ਲੜਕੇ ਦੇ ਜਾਣ ਉਪਰੰਤ ਬੀਬੀ ਨੇ ਹੱਥ ਜੋੜ ਕੇ ਕਿਹਾ, "ਅੰਕਲ ਜੀ ਮੈਂ ਤੁਹਾਡਾ ਧੰਨਵਾਦ ਕਿਵੇਂ ਕਰਾਂ। ਤੁਸੀਂ ਜੋ ਕਿਹਾ ਕਰ ਦਿਖਾਇਆ। ਤੁਸੀਂ ਮੇਰੇ ਲਈ ਰੱਬ ਬਣ ਕੇ ਬਹੁੜੇ ਹੋ। ਆਪਣੇ ਆਦਮੀ ਵਲੋਂ ਤਾਂ ਮੈਂ ਪਹਿਲਾਂ ਹੀ ਬੇਉਮੀਦ ਸੀ, ਇਸ ਲੜਕੇ ਦੀ ਜ਼ਿੰਦਗੀ ਦੀ ਵੀ ਮੈਨੂੰ ਕੋਈ ਆਸ ਨਹੀਂ ਸੀ। ਇਹ ਤਾਂ ਘੜੀ ਪਲ ਵਿਚ ਹਥਾਂ ਵਿਚ ਆ ਜਾਂਦਾ ਸੀ। ਹੁਣ ਤੁਹਾਡੇ ਪਰਉਪਕਾਰ ਕਰਕੇ ਮੈਂ ਇਸ ਦੇ ਸਹਾਰੇ ਜਿੰਦਗੀ ਕੱਢ ਲਵਾਂਗੀ। ਤੁਸੀਂ ਚਾਹੇ ਮੇਰੇ ਚੰਮ ਦੀਆਂ ਜੁੱਤੀਆਂ ਬਣਾ ਲਵੋ, ਮੈਂ ਤੁਹਾਡਾ ਦੇਣਾ ਨਹੀਂ ਦੇ ਸਕਦੀ।" ਉਸ ਨੇ ਮੇਰੇ ਵਲ ਅੱਖਾਂ ਚੁੱਕ ਕੇ ਇੱਦਾਂ ਵੇਖਿਆ ਜਿਵੇਂ ਬਹੁਤ ਕੁਝ ਕਹਿਣਾ ਚਾਹੁੰਦੀ ਹੋਵੇ ਪਰ ਕੁਝ ਕਹਿ ਨਾ ਪਾ ਰਹੀ ਹੋਵੇ। ਮੂਕ ਹੋਈ ਉਹ ਆਪਣਾ ਸਫੇਦ ਦੁੱਪਟਾ ਦੋਹਾਂ ਹੱਥਾਂ ਨਾਲ ਫੜ ਕੇ ਮੇਰੇ ਪੈਰਾਂ ਨੂੰ ਲਾਉਣ ਲਈ ਝੁਕੀ। ਮੈਂ ਉਸ ਨੂੰ ਅਜਿਹਾ ਕਰਨ ਤੋਂ ਰੋਕਦਿਆਂ ਕਿਹਾ, "ਕੋਈ ਗੱਲ ਨਹੀਂ ਬੀਬੀ, ਜੋ ਮੇਰਾ ਕੰਮ ਸੀ ਮੈਂ ਕੀਤਾ।" ਉਸ ਨੇ ਰੁਕ ਕੇ ਅਰਜ਼ ਕਰਨ ਵਾਂਗੂੰ ਕਿਹਾ, "ਮੈਂ ਤੁਹਾਡੀ ਉਮਰ ਭਰ ਦੀ ਗੁਲਾਮ ਹਾਂ ਜੀ, ਤੁਹਾਨੂੰ ਕਦੇ ਭੁੱਲਾ ਨਹੀਂ ਸਕਦੀ।" ਬੀਬੀ ਦੀਆਂ ਗੱਲਾਂ ਤੋਂ ਮੈਂਨੂੰ ਇਕ ਵਾਰ ਫਿਰ ਆਪਣੀ ਮਾਂ ਦੀ ਯਾਦ ਆ ਗਈ।
ਉਂਜ ਬੀਬੀ ਦਾ ਚਿਹਰਾ ਮੁਹਰਾ ਬਹੁਤ ਹੱਦ ਤੀਕਰ ਮੇਰੀ ਮਾਂ ਦੇ ਮੁਹਾਂਦਰੇ ਨਾਲ ਮਿਲਦਾ ਜੁਲਦਾ ਵੀ ਸੀ। ਓਹੀ ਭਰਵਾਂ ਸ਼ਰੀਰ, ਓਹੀ ਗੇਰੂਆ ਰੰਗ, ਓਹੀ ਚੌੜਾ ਮੱਥਾ, ਓਹੀ ਸਨੇਹ ਭਰੀ ਮਿੱਠੀ ਮੁਸਕਾਨ ਤੇ ਓਹੀ ਸੰਤਾਨ ਪ੍ਰਤੀ ਤੱੜਪ। ਉਸ ਵਾਂਗ ਮੇਰੀ ਮਾਂ ਵੀ ਮੇਰਾ ਦੁਖ ਦੇਖ ਕੇ ਗੱਲ ਗੱਲ ਤੇ ਰੋ ਪੈਂਦੀ ਸੀ ਤੇ ਸਿਆਣਿਆਂ ਦੇ ਪੈਰੀ ਚੂੰਨੀ ਧਰਨ ਤੀਕਰ ਜਾਂਦੀ ਸੀ। ਇਕ ਦਿਨ ਇਕ ਸਾਧੂ ਤੋਂ ਮੇਰੇ ਇਲਾਜ਼ ਦੀ ਖੈਰ ਮੰਗਦਿਆਂ ਉਸ ਨੇ ਇਸੇ ਤਰ੍ਹਾਂ ਹੀ ਕੀਤਾ ਸੀ। ਕਾਸ਼ ਉਸ ਸਾਧੂ ਨੇ ਹੋਮਿਓਪੈਥੀ ਦੀ "ਵਿਦਿਆ ਵਿਚਾਰੀ" ਹੁੰਦੀ ਤੇ ਉਸ ਦੇ ਗਿਆਨ ਦਾ "ਪਰਉਪਕਾਰ" ਮੇਰੇ ਸਵਾਸਥ ਤੇ ਵੀ ਹੋਇਆ ਹੁੰਦਾ! ਮੈਨੂੰ ਇਵੇਂ ਲੱਗਿਆ ਜਿਵੇਂ ਅੱਜ ਇਸ ਬੀਬੀ ਦਾ ਦਲਜੀਤ ਠੀਕ ਨਹੀਂ ਹੋਇਆ, ਮੈਂ ਆਪ ਠੀਕ ਹੋਇਆ ਹਾਂ। ਅੱਜ ਇਹ ਖੀਵੀ ਨਹੀਂ ਹੋ ਰਹੀ ਮੇਰੀ ਮਾਂ ਖੀਵੀ ਹੋ ਰਹੀ ਹੈ। ਇਹ ਸੋਚ ਕੇ ਮੇਰੇ ਚਿਹਰੇ ਤੇ ਸੰਤੁਸ਼ਟੀ ਦੀ ਆਭਾ ਫਿਰ ਗਈ।
ਮੈਨੂੰ ਮਧੁਰ ਅਵਸਥਾ ਵਿਚ ਦੇਖ ਬੀਬੀ ਥੋੜਾ ਠੀਕ ਹੋਈ ਤੇ ਖੁਲ੍ਹ ਕੇ ਬੋਲੀ, "ਅੰਕਲ ਜੀ, ਇਕ ਵਾਰ ਦਲਜੀਤ ਢਿੱਲਾ ਸੀ, ਅਸੀਂ ਇਸ ਨੂੰ ਉਸ ਡਾਕਟਰ ਦੇ ਘਰ ਦਵਾਈ ਦਿਵਾਉਣ ਗਏ ਜਿਸ ਤੋਂ ਇਸ ਦਾ ਇਲਾਜ਼ ਚਲਦਾ ਸੀ। ਬਾਹਰ ਆ ਕੇ ਇਹ ਕਹਿਣ ਲੱਗਿਆ, ਮੰਮੀ ਕਿੰਨੀ ਵੱਡੀ ਕੋਠੀ ਹੈ ਡਾਕਟਰ ਦੀ! ਮੈਂ ਇਸ ਨੂੰ ਕਿਹਾ," ਇਹ ਕੋਠੀ ਇਸ ਦੀ ਨਹੀਂ ਪੁੱਤ, ਸਾਡੀ ਹੈ। ਪਿਛਲੇ ਦਸਾਂ ਸਾਲਾਂ ਤੋਂ ਅਸੀਂ ਆਪਣੀ ਸਾਰੀ ਕਮਾਈ ਇਸੇ ਡਾਕਟਰ ਨੂੰ ਦੇਂਦੇ ਆ ਰਹੇ ਹਾਂ।"
ਇੰਨੇ ਵਿਚ ਲੜਕਾ ਹਨੀ ਹੋਮਿਓਪੈਥਿਕ ਸਟੋਰ ਤੋਂ ਦਵਾਈਆਂ ਲੈ ਕੇ ਆ ਗਿਆ। ਕਦੇ ਫਿਰ ਮਿਲਣ ਦੀ ਗੱਲ ਕਹਿ ਕੇ ਬੀਬੀ ਉੱਠੀ ਤੇ ਬੋਲੀ, "ਮੈਂ ਤੁਹਾਡਾ ਅਹਿਸਾਨ ਕਦੇ ਵੀ ਨਹੀਂ ਭੁੱਲ ਸਕਦੀ, ਮਰਕੇ ਵੀ ਨਹੀਂ!"  ਉਸ ਦੇ ਬਾਰ ਬਾਰ ਇਸ ਤਰ੍ਹਾਂ ਤਹਿ ਦਿਲੋਂ ਸ਼ੁਕਰਗੁਜ਼ਾਰ ਹੋਣ ਨਾਲ ਮੈਨੂੰ ਲੱਗਿਆ ਜਿਵੇਂ ਇਕ ਕੋਠੀ ਮੇਰੀ ਵੀ ਉੱਸਰ ਗਈ ਹੋਵੇ! ਫਿਰ ਮੈਂ ਸੋਚਿਆ,"ਮੇਰੇ ਵਿਚ ਆਪਣਾ ਕੀ ਹੈ ਜੋ ਮੈਂ ਇੰਨਾ ਇਤਰਾਵਾਂ? ਸਾਰਾ ਪਰਉਪਕਾਰ ਤਾਂ ਡਾਕਟਰ ਹੈਨੀਮੈਨ ਦੀ ਦਿੱਤੀ ਵਿਦਿਆ ਵਿਚਾਰਨ ਨਾਲ ਹੋਇਆ ਹੈ।"
ਮੈਨੂੰ ਹੁਣ ਵੀ ਉਸ ਬੀਬੀ ਦੇ ਫੋਨ ਆਉਂਦੇ ਰਹਿੰਦੇ ਹਨ। ਉਸ ਨੇ ਪੱਲਸ ਟੂ ਦੀ ਪੜਾਈ ਉਪਰੰਤ ਦਲਜੀਤ ਦਾ ਵਿਆਹ ਕਰ ਦਿਤਾ ਹੈ। ਹੁਣ ਉਸ ਕੋਲ ਇਕ ਬੱਚਾ ਵੀ ਹੈ। ਉਹ ਨੇੜੇ ਦੇ ਕਸਬੇ ਵਿਚ ਮੋਬਾਈਲ ਫੋਨਾਂ ਦਾ ਕੰਮ ਕਰਦਾ ਹੈ। ਉਂਜ ਹਰ ਰੋਜ਼ ਲੋਕਾਂ ਨੂੰ ਨਵੇਂ ਫੋਨ ਵੇਚਦਾ ਹੈ ਪਰ ਆਪ ਉਹ ਪਿਤਰੀ ਯਾਦ ਵਿਚ ਹਾਲ ਤੀਕਰ ਬਾਪ ਵਾਲਾ ਫੋਨ ਤੇ ਉਸੇ ਦਾ ਨੰਬਰ ਹੀ ਵਰਤਦਾ ਆ ਰਿਹਾ ਹੈ।



No comments:

Post a Comment