2022 ਦੀਆਂ ਚੋਣਾਂ: ਵੋਟਰ ਕੀ ਰੁਖ ਅਪਣਾਵੇ?

         ਜਾਤ, ਮਜ੍ਹਬ, ਖੇਤਰ ਤੇ ਪਾਰਟੀ ਦੇ ਪੱਖ ਪਾਤਾਂ ਤੋਂ ਉੱਪਰ ਉੱਠ ਕੇ 2022 ਦੀਆਂ ਵਿਧਾਨ ਸਭਾਵਾਂ ਚੋਣਾਂ ਵਿਚ ਰਾਜਾਂ ਦੇ ਵੋਟਰ ਆਪਣਾ ਕੀਮਤੀ ਵੋਟ ਕਿਵੇਂ ਪਾਉਣ? ਇਨ੍ਹਾਂ ਗੱਲਾਂ ਨੂੰ ਦਰ-ਕਿਨਾਰ ਕਰ ਕੇ ਵੋਟ ਦਾ ਨਿਰਣਾ ਕਰਨ ਲਈ ਕੁਝ ਕੁ ਮੁੱਖ ਅਸੂਲ ਉਲੀਕਣੇ ਬਣਦੇ ਹਨ। ਦਹਾਕਿਆਂ ਤੋਂ ਨਿਘਰਦੇ ਹਾਲਾਤ ਵਿਚ ਇਸ ਵਾਰ ਬਿਨਾਂ ਅਸੂਲਾਂ ਤੋਂ ਵੋਟ ਪਾਉਣ ਦਾ ਕੋਈ ਮਤਲਬ ਨਹੀਂ ਰਹਿ ਗਿਆ।                              

ਮੰਨ ਕੇ ਚਲੋ ਕਿ ਭਾਰਤੀ ਲੋਕਤੰਤਰ ਡੈਮਾਗੌਗੀ ਬਣ ਚੁੱਕਿਆ ਹੈ। ਡੈਮਾਗਾਗੀ ਕੀ ਹੈ? ਯੂਨਾਨੀ ਫਿਲਾਸਫਰ ਅਰਸਤੂ ਅਨੁਸਾਰ ਡੈਮਾਗੌਗੀ ਲੋਕਤੰਤਰ ਦਾ ਸਭ ਤੋਂ ਬਦਸੂਰਤ ਅਕਸ ਹੁੰਦਾ ਹੈ। ਇਸ ਤੋਂ ਅੱਗੇ ਬਸ ਮਤਸੰਗਿਆ ਭਾਵ ਸਮੂੰਦਰ ਵਿਚ ਮੱਛੀ ਨੂੰ ਮੱਛੀ ਖਾਣ ਵਾਲੀ ਅਰਾਜਿਕਤਾ ਹੀ ਰਹਿ ਜਾਂਦੀ ਹੈ। ਲੋਕਤੰਤਰੀ ਰਾਜ ਵਿਚ ਜਿੱਥੇ ਰੱਜੇ ਪੁੱਜੇ ਲੋਕ ਜਨ-ਕਲਿਆਣ ਤੇ ਲੋਕ ਕਾਰਜਾਂ ਲਈ ਸਮਾਂ ਕੱਢ ਕੇ ਨਿਸਵਾਰਥ ਭਾਵਨਾ ਨਾਲ ਰਾਜਨੀਤੀ ਵਿਚ ਅੱਗੇ ਆਉਂਦੇ ਹਨ ਉੱਥੇ ਡੈਮਾਗੌਗੀ ਵਿਚ ਹੁਕਮਰਾਨ ਲੋਕਾਂ ਨੂੰ ਭੁਲੇਖਿਆ ਵਿਚ ਰੱਖ ਕੇ ਕੇਵਲ ਆਪਣੇ ਸਵਾਰਥ ਤੇ ਆਪਣੇ ਭਲੇ ਲਈ ਕੰਮ ਕਰਦੇ ਹਨਚੋਣਾਂ ਜਿੱਤਣ ਲਈ ਉਹ ਰੱਜ ਕੇ ਪੈਸਾ, ਝੂਠ ਤੇ ਬੇਈਮਾਨੀ ਵਰਤਦੇ ਹਨ ਅਤੇ ਪ੍ਰਭਾਵਸ਼ਾਲੀ ਤਕਰੀਰਾਂ ਰਾਹੀਂ ਲੋਕਾਂ ਨੂੰ ਭਰਮਾਉਂਦੇ ਹਨ। ਲੋਕਾਂ ਦੇ ਅੱਖੀਂ ਘੱਟਾ ਪਾਉਣ ਦੇ ਇਸ ਕੰਮ ਵਿਚ ਉਹ ਖੂਬ ਮਾਹਿਰ ਹੁੰਦੇ ਹਨ ਤੇ ਇਸ ਸਵਾਰਥੀ ਕਾਰੇ ਵਿਚ ਸਫਲਤਾ ਯਕੀਨੀ ਬਨਾਉਣ ਲਈ ਭਾੜੇ ਦੇ ਮਾਹਿਰਾਂ ਦੀ ਸਹਾਇਤਾ ਵੀ ਲੈਂਦੇ ਹਨ

ਜੋਕੇ ਭਾਰਤ ਵਿਚ ਇਹੀ ਕੁਝ ਚਲ ਰਿਹਾ ਹੈ। ਦੇਸ ਵਿਚ ਇਕ ਪਾਸੇ ਗਰੀਬ, ਬੀਮਾਰ, ਬੇਰੁਜ਼ਗਾਰ, ਅਨਪੜ੍ਹ, ਕੱਚ-ਪੜ੍ਹ, ਲਾਚਾਰ ਤੇ ਝੂਠੇ ਵਾਹਦਿਆਂ ਤੇ ਪਲਣ ਵਾਲੇ ਮੱਤਦਾਤਾ ਹਨ ਤੇ ਦੂਜੇ ਪਾਸੇ ਸੱਤਾ ਦੇ ਭੁੱਖੇ ਮੱਕਾਰ ਅਤੇ ਲੂੰਬੜਾਂ ਤੇ ਭੇੜੀਆਂ ਵਾਂਗ ਲਾਲਚੀ ਨੇਤਾਗਣ ਹਨ ਜੋ ਨਿਮਾਣਿਆਂ ਤੇ ਨਿਤਾਣਿਆਂ ਨੂੰ ਸਬਜ਼ਬਾਗ ਦਿਖਾ ਕੇ ਆਪ ਦੌਲਤ ਦੇ ਅੰਬਾਰ ਇੱਕਠੇ ਕਰ ਰਹੇ ਹਨ। ਇਸ ਵਿਚ ਕਸੂਰ ਕਿਸੇ ਦਾ ਵੀ ਹੋਵੇ, ਪਰ ਇਹ ਇਸ ਤਰ੍ਹਾਂ ਦਾ ਬਣ ਗਿਆ ਹੈ। ਪੌਣੇ ਪੰਜ ਸਾਲ ਲੋਕ ਲਤਾੜੇ ਜਾਂਦੇ ਹਨ ਤੇ ਸੁਧਾਰ ਦੀਆਂ ਸਕੀਮਾਂ ਘੜਦੇ ਰਹਿੰਦੇ ਹਨ ਪਰ ਪਿਛਲੇ ਤਿੰਨ ਮਹੀਨੇ ਵਿਚ ਹੀ ਅਜਿਹੀ ਤਿਗੜਮਬਾਜੀ ਚਲਦੀ ਹੈ ਕਿ ਸਭ ਕੁਝ ਉਨ੍ਹਾਂ ਦੇ ਉਲਟ ਹੋਇਆ ਮਿਲਦਾ ਹੈ। ਜੇ ਇੱਦਾਂ ਨਾ ਹੋਇਆ ਹੋਵੇ ਤਾਂ ਲੱਖਣ ਲਾਓ ਕਿ ਪਿਛਲੇ ਤਿਹੱਤਰ ਸਾਲਾਂ ਤੋਂ ਰਾਜ ਲੋਕਾਂ ਦੇ ਨਾਂ ਤੇ ਚਲਦਾ ਹੋਵੇ ਤੇ ਲੋਕ ਹੀ ਸਭ ਤੋਂ ਵੱਧ ਅਨਪੜ੍ਹ, ਗਰੀਬ ਤੇ ਮਜ਼ਲੂਮ ਹੁੰਦੇ ਜਾਣ!

2022 ਦੀਆਂ ਚੋਣਾਂ ਬਾਰੇ

ਇਸ ਲਈ ਸਮਝ ਹੀ ਲਓ ਕਿ ਪਿਛਲੀਆਂ ਸਭ ਚੋਣਾਂ ਦੀ ਤਰ੍ਹਾਂ ਇਸ ਵਾਰ ਵੀ ਚੋਣਾਂ ਵਿਚ ਵਿਭਿੰਨ ਮਖੌਟਿਆਂ ਵਾਲੇ ਰਾਜਸੀ ਦਲ ਮੈਦਾਨ ਵਿਚ ਗੱਜਣਗੇ ਉਹ ਘਾਗ ਤੋਂ ਘਾਗ ਉਮੀਦਵਾਰਾਂ ਨੂੰ ਮੈਦਾਨ ਵਿਚ ਉਤਾਰਨਗੇ ਤੇ ਵੋਟਰਾਂ ਨੂੰ ਨਵੇਂ ਨਵੇਂ ਢੰਗਾਂ ਨਾਲ ਭਰਮਾਉਣਗੇ। ਉਹ ਭਾੜੇ ਦੀਆਂ ਭੀੜਾਂ ਇੱਕਠੀਆਂ ਕਰ ਕੇ ਰੈਲੀਆਂ ਕਰਨਗੇ ਤੇ ਬੇਕਾਰ ਮੁੱਦਿਆਂ ਨਾਲ ਲੋਕਾਂ ਦਾ ਧਿਆਨ ਉਲਟਾਉਣਗੇ। ਉਹ ਝੂਠੇ ਵਾਅਦਿਆਂ ਨਾਲ ਭਰੇ ਦਿਲ ਭਰਮਾਊ ਭਾਸ਼ਣ ਦੇਣਗੇ ਤੇ ਸਬਜ਼ ਬਾਗ ਦਿਖਾ ਕੇ ਲੋਕਾਂ ਨੂੰ ਆਪਣੇ ਵਲ ਪ੍ਰੇਰਨਗੇ। ਵੋਟਰਾਂ ਦੇ ਰਿਸ਼ਤੇਦਾਰ ਲੱਭ ਕੇ ਸ਼ਿਫਾਰਸ਼ਾਂ ਪੁਆਉਣਗੇ ਤੇ ਘਰੋ ਘਰੀ ਜਾ ਕੇ ਹਲੀਮੀ ਤਰਲੇ ਪਾਉਣਗੇ। ਕਈ ਤਾਂ ਨਸ਼ਾ ਤੇ ਨੋਟ ਵੀ ਵੰਡਣਗੇ। ਹਰ ਪਾਰਟੀ ਵਿਚ ਟਿਕਟਾਂ ਤੇ ਅਹੁਦਿਆਂ ਦੀ ਵੰਡ ਨੂੰ ਲੈ ਕੇ ਕਲੇਸ਼ ਪੈਣਗੇ। ਰਾਜਸੀ ਦਲ ਇਕ ਦੂਜੇਦੇ ਲੀਡਰ ਪੁਟਣਗੇ ਕਈ ਆਪ ਹੀ ਆਪਣੀ ਪਾਰਟੀ ਛੱਡ ਕੇ ਦੂਜੀ ਵਿਚ ਸ਼ਾਮਲ ਹੋਣਗੇ। ਵਿਚ ਗੱਲ ਗੱਲ ਵਿਚ ਮੰਦੀ ਭਾਸ਼ਾ ਵਰਤਣਗੇ ਤੇ ਇਕ ਦੂਜੇ ਦੀਆਂ ਪੱਗਾਂ ਉਛਾਲਣਗੇ। ਆਪ ਜਿੱਤਣ ਲਈ ਇਕ ਦੂਜੇ ਤੇ ਚਿੱਕੜ ਸੁੱਟਣਗੇ ਤੇ ਹਰ ਤਰ੍ਹਾਂ ਦੇ ਪੁੱਠੇ ਸਿੱਧੇ ਹਰਬੇ ਵਰਤਣਗੇਗੱਲ ਕੀ, ਉਹ ਗਰੀਬ ਵੋਟਰ ਦਾ ਇਕੋ ਇਕ ਮੱਹਤਵ-ਪੂਰਣ ਅਧਿਕਾਰ ਮੱਤਦਾਨ ਲੁੱਟਣ ਦੀ ਹਰ ਸੰਭਵ ਤੇ ਅਸੰਭਵ ਕੋਸਿਸ਼ ਕਰਨਗੇ। ਸਵਾਰਥ ਦਾ ਇਹ ਤਾਂਡਵ ਨਾਚ ਉਦੋਂ ਤੀਕਰ ਚਲਾਇਆ ਜਾਵੇਗਾ ਜਦੋਂ ਤੀਕਰ ਕਿ ਵੋਟਰ ਆਪਣੇ ਵਿਕਾਸ ਦੀ ਗੱਲ ਛੱਡ ਕੇ ਇਨ੍ਹਾਂ ਝਗੜਦੇ ਲੀਡਰਾਂ ਦੀਆਂ ਸਮਸਿਆਵਾਂ ਨੂੰ ਹੱਲ ਕਰਨਾ ਹੀ ਆਪਣੀ ਪਰਮ ਅਗੇਤ ਨਹੀਂ ਸਮਝ ਲੈਂਦੇ।

ਵੋਟਰ ਇਸ ਕੜਿੱਕੀ ਤੋਂ ਤਦੇ ਹੀ ਬਚ ਸਕਦੇ ਹਨ ਜੇ ਉਹ ਪੂਰੀ ਤਰ੍ਹਾਂ ਯਾਦ ਰੱਖ ਸਕਣ ਕਿ ਉਨ੍ਹਾਂ ਦਾ ਕਲਿਆਣ ਕਿਸੇ ਗੈਰ-ਭਾਵਨਾ ਵਾਲੇ ਆਗੂ ਨੇ ਤਰਸ ਖਾ ਕੇ ਨਹੀਂ ਕਰਨਾ ਸਗੋਂ ਉਹਨਾਂ ਦੇ ਆਪਣੇ ਹਿੱਤਾਂ ਨਾਲ ਜੁੜੇ ਉਮੀਦਵਾਰਾਂ ਨੂੰ ਸੋਚ-ਸੰਭਲ ਕੇ ਪਾਏ ਉਨ੍ਹਾਂ ਦੇ ਆਪਣੇ ਵੋਟਾਂ ਨੇ ਕਰਨਾ ਹੈ। ਇਸ ਲਈ ਉਨ੍ਹਾਂ ਨੂੰ ਪਰਾਏ ਹਿੱਤ ਵਾਲੇ, ਲਾਲਸੀ ਤੇ ਝੂਠ ਵਾਅਦਿਆਂ ਵਾਲੇ ਅਤੇ ਆਪਣੇ ਜਿਹੇ ਹਿੱਤਾਂ ਵਾਲੇ ਲੋਕਾਂ ਦਾ ਫਰਕ ਪਤਾ ਹੋਣਾ ਚਾਹੀਦਾ ਹੈ। ਇਹ ਕੰਮ ਲੋਕਾਂ ਨੇ ਆਪਣੇ ਲਈ ਆਪ ਕਰਨਾ ਹੈ। ਇਹ ਕੰਮ ਉਹ ਬਾਖੂਬੀ ਕਰ ਵੀ ਸਕਦੇ ਹਨ ਜੇ ਉਹ ਸਮਝਣ ਕਿ ਉਨ੍ਹਾਂ ਨੇ ਆਪਣਾ ਉਮੀਦਵਾਰ ਇਕ ਦੋ ਦਿਨ ਲਈ ਨਹੀਂ ਸਗੋਂ ਪੂਰੇ ਪੰਜ ਸਾਲ ਲਈ ਚੁਣਨਾ ਹੈ। ਇਸ ਲਈ ਉਹ ਜੋਸ਼ ਦੀ ਥਾਂ ਸੋਚ ਤੋਂ ਕੰਮ ਲੈਣ ਕਿਉਂਕਿ ਉਨ੍ਹਾਂ ਦੇ ਜੀਵਨ ਨਾਲ ਜੁੜੇ ਰੁਜ਼ਗਾਰ, ਸਿੱਖਿਆ, ਸਿਹਤ, ਤੇ ਖੁਰਾਕ ਆਦਿ ਦੇ ਸਭ ਅਹਿਮ ਮਸਲੇ ਚੋਣਾਂ ਤੋਂ ਦੂਜੇ ਦਿਨ ਹੀ ਉਨ੍ਹਾਂ ਸਾਹਮਣੇ ਫਿਰ ਆ ਖੜ੍ਹੇ ਹੋ ਜਾਣਗੇ। ਉਹ ਸੋਚਣ ਕਿ ਜੇ ਉਹ ਚੋਣਾਂ ਦੇ ਬੁਖਾਰ ਵਿਚ ਗਲਤ ਫੈਸਲਾ ਲੈ ਬੈਠੇ ਤੇ ਸਹੀ ਚੋਣ ਨਾ ਕੀਤੀ ਤਾਂ ਉਨ੍ਹਾਂ ਦੀ ਕਿਸੇ ਨੇ ਵੀ ਇਕ ਨਹੀਂ ਸੁਣਨੀ। ਉਨ੍ਹਾਂ ਦੀਆਂ ਆਸਾਂ ਉਮੀਦਾਂ ਤੇ ਘਟੋ ਘਟ ਪੰਜ ਸਾਲ ਹੋਰ ਪਾਣੀ ਫਿਰ ਜਾਵੇਗਾ। ਪਰ ਇਹ ਸਭ ਕੁਝ ਉਹ ਜਾਣਦੇ ਹੀ ਹਨ ਤੇ ਜਾਣਦਿਆਂ ਹੋਇਆਂ ਵੀ ਹਵਾ ਦੇ ਵਹਿਣ ਵਿਚ ਵਹਿ ਜਾਂਦੇ ਹਨ

ਸਭ ਤੋਂ ਚੰਗਾ ਤਾਂ ਇਹ ਹੁੰਦਾ ਕਿ ਸਮਾਜ਼ ਵਿਚ ਕੋਈ ਚੁਣਾਵੀ ਧੌਖਾ ਧੜੀ ਤੇ ਓਹਲਾ ਹੁੰਦਾ ਹੀ ਨਾ। ਦੂਜੀ ਵੱਡੀ ਗੱਲ ਇਹ ਹੁੰਦੀ ਕਿ ਵਾਹ ਲਗਦੇ ਹਰ ਵਿਅਕਤੀ ਆਪਣਾ ਉਮੀਦਵਾਰ ਆਪ ਹੁੰਦਾ। ਪਰ ਇਹ ਸਭਨਾਂ ਲਈ ਸੰਭਵ ਨਹੀਂ ਹੈ। ਹੁਣ ਜੇ ਉਨ੍ਹਾਂ ਨੂੰ ਇਨ੍ਹਾਂ ਮਸਲਿਆਂ ਨੂੰ ਪੰਜ ਸਾਲ ਦੇ ਲੰਮੇ ਸਮੇਂ ਲਈ ਕਿਸੇ ਹੋਰ ਦੇ ਭਰੋਸੇ ਸੌਂਪਣਾ ਪੈ ਹੀ ਰਿਹਾ ਹੈ ਤਾਂ ਉਹ ਆਪਣੇ ਨੁਮਾਂਇੰਦਿਆਂ ਦੀ ਚੋਣ ਕਰਨ ਵਿਚ ਮਾਰ ਨਾ ਖਾਣ। ਉਮੀਦਵਾਰ ਚਾਲਾਕੀਆਂ ਮਾਰ ਕੇ ਉਨ੍ਹਾਂ ਦਾ ਵੱਡਮੁੱਲਾ ਵੋਟ ਆਪਣੇ ਲਈ ਮੰਗਣਗੇ ਪਰ ਉਹ ਇਸ ਨੂੰ ਹਰ ਹਾਲਤ  ਵਿਚ ਆਪਣੇ ਤੇ ਆਪਣੇ ਭਵਿੱਖ ਦੇ ਹੱਕ ਵਿਚ ਭੁਗਤਣ। ਆਪਣੇ ਹੱਕ ਵਿਚ ਭੁਗਤਣ ਲਈ ਤੇ ਪਿਛਲੀਆਂ ਗਲਤੀਆਂ ਨੂੰ ਨਾ ਦੁਹਰਾਉਣ ਲਈ ਉਨ੍ਹਾਂ ਨੂੰ ਕੁਝ ਸੇਧ ਵਾਲੇ ਨੁਕਤਿਆਂ ਤੇ ਗੌਰ ਕਰਨਾ ਪਵੇਗਾ ਤੇ ਇਨ੍ਹਾਂ ਦਾ ਸਹਾਰਾ ਲੈਣਾ ਪਵੇਗਾ। ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦੇ ਫੌਰੀ ਤੇ ਦੁਰ-ਵਰਤੀ ਮਸਲੇ ਹੱਲ ਹੋਣੇ ਸ਼ੁਰੂ ਹੋ ਸਕਦੇ ਹਨ ਤੇ ਲੋਕਤੰਤਰ ਦੀ ਬਹਾਲੀ ਵਲ ਕਦਮ ਪੁੱਟਿਆ ਜਾ ਸਕਦਾ ਹੈ। ਵੋਟ ਦੇ ਸਹੀ ਇਸਤੇਮਾਲ ਦੇ ਇਹ ਨੁਕਤੇ ਹੇਠ ਲਿਖੇ ਅਨੁਸਾਰ ਹਨ।

  1. ਕਿਸੇ ਦੂਜੀ ਵਾਰ ਖੜ੍ਹੇ ਹੋਣ ਵਾਲੇ ਉਮੀਦਵਾਰ ਨੂੰ ਵੋਟ ਨਾ ਪਾਓ, ਤੀਜੀ ਵਾਰ ਵਾਲੇ ਨੂੰ ਤਾਂ ਬਿਲਕੁਲ ਹੀ ਨਾ ਪਾਓ, ਨਹੀਂ ਤਾਂ ਉਹ ਤੁਹਾਡਾ ਨਾ ਹੋ ਕੇ ਸੱਤਾ ਦਾ ਹੋ ਜਾਵੇਗਾਜੇ ਕਿਸੇ ਨੇਤਾ ਨੇ ਚੰਗਾ ਕੰਮ ਕੀਤਾ ਵੀ ਹੈ ਤਾਂ ਉਸ ਨੂੰ ਵੀ ਹਰ ਦੂਜੇ ਚੁਣਾਓ ਵਾਰ ਸੱਤਾ ਤੋਂ ਬਾਹਰ ਰੱਖ ਕੇ ਨਿਸਕਾਮ ਸਮਾਜ ਸੇਵਾ ਕਰਨ ਦਾ ਮੌਕਾ ਦਿਓ
  2. ਜੇ ਕਿਸੇ ਪਿਛਲੇ ਵਿਧਾਇਕ ਦੀ ਜਾਇਦਾਦ ਉਸ ਦੇ ਵਿਧਾਇਕ ਕਾਲ ਦੌਰਾਨ ਦਿਨ ਦੂਣੀ ਰਾਤ ਚੌਗੁਣੀ ਚਾਲ ਨਾਲ ਵਧੀ ਹੈ ਤਾਂ ਉਸ ਨੂੰ ਵੋਟ ਨਾ ਦਿਓ। ਮੰਨ ਹੀ ਲਓ ਕਿ ਉਸ ਉਮੀਦਵਾਰ ਨੇ ਰਾਜਨੀਤੀ ਨੂੰ ਵਪਾਰ ਸਮਝਿਆ ਹੋਇਆ ਹੈ ਤੇ ਉਹ ਇਸ ਵਿਚ ਤੁਹਾਡੇ ਫਾਇਦੇ ਲਈ ਨਹੀਂ ਸਗੋਂ ਆਪਣੇ ਫਾਇਦੇ ਲਈ ਆਇਆ ਹੋਇਆ ਹੈ।
  3. ਜੇ ਕੋਈ ਉਮੀਦਵਾਰ ਕਿਸੇ ਹਲਕੇ ਤੋਂ ਬਾਰ ਬਾਰ ਜਿੱਤਿਆ ਹੈ ਤੇ ਉਸ ਹਲਕੇ ਨੂੰ ਆਪਣੀ ਜਾਇਦਾਦ ਜਾਂ ਗੜ੍ਹ ਸਮਝਣ ਲਗ ਗਿਆ ਹੈ, ਪਰ ਉਸ ਨੇ ਇਸ ਦੇ ਵਿਕਾਸ ਵਲ ਕਦੇ ਕੋਈ ਧਿਆਨ ਨਹੀਂ ਦਿਤਾ, ਤਾਂ ਉਸ ਨੂੰ ਵੋਟ ਨਾ ਪਾਓਉਹ ਕੰਮ ਨਾਲ ਨਹੀਂ ਅਸਰ ਰਸੂਖ ਨਾਲ ਭਾਵ ਮਿੱਠਾ ਪਿਆਰਾ ਬਣ ਕੇ ਸੱਤਾ ਹਥਿਆਉਣ ਦੀ ਕੋਸਿਸ਼ ਕਰ ਰਿਹਾ ਹੈਉਹ ਕੇਵਲ ਲਾਰੇ ਲੱਪਿਆਂ ਦਾ ਮਾਹਰ ਹੈ ਲੋਕਾਂ ਦਾ ਅਗੋਂ ਵੀ ਕੋਈ ਭਲਾ ਨਹੀਂ ਕਰੇਗਾ
  4. ਜੇ ਕਿਸੇ ਉਮੀਦਵਾਰ ਨੇ ਪਹਿਲਾਂ ਸੱਤਾ ਵਿਚ ਆਉਣ ਤੋਂ ਬਾਦ ਆਪਣੇ ਕੀਤੇ ਵਾਹਦੇ ਪੂਰੇ ਨਹੀਂ ਕੀਤੇ, ਉਹ ਹੁਣ ਵੀ ਆਪਣਾ ਕੋਈ ਵਾਹਦਾ ਪੂਰਾ ਨਹੀਂ ਕਰੇਗਾ। ਉਹ ਵੋਟਰਾਂ ਨੂੰ ਮੂਰਖ ਬਣਾਉਂਦਾ ਹੈ ਇਸ ਲਈ ਉਹਨਾਂ ਦੇ ਮੱਤ ਦਾ ਹੱਕਦਾਰ ਨਹੀਂ ਹੈ। ਉਸ ਨੂੰ ਵੋਟ ਬਿਲਕੁਲ ਨਾ ਦਿਓ।
  5. ਜੇ ਕਿਸੇ ਉਮੀਦਵਾਰ ਨੇ ਸੱਤਾ ਹੰਢਾਈ ਹੈ ਪਰ ਉਸ ਤੇ ਭ੍ਰਿਸ਼ਟਾਚਾਰ, ਅੱਤਿਆਚਾਰ, ਕੁਤਾਹੀ, ਪੱਖ-ਪਾਤ ਤੇ ਜਵਾਬਦੇਹੀ ਤੋਂ ਪਾਸਾ ਵੱਟਣ ਦੇ ਦੋਸ਼ ਹਨ ਤਾਂ ਉਸ ਨੂੰ ਕਦੇ ਵੀ ਵੋਟ ਨਾ ਦਿਓ। ਉਹ ਰਾਜਨੀਤੀ ਤੋਂ ਕੋਰਾ ਤੇ ਨੈਤਿਕਤਾ ਤੋਂ ਗਿਰਿਆ ਹੋਇਆ ਵਿਅਕਤੀ ਹੈ।
  6. ਜੇ ਕੋਈ ਉਮੀਦਵਾਰ ਆਪਣੀ ਪਾਰਟੀ ਤੋਂ ਟਿਕਟ ਨਾ ਮਿਲਣ ਤੇ ਉਸ ਪਾਰਟੀ ਨੂੰ ਛੱਡ ਦਿੰਦਾ ਹੈ ਤੇ ਕਿਸੇ ਦੂਜੀ ਪਾਰਟੀ ਵਿਚ ਜਾਂਦਾ ਹੈ, ਉਸ ਨੂੰ ਲੋਕਤੰਤਰੀ ਰਾਜਨੀਤੀ ਦਾ ੳ, ਅ ਤੇ ੲ ਵੀ ਨਹੀਂ ਆਉਂਦਾ। ਉਸ ਨੂੰ ਸਮਾਜ ਕਲਿਆਣ ਵਿਚ ਦਿਲਚਸਪੀ ਨਹੀਂ ਸਗੋਂ ਉਹ ਹਮੇਸ਼ਾ ਤਾਕਤ ਵਿਚ ਬਣੇ ਰਹਿਣ ਦਾ ਭੁੱਖਾ ਹੈ। ਉਸ ਨੂੰ ਕਦੇ ਵੋਟ ਨਾ ਦਿਓ।
  7. ਜੇ ਕੋਈ ਉਮੀਦਵਾਰ ਪਾਰਟੀ ਤੋਂ ਟਿਕਟ ਨਾ ਮਿਲਣ ਕਰਕੇ ਆਜ਼ਾਦ ਖੜ੍ਹਾ ਹੋ ਗਿਆ ਹੈ, ਉਸ ਉੱਤੇ ਸੱਤਾ ਦਾ ਮੁਲੰਮਾ ਫਿਰ ਗਿਆ ਹੈ। ਉਹ ਬਿਨਾ ਕੰਮ ਕੀਤੇ ਲੋਕਾਂ ਤੋਂ ਆਪਣੀ ਸੇਵਾ ਦਾ ਮੁੱਲ ਭਾਲਦਾ ਹੈ ਤੇ ਕਿਸੇ ਦੂਜੇ ਨੂੰ ਅੱਗੇ ਨਹੀਂ ਆਉਣ ਦੇਣਾ ਚਾਹੁੰਦਾ। ਉਸ ਨੂੰ ਆਪਣਾ ਵੋਟ ਭੁੱਲ ਕੇ ਨਾ ਦਿਓ
  8. ਜੇ ਕੋਈ ਉਮੀਦਵਾਰ ਟਿਕਟ ਲਈ ਦੂਜੇ ਉਮੀਦਵਾਰਾਂ ਨਾਲ ਲੜਦਾ ਝਗੜਦਾ ਹੈ ਜਾਂ ਕਿਸੇ ਖਾਸ ਇਲਾਕੇ ਤੋਂ ਟਿਕਟ ਮੰਗਦਾ ਹੈ ਉਸ ਨੂੰ ਕਦੇ ਵੋਟ ਨਾ ਦਿਓ। ਉਹ ਤੁਹਾਡੇ ਵਿਕਾਸ ਲਈ ਨਹੀਂ ਆਪਣੇ ਵਿਕਾਸ ਜੋਰ ਮਾਰ ਰਿਹਾ ਹੈ
  9. ਜੇ ਕੋਈ ਉਮੀਦਵਾਰ ਅਸਲ ਮੁੱਦਿਆਂ ਤੋਂ ਹਟ ਕੇ ਗੱਲ ਕਰਦਾ ਹੈ ਜਾਂ ਦੂਜੇ ਉਮੀਦਵਾਰਾਂ ਦੀਆਂ ਬਦਖੋਈਆਂ ਸਹਾਰੇ ਵੋਟ ਭਾਲਦਾ ਹੈ, ਤੇ ਆਪਣੇ ਪ੍ਰਤੀਦਵੰਦੀਆਂ ਦੇ ਜਾਤੀ ਤੇ ਪ੍ਰੀਵਾਰਿਕ ਮਸਲੇ ਉਛਾਲਦਾ ਹੈ ਤਾਂ ਨਾ ਪਾਇਓ ਉਸ ਨੂੰ ਵੋਟ। ਉਹ ਘਟੀਆ ਚਾਲ ਚਲ ਰਿਹਾ ਹੈ ਤੇ ਤੁਹਾਨੂੰ ਜਜਬਾਤੀ ਕਰ ਕੇ ਆਪਣਾ ਉੱਲੂ ਸਿੱਧਾ ਕਰਨਾ ਚਾਹੁੰਦਾ ਹੈ।
  10. ਜੇ ਕਿਸੇ ਪਾਰਟੀ ਨੇ ਕਿਸੇ ਉਮੀਦਵਾਰ ਨੂੰ ਜਾਤ, ਧਰਮ, ਕੁਲ, ਪੂੰਜੀ ਤੇ ਸੰਪਰਦਾਇਕ ਕਾਰਣਾਂ ਕਰਕੇ ਟਿਕਟ ਦਿੱਤੀ ਹੈ ਤਾਂ ਉਸ ਉਮੀਦਵਾਰ ਨੂੰ ਵੋਟ ਨਾ ਦਿਓ। ਪਾਰਟੀ ਨੇ ਤੁਹਾਡਾ ਵੋਟ ਹਥਿਆਉਣ ਲਈ ਹੋਛਾ ਤੇ ਖਤਰਨਾਕ ਹੱਥ-ਕੰਡਾ ਵਰਤਿਆ ਹੈ
  11. ਜੇ ਕੋਈ ਪਹਿਲਾਂ ਵਿਧਾਇਕ ਰਿਹਾ ਉਮੀਦਵਾਰ ਵਿਧਾਨ ਸਭਾ ਦੀਆਂ ਮੀਟਿੰਗਾਂ ਵਿਚ ਹਦੋਂ ਵੱਧ ਗੈਰ ਹਾਜ਼ਰ ਰਿਹਾ ਹੈ, ਉਸ ਨੂੰ ਕਦੇ ਵੀ ਵੋਟ ਨਾ ਦਿਓ। ਉਹ ਰੱਜ ਕੇ ਸਵਾਰਥੀ ਹੈ, ਵੋਟਰਾਂ ਦਾ ਅਪਮਾਨ ਕਰਦਾ ਹੈ ਤੇ ਕਾਨੂੰਨ ਨੂੰ ਟਿੱਚ ਸਮਝਦਾ ਹੈ। ਜੇ ਮੰਨੋ, ਉਹ ਤਾਂ ਵਿਧਾਇਕ ਬਣਨ ਦੇ ਕਾਬਿਲ ਹੀ ਨਹੀਂ ਹੈ।
  12. ਜੇ ਕੋਈ ਲੀਡਰ ਆਪਣੇ ਧੀ, ਪੁੱਤਰ ਜਾਂ ਕਿਸੇ ਹੋਰ ਰਿਸ਼ਤੇਦਾਰ ਲਈ ਟਿਕਟ ਮੰਗਦਾ ਹੈ ਤਾਂ ਉਸ ਨੇਤਾ ਤੇ ਉਸ ਦੇ ਉਮੀਦਵਾਰ ਬਣੇ ਰਿਸ਼ਤੇਦਾਰ ਦੋਹਾਂ ਨੂੰ ਵੋਟ ਨਾ ਦਿਓ। ਉਹ ਲੋਕਤੰਤਰ ਵਿਰੋਧੀ ਹੈ ਤੇ ਸੱਤਾ ਦਾ ਪ੍ਰੀਵਾਰੀਕਰਣ ਕਰ ਕੇ ਤੁਹਾਨੂੰ ਲੰਮੇ ਸਮੇਂ ਲਈ ਗੁਲਾਮ ਬਨਾਉਣਾ ਚਾਹੁੰਦਾ ਹੈ। ਉਸ ਦਾ ਮੁੱਖ ਉਦੇਸ਼ ਲੋਕ ਭਲਾਈ ਨਹੀਂ ਸਗੋਂ ਰਾਜਨੀਤੀ ਵਿਚ ਆ ਕੇ ਆਪਣੇ ਰਿਸ਼ਤੇਦਾਰਾਂ ਨੂੰ ਸੈੱਟ ਕਰਨਾ ਹੈ।
  13. ਜੇ ਕੋਈ ਜਾਤੀ, ਧਰਮ, ਸੰਪਰਦਾਏ ਨੂੰ ਸਿੱਧੇ ਜਾਂ ਅਸਿੱਧੇ ਢੰਗ ਨਾਲ ਆਧਾਰ ਬਣਾ ਕੇ ਵੋਟ ਮੰਗਦਾ ਹੈ ਤਾਂ ਉਸ ਨੂੰ ਕਦੇ ਵੋਟ ਨਾ ਪਾਓ। ਉਹ ਸਭ ਦਾ ਭਲਾ ਕਰਨ ਦੀ ਥਾਂ ਸੱਤਾ ਦੀ ਕੁਰਸੀ ਨੂੰ ਸਮਾਜ਼ ਵਿਚ ਜਹਿਰ ਘੋਲਣ ਲਈ ਵਰਤੇਗਾ।
  14. ਜੇ ਕੋਈ ਰਾਜਨੀਤਕ ਦਲ ਕਿਸੇ ਕਲਾਕਾਰ, ਗੱਵਈਏ ਜਾਂ ਫਿਲਮੀ ਅਦਾਕਾਰ ਨੂੰ ਖੜ੍ਹਾ ਕਰਦਾ ਹੈ ਉਸ ਨੂੰ ਕਦੇ ਵੋਟ ਨਾ ਦਿਓ। ਉਹ ਰਾਜਸੀ ਦਲ ਉਸ ਦੀ ਕਲਾਤਮਿਕ ਪ੍ਰਸਿੱਧੀ ਨੂੰ ਰਾਜਨੀਤਕ ਪਰਬੀਨਤਾ ਦੱਸ ਕੇ ਤੁਹਾਡੇ ਨਾਲ ਛਲਾਵਾ ਕਰ ਰਿਹਾ ਹੈ। ਅਜਿਹੇ ਲੋਕਾਂ ਲਈ ਚੁਣਾਵੀ ਰਸਤੇ ਦੀ ਥਾਂ ਰਾਜ ਸਭਾ ਵਿਚ ਨਾਮਜੱਦਗੀ ਦਾ ਪ੍ਰਾਵਧਾਨ ਹੈ।
  15. ਕਿਸੇ ਜ਼ੈਡ ਸਕਿਊਰਿਟੀ ਵਾਲੇ ਤੇ ਵੱਡੇ ਕਾਫਲਿਆਂ ਨਾਲ ਤੁਰਨ ਵਾਲੇ ਉਮੀਦਵਾਰ ਨੂੰ ਵੋਟ ਨਾ ਪਾਓ। ਉਹ ਤੁਹਾਡੇ ਤੋਂ ਦੂਰ ਹੈ, ਦੂਰ ਰਹੇਗਾ ਅਤੇ ਤੁਹਾਡੀ ਦਿੱਤੀ ਸੱਤਾ ਨੂੰ ਆਪਣੀ ਸ਼ਾਨ ਸ਼ੌਕਤ ਲਈ ਵਰਤੇਗਾ। ਜੇ ਤੁਸੀਂ ਉਸ ਨੂੰ ਵੋਟਾਂ ਪਾ ਕੇ ਜਿਤਾ ਦਿਓਗੇ ਤਾਂ ਤੁਸੀਂ ਹਮੇਸ਼ਾ ਉਸ ਦੀ ਥਾਂ ਉਸ ਦੇ ਸੰਤਰੀਆਂ ਨੂੰ ਹੀ ਮਿਲਿਆ ਕਰੋਗੇ
  16. ਜਿਸ ਉਮੀਦਵਾਰ ਨੇ ਪਹਿਲਾਂ ਵਿਧਾਇਕ ਰਹਿੰਦਿਆ ਗ੍ਰਾਂਟਾਂ ਦਾ ਹਿਸਾਬ ਨਹੀਂ ਦਿੱਤਾ ਤਾਂ ਉਸ ਨੂੰ ਵੋਟ ਨਾ ਦਿਓਉਹ ਅਹੁਦੇਦਾਰੀਆਂ ਦਾ ਭੁੱਖਾ ਹੈ ਤੇ ਅਮਾਨਤ ਵਿਚ ਖਿਆਨਤ ਕਰਨ ਦਾ ਆਦੀ ਹੈ। ਉਹ ਤੁਹਾਡੀ ਵੋਟ ਦੀਆਂ ਧੱਜੀਆਂ ਉਡਾ ਦੇਵੇਗਾ।
  17. ਜੇ ਕਿਸੇ ਪੁਰਾਣੇ ਵਿਧਾਇਕ ਨੇ ਆਪਣੇ ਵਿਧਾਇਕੀ ਕਾਲ ਵਿਚ ਕਿਸੇ ਮਸਲੇ ਤੇ ਕੋਈ ਆਵਾਜ਼ ਨਹੀਂ ਉਠਾਈ ਤੇ ਉਹ ਚੁੱਪ ਕਰਕੇ ਵਿਧਾਨ ਸਭਾ ਵਿਚ ਬੈਠਿਆ ਰਿਹਾ ਹੈ ਤਾਂ ਉਸ ਨੂੰ ਵੋਟ ਦੀ ਗੱਲ ਕਰਨ ਤੋਂ ਪਹਿਲਾਂ ਹੀ ਦੂਰ ਦਾ ਰਾਹ ਦਿਖਾ ਦਿਓ। ਉਸ ਨੂੰ ਜਾਂ ਤਾਂ ਕੁਝ ਆਉਂਦਾ ਹੀ ਨਹੀਂ ਹੈ ਤੇ ਜਾਂ ਉਹ ਚੁੱਪ ਰਹਿ ਕੇ ਤੁਹਾਡੇ ਹੱਕਾਂ ਦਾ ਲਾਭ ਕਿਸੇ ਹੋਰ ਨੂੰ ਦਿੰਦਾ ਰਿਹਾ ਹੈ।
  18. ਜਿਸ ਉਮੀਦਵਾਰ ਕੋਲ ਚੰਗੇ ਸਮਾਜ਼ ਦੀ ਕਲਪਣਾ ਤੇ ਉਸ ਦੀ ਮੁੜ-ਉਸਾਰੀ ਦਾ ਚੰਗਾ ਸੰਕਲਪ ਨਹੀਂ ਹੈ ਉਸ ਨੂੰ ਵੋਟ ਨਾ ਪਾਓ। ਉਹ ਅਨਪੜ੍ਹ ਸਮਾਨ ਹੈ ਤੇ ਤੁਹਾਨੂੰ ਵੀ ਅੰਧਕਾਰ ਵਿਚ ਸੁੱਟੇਗਾ।
  19. ਜੋ ਵਿਅਕਤੀ ਬਜ਼ੁਰਗ ਹੈ ਜਾਂ ਸਿਹਤ ਪੱਖੋਂ ਬੀਮਾਰ ਤੇ ਲਾਚਾਰ ਹੈ, ਉਸ ਨੂੰ ਕਦੇ ਵੋਟ ਨਾ ਪਾਓ ਭਾਵੇਂ ਉਹ ਕਿੰਨਾ ਵੀ ਤਜ਼ਰਬੇਕਾਰ ਕਿਉਂ ਨਾ ਹੋਵੇ। ਅਜਿਹਾ ਵਿਅਕਤੀ ਰਾਜਸੀ ਕਾਰਜਾਂ ਦਾ ਭਾਰ ਨਹੀਂ ਚੁੱਕ ਸਕੇਗਾ ਤੇ ਆਪਣੇ ਹਲਕੇ ਨੂੰ ਰਾਜਸੀ ਤੌਰ ਤੇ ਯਤੀਮ ਰੱਖੇਗਾ।
  20. ਜੇ ਕੋਈ ਵਿਅਕਤੀ ਬਹੁਤਾ ਪੜ੍ਹਿਆ ਲਿਖਿਆ ਨਹੀਂ ਹੈ ਉਸ ਨੂੰ ਵੋਟ ਨਾ ਦਿਓ, ਉਹ ਤੁਹਾਡੇ ਮੁਤਾਬਿਕ ਨਾ ਚਲ ਕੇ ਦਫਤਰਸ਼ਾਹੀ ਪਿੱਛੇ ਚੱਲੇਗਾ।
  21. ਜੇ ਕਿਸੇ ਨੇਤਾ ਨੇ ਆਪਣੇ ਪਹਿਲੇ ਕਾਰਜਕਾਲਾਂ ਦੌਰਾਨ ਕਦੇ ਲੋਕ ਹਿੱਤ ਲਈ ਤਾਂ ਮੂੰਹ ਨਹੀਂ ਖੋਲ੍ਹਿਆ ਪਰ ਨਿੱਜ ਹਿਤ ਲਈ ਹਮੇਸ਼ਾ ਬਿਆਨਬਾਜ਼ੀ ਕਰਦਾ ਰਿਹਾ ਹੈ ਅਤੇ ਹਮੇਸ਼ਾ ਗੱਡੀਆਂ, ਕੋਠੀਆਂ, ਪਰਕਾਂ ਆਦਿ ਲਈ ਹੀ ਲੜਦਾ ਰਿਹਾ ਹੈ, ਉਹ ਅਤਿ ਦਰਜ਼ੇ ਦਾ ਲਾਲਚੀ ਤੇ ਸਵਾਰਥੀ ਇਨਸਾਨ ਹੈਉਸ ਨੂੰ ਵੋਟ ਪਾਉਣਾ ਸਰਾਸਰ ਗਲਤੀ ਹੈ
  22. ਜੇ ਕੋਈ ਉਮੀਦਵਾਰ ਕਿਸੇ ਪਿਛਾਂਹ ਖਿੱਚੂ ਵਿਚਾਰਧਾਰਾ ਨਾਲ ਜੁੜਿਆ ਹੋਇਆ ਹੈ ਉਸ ਨੂੰ ਕਦੇ ਵੋਟ ਨਾ ਪਾਓ। ਉਹ ਸਮਾਜ ਨੂੰ ਅੱਗੇ ਲੈ ਜਾਣ ਦੀ ਥਾਂ ਇਸ ਨਾਲ ਖਿਲਵਾੜ ਕਰੇਗਾ।
  23. ਜੇ ਕਿਸੇ ਉਮੀਦਵਾਰ ਵਿਰੁਧ ਕੋਈ ਅਪਰਾਧਿਕ ਮਾਮਲਾ ਦਰਜ਼ ਹੈ ਉਸ ਨੂੰ ਕਦੇ ਵੋਟ ਨਾ ਪਾਓ। ਉਹ ਤੁਹਾਡੀ ਦਿੱਤੀ ਸ਼ਕਤੀ ਨੂੰ ਤੁਹਾਡੇ ਲਈ ਨਹੀਂ ਸਗੋਂ ਆਪਣੇ ਅਪਰਾਧ ਧੋਣ ਲਈ ਵਰਤੇਗਾ।
  24. ਵੋਟ ਦੇ ਮਾਮਲੇ ਵਿਚ ਹਮੇਸ਼ਾ ਆਪਣੇ ਭਲੇ ਨਾਲੋਂ ਸਮਾਜ਼ ਦਾ ਭਲਾ ਉੱਪਰ ਰੱਖ ਕੇ ਕਿਸੇ ਪੜ੍ਹੇ ਲਿਖੇ, ਚੰਗੇ ਅਕਸ ਵਾਲੇ, ਨਿਸਵਾਰਥੀ ਤੇ ਸੇਵਾ ਭਾਵ ਵਾਲੇ ਉਮੀਦਵਾਰ ਨੂੰ ਤਰਜੀਹ ਦਿਓ ਕਿਉਂਕਿ ਸਮਾਜ਼ ਦੇ ਭਲੇ ਵਿਚ ਹੀ ਤੁਹਾਡਾ ਭਲਾ ਹੈ।
  25. ਤੁਹਾਡਾ ਵੋਟ ਤੁਹਾਡੇ ਵਿਕਾਸ ਦਾ ਫੁਰਮਾਨ ਹੈ, ਇਸ ਨੂੰ ਪੂਰੀ ਖੁਲ੍ਹ ਤੇ ਖੁਦਮੁਖਤਿਆਰੀ ਨਾਲ ਆਪਣੇ ਭਲੇ ਲਈ ਵਰਤੋ ਤੇ ਕਿਸੇ ਦੂਜੇ ਦੇ ਕਹੇ ਅਨੁਸਾਰ ਜਾਂ ਕਿਸੇ ਦੇ ਦਬਾਅ ਵਿਚ ਆ ਕੇ ਨਾ ਵਰਤੋ। ਤੁਹਾਡਾ ਵੋਟ ਗੁਪਤ ਹੈ, ਇਸ ਦੀ ਗੋਪਨੀਅਤਾ ਦਾ ਪੂਰਾ ਲਾਭ ਉਠਾਓ।
  26. ਜੇ ਕੋਈ ਉਮੀਦਵਾਰ ਇਕ ਦੀ ਥਾਂ ਦੋ ਜਾਂ ਦੋ ਤੋਂ ਵੱਧ ਹਲਕਿਆਂ ਚੋਂ ਚੋਣ ਲੜ ਰਿਹਾ ਹੈ ਉਸ ਨੂੰ ਬਿਲਕੁਲ ਹੀ ਵੋਟ ਨਾ ਪਾਓਉਹ ਨਾ ਤੁਹਾਡੇ ਲਈ ਵਫਾਦਾਰ ਹੈ ਤੇ ਨਾ ਹੀ ਸਮਾਜ ਲਈਉਹ ਦੂਹਰਾ ਖਰਚਾ ਆਪਣੀ ਤਾਕਤ ਤੇ ਅਹੁਦੇ ਨੂੰ ਯਕੀਨੀ ਬਣਾਉਂਣ ਲਈ ਕਰ ਰਿਹਾ ਹੈ ਨਾ ਕਿ ਸਮਾਜ ਸੇਵਾ ਕਰਨ ਲਈਉਸ ਨੂੰ ਬਿਨਾ ਅਹੁਦੇ ਸਮਾਜ਼ ਸੇਵਾ ਕਰਨ ਦਾ ਸਬਕ ਪੜ੍ਹਾਓ
  27. ਆਪਣੇ ਵੋਟ ਨੂੰ ਹਰ ਹਾਲਤ ਵਿਚ ਵਰਤੋ ਤੇ ਸਹੀ ਢੰਗ ਨਾਲ ਵਰਤੋ। ਇਸ ਨੂੰ ਨਾ ਵੇਚੋ, ਨਾ ਦਾਨ, ਦਿਕਸ਼ਾ ਵਿਚ ਦਿਓ ਤੇ ਅਹਿਸਾਨ ਹੇਠ ਭੁਗਤਾਓ। ਇਸ ਨੂੰ ਘਰ ਰੱਖ ਕੇ ਬਲਕੁਲ ਬਰਬਾਦ ਨਾ ਕਰੋ। ਇਹ ਤੁਹਾਡੀ ਸਭ ਤੋਂ ਮਹਤੱਵਪੂਰਣ ਪੂੰਜੀ ਹੈ, ਇਸ ਨੂੰ ਸਿਆਣੇ ਤੇ ਸੁਚੇਤ ਹੋ ਕੇ ਖਰਚੋ।
  28. ਤੁਹਾਡਾ ਵੋਟ ਨੂੰ ਆਪਣਾ ਔਜ਼ਾਰ ਸਮਝੋ। ਦਾ ਔਜ਼ਾਰ ਹੈ। ਇਹੀ ਤੁਹਾਡੇ ਵਿਕਾਸ ਤੇ ਤੁਹਾਡੇ ਸਮਾਜ ਦੇ ਮੁੜ-ਨਿਰਮਾਣ ਦਾ ਇਕੋ ਇਕ ਵਸੀਲਾ ਹੈਇਸ ਦੀ ਕੀਮਤ ਸਮਝੋ ਤੇ ਇਸ ਨੂੰ ਸਦਾ ਉਸ ਵਿਅਕਤੀ ਨੂੰ ਦਿਓ ਜੋ ਜਿੱਤਣ ਤੋਂ ਬਾਦ ਆਪਣੇ ਆਪ ਨੂੰ ਸਭ ਲੋਕਾਂ ਦਾ ਪ੍ਰਤੀਨਿਧੀ ਸਮਝ ਸਕੇ ਨਾ ਕਿ ਇਕ ਸੰਪਰਦਾਇ ਜਾਂ ਇਕ ਪਾਰਟੀ ਵਿਸੇਸ਼ ਦਾ ਬਣ ਕੇ ਰਹੇ।
  29. ਇਸ ਵੇਲੇ ਭਾਰਤ ਨੂੰ ਕੋਈ ਕਰਾਮਾਤੀ ਮਸੀਹਾ ਨਹੀਂ ਚਾਹੀਦਾ ਸਗੋਂ ਇਕ ਚੰਗਾ ਪ੍ਰਬੰਧਕ ਚਾਹੀਦਾ ਹੈ ਜੋ ਵਿਅਕਤੀ ਪ੍ਰਧਾਨ ਸ਼ਾਸ਼ਨ ਦੀ ਥਾਂ ਲੋਕਤੰਤਰ ਵਾਲਾ ਕਾਨੂੰਨ ਦਾ ਸਾਸ਼ਨ ਬਹਾਲ ਕਰ ਸਕੇ। ਉਸ ਦੇਸ ਦੀ ਇਕੋ ਇਕ ਸੱਮਸਿਆ ਇਹ ਹੈ ਕਿ ਉੱਥੇ ਕਾਨੂੰਨ ਤਾਂ ਬੜੇ ਪਾਸ ਹੋਏ ਹਨ ਪਰ ਰਾਜ ਵਿਅਕਤੀਆਂ ਦਾ ਹੈ, ਭਾਵ ਵਿਅਕਤੀ ਆਪਣੇ ਆਪ ਨੂੰ ਕਾਨੂੰਨ ਤੋਂ ਉੱਤੇ ਸਮਝਦੇ ਹਨ। ਉੱਥੇ ਇਸ ਸੱਮਸਿਆ ਨੂੰ ਹੱਲ ਕਰਨਾ ਹੀ ਸਭ ਮੁਸੀਬਤਾਂ ਦਾ ਹੱਲ ਹੈ। ਇਸ ਲਈ ਜੋ ਉਮੀਦਵਾਰ ਆਪਹੁਦਰਾਪਣ ਛੱਡ ਕੇ ਕਾਨੂੰਨ ਦੀ ਵਿਵਸਥਾ ਬਹਾਲ ਕਰਨ ਦਾ ਦਮ ਭਰਨ ਵੋਟ ਉਨ੍ਹਾਂ ਨੂੰ ਹੀ ਦਿਓ। 
  30. ਹਰ ਪੱਖ ਤੋਂ ਸਵੱਛ ਲੋਕ ਤੰਤਰ ਦੇ ਹੱਕ ਵਿਚ ਨਿੱਤਰੋ ਤੇ ਡੈਮਾਗੌਗੀ ਨੂੰ ਡੈਮੋਕਰੇਸੀ ਵਿਚ ਬਦਲੋ!

ਇਸ ਲਈ ਇਨਾਂ ਚੋਣਾਂ ਦਾ ਮੁੱਖ ਮੁੱਦਾ ਲੋਕਤੰਤਰ ਦੀ ਬਹਾਲੀ ਹੀ ਹੋਣਾ ਚਾਹੀਦਾ ਹੈ। ਇਸ ਨਾਹਰੇ ਉੱਤੇ ਚਲਦਿਆਂ ਹੀ ਰਾਜਨੀਤੀ ਦਾ ਗੰਧਲਾਪਣ ਸਾਫ ਹੋਵੇਗਾ ਤੇ ਇਸ ਅਨੁਸਾਰ ਹੀ ਸਿੱਖਿਆ ਸਿਹਤ, ਰੁਜ਼ਗਾਰ ਤੇ ਖੁਸ਼ਹਾਲੀ ਦਾ ਪਰਤ ਆਉਣਾ ਸੰਭਵ ਹੋ ਸਕੇਗਾ। ਇਕ ਤਰ੍ਹਾਂ ਨਾਲ ਇਹੀ ਦੇਸ ਦੇ ਵਿਕਾਸ ਦੀ ਪਹਿਲੀ ਪੌੜੀ ਹੈ!

No comments:

Post a Comment