ਕੀਤਾ ਪਸਾਉ ਏਕੋ ਕਵਾਉ-1

ਕੀਤਾ ਪਸਾਉ ਏਕੋ ਕਵਾਉ

(ਭਾਗ ਪਹਿਲਾ)

ਸਿੱਖ ਗੁਰਧਾਮਾਂ ਵਿਚ ਹਰ ਰੋਜ਼ ਲੜਾਈ ਝਗੜਿਆਂ ਦੀਆਂ ਖਬਰਾਂ ਪੜ੍ਹ ਕੇ ਪ੍ਰਤੀਤ ਹੁੰਦਾ ਹੈ ਕਿ ਅਜੋਕੇ ਸਿੱਖ ਸ਼ਰਧਾਲੂ ਗੋਲਕਾਂ ਤੇ ਚੌਧਰਾਂ ਦੇ ਪਿੱਛੇ ਲਗ ਕੇ ਬਾਣੀ ਨਾਲੋਂ ਦੂਰ ਹੋ ਚੁੱਕੇ ਹਨ ਤੇ ਸਿੱਖੀ ਦਾ ਅਸਲੀ ਮਿਸ਼ਨ ਭੁੱਲ ਗਏ ਹਨ। ਵਿਗਿਆਨ ਨਾਲ ਤਾਂ ਇਹਨਾਂ ਦਾ ਪਹਿਲਾਂ ਹੀ ਕੋਈ ਬਹੁਤਾ ਸਰੋਕਾਰ ਨਹੀਂ ਇਸ ਲਈ ਸਿੱਖੀ ਨੂੰ ਇਸ ਦੀ ਬਣਦੀ ਵਿਗਿਆਨਕ ਪਹਿਚਾਣ ਦੇਣਾ ਇਹਨਾਂ ਦੇ ਵਸ ਦੀ ਗੱਲ ਨਹੀਂ। ਪਿਛਲੇ ਕੁਝ ਸਾਲਾਂ ਵਿਚ ਵਿਗਿਆਨ ਨੇ ਤਿੰਨ ਮਹਤੱਵਪੂਰਣ ਪ੍ਰਾਪਤੀਆਂ ਕੀਤੀਆਂ ਹਨ ਜਿਹਨਾਂ ਨਾਲ ਮਨੁਖੀ ਗਿਆਨ ਸਦੀਆਂ ਦੀਆਂ ਪਲਾਂਘਾਂ ਭਰ ਕੇ ਇਕ ਨਵੇਂ ਪੜਾਅ ਤੇ ਪਹੁੰਚ ਗਿਆ ਹੈ। ਪਹਿਲੀ ਪ੍ਰਾਪਤੀ ਹਿਗਿਨ-ਬੋਸੋਨ ਪਾਰਟੀਕਲ ਭਾਵ ਰੱਬੀ-ਕਣ ਦੀ ਖੋਜ ਹੈ ਜਿਸ ਨੇ ਜੱਗ ਰਚਨਾ ਦੇ ਰੱਹਸ ਨੂੰ ਧੁਰ ਅੰਦਰੋਂ ਸਮਝਣ ਵਿਚ ਯੋਗਦਾਨ ਪਾਇਆ ਹੈ। ਦੂਜੀ ਪ੍ਰਾਪਤੀ ਬ੍ਰਹਮੰਡੀ ਖ਼ਲਾਅ ਵਿਚ ਸਭ ਤੋਂ ਪਾਰਲੇ ਆਕਾਸ਼ ਪਿੰਡ ਦੇ ਦੂਰਬੀਨੀ ਦਰਸ਼ਨਾਂ ਦੀ ਹੈ ਜੋ ਪਿਛਲੇ 14.7 ਬਿਲੀਅਨ ਸਾਲਾਂ ਤੋ ਰੋਸ਼ਨੀ ਦੀ ਗਤੀ ਨਾਲ ਦੌੜਦਾ ਹੋਇਆ ਆਪਣੇ ਮੂਲ ਸਥਾਨ ਤੋਂ ਤਕਰੀਬਨ 100 ਬਿਲੀਅਨ ਲਾਈਟ ਸਾਲ ਦਾ ਪੈਂਡਾ ਤਹਿ ਕਰ ਗਿਆ ਹੈ। ਤੀਜੀ ਪ੍ਰਾਪਤੀ ਹਾਲ ਹੀ ਵਿਚ ਹੋਈ ਬਿੱਗ-ਬੈਂਗ ਸਿਧਾਂਤ ਦੀ ਵਿਗਿਆਨਕ ਪ੍ਰੋੜਤਾ ਹੈ ਜੋ ਸਿੱਧ ਕਰਦੀ ਹੈ ਕਿ ਬ੍ਰਹਿਮੰਡੀ ਰਚਨਾ ਇਕ ਅਚਨਚੇਤ ਧਮਾਕੇ ਨਾਲ ਹੋਈ ਸੀ ਤੇ ਇਸ ਦਾ ਅਮਿੱਤ ਖਰਬਾਂ ਮੀਲ ਦਾ ਪਸਾਰਾ ਕੇਵਲ ਇਕ ਸਕਿੰਟ ਦੇ ਇਕ ਅਤਿ ਨਿੱਕੇ ਭਾਗ ਵਿਚ ਹੀ ਹੋਇਆ ਸੀ।
ਸ਼ਾਇਦ ਬਹੁਤਿਆਂ ਨੂੰ ਪਤਾ ਨਹੀਂ ਕਿ ਬ੍ਰਹਿਮੰਡ ਦੀ ਉਤਪਤੀ ਦੇ ਇਸ ਸਿਧਾਂਤ ਦੇ ਅਸਲ ਮੋਢੀ ਗੁਰੂ ਨਾਨਕ ਦੇਵ ਸਨ। ਉਹਨਾਂ ਨੇ ਸਦੀਆਂ ਪਹਿਲਾਂ ਜਪੁਜੀ ਸਾਹਿਬ ਵਿਚ "ਕੀਤਾ ਪਸਾਉ ਏਕੋ ਕਵਾਉ" ਦੀ ਗੱਲ ਕਹੀ ਸੀ। ਇਹ ਗੱਲ ਉਹਨਾਂ ਨੇ ਸਹਿਜ ਸੁਭਾਅ ਹੀ ਨਹੀਂ ਸੀ ਕਹੀ ਸਗੋਂ ਇਹ ਉਹਨਾਂ ਦੀ ਲੰਮੀ ਸਿਧਾਂਤਕ ਪੈਰਵਈ ਦਾ ਹਿੱਸਾ ਸੀ। ਇਹ ਉਹਨਾਂ ਦੇ ਉਮਰ ਭਰ ਦੇ ਤਜਰਬੇ ਅਤੇ ਤੀਖਣ ਦਾਰਸ਼ਨਿਕ ਅਨੁਭਵ ਦਾ ਨਚੋੜ ਸੀ ਜੋ ਉਹਨਾਂ ਨੇ ਆਪਣੀ ਬਾਣੀ ਰਾਹੀਂ ਸਮੂਚੇ ਸੰਸਾਰ ਨੂੰ ਦਿਤਾ। ਉਹ ਵਿਗਿਆਨਕ ਵਿਚਾਧਾਰਾ ਦੇ ਹਾਮੀ ਹੀ ਨਹੀਂ ਸਗੋਂ ਇਸ ਦੇ ਮੋਢੀ ਵੀ ਸਨ। ਉਹ ਮੂਲ ਰੂਪ ਵਿਚ ਵਿਗਿਆਨਕਾਂ ਦੇ ਵਿਗਿਆਨਕ ਸਨ ਜਿਹਨਾਂ ਦੇ ਉਲੀਕੇ ਉਦੇਸ਼ਾਂ ਦੀ ਪ੍ਰਪਤੀ ਲਈ ਦੁਨੀਆਂ ਭਰ ਦੇ ਵਿਗਿਆਨਕ ਰਹਿੰਦੀ ਦੁਨੀਆਂ ਤੀਕਰ ਪ੍ਰਯਤਨਸ਼ੀਲ ਰਹਿਣਗੇ। ਇਸ ਲਈ ਹਾਲ ਹੀ ਵਿਚ ਹੋਈਆਂ ਖੋਜ਼ਾਂ ਖਾਸ ਕਰ ਕੇ  ਬਿੱਗ-ਬੈਂਗ ਦੇ ਸਿਧਾਂਤ ਦੀ ਵਿਗਿਆਨਕ ਪ੍ਰਮਾਣਿਕਤਾ ਦੀ ਖ਼ਬਰ ਸਿੱਖ ਜਗਤ ਵਿਚ ਵੱਡੇ ਪੱਧਰ ਤੇ ਮਨਾਉਣੀ ਬਣਦੀ ਸੀ। ਇਸ ਨਾਲ ਗੁਰੂ ਸਾਹਿਬ ਦੇ ਵਿਗਿਆਨਕ ਕਥਨਾਂ ਦੀ ਚੇਤਨਾ ਹਰ ਸਿੱਖ ਤੀਕਰ ਪਹੁੰਚਦੀ ਤੇ ਉਹਨਾਂ ਦੇ ਵਿਚਾਰਾਂ ਦੀ ਰੌਸ਼ਨੀ ਸਮੂਚੇ ਸੰਸਾਰ ਵਿਚ ਫੈਲਦੀ। ਪਰ ਸਿੱਖਾਂ ਨੇ ਇਹ ਮੌਕੇ ਅਣਗੌਲਿਆਂ ਹੀ ਵਿਸਾਰ ਦਿਤੇ। ਸ਼ਾਇਦ ਇਕ ਵੀ ਸਿੱਖ ਨੇ ਇਹਨਾਂ ਘਟਨਾਵਾਂ ਦਾ ਜਸ਼ਨ ਨਹੀਂ ਮਨਾਇਆ ਤੇ ਨਾ ਹੀ ਕਿਸੇ ਗੁਰਦਵਾਰੇ ਦੀ ਅਰਦਾਸ ਵਿਚ ਇਹਨਾਂ ਖੋਜ਼ਾਂ ਪਿੱਛੇ ਮੁਸ਼ਕੱਤ ਘਾਲਣ ਵਾਲੇ ਵਿਗਿਆਨੀਆਂ ਦੀ ਕਠਿਨ ਕਮਾਈ ਦਾ ਕੋਈ ਜ਼ਿਕਰ ਹੋਇਆ। ਇਹ ਕੁਤਾਹੀ ਇਸ ਕਰਕੇ ਹੋਈ ਕਿ ਬਹੁਤ ਸਾਰੇ ਸਿੱਖ ਤੇ ਸਿੱਖ ਵਿਦਵਾਨ ਗੁਰੂ ਸਾਹਿਬ ਦਾ ਵਿਗਿਆਨ ਨਾਲ ਕੋਈ ਲੇਣਾ ਦੇਣਾ ਹੀ ਨਹੀਂ ਸਮਝਦੇ। ਉਹ ਤਾਂ ਉਹਨਾਂ ਨੂੰ ਭਾਰਤ ਵਿਚ ਮੱਧ-ਕਾਲੀਨ ਭਗਤੀ ਲਹਿਰ ਦਾ ਪੈਰੋਕਾਰ ਹੀ ਮੰਨਦੇ ਹਨ। ਬਹੁਤੇ ਤਾਂ ਬਾਣੀ ਨੂੰ ਵੀ ਸੰਸਾਰਕ ਇੱਛਾਵਾਂ ਦੀ ਪੂਰਤੀ ਦਾ ਸਾਧਨ ਹੀ ਮੰਨਦੇ ਹਨ।
ਸਿੱਖ ਜਗਤ ਵਿਚ ਗੁਰੂ ਨਾਨਕ ਬਾਰੇ ਅਜੋਕੀ ਸਥਿੱਤੀ ਇਹ ਹੈ ਕਿ ਉਹਨਾਂ ਦੀ ਬਾਣੀ ਪੜਦੇ ਸੁਣਦੇ ਤਾਂ ਸਾਰੇ ਹਨ ਪਰ ਇਸ ਦੇ ਵਿਗਿਆਨਕ ਮਹਤੱਵ ਨੂੰ ਸ਼ਾਇਦ ਕੋਈ ਵਿਰਲਾ ਹੀ ਸਮਝਦਾ ਹੈ। ਕਈ ਤਾਂ ਵਿਗਿਆਨ ਨੂੰ ਧਰਮ ਦਾ ਵਿਰੋਧੀ ਸਮਝ ਕੇ ਉੱਕਾ ਹੀ ਨਕਾਰ ਦਿੰਦੇ ਹਨ ਅਤੇ ਕਈਆਂ ਦੇ ਦਿਮਾਗ਼ ਵਿਚ ਸਾਇੰਸ ਦਾ ਨਾਂ ਸੁਣਕੇ ਰਾਕਟ, ਕੰਪਿਊਟਰ, ਹਵਾਈ ਜਹਾਜ, ਰੇਲ, ਸਿਨੇਮਾ ਤੇ ਹੋਰ ਮਸ਼ੀਨੀ ਜੰਤਰ ਘੂੰਮਣ ਲਗ ਜਾਂਦੇ ਹਨ। ਇਹ ਵਿਗਿਆਨ ਨਹੀਂ ਸਗੋ ਵਿਗਿਆਨਕ ਸਮਝ ਦਾ ਸਿੱਟਾ ਮਾਤਰ ਹਨ। ਵਿਗਿਆਨਕ ਸਮਝ ਤਾਂ ਤੱਤ, ਤੱਥ, ਤਰਕ ਤੇ ਗਣਿੱਤੀ ਸੂਝ-ਬੂਝ ਨਾਲ ਹਰੇਕ ਵਰਤਾਰੇ ਦੇ ਕਾਰਜ ਅਤੇ ਕਾਰਣ ਦੇ ਸਿੱਕੇਬੰਦ ਸੰਬੰਧ ਭਾਲਣ ਤੇ ਇਹਨਾਂ ਨੂੰ ਚਾਨਣ-ਮੁਨਾਰਾ ਬਣਾ ਕੇ ਬੌਧਿਕਤਾ ਦੇ ਉਚੇਰੇ ਪੱਧਰ ਤੋਂ ਅਨੰਤ ਦੇ ਨਵੇਂ ਭੇਦ ਸਮਝਣ ਦੀ ਸਮਰਥਾ ਹਾਸਲ ਕਰਨ ਦਾ ਰੁਝਾਨ ਹੈ। ਇਹ ਰੁਝਾਨ ਜਪੁਜੀ ਦੀ ਹਰ ਤੁਕ ਵਿਚ ਸਮਾਇਆ ਹੋਇਆ ਹੈ ਤੇ ਹਰ ਪਉੜੀ ਵਿਚ ਇਸ ਦਾ ਸਿਲਸਿਲੇ-ਬੱਧ ਵਿਕਾਸ਼ ਹੋਇਆ ਮਿਲਦਾ ਹੈ। ਇਸ ਵਿਗਿਆਨਕ ਰੁਝਾਣ ਕਾਰਣ ਹੀ ਜਪੁਜੀ ਗੁਰੂ ਜੀ ਦੀ ਸਿਖਰਲੀ ਕਿਰਤ ਕਹਾਉਂਦੀ ਹੈ ਜੋ ਉਹਨਾਂ ਦੀ ਅਨੰਤ ਪ੍ਰਤੀ ਤੀਖਣ ਚੇਤਨਾ ਦਾ ਪ੍ਰਗਟਾਵਾ ਕਰਦੀ ਹੈ। ਪਰ ਅਜੋਕੇ ਸਿੱਖਾਂ ਤੇ ਸਿੱਖ ਵਿਦਵਾਨਾਂ ਵਿਚ ਗੁਰੂ ਨਾਨਕ ਤੇ ਉਹਨਾਂ ਦੀ ਬਾਣੀ ਦੇ ਇਸ ਵਿਗਿਆਨਕ ਪੱਖ ਨੂੰ ਛੋਹਣ ਤੇ ਸਮਝਣ ਦੀ ਪ੍ਰਵਿਰਤੀ ਦਾ ਪੂਰਾ ਅਭਾਵ ਜਾਪਦਾ ਹੈ। ਵਿਗਿਆਨਕ ਪੱਖ ਤਾਂ ਵਿਗਿਆਨ ਦੇ ਉੱਚ ਅਧਿਐਨ ਨਾਲ ਹੀ ਸਮਝ ਪਵੇਗਾ, ਪਰ ਬਹੁਤਿਆਂ ਨੂੰ ਤਾਂ ਇਸ ਦੀ ਮੁਢਲੀ ਜਾਣਕਾਰੀ ਵੀ ਨਹੀਂ ਹੈ। ਇਸ ਕਥਨ ਦੀ ਪ੍ਰੋੜਤਾ ਵਿਚ ਕੁਝ ਸੱਚੇ ਵਾਕਿਆਤ ਪੇਸ਼ ਕਰ ਰਿਹਾ ਹਾਂ ਜਿਨ੍ਹਾਂ ਦੀ ਸਮਾਜਿਕ ਜਾਣਕਾਰੀ ਗੁਪਤ ਰਖੀ ਗਈ ਹੈ।
 ਕੁਝ ਸਾਲ ਪਹਿਲਾਂ ਮੈਂ ਗੁਰੂ ਨਾਨਾਕ ਦੀ ਬਾਣੀ ਦੇ ਵਿਗਿਆਨਕ ਆਧਾਰਾਂ ਬਾਰੇ ਜਾਣਕਾਰੀ ਲਈ ਕੋਈ ਸੌ ਕੁ ਨੁਮਾਯਾਂ ਸਿੱਖ ਵਿਦਵਾਨਾਂ ਦੇ ਵਿਚਾਰਾਂ ਦਾ ਸਰਵੇ ਕੀਤਾ। ਮੁਲਾਕਾਤ ਦੌਰਾਨ ਸਭ ਨੇ ਕਿਹਾ ਕਿ ਗੁਰੂ ਸਾਹਿਬ ਵਿਗਿਆਨਕ ਵਿਚਾਰਧਾਰਾ ਦੇ ਹਮਾਇਤੀ ਸਨ। ਇੱਦਾਂ ਲੱਗਿਆ ਜਿਵੇਂ ਸਾਰੇ ਹੀ ਗੁਰੂ ਸਾਹਿਬ ਦੇ ਵਿਚਾਰਾਂ ਨੂੰ ਵਿਗਿਆਨਕ ਕਹਿ ਕੇ ਉਹਨਾਂ ਨੂੰ ਮਾਣ ਦੇਣਾ ਚਾਹੁੰਦੇ ਹੋਣ ਤੇ ਨਾਲ ਆਪ ਵੀ ਮਾਣ-ਮੱਤੇ ਹੋਣ ਦੀ ਕੋਸ਼ਿਸ਼ ਕਰ ਰਹੇ ਹੋਣ। ਪਰ ਜਦੋਂ ਉਦਾਹਰਨ ਦੇ ਕੇ ਸਪਸ਼ਟ ਕਰਨ ਲਈ ਕਿਹਾ ਤਾਂ ਤਕਰੀਬਨ ਅੱਸੀ ਪ੍ਰਤੀਸ਼ਤ ਵਿਦਵਾਨਾਂ ਨੇ ਉਨ੍ਹਾਂ ਦੀ ਤੁਕ "ਪਾਤਾਲਾ ਪਾਤਾਲ ਲਖ ਆਗਾਸਾ ਆਗਾਸ" ਦਾ ਹੀ ਹਵਾਲਾ ਦਿਤਾ ਤੇ ਅੱਗੇ ਕੁਝ ਨਹੀਂ ਕਿਹਾ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਉਹ ਇਸ ਤੁੱਕ ਨੂੰ ਵਿਗਿਆਨਕ ਕਿਉਂ ਸਮਝਦੇ ਹਨ ਤਾਂ ਉਹਨਾਂ ਵਿਚੋਂ ਬਹੁਤਿਆਂ ਨੇ ਕਿਹਾ ਕਿ ਇਸਲਾਮ ਕੇਵਲ ਸੱਤ ਅੰਬਰਾਂ ਵਿਚ ਹੀ ਵਿਸ਼ਵਾਸ਼ ਰਖਦਾ ਹੈ ਜਦੋਂ ਕਿ ਹਰ ਸਿਤਾਰੇ ਦਾ ਆਪਣਾ ਇਕ ਅੰਬਰ ਹੈ। ਇਸ ਲਈ ਦਿਖਾਈ ਦੇਂਦੇ ਲੱਖਾਂ ਤਾਰਿਆਂ ਦੇ ਲੱਖਾਂ ਆਕਾਸ਼ ਹੋਣਾ ਵਧੇਰੇ ਵਿਗਿਆਨਕ ਹੈ! ਕਈਆਂ ਨੇ ਦੂਜਾ ਕਾਰਣ ਦੱਸਦਿਆਂ ਕਿਹਾ ਕਿ ਗੁਰੂ ਸਾਹਿਬ ਨੇ ਇਕ ਰੱਬ ਦਾ ਸਿਧਾਂਤ ਦਿਤਾ ਹੈ ਜੋ ਉਹਨਾਂ ਦੀ ਵਿਗਿਆਨਕ ਪ੍ਰਾਪਤੀ ਹੈ! ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਦੋ ਰੱਬਾਂ ਦਾ ਸਿਧਾਂਤ ਵਿਗਿਆਨਕ ਨਹੀਂ ਹੋ ਸਕਦਾ ਤਾਂ ਉਹਨਾਂ ਕਿਹਾ ਕਿ ਕਈ ਮੱਤਾਂ ਵਿਚ ਕਈ ਕਈ ਈਸਟਾਂ ਦਾ ਖਿਲਾਰਾ ਹੈ ਪਰ ਧਿਆਉਣ ਲਈ ਤਾਂ ਇਕ ਹੀ ਠੀਕ ਹੈ। ਇਸ ਲਈ ਦੋ ਨਾਲੋਂ ਇਕ ਵਧੇਰੇ ਵਿਗਿਆਨਕ ਹੈ!
ਗੁਰੂ ਘਰਾਂ ਵਿਚ ਲੰਮੇ ਅਰਸੇ ਤੋਂ ਕੀਰਤਨ ਕਰਦੀ ਤੇ ਅਖਬਾਰਾਂ ਵਿਚ ਗੁਰਬਾਣੀ ਤੇ ਲਗਾਤਾਰ ਤਬਸਰੇ ਲਿਖਦੀ ਇਕ ਬੀਬੀ ਨੂੰ ਮੈਂ ਫੋਨ ਕਰ ਕੇ ਪੁੱਛਿਆ, "ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ਵਾਲੀ ਤੁਕ ਦਾ ਕੀ ਅਰਥ ਕਰਦੇ ਹੋ?"  ਕਹਿਣ ਲੱਗੀ, "ਇਸ ਤੋ ਪਹਿਲੀ ਲਾਈਨ ਵਿਚ ਗੁਰੂ ਸਾਹਿਬ ਨੇ ਜੋ ਦੋ ਸਵਾਲ ਕੀਤੇ ਹਨ ਕਿ ਝੂਠ ਦੀ ਦੀਵਾਰ ਕੀਵੇਂ ਤੋੜੀਏ ਤੇ ਕਿਵੇਂ ਸੱਚੇ ਸੁੱਚੇ ਬਣੀਏ, ਇਹ ਉਨ੍ਹਾਂ ਦਾ ਉੱਤਰ ਹੈ। ਇਸ ਲਾਈਨ ਵਿਚ ਉੱਤਰ ਦੇਂਦੇ ਹੋਏ ਉਹ ਦੱਸਦੇ ਹਨ ਕਿ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਮਨੁੱਖ ਪ੍ਰਮਾਤਮਾ ਦੇ ਹੁਕਮ ਅਨੁਸਾਰ ਚਲੇ।" ਮੈਂ ਕਿਹਾ," ਪਰ ਇਸ ਤੋਂ ਅਗਲੀ ਲਾਈਨ  ਵਿਚ ਗੁਰੂ ਸਾਹਿਬ ਲਿਖਦੇ ਹਨ ਕਿ ਸਭ ਆਕਾਰ ਹੁਕਮ ਅਨੁਸਾਰ ਬਣਦੇ ਹਨ ਪਰ ਹੁਕਮ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਜੇ ' ਹੁਕਮੁ ' ਮਾਲੂਮ ਹੀ ਨਹੀ ਤਾਂ ਉਸ ਅਨੁਸਾਰ ਕੋਈ ਚੱਲੇਗਾ ਕਿਵੇਂ?  ਇਸ ਲਈ ਤੁਹਾਡੀ ਪ੍ਰਸ਼ਨ ਤੇ ਉੱਤਰ ਦੀ ਦੋਹਰੇ ਭਾਵ ਦੀ ਉੱਕਤੀ ਠੀਕ ਨਜ਼ਰ ਨਹੀਂ ਆਉਂਦੀ।" ਬੀਬੀ ਤਲਖੀ ਨਾਲ ਕਹਿਣ ਲੱਗੀ, "ਡਾ: ਸਾਹਿਬ, ਇਹ ਮੇਰੀ ਵਿਆਖਿਆ ਤਾਂ ਹੈ ਨਹੀਂ। ਮੇਰਾ ਕੰਮ ਤਾਂ ਕੀਰਤਨ ਤੇ ਕਥਾ ਕਰਨਾ ਹੈ। ਜੋ ਸਟੀਕਾਂ ਵਿਚ ਲਿਖਿਆ ਹੈ ਮੈਂ ਤਾਂ ਉਸੇ ਤੇ ਚਲਦੇ ਹਾਂ।" ਉਸ ਦੀ ਗੱਲ ਸੁਣ ਕੇ ਮੈਂ ਸਮਝ ਗਿਆ ਕਿ ਬੀਬੀ ਦੂਜਿਆਂ ਦੇ ਲਿਖੇ ਸਟੀਕ ਪੜ੍ਹ ਕੇ ਹੀ ਗੁਰਬਾਣੀ ਦਾ ਪ੍ਰਚਾਰ ਕਰਦੀ ਹੈ ਪਰ ਆਪ ਗੁਰਬਾਣੀ ਵਿਚਾਰ ਵਿਚ ਨਹੀਂ ਪੈਂਦੀ।
ਜਪੁਜੀ ਸਾਹਿਬ ਬਾਰੇ ਆਪਣੀ ਪੁਸਤਕ ਟਰੂਥ ਅੱਬਵ ਆਲ: ਦਾ ਜਪੁਜੀ ਆਫ ਗੁਰੂ ਨਾਨਕ (Truth above All: The Japuji of Guru Nanak) ਦੀ ਖੋਜ਼ ਦੌਰਾਨ ਮੈਂ ਆਪਣੀ ਹੀ ਯੂਨੀਵਰਸਿਟੀ ਦੇ ਸਿੱਖ ਧਰਮ ਅਧਿਐਨ ਵਿਭਾਗ ਦੇ ਇਕ ਪ੍ਰੋਫੈਸਰ, ਜੋ ਬਾਦ ਵਿਚ ਉਸੇ ਵਿਭਾਗ ਦਾ ਮੁਖੀ ਵੀ ਬਣਿਆ, ਨੂੰ ਪੁੱਛਿਆ, "ਜਪੁਜੀ ਸਾਹਿਬ ਦੇ ਅਖੀਰਲੇ ਸ਼ਲੋਕ ਵਿਚ ਆਈ ਤੁਕ "ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ" ਦਾ ਤੁਸੀਂ ਕੀ ਭਾਵ ਲੈਂਦੇ ਹੋ?" ਕਹਿਣ ਲੱਗਿਆ, "ਉਸ ਤੋਂ ਉਪਰਲੀ ਤੁਕ ਵੀ ਪੜ੍ਹੋ! ਭਾਵ ਸਾਫ ਹੈ ਕਿ ਜਿਹਨਾਂ ਨੇ ਘੋਰ ਮੁਸ਼ਕਤ ਘਾਲ ਕੇ ਰੱਬ ਨੂੰ ਧਿਆਇਆ ਉਹ ਤਾਂ ਉਸ ਦੇ ਦਰਬਾਰ ਵਿਚ ਉਜਲ-ਦੀਦਾਰ ਹਨ ਹੀ ਪਰ ਉਹਨਾਂ ਦੀ ਭਗਤੀ ਦਾ ਲਾਭ ਲੈ ਕੇ ਕਿੰਨੀਆਂ ਹੋਰ ਸੰਗਤਾਂ ਵੀ ਇਸ ਦੋਜ਼ਖ ਰੂਪੀ ਸੰਸਾਰ ਤੋਂ ਛੁੱਟ ਗਈਆਂ ਹਨ।" ਮੈਂ ਉਸ ਨੂੰ ਕਿਹਾ, "ਜ਼ਰਾ ਹੋਰ ਉੱਪਰ ਵੀ ਪੜ੍ਹੋ। ਇਸ ਤੋਂ ਪਹਿਲੀ ਤੁਕ ਵਿਚ ਗੁਰੂ ਸਾਹਿਬ ਸਭਨਾਂ ਲਈ "ਕਰਮੀ ਆਪੋ ਆਪਣੀ" ਦਾ ਸਿਧਾਂਤ ਫਰਮਾਉਂਦੇ ਹਨ। ਇਸ ਤੁਕ ਦੀ ਲੋਅ ਵਿਚ ਦੂਜਿਆਂ ਦੀ ਭਗਤੀ ਨਾਲ ਛੁਟਕਾਰਾ ਪਾਉਣ ਵਾਲੀ ਗੱਲ ਤਾਂ ਸਹੀ ਬਣਦੀ ਨਹੀਂ।" ਉਹਨਾਂ ਕਿਹਾ, "ਮੈਂ ਤਾਂ ਜਿੰਨੇ ਉਲੱਥੇ ਵੇਖੇ ਹਨ ਇਹੀ ਵਿਆਖਿਆ ਪੜ੍ਹੀ ਹੈ। ਪ੍ਰੋਫੈਸਰ ਸਾਹਿਬ ਸਿੰਘ ਨੇ ਵੀ ਇਹੀ ਲਿਖਿਆ ਹੈ।" ਮੈਨੂੰ ਲਗਿਆ ਕਿ ਡਾਕਟਰ ਸਾਹਿਬ ਮੁੱਦੇ ਤੋਂ ਪਾਸਾ ਵੱਟਣ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਨੂੰ ਮੁੜ ਲੀਹ ਤੇ ਲਿਆਉਣ ਲਈ ਮੈਂ ਕਿਹਾ, "ਗੱਲ ਪ੍ਰੋ: ਸਾਹਿਬ ਸਿੰਘ ਦੇ ਜਪੁਜੀ ਅਨੁਵਾਦ ਦੀ ਨਹੀਂ, ਗੱਲ ਗੁਰੂ ਨਾਨਕ ਦੇਵ ਦੇ ਜਪੁਜੀ ਸਾਹਿਬ ਦੀ ਹੈ। ਤੁਸੀਂ ਦਸੋ ਗੁਰੂ ਸਾਹਿਬ ਦੇ ਕਰਮ ਸਿਧਾਂਤ ਦੇ ਸਨਮੁੱਖ "ਕੇਤੀ ਛੁਟੀ ਨਾਲ" ਦਾ ਅਣਗਿਣਤ ਸ਼ਰਧਾਲੂਆਂ ਦੀ ਮੁਕਤੀ ਦਾ ਭਾਵ ਕਿਸ ਤਰਾਂ ਵਾਜਬ ਹੋ ਸਕਦਾ ਹੈ?" ਉਸ ਨੇ ਕਿਹਾ, "ਇਹ ਮੈਂ ਕਿਵੇਂ ਦੱਸ ਸਕਦਾ ਹਾਂ? ਮੈਂ ਕੋਈ ਭਾਈ ਜੋਧ ਸਿੰਘ ਜਾਂ ਭਾਈ ਵੀਰ ਸਿੰਘ ਤਾਂ ਹਾਂ ਨਹੀਂ।" ਮੈਂ ਹੈਰਾਨੀ ਨਾਲ ਕਿਹਾ, "ਤੁਸੀਂ ਵੀ ਤਾਂ ਪ੍ਰੋਫੈਸਰ ਹੋ, ਤੁਸੀਂ ਖੋਜ਼ ਕਰਕੇ ਡਾਕਟਰ ਦੀ ਉਪਾਧੀ ਹਾਸਲ ਕੀਤੀ ਹੈ, ਤੁਸੀਂ ਦੂਜੇ ਵਿਦਵਾਨਾਂ ਤੋਂ ਕਿਹੜਾ ਘੱਟ ਹੋ? ਜੋ ਗੱਲ ਉਹ ਨਹੀੰ ਵਿਚਾਰ ਸਕੇ ਤੁਸੀਂ ਵਿਚਾਰ ਸਕਦੇ ਹੋ।" ਇਹ ਸੁਣ ਕੇ ਪ੍ਰੋਫੈਸਰ ਸਾਹਿਬ ਨੇ ਹਥਿਆਰ ਸੁੱਟ ਦਿਤੇ। ਕਹਿਣ ਲੱਗਿਆ, "ਮੈਂ ਅਜਿਹਾ ਨਹੀਂ ਕਰ ਸਕਦਾ, ਕਰਨ ਦੀ ਸੋਚ ਵੀ ਨਹੀਂ ਸਕਦਾ। ਮੈਂ ਆਪਣੇ ਬੱਚੇ ਪਾਲਣੇ ਹਨ!" ਇਹ ਵਿਦਵਾਨ ਮੈਂਨੂੰ "ਰੋਟੀਆਂ ਕਾਰਣ" ਹੀ ਤਾਲ ਪੂਰਦਾ ਨਜ਼ਰ ਆਇਆ।
ਜਦੋਂ ਜਪੁਜੀ ਸਾਹਿਬ ਬਾਰੇ ਮੇਰੀ ਪੁਸਤਕ ਪ੍ਰਕਾਸ਼ਿਤ ਹੋਈ ਤਾਂ ਇਸ ਦੀ ਇਕ ਕਾਪੀ ਮੈਂ ਆਪਣੀ ਯੂਨੀਵਰਸਿਟੀ ਦੇ ਧਰਮ ਅਧਿਐਨ ਵਿਭਾਗ ਦੇ ਮੁੱਖੀ ਤੇ ਸਿੱਖ ਧਰਮ ਦੇ ਇਕ ਹੋਰ ਮੰਨੇ ਪਰਮੰਨੇ ਵਿਦਵਾਨ, ਜਿਸ ਨੇ ਗੁਰੂ ਨਾਨਕ ਦੀ ਬਾਣੀ ਤੇ ਕਾਫੀ ਕੰਮ ਕੀਤਾ ਹੋਇਆ ਹੈ, ਨੂੰ ਸਤਿਕਾਰ ਵਜੋਂ ਭੇਂਟ ਕੀਤੀ। ਉਸ ਨੇ ਹਰਸ਼ ਪ੍ਰਗਟ ਕਰਦਿਆਂ ਕਿਹਾ, "ਮੈਂ ਇਸ ਦਾ ਰੀਵੀਊ ਲਿਖਾਂਗਾ।" ਇਕ ਹਫਤੇ ਵਿਚ ਹੀ ਉਸ ਨੇ ਰੀਵੀਊ ਲਿਖ ਕੇ ਕਿਸੇ ਅਖਬਾਰ ਨੂੰ ਭੇਜਣ ਦੀ ਥਾਂ ਮੈਨੂੰ ਈ-ਮੇਲ ਕਰ ਦਿਤਾ। ਇਸ ਵਿਚ ਬਹੁਤੀ ਸਮਗਰੀ ਤਾਂ ਇੱਧਰ ਉੱਧਰ ਦੀ ਹੀ ਸੀ ਪਰ ਕਿਤਾਬ ਬਾਰੇ ਕੇਵਲ ਦੋ ਨੁਕਤੇ ਲਿਖੇ ਸਨ। ਪਹਿਲਾ ਇਹ ਕਿ ਪੁਸਤਕ ਦੇ ਲੇਖਕ ਦਾ ਅਕਾਦਮਿਕ ਵਿਸ਼ਾ ਧਰਮ-ਅਧੀਐਨ ਨਹੀਂ ਹੈ ਇਸ ਲਈ ਰੀਵੀਊ-ਕਰਤਾ ਨੂੰ ਪਤਾ ਹੀ ਸੀ ਕਿ ਇਸ ਵਿਚ ਕੋਈ ਕੰਮ ਦੀ ਗੱਲ ਤਾਂ ਹੋਣੀ ਨਹੀਂ। ਫਿਰ ਵੀ ਉਸ ਨੇ ਇਸ ਨੂੰ ਇਸ ਉਤਸੁਕਤਾ ਕਰਕੇ ਪੜ੍ਹਨ ਦਾ ਮਨ ਬਣਾਇਆ ਕਿ ਦੇਖੇ ਕਿ ਉਹ ਲਿਖਦਾ ਕੀ ਹੈ। ਉਸ ਦਾ ਦੂਜਾ ਨੁਕਤਾ ਇਹ ਸੀ ਕਿ ਲੇਖਕ ਦਾ ਮੱਤ ਹੈ ਕਿ ਜਪੁਜੀ ਸਾਹਿਬ ਗਾ ਕੇ ਨਹੀਂ ਪੜ੍ਹਿਆ ਜਾ ਸਕਦਾ ਜਦੋਂ ਕੇ ਕਈ ਸਿੱਖ ਇਸ ਨੂੰ ਗਾ ਕੇ ਵੀ ਪੜਦੇ ਹਨ। ਮੈਂ ਉਸ ਦੀ ਈ-ਮੇਲ ਦਾ ਕੋਈ ਜਵਾਬ ਨਾ ਦਿਤਾ। ਕੁਝ ਦਿਨ ਬਾਅਦ ਉਹ ਯੂਨੀਵਰਸਿਟੀ ਵਿਚ ਚਾਹ ਦੀ ਦੁਕਾਨ ਸਾਹਮਣੇ ਮਿਲਿਆ ਤਾਂ ਉਲਾਂਭਾ ਦੇ ਕੇ ਪੁੱਛਣ ਲੱਗਾ, "ਰੀਵੀਊ ਚੈੱਕ ਕਰ ਕੇ ਵਾਪਸ ਕਿਉਂ ਨਹੀਂ ਭੇਜਿਆ? ਹੁਣ ਤੀਕਰ ਤਾਂ ਛਪ ਵੀ ਜਾਣਾ ਸੀ।" ਮੈਂ ਕਿਹਾ ਕਿ ਮੈਂ ਤਾਂ ਆਪਣੀ ਕਿਤਾਬ ਦੇ ਪੰਨੇ ਹੀ ਚੈੱਕ ਕਰਦਾ ਰਿਹਾ ਕਿ ਜਪੁਜੀ ਸਾਹਿਬ ਦੇ ਗਾ ਕੇ ਨਾ ਪੜ੍ਹੇ ਜਾਣ ਵਾਲੀ ਗੱਲ ਕਿੱਥੇ ਲਿਖੀ ਹੋਈ ਹੈ। ਇਹ ਸੁਣ ਕੇ ਉਹ ਨਿਰਉੱਤਰ ਜਿਹਾ ਹੋ ਗਿਆ ਤੇ ਕਹਿਣ ਲੱਗਾ, "ਦਰਅਸਲ ਕਿਤਾਬ ਮੈਂ ਪੂਰੇ ਤਰੀਕੇ ਨਾਲ ਪੜ੍ਹ ਨਹੀਂ ਸੀ ਪਾਇਆ ਇਸ ਲਈ ਕੋਈ ਗੱਲ ਉੱਤੇ ਨੀਚੇ ਹੋ ਗਈ ਹੋਵੇਗੀ। ਰੀਵੀਊ ਤਾਂ ਤੁਹਾਨੂੰ ਆਪ ਹੀ ਲਿਖਣਾ ਪੈਦਾ ਹੈ। ਸੋ ਜੋ ਠੀਕ ਲਗਦਾ ਹੈ ਲਿਖ ਕੇ ਭੇਜ ਦਿਓ। ਮੈਂ ਇੰਨ ਬਿੰਨ ਅਖਬਾਰ ਨੂੰ ਭੇਜ ਦਿਆਂਗਾ।" ਕਿਤਾਬ ਦਾ ਨਾਂ ਟਰੂਥ ਅਬੱਵ ਆਲ ਤੇ ਉਸ ਦੇ ਰੀਵੀਊ ਬਾਰੇ ਇੰਨੀ ਮਾੜੀ ਤਜਵੀਜ਼! ਮੈਂ ਹੱਕਾ ਬੱਕਾ ਹੋ ਕੇ ਉਸ ਨੂੰ ਕਟਾਕਸ਼ ਨਾਲ ਪੁਛਿੱਆ, "ਜਨਾਬ ਨੇ ਕਿਤਾਬ ਦਾ ਟਾਈਟਲ ਤਾਂ ਪੜ੍ਹਿਆ ਹੀ ਹੋਵੇਗਾ?" ਕਹਿਣ ਲੱਗਾ, "ਹਾਂ, ਹਾਂ। ਉਂਜ ਤਾਂ ਮੈਂ ਵਿਚੋਂ ਵਿਚੋਂ ਕਈ ਸਫੇ ਵੀ ਪੜ੍ਹੇ ਹਨ।" ਮੈਨੂੰ ਇਹ ਭਰਮ ਸੀ ਕਿ ਸ਼ਾਇਦ ਇਸ ਵਿਦਵਾਨ ਦੀ 'ਮਤਿ' ਵਿਚ ਕੁਝ 'ਰਤਨ ਜਵਾਹਰ ਮਾਣਿਕ" ਹਨ" ਪਰ ਉਸ ਦਿਨ ਮੇਰਾ ਇਹ ਭਰਮ ਦੂਰ ਹੋ ਗਿਆ।
ਮੇਰਾ ਇਕ ਪ੍ਰਿੰਸੀਪਲ ਦੋਸਤ ਸਰਕਾਰੀ ਕਾਲਜਾਂ ਵਿਚ ਸੰਸਕ੍ਰਿਤ ਵਿਸ਼ੇ ਦਾ ਅਧਿਆਪਕ ਰਿਹਾ ਹੈ। ਸਿੱਖ ਹੋਣ ਨਾਤੇ ਉਹ ਗੁਰਬਾਣੀ ਬਾਰੇ ਖੂਬ ਲਿਖਦਾ ਰਿਹਾ ਤੇ ਜਪੁਜੀ ਸਾਹਿਬ ਉੱਤੇ ਵੀ ਉਸਨੇ ਨੇ ਕਈ ਕਿਤਾਬਾਂ ਲਿਖੀਆਂ ਹਨ। ਮੈਂ ਉਹਨਾਂ ਨੂੰ ਜਾ ਕੇ ਕਿਹਾ "ਮੰਨੈ ਮਗੁ ਨਾ ਚਲੈ ਪੰਥ" ਵਾਲੀ ਤੁਕ ਦਾ ਅਰਥ ਸਮਝਾਓ।" ਕਹਿਣ ਲੱਗਿਆ, "ਬੜਾ ਚੰਗਾ ਸਵਾਲ ਹੈ, ਡਾਕਟਰ ਸਾਹਿਬ। ਪਹਿਲਾਂ ਪਹਿਲਾਂ ਮੈਂ ਵੀ ਇਸ ਬਾਰੇ ਬੜਾ ਅਟਕਲ-ਪੱਚੂ ਲਗਾਉਂਦਾ ਰਿਹਾ। ਪਰ ਬੜੀ ਖੋਜ਼ ਤੋਂ ਬਾਦ ਪਤਾ ਚੱਲਿਆ ਕਿ ਗੁਰੂ ਸਾਹਿਬ ਦੇ ਕਾਲ ਵਿਚ 'ਮਗ' ਨਾਮੀ ਇਕ ਵੱਡਾ ਧਾਰਮਿਕ ਫਿਰਕਾ ਹੁੰਦਾ ਸੀ ਜੋ ਸ਼ਮਸ਼ਾਨ ਘਾਟਾਂ ਨੇੜੇ ਰਹਿੰਦਾ ਸੀ। ਆਪਣੇ ਸ਼ਰਧਾਲੂਆਂ ਦੀ ਵਿਸ਼ਵਾਸ਼ਹੀਣਤਾ ਕਾਰਨ ਇਹ ਫੇਲ ਹੋ ਗਿਆ ਸੀ। ਉਸੇ ਦਾ ਜਿਕਰ ਕਰਦੇ ਹੋਏ ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ਮੰਨਣ ਬਿਨਾਂ ਤਾਂ 'ਮਗ' ਨਾਂ ਦਾ ਧਰਮ ਵੀ ਨਹੀਂ ਸੀ ਚਲ ਸਕਿਆ।" ਮੈਨੂੰ ਇਸ ਵਿਦਵਾਨ ਦੀ ਵਿਦਵਤਾ ਤੇ ਹਾਸਾ ਵੀ ਆਇਆ ਤੇ ਤਰਸ ਵੀ। ਮੈਂ ਉਸ ਨੂੰ ਚਲਾਵੇਂ ਭਾਵ ਨਾਲ ਕਿਹਾ, "ਏਨੀ ਖੋਜ਼ ਕਰਨ ਦੀ ਕੀ ਲੋੜ ਸੀ। ਗੁਰੂ ਗ੍ਰੰਥ ਸਾਹਿਬ ਵਿਚ ਇਹ ਸ਼ਬਦ ਇਕੋ ਅਰਥ ਨਾਲ ਵੀਹ ਤੀਹ ਵਾਰ ਆਇਆ ਹੈ, ਉਥੋਂ ਪੜ੍ਹ ਕੇ ਅੰਦਾਜ਼ਾ ਲਾ ਲੈਣਾ ਸੀ ਕਿ ਇਹ ਕੀ ਹੈ।" ਉਹ ਆਪਣੇ ਸੰਸਕ੍ਰਿਤ ਦੇ ਪਿਛੋਕੜ ਦਾ ਫਖ਼ਰ ਕਰਦਿਆਂ ਬੋਲਿਆ, "ਜਦੋਂ ਬਾਣੀ ਦੇ ਹਰ ਸ਼ਬਦ ਦੀ ਜੜ੍ਹ ਸੰਸਕ੍ਰਿਤ ਵਿਚ ਹੈ ਤਾਂ ਮੈਂ ਲੇਅ-ਮੈਨਾਂ ਵਾਲੀ ਗੱਲ ਜਰੂਰ ਕਰਨੀ ਸੀ?" ਮਨ ਹੀ ਮਨ ਉਸ ਵਿਦਵਾਨ ਲਈ ਮੈਨੂੰ ਗੁਰੂ ਸਾਹਿਬ ਦਾ "ਵਸਦੇ ਰਹੋ" ਦਾ ਵਰਦਾਨ ਯਾਦ ਆਇਆ।
ਮੇਰੇ ਇਕ ਵਾਕਫ ਨੇ ਸੈਨ ਹੋਜ਼ੇ ਗੁਰਦੁਆਰੇ ਵਿਚ ਮੇਰੀ ਇਕ ਮਸ਼ਹੂਰ ਸਿੱਖ ਵਿਦਵਾਨ ਤੇ ਅਲੋਚਕ ਨਾਲ ਮੁਲਾਕਾਤ ਕਰਵਾਈ। ਉਹ ਹਰ ਐਤਵਾਰ ਮੈਂਨੂੰ ਉੱਥੇ ਮਿਲਦਾ ਤੇ ਅਸੀਂ ਗੁਰਬਾਣੀ-ਵਿਚਾਰ ਕਰਦੇ। ਜਦੋਂ ਉਸ ਨੂੰ ਪਤਾ ਲਗਿੱਆ ਕਿ ਮੈਂ ਜਪੁਜੀ ਸਾਹਿਬ ਤੇ ਕੰਮ ਕਰ ਰਿਹਾ ਹਾਂ ਉਹ ਮੈਂਨੂੰ ਪੁੱਛਣ ਲੱਗਾ, "ਤੁਸੀਂ ਓਸ਼ੋ ਦਾ ਜਪੁਜੀ ਸਾਹਿਬ ਪੜ੍ਹਿਆ ਹੈ?" ਮੈਂ ਕਿਹਾ, "ਹਾਂ, ਮੈਂ ਉਸ ਦਾ ਟੀਕਾ ਪੜ੍ਹਿਆ ਹੈ ਤੇ ਵਿਨੋਭਾ ਭਾਵੇ ਦਾ ਵੀ।" ਮੇਰੀ ਗੱਲ ਸੁਣ ਕੇ ਕਹਿਣ ਲੱਗਿਆ, "ਠੀਕ ਹੈ, ਅਗਲੇ ਹਫਤੇ ਮਿਲਾਂਗਾ।" ਅਗਲੇ ਹਫਤੇ ਜਦੋਂ ਮਿਲਿਆ ਤਾਂ ਮੈਨੂੰ ਭਾਈ ਵੀਰ ਸਿੰਘ ਦਾ ਜਪੁਜੀ ਸਟੀਕ ਦੇ ਕੇ ਕਹਿਣ ਲੱਗਿਆ, "ਇਸ ਨੂੰ ਪੜ੍ਹੋ ਇਸ ਤੋਂ ਉੱਪਰ ਕੁਝ ਨਹੀਂ।" ਮੈਂ ਉਸ ਨੂੰ ਕਿਹਾ, "ਇਹ ਮੈਂ ਪੜ੍ਹਿਆ ਹੈ।" ਉਹ ਹੈਰਾਨ ਹੋ ਕੇ ਬੋਲਿਆ, "ਡਾ: ਸਾਹਿਬ, ਜੇ ਤੁਸੀਂ ਓਸ਼ੋ ਤੇ ਭਾਈ ਵੀਰ ਸਿੰਘ ਦੋਵੇਂ ਪੜ੍ਹੇ ਹਨ ਤਾਂ ਜਪੁਜੀ ਦਾ ਹੋਰ ਟੀਕਾ ਕਰਨ ਦੀ ਕੀ ਲੋੜ ਪੈ ਗਈ ਹੈ? ਮੈਂ ਉਸ ਨੂੰ ਕਿਹਾ, "ਹੁਣ ਤੀਕਰ ਜਪੁਜੀ ਸਾਹਿਬ ਦੇ ਦੋ ਸੌ ਤੋਂ ਵੱਧ ਸਟੀਕ ਲਿਖੇ ਜਾ ਚੁੱਕੇ ਹਨ। ਇਹ ਸਾਰੇ ਤਰਕ-ਸੰਗਤ ਨਹੀਂ ਹਨ। ਅਣਵਿਗਿਆਨਕ ਹੋਣ ਕਾਰਨ ਮੈਂ ਇਹਨਾਂ ਸਭ ਨੂੰ ਇਕ ਹੀ ਖਾਨੇ ਵਿਚ ਰੱਖਦਾ ਹਾਂ।" ਉਸ ਨੇ ਅਸੀਮ ਹੈਰਾਨੀ ਪ੍ਰਗਟ ਕਰਦਿਆਂ ਪੁੱਛਿਆ, "ਤਰਕ-ਸੰਗਤ ਕਿਵੇਂ ਨਹੀਂ?" ਮੈਂ ਕਿਹਾ, "ਮੂਲ-ਮੰਤਰ ਤੇ ਸਲੋਕਾਂ ਸਮੇਤ ਜਪੁਜੀ ਸਾਹਿਬ ਦੇ 41 ਅੰਗ ਇਕ ਨਿਰੰਤਰ ਵਿਚਾਰ ਲੜੀ ਵਿਚ ਪ੍ਰੋਏ ਹੋਏ ਹਨ ਜਿਨ੍ਹਾਂ ਦਾ ਇਕ ਬੱਝਵਾਂ ਅਰਥ ਹੈ। ਪਰ ਇਹ ਸਟੀਕ ਕਰਤਾ ਇਸ ਨੂੰ ਬਿਖਰੇ ਹੋਏ ਕਾਵਿ ਟੁਕੜੇ ਸਮਝ ਕੇ ਮਨ ਭਾਉਂਦੇ ਅਰਥ ਕਰਦੇ ਹਨ।" ਉਸ ਨੇ ਪਰਤ ਕੇ ਕਿਹਾ, "ਅਜਿਹਾ ਤਾਂ ਨਹੀਂ ਹੈ।" ਮੈਂ ਕਿਹਾ, "ਉਦਾਹਰਣਾਂ ਤਾਂ ਬਹੁਤ ਹਨ ਪਰ ਇਹੀ ਇਕ ਦੇਖੋ। ਬਾਹਰਵੀਂ ਤੋਂ ਪੰਦਰਵੀ ਪੌੜੀ ਵਿਚ ਗੁਰੂ ਸਾਹਿਬ "ਮੰਨੈ" ਦੀ ਮਹਿਮਾ ਕਰਦੇ ਹਨ। ਪਰ ਸੋਹਲਵੀਂ ਪੌੜੀ ਸ਼ੁਰੂ ਹੁੰਦੇ ਹੀ ਉਹ ਪੰਚਾਂ ਦਾ ਜ਼ਿਕਰ ਸ਼ੁਰੂ ਕਰ ਦਿੰਦੇ ਹਨ। ਇਹ ਵਿਦਵਾਨ ਮੰਨੇ ਤੇ ਪੰਚਾਂ ਵਿਚਕਾਰ ਕਿਤੇ ਕੋਈ ਮਨ ਲਗਦੀ ਸਾਂਝ ਨਹੀਂ ਦੱਸਦੇ।" ਉਹ ਕਹਿਣ ਲੱਗਿਆ, "ਇਸ ਦਾ ਜਵਾਬ ਮੈਂ ਤੁਹਾਨੂੰ ਦੇਖ ਕੇ ਦਿਆਂਗਾ।" ਉਸ ਤੋਂ ਬਾਦ ਉਹ ਕਈ ਵਾਰ ਮਿਲਿਆ ਤੇ ਅੰਤ ਪ੍ਰਲੋਕ ਸਿਧਾਰ ਗਿਆ ਪਰ ਸਪਸ਼ਟੀਕਰਣ ਨਾ ਦੇ ਪਾਇਆ।
ਸੈਨ ਹੋਜ਼ੇ ਯੂਨੀਵਰਸਿਟੀ ਦੀ ਇਕ ਵਿਦਿਆਰਥੀ ਜੱਥੇਬੰਦੀ ਵਲੋਂ ਮੈਂਨੁੰ ਈ-ਮੇਲ ਆਈ ਕਿ ਫਲਾਂ ਤਾਰੀਖ ਨੂੰ ਭਾਰਤ ਤੋਂ ਇਕ ਸਿੱਖ ਇਤਿਹਾਸਕਾਰ ਪੰਜਾਬ ਹਿਸਟਰੀ ਤੇ ਭਾਸ਼ਣ ਦੇਣ ਆ ਰਿਹਾ ਹੈ, ਹਾਜ਼ਰ ਹੋਣਾ। ਮੈਂ ਗਿਆ ਤਾਂ ਗੁਰੂ ਨਾਨਕ ਫਾਉਂਡੇਸ਼ਨ ਦਿੱਲੀ ਦਾ ਡਾਰੈਕਟਰ ਜੋ ਪਹਿਲਾਂ ਪੰਜਾਬ ਦੀ ਇਕ ਯੂਨੀਵਰਸਿਟੀ ਵਿਚ ਸਿੱਖ ਇਤਿਹਾਸ ਦਾ ਪ੍ਰੋਫੈਸਰ ਰਹਿ ਚੁੱਕਾ ਸੀ ਤੇ ਖੋਜ਼ ਉਪਰੰਤ ਇਸ ਬਾਰੇ ਕਈ ਪ੍ਰਸਿੱਧ ਕਿਤਾਬਾਂ ਵੀ ਲਿਖ ਚੁੱਕਾ ਸੀ, ਪ੍ਰਾਜੈਕਟਰ ਰਾਹੀਂ ਪੰਜਾਬ ਦੇ ਇਤਿਹਾਸਕ ਗੁਰਦਵਾਰਿਆਂ ਦੀਆਂ ਨਵੀਂਆਂ ਤੇ ਪੁਰਾਣੀਆਂ ਤਸਵੀਰਾਂ ਦਿਖਾ ਕੇ ਦੱਸ ਰਿਹਾ ਸੀ ਕਿ ਪੰਜਾਬ ਵਿਚ ਕਾਰ ਸੇਵਾ ਵਾਲੇ ਸੰਤ ਬਾਬੇ ਵੱਡੇ ਪੱਧਰ ਤੇ ਗੁਰੂਘਰਾਂ ਦੀਆਂ ਯਾਦਗਾਰੀ ਇਤਿਹਾਸਕ ਇਮਾਰਤਾਂ ਢਾਹ ਕੇ ਉਹਨਾਂ ਦੀ ਥਾਂ ਨਵੇਂ ਸੰਗਮਰੀ ਗੁਰਦੁਆਰੇ ਉਸਾਰ ਰਹੇ ਹਨ। ਉਹ ਦਲੀਲ ਦੇ ਰਿਹਾ ਸੀ ਕਿ ਸਿੱਖ ਇਤਿਹਾਸ ਨਾਲ ਅਜੇਹੇ ਖਿਲਵਾੜ ਨੂੰ ਰੋਕਿਆ ਜਾਣਾ ਚਾਹੀਦਾ ਹੈ ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਆਪਣਾ ਵਿਰਸਾ ਭੁੱਲ ਜਾਣਗੀਆਂ। ਚਰਚਾ ਕਾਲ ਵਿਚ ਮੈਂ ਉਸ ਨੂੰ ਕਿਹਾ ਕਿ ਤੁਹਾਡਾ ਮੁੱਦਾ ਸਹੀ ਹੈ ਪਰ ਜੋ ਖਿਲਵਾੜ ਸਿੱਖ ਸੰਤ ਤੇ ਸਿੱਖ ਵਿਦਵਾਨ ਗੁਰਬਾਣੀ ਦੀ ਵਿਆਖਿਆ ਨਾਲ ਸਦੀਆਂ ਤੋਂ ਕਰ ਰਹੇ ਹਨ, ਉਸ ਬਾਰੇ ਤੁਸੀਂ ਕੀ ਕਹੋਗੇ? ਕਹਿਣ ਲੱਗਿਆ ਮੈਨੂੰ ਤਾਂ ਕੋਈ ਖਿਲਵਾੜ ਨਜ਼ਰ ਨਹੀਂ ਆ ਰਿਹਾ। ਮੈਂ ਉਸ ਨੂੰ ਕਿਹਾ, "ਗਿਨਾਉਣ ਨੂੰ ਤਾਂ ਮਨ-ਘੜਤ ਵਿਆਖਿਆਵਾਂ ਦੇ ਕਿੰਨੇ ਹੀ ਉਦਾਹਰਣ ਦਿੱਤੇ ਜਾ ਸਕਦੇ ਹਨ ਪਰ ਇਕ ਪੇਸ਼ ਕਰਦਾ ਹਾਂ। ਜਪੁਜੀ ਸਾਹਿਬ ਦੀ ਚੌਥੀ ਪੌੜੀ ਵਿਚ ਗੁਰੂ ਸਾਹਿਬ ਲਿਖਦੇ ਹਨ, "ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ।" ਅਗਲੀਆਂ ਲਾਈਨਾਂ ਵਿਚ ਇਸ ਪ੍ਰਸ਼ਨ ਦਾ ਉਤੱਰ ਦੇਂਦੇ ਦਸਦੇ ਹਨ, "ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ"। ਸਾਰੇ ਵਿਦਵਾਨ ਇਸ ਦਾ ਅਰਥ ਕਰਦੇ ਹਨ ਕਿ ਸ਼ਰੀਰ ਰੂਪੀ ਕਪੜਾ ਕਰਮਾਂ ਮੁਤਾਬਿਕ ਮਿਲਦਾ ਹੈ ਤੇ ਇਸ ਦੀ ਮੁਕਤੀ ਵਾਹਿਗੁਰੂ ਦੀ ਨਦਰ ਨਾਲ ਹੁੰਦੀ ਹੈ। ਪ੍ਰਸ਼ਨ ਦਰਬਾਰ ਵੇਖਣ ਦਾ ਹੈ ਤੇ ਉੱਤਰ ਗੀਤਾ ਦਾ ਮਰਨ-ਜੰਮਣ ਦਾ ਫਿਲਾਸਫਾ! ਕੀ ਇਹ ਤਰਕ-ਸੰਗਤ ਜਾਪਦਾ ਹੈ, ਜੇ ਨਹੀਂ ਤਾਂ ਸਹੀ ਵਿਆਖਿਆ ਕੀ ਹੈ? ਵਿਦਵਾਨ ਕਹਿਣ ਲੱਗਿਆ, "ਮੈਂ ਤਾਂ ਇਤਿਹਾਸ ਦਾ ਵਿਦਿਆਰਥੀ ਹਾਂ ਮੈਨੂੰ ਗੁਰਬਾਣੀ ਦੀ ਇੰਨੀ ਸਮਝ ਨਹੀਂ।" ਮੈਂ ਉਸ ਨੂੰ ਮੋੜਵਾਂ ਪ੍ਰਸ਼ਨ ਕੀਤਾ, "ਸਾਰਾ ਸਿੱਖ ਜਗਤ ਇਹ ਕਹਿੰਦਾ ਨਹੀਂ ਥੱਕਦਾ ਕਿ ਗੁਰੂ ਸਾਹਿਬ ਨੇ ਇਹ ਬਾਣੀ ਆਮ ਲੋਕਾਂ ਦੇ ਸਮਝਣ ਲਈ ਉਹਨਾਂ ਦੀ ਹੀ ਬੋਲੀ ਵਿਚ ਲਿਖੀ ਹੈ। ਇਸ ਲਈ ਇਸ ਨੂੰ ਸਮਝਣ ਲਈ ਕਿਸੇ ਉੱਚ ਡਿਗਰੀ ਤੇ ਵਿਸ਼ੇਸ਼ਗਤਾ ਦੀ ਲੋੜ ਨਹੀਂ। ਫਿਰ ਤੁਸੀਂ ਤਾਂ ਸਿੱਖ ਬੁਧੀਜੀਵੀ ਹੋ ਤੇ ਗੁਰੂ ਨਾਨਕ ਅਧੀਐਨ ਦੇ ਉੱਚ ਅਦਾਰੇ ਦੇ ਨਿਰਦੇਸ਼ਕ ਹੋ। ਤੁਸੀਂ ਗੁਰਬਾਣੀ ਤੇ ਸਿੱਖ ਇਤਿਹਾਸ ਵਿਚ ਫਰਕ ਦੱਸ ਕੇ ਤੇ ਗੁਰਬਾਣੀ ਤੋਂ ਅਨਜਾਣਤਾ ਦਾ ਬਹਾਨਾ ਕਰ ਕੇ ਇਸ ਪ੍ਰਸ਼ਨ ਤੋਂ ਮੂੰਹ ਨਹੀਂ ਮੋੜ ਸਕਦੇ।" ਕਹਿਣ ਲੱਗਾ, "ਮੇਰਾ ਮਤਲਬ ਹੈ ਕਿ ਇਸ ਵੇਲੇ ਅਸੀਂ ਸਿੱਖ ਇਤਿਹਾਸ ਦੀਆਂ ਨਿਸ਼ਾਨੀਆਂ ਦੇ ਮਿਟਾਏ ਜਾਣ ਬਾਰੇ ਗੱਲ ਕਰ ਰਹੇ ਹਾਂ, ਗੁਰਬਾਣੀ ਦੀ ਗੱਲ ਇਸ ਚਰਚਾ ਦੇ ਦਾਇਰੇ ਵਿਚ ਨਹੀਂ ਆਉਂਦੀ।" ਉਸ ਦੇ ਟਾਲ-ਮਟੋਲੀ ਉੱਤਰ ਤੋਂ ਪਤਾ ਚਲਦਾ ਸੀ ਕਿ ਉਸ ਨੇ ਸੱਚੀ ਮੁੱਚੀ ਕਦੇ ਡੂੰਘਾਈ ਵਿਚ ਜਾ ਕੇ ਜਪੁਜੀ ਸਾਹਿਬ ਪੜ੍ਹਿਆ ਹੀ ਨਹੀਂ ਹੋਣਾ। ਸ਼ਾਇਦ ਉੱਚੀ ਪਦਵੀ ਤੇ ਅਣਮਿੱਤੇ ਫੰਡਾਂ ਦੀ ਲਾਲਸਾ ਕਰਕੇ ਹੀ ਗੁਰੂ ਨਾਨਕ ਫਾਉਂਡੇਸ਼ਨ ਵਿਚ ਚਲਾ ਗਿਆ ਹੋਣਾ ਐ। ਥੋੜੀ ਦੇਰ ਬਾਦ ਉਸੇ ਹਾਲ ਵਿਚ ਉਹ ਸੰਗਤ ਨੂੰ ਢਾਹੇ ਗਏ ਪੁਰਾਣੇ ਤੇ ਨਵੇਂ ਉਸਾਰੇ ਗੁਰਦਵਾਰਿਆਂ ਦੀਆਂ ਤਸਵੀਰਾਂ ਵੇਚਦਾ ਨਜ਼ਰ ਆਇਆ!
ਮੇਰੀ ਵਾਕਫੀ ਦਾ ਇਕ ਸੱਜਣ ਪਹਿਲਾਂ ਸਰਕਾਰੀ ਕਾਲਜ਼ਾਂ ਵਿਚ ਫਿਲਾਸਫੀ ਦਾ ਪ੍ਰੋਫੈਸਰ ਸੀ। ਉਹ ਫਿਲਾਸਫੀ ਦੀ ਗੱਲ ਘੱਟ ਕਰਦਾ, ਗੁਰਬਾਣੀ ਦੀ ਵਧੇਰੇ। ਦੱਸਦਾ ਕਿ ਉਸ ਦਾ ਗੁਰੂ ਨਾਨਕ ਦੀ ਬਾਣੀ ਤੇ ਵਿਸ਼ੇਸ਼ੀਕਰਣ ਹੈ। ਉਸ ਨੇ ਛੋਟੇ ਛੋਟੇ ਕਾਰਡਾਂ ਤੇ ਜਪੁਜੀ ਸਾਹਿਬ ਅਤੇ ਗੁਰੂ ਨਾਨਕ ਦੀਆਂ ਹੋਰ ਬਾਣੀਆਂ ਚੋਂ ਤੁੱਕਾਂ ਲਿਖ ਕੇ ਨਾਲ ਨਾਲ ਉਹਨਾਂ ਦੀ ਸੰਖੇਪ ਵਿਆਖਿਆ ਲਿਖ ਰੱਖੀ ਸੀ। ਜਦੋਂ ਲੈਕਚਰ ਕਰਨ ਜਾਂਦਾ, ਲੈਕਚਰ ਦੀ ਥਾਂ ਉਹ ਨੰਬਰਵਾਰ ਇਕ ਇਕ ਕਾਰਡ ਕੱਢ ਕੇ ਕਥਾ ਜਿਹੀ ਕਰਦਾ ਤੇ ਲੋਕਾਂ ਨੂੰ ਸੁਣਾਉਂਦਾ। ਕੱਚੀ ਸਰਕਾਰੀ ਨੌਕਰੀ ਖਤਮ ਹੋ ਜਾਣ ਉਪਰੰਤ ਉਹ ਪਟਿਆਲੇ ਗੁਰਮਤ ਕਾਲਜ਼ ਦੇ ਪ੍ਰਿੰਸੀਪਲ ਸਤਿਬੀਰ ਸਿੰਘ ਦੈ ਸੰਪਰਕ ਵਿਚ ਆ ਗਿਆ। ਪ੍ਰਿੰਸੀਪਲ ਸਾਹਿਬ ਨੇ ਉਸ ਦੀ ਸਾਬਤ ਸਰੂਪ ਦਿੱਖ ਤੇ ਗੁਰਬਾਣੀ ਦਰਸ਼ਨ ਵਿਚ ਰੁਝਾਣ ਵੇਖ ਕੇ ਉਸ ਨੂੰ ਆਪਣੇ ਕਾਲਜ਼ ਵਿਚ ਆਰਜ਼ੀ ਅਧਿਆਪਕ ਰੱਖ ਲਿਆ। ਹੌਲੀ ਹੌਲੀ ਉਹ ਕੱਚੇ ਤੋਂ ਪੱਕਾ ਤੇ ਪੱਕੇ ਅਧਿਆਪਕ ਤੋਂ ਪ੍ਰਿੰਸੀਪਲ ਬਣ ਗਿਆ। ਪ੍ਰਿੰਸੀਪਲ ਹੋਣ ਦੇ ਨਾਤੇ ਉਸ ਦੀ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਤੀਕਰ ਵੀ ਪਹੁੰਚ ਹੋ ਗਈ ਤੇ ਉਹ ਇਹਨਾਂ ਦੁਆਰਾ ਕਈ ਅਹਿਮ ਕਮੇਟੀਆਂ ਵਿਚ ਧਾਰਮਿਕ ਵਿਸ਼ੇਸ਼ਗ ਦੇ ਤੌਰ ਤੇ ਬਲਾਇਆ ਜਾਣ ਲੱਗਿਆ ਤੇ ਵਡੇ ਪੰਥਕ ਫੈਸਲਿਆਂ ਵਿਚ ਭਾਗੀਦਾਰੀ ਕਰਨ ਲੱਗਿਆ। ਅੰਮ੍ਰਿਤਸਰ ਦੇ ਪ੍ਰੋ: ਪਿਆਰ ਸਿੰਘ ਨੂੰ ਤਨਖਾਹ ਲਾਉਣ ਵਾਲਿਆਂ ਵਿਚ ਵੀ ਉਹ ਸ਼ਾਮਲ ਸੀ।
ਕਈ ਸਾਲਾਂ ਬਾਦ ਇਕ ਦਿਨ ਉਹ ਪੰਜਾਬੀ ਯੂਨੀਵਰਸਿਟੀ ਵਿਚ ਮਿਲਿਆ। ਮੈਂ ਪੁਛਿੱਆ, "ਅੱਜ ਕੱਲ ਕਿੱਥੇ ਹੁੰਦੇ ਹੋ, ਬਾਬਿਓ?" ਕਹਿਣ ਲੱਗਿਆ, "ਰਿਟਾਇਰ ਹੋ ਚੁੱਕਿਆ ਹਾਂ। ਜਥੇਦਾਰਾਂ ਦੀ ਕਿਰਪਾ ਨਾਲ ਇਕ ਪਿੰਡ ਵਿਚ ਇਕ ਪਟਰੋਲ ਪੰਪ ਅਲਾਟ ਹੋ ਗਿਆ ਸੀ, ਉਸੇ ਤੇ ਬੈਠਦਾ ਹਾਂ।" ਇਕ ਬੁੱਧੀਜੀਵੀ ਦਾ ਇਹ ਹਸ਼ਰ! ਮੈਂਨੂੰ ਵਿਸ਼ਵਾਸ ਨਾ ਆਇਆ। ਮੈਂ ਮੁੜ ਕੇ ਪੁੱਛਿਆ," ਪੜਾਈ ਲਿਖਾਈ ਤਾਂ ਚਲਦੀ ਐ?" ਬੋਲਿਆ, ਧਰਮ ਪ੍ਰਚਾਰ ਕਮੇਟੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਣ ਅਨੁਵਾਦ ਕਰਨ ਲਈ ਪ੍ਰਾਜੈਕਟ ਦਿੱਤਾ ਹੋਇਆ ਹੈ, ਸਵੇਰੇ ਸ਼ਾਮ ਉਸ ਤੇ ਕੰਮ ਕਰਦਾ ਹਾਂ।" ਮੈਂ ਹੈਰਾਨੀ ਪ੍ਰਗਟ ਕਰਦਿਆਂ ਫਿਰ ਕਿਹਾ, "ਗੁਰੂ ਗ੍ਰੰਥ ਸਾਹਿਬ ਦੇ ਦਰਜ਼ਨਾਂ ਅਨੁਵਾਦ ਹੋ ਚੁੱਕੇ ਹਨ। ਡਾ: ਗੁਰਭਗਤ ਸਿੰਘ ਕਹਿੰਦਾ ਹੈ ਮੈਂ ਕਰ ਰਿਹਾ ਹਾਂ, ਇੱਧਰ ਤੁਸੀਂ ਕਰ ਰਹੇ ਹੋ। ਕੀ ਕਰ ਰਹੇ ਹੋ ਤੁਸੀਂ ਲੋਕ? ਕੀ ਪੁਰਾਣੇ ਅਨੁਵਾਦ ਗਲਤ ਹਨ?" ਉਹ ਆਕਾਸ਼ ਵਲ ਵੇਖ ਕੇ ਬੋਲਿਆ, "ਗਲਤ-ਠੀਕ ਦੀ ਕੋਈ ਗੱਲ ਨਹੀਂ। ਗੱਲ ਤਾਂ ਇਸ ਉਮਰ ਵਿਚ ਗੁਰਬਾਣੀ ਨਾਲ ਜੁੜੇ ਰਹਿਣ ਦੀ ਹੈ। ਵੈਸੇ ਮੇਰਾ ਪ੍ਰਾਜੈਕਟ ਐਸ ਜੀ ਪੀ ਸੀ ਦਾ ਹੈ ਤੇ ਗੁਰਭਗਤ ਸਿੰਘ ਦਾ ਕਿਸੇ ਹੋਰ ਸੰਸਥਾ ਨੇ ਸਪਾਂਸਰ ਕੀਤਾ ਹੋਇਆ ਹੈ। ਗੁਰਭਗਤ ਦਾ ਕੀ ਹੈ, ਮੈਨੂੰ ਪਤਾ ਨਹੀਂ ਪਰ ਮੇਰਾ ਕੰਮ ਸਿਖਰ ਦਾ ਹੈ।" ਮੈਂ ਉੱਤਸੁਕਤਾ ਨਾਲ ਪੁੱਛਿਆ, "ਕਿੰਨਾ ਕੁ ਕੰਮ ਮੁਕਾ ਲਿਆ ਹੈ?" ਕਹਿਣ ਲੱਗਿਆ, "ਪਹਿਲੇ ਸੌ ਕੁ ਪੰਨੇ ਮੁਕੰਮਲ ਕਰ ਲਏ ਹਨ, ਅੱਗੇ ਕੰਮ ਸ਼ੁਰੂ ਕਰਨਾ ਹੈ।" ਮੈਂ ਕਿਹਾ, "ਪਹਿਲੇ ਗੁਰੂ ਦੀ ਬਾਣੀ ਦਾ ਅਨੁਵਾਦ ਤਾਂ ਤੁਹਾਡਾ ਚਿਰੋਕਣਾ ਮੁਕੰਮਲ ਸੀ, ਕਾਰਡਾਂ ਤੇ।" ਕਹਿਣ ਲੱਗਿਆ," ਇਹ ਕੰਮ ਵੇਰਵੇ-ਸਹਿਤ ਹੈ, ਦੂਜੇ ਟੀਕਿਆਂ ਵਾਂਗ ਨਹੀਂ। ਆਉਣਾ ਕਦੇ, ਵਿਖਾਵਾਂਗਾ।" ਗੱਲ ਨੂੰ ਘੋਖਣ ਲਈ ਮੈਂ ਅਗਲੇ ਦਿਨ ਹੀ ਉਸ ਦੇ ਘਰ ਪਹੁੰਚ ਗਿਆ।
ਵਿਦਵਾਨ ਮੈਨੂੰ ਆਪਣੇ ਸੱਟਡੀ ਰੂਮ ਵਿਚ ਲੈ ਗਿਆ। ਫ਼ਰਸ਼ ਤੇ ਵਿਛੀ ਦਰੀ ਵਿਚਕਾਰ ਇਕ ਪੀਹੜੀ-ਨੁਮਾ ਮੇਜ਼ ਉੱਤੇ ਲਿਖਣ ਸਮਗਰੀ ਪਈ ਸੀ ਤੇ ਦੁਆਲੇ ਸੱਤ ਅੱਠ ਸਟੀਕ ਖੁਲ੍ਹੇ ਪਏ ਸਨ। ਉਸ ਨੇ ਮੈਨੂੰ ਸਾਹਮਣੇ ਬਿਠਾ ਕੇ ਆਪਣੀ ਲਿਖੀ ਜਪੁਜੀ ਸਾਹਿਬ ਦੀ ਵਿਆਖਿਆ ਪੜਨੀ ਸ਼ੁਰੂ ਕੀਤੀ। ਕੁਝ ਦੇਰ ਬਾਦ ਮੈਂ ਰੋਕ ਕੇ ਕਿਹਾ, "ਪਹਿਲੀ ਪੌੜੀ ਦੀ ਤੁੱਕ 'ਸੋਚੈ ਸੋਚਿ ਨਾ ਹੋਵਈ' ਬਾਰੇ ਕੀ ਲਿਖਦੇ ਹੋ?" ਕਹਿਣ ਲੱਗਾ, " ਸੌਚ ਦਾ ਮਤਲਬ ਮਲ-ਮੂਤਰ ਦਾ ਤਿਆਗ ਕਰਨਾ ਹੁੰਦਾ ਹੈ। ਸਭ ਤੋਂ ਪਹਿਲਾਂ ਸੁੱਚੇ ਹੋਣਾ ਜਰੂਰੀ ਹੈ। ਇਸ ਲਈ ਇਸ ਵਿਚ ਗੁਰੂ ਜੀ ਨੇ ਸਫਾਈ ਦੀ ਮਹੱਤਤਾ ਬਾਰੇ ਦੱਸਿਆ ਹੈ ਕਿ ਸਫਾਈ ਤਾਂ ਲੱਖ ਵਾਰ ਕੀਤਿਆਂ ਵੀ ਥੋੜੀ ਹੈ।" ਮੈਂ ਪੁੱਛਿਆ, "ਏਡਾ ਵੱਡਾ ਜਪੁਜੀ ਸਾਹਿਬ, ਬ੍ਰਹਿਮੰਡ ਦਰਸ਼ਨ ਦਾ ਨਿਚੋੜ, ਗੁਰੂ ਸਾਹਿਬ ਨੂੰ ਇਸ ਦੇ ਸ਼ੁਰੂ ਵਿਚ ਹੀ ਸ਼ੌਚ ਬਨਾਮ ਮਲ-ਮੂਤਰ ਦੀ ਸਫਾਈ ਬਾਰੇ ਜੋਰ ਦੇ ਕੇ ਲਿਖਣ ਦੀ ਕੀ ਲੋੜ ਪੈ ਗਈ ਸੀ? ਹੱਸ ਕੇ ਕਹਿਣ ਲੱਗਿਆ, "ਸ਼ੁਰੂ ਵਿਚ ਤਾਂ ਅਕਾਲ ਪੁਰਖ ਦੀ ਹੀ ਉਸਤਤ ਕੀਤੀ ਹੈ। ਪਰ ਸਫਾਈ ਵੀ ਤਾਂ ਰੱਬ ਤੋਂ ਦੂਜੇ ਥਾਂ ਤੇ ਹੀ ਹੈ।" ਮੈਂ ਫਿਰ ਕਿਹਾ, "ਗੁਰੂ ਸਾਹਿਬ ਤਾਂ ਇਸ ਪਖੰਡ ਨੂੰ ਮਿਟਾਉਣ ਲਈ ਫੁਰਮਾਉਂਦੇ ਹਨ, 'ਸੁਚੇ ਸੇਈ ਨਾਨਕਾ ਜਿਨਿ ਮਨ ਵਸਿਆ ਸੋਇ'।" ਕਹਿਣ ਲੱਗਿਆ, "ਉਹ ਉਹਨਾਂ ਨੇ ਸੁੱਚਮ ਦੇ ਪ੍ਰਸੰਗ ਵਿਚ ਕਿਹਾ ਸੀ ਜੋ ਬ੍ਰਾਹਮਣਵਾਦੀ ਪਖੰਡ ਸੀ। ਸੁੱਚਮ ਤੇ ਸਫਾਈ ਦੋ ਅੱਡ ਅੱਡ ਧਾਰਨਾਵਾਂ ਹਨ।" ਮੈਂ ਕਿਹਾ,"ਜੇ ਇਹ ਤੁੱਕ ਸਫਾਈ ਦੀ ਪ੍ਰਸੰਸਾ ਬਾਰੇ ਹੀ ਹੈ ਤਾਂ ਇਸ ਦਾ ਭਾਵ ਅਗਲੀਆਂ ਲਾਈਨਾਂ ਨਾਲ ਮੇਲ ਕਿਉਂ ਨਹੀਂ ਖਾਂਦਾ?" ਉਹ ਸਮਝਾਉਣ ਲੱਗਿਆ, "ਖਾਂਦਾ ਤਾਂ ਹੈ। ਅਗਲੀ ਤੁੱਕ ਵਿਚ ਗੁਰੂ ਸਾਹਿਬ ਲਾਲਸਾ ਦਾ ਸੰਜਮ ਕਰਨ ਬਾਰੇ ਕਹਿੰਦੇ ਹਨ, ਉਸ ਤੋਂ ਅਗਲੀ ਵਿਚ ਚੁੱਪ ਦੀ ਅਹਿਮੀਅਤ ਤੇ ਅਖੀਰ ਵਿਚ ਬਹੁਤਾ ਸਿਆਣਾ ਨਾ ਬਨਣ ਦੀ ਸਿਖਿਆ ਦੇਂਦੇ ਹਨ।" ਮੈਂ ਕਿਹਾ, "ਕੀ ਤੁਹਾਡਾ ਕਹਿਣ ਦਾ ਭਾਵ ਹੈ ਕਿ ਇਹ ਛੋਟੀਆਂ ਛੋਟੀਆਂ ਗੱਲਾਂ ਪਹਿਲਾਂ ਕਿਸੇ ਨੇ ਨਹੀਂ ਲਿਖੀਆਂ ਸਨ ਜੋ ਇਹਨਾਂ ਲਈ ਗੁਰੂ ਜੀ ਨੂੰ ਜਪੁਜੀ ਸਾਹਿਬ ਲਿਖਣਾ ਪਿਆ। ਕੀ ਗੁਰੂ ਜੀ ਦੀ ਬਾਣੀ ਦਾ ਕੋਈ ਵਡਾ ਤਰਕਸੰਗਤ ਮਨੋਰਥ ਤੇ ਡੂੰਘਾ ਦਾਰਸ਼ਨਿਕ ਉਦੇਸ਼ ਨਹੀਂ ਹੈ ਜਿਸ ਕਾਰਣ ਉਹਨਾਂ ਨੇ ਇਸ ਨੂੰ ਰਚਿਆ ਹੋਵੇ?" ਕਹਿਣ ਲੱਗਿਆ, "ਤੇ ਤੁਸੀਂ ਕੀ ਸਮਝਦੇ ਹੋ ਮੈਂ ਆਪਣੇ ਕੋਲੋਂ ਬਣਾ ਬਣਾ ਲਿਖੀ ਜਾਂਦਾ ਹਾਂ? ਉਹ ਦੇਖੋ ਕਿੰਨੀਆਂ ਪੋਥੀਆਂ ਖੋਹਲ ਕੇ ਰੱਖੀਆਂ ਹਨ। ਸਭ ਨੂੰ ਪੜ੍ਹ ਕੇ ਠੋਸ ਤੋਂ ਠੋਸ ਵਿਆਖਿਆ ਲੱਭ ਕੇ ਲਿਖਦਾ ਹਾਂ।"
ਗੁਰੂ ਸਾਹਿਬ ਦੀ ਬਾਣੀ ਨਾਲ ਬੇਇਨਸਾਫੀ ਵੇਖ ਮੇਰੇ ਅੰਦਰ ਤਲਖੀ ਦਾ ਭਾਵ ਪੈਦਾ ਹੋਇਆ ਤੇ ਮੈਂ ਉੱਠ ਕੇ ਜਾਣ ਦਾ ਮਨ ਬਣਾਇਆ। ਪਰ ਸ਼ਿਸ਼ਟਾਚਾਰ ਪੱਖੋਂ ਮੈਂ ਉਸ ਨੂੰ ਇਸ ਦੀ ਭਿਣਕ ਨਹੀਂ ਸੀ ਪੈਣ ਦੇਣੀ ਚਾਹੁੰਦਾ। ਇਸ ਲਈ ਮੈਂ ਉੱਠਦਿਆਂ ਹੋਇਆਂ ਪੁਛਿੱਆ, "ਆਈ ਪੰਥੀ ਸਗਲ ਜਮਾਤੀ" ਬਾਰੇ ਤੁਹਾਡੀ ਕੀ ਖੋਜ਼ ਹੈ।" ਕਹਿਣ ਲੱਗਾ, "ਇਸ ਬਾਰੇ ਵਿਚਾਰਕਾਂ ਨੇ ਆਪਣਾ ਰਾਗ ਅਲਾਪਿਆ ਹੋਇਆ ਹੈ। ਕੋਈ ਇਸ ਨੂੰ ਗੁਰੂ ਸਾਹਿਬ ਦੇ ਜਮਾਤੀ ਦੋਸਤ ਮਿਲ ਕੇ ਆਉਣਾ ਦੱਸਦਾ ਹੈ, ਕੋਈ ਨਾਲ ਪੜ੍ਹਦੇ ਸਮੂਹ ਵਿਦਿਆਰਥੀਆਂ ਦਾ ਆਗਮਨ ਤੇ ਕੋਈ ਸਹਿਪਾਠੀਆਂ ਦੀ ਟੋਲੀ ਦਾ ਸਾਂਝੇ ਤੌਰ ਤੇ ਪ੍ਰਵੇਸ਼ ਕਰਨਾ। ਮੈਂ ਪਹਿਲਾਂ ਸਮਝਦਾ ਸਾਂ ਕਿ ਪੰਥੀ ਉਹਨਾਂ ਦਿਨਾਂ ਦਾ ਕੋਈ ਛੋਟਾ ਮੋਟਾ ਧਾਰਮਿਕ ਫਿਰਕਾ ਹੋਵੇਗਾ ਜੋ ਸਾਰੇ ਦਾ ਸਾਰਾ ਗੁਰੂ ਸਾਹਿਬ ਕੋਲ ਆਇਆ ਤੇ ਉਨ੍ਹਾਂ ਦਾ ਸ਼ਰਧਾਲੂ ਬਣ ਗਿਆ। ਪਰ ਹੁਣ ਡਾ: ਭਗਤ ਸਿੰਘ ਬੇਦੀ ਦੇ ਵਿਚਾਰ ਪੜ੍ਹ ਕੇ ਪਤਾ ਚੱਲਿਆ ਹੈ ਕਿ ਅਸਲ ਵਿਚ ਆਈ-ਪੰਥ ਨਾਥ ਜੋਗੀਆਂ ਦਾ ਸਭ ਤੋਂ ਵੱਡਾ ਫਿਰਕਾ ਸੀ ਜੋ ਉਹਨਾਂ ਨਾਲ ਕਿਸੇ ਵੇਲੇ ਗੋਸ਼ਟੀ ਕਰਨ ਆਇਆ ਸੀ। ਗੁਰੂ ਸਾਹਿਬ ਨੇ ਇਸ ਨੂੰ 'ਮਨ ਜੀਤੈ ਜਗਜੀਤ' ਦਾ ਉਪਦੇਸ਼ ਦੇ ਕੇ ਆਪਣਾ ਕਾਇਲ ਕਰ ਲਿਆ ਸੀ।" ਮੈਂ ਸੋਚਿਆ ਇਸ ਨੂੰ ਕਹਿੰਦੇ ਹਨ 'ਦੀਵੇ ਥਲੇ ਹਨੇਰਾ'। ਅਰਥ ਸਿੱਧੇ ਸਪਸ਼ਟ ਹਨ ਪਰ ਵਿਦਵਾਨ ਆਪਣੀ ਵਿਦਵਤਾ ਦੇ ਹਨੇਰੇ ਵਿਚ ਇੱਧਰ ਉੱਧਰ ਹੱਥ ਮਾਰ ਰਹੇ ਹਨ!  ਮੈਂ ਉਸ ਨੂੰ ਵਿਅੰਗ ਨਾਲ ਕਿਹਾ," ਇਹ ਡਾ: ਬੇਦੀ "ਆਈ-ਫੋਨ" ਦੀ ਚੜ੍ਹਤ ਤੋਂ ਪ੍ਰਭਾਵਤ ਹੋਏ ਲਗਦੇ ਹਨ!" ਉਹ ਮੁੱਛਾਂ 'ਚ ਹੱਸਿਆ ਤੇ ਅਸੀਂ ਬਾਹਰ ਆ ਗਏ। ਮੈਨੂੰ ਸ਼ੇਖ ਫਰੀਦ ਦਾ ਵਾਕ "ਹਉ ਬਲਿਹਾਰੀ ਤਿਨਾ ਪੰਖੀਆ" ਯਾਦ ਅਇਆ ਜਿਸ ਵਿਚ ਉਹਨਾਂ ਨੇ ਪੰਛੀਆਂ ਦੀ ਰਹਿਣੀ ਸਹਿਣੀ ਪ੍ਰਸੰਸਾ ਕੀਤੀ ਹੈ। ਮੈਂ ਸੋਚਿਆ ਕਿ ਜੇ ਇਹ ਵਿਦਵਾਨ ਅੱਗੇ ਨਹੀਂ ਵਧ ਸਕਦੇ ਘਟੋ ਘਟ ਪਿੱਛੇ ਹੀ ਚਲੇ ਜਾਣ ਪਰ ਗੁਰਬਾਣੀ ਨਾਲ ਖਿਲਵਾੜ ਤਾਂ ਨਾ ਕਰਨ।

ਚਲਦਾ.....










No comments:

Post a Comment