ਸਤਿਗੁਰ ਨਾਨਕ ਪ੍ਰਗਟਿਆ
ਸਵੇਰੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਹੈ। ਸਮੂਹ
ਜਗਤ ਖਾਸ ਕਰਕੇ ਸਿੱਖ ਭਾਈਚਾਰਾ ਇਸ ਨੂੰ ਪਹਿਲਾਂ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮ ਧਾਮ ਨਾਲ ਮਨਾ
ਰਿਹਾ ਹੈ।
ਪਤਾ ਨਹੀਂ ਭਾਈ ਗੁਰਦਾਸ ਜੀ ਨੂੰ
ਕਿਵੇਂ ਪਤਾ ਸੀ ਜੋ ਉਹਨਾਂ ਨੇ ਸਦੀਆਂ ਪਹਿਲਾਂ "ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ
ਚਾਨਣ ਹੋਆ" ਵਾਲਾ ਵਾਕ ਉਚਾਰਿਆ। ਕਰੋੜਾਂ ਲੋਕ ਇਸ ਵਾਕ ਨੂੰ ਪੀੜ੍ਹੀ ਦਰ ਪੀੜ੍ਹੀ ਪੜ੍ਹਦੇ
ਤੇ ਗਾਉਂਦੇ ਆ ਰਹੇ ਹਨ। ਪਰ ਲਗਦਾ ਕਿਸੇ ਨੇ ਇਸ ਦੇ ਭਾਵ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਜੇ ਸਮਝੇ
ਹੁੰਦੇ ਤਾਂ ਉਹਨਾਂ ਨੇ ਇਸ ਦੇ ਅਰਥਾਂ ਨੂੰ ਜਾਣ ਕੇ ਗੁਰੂ ਨਾਨਕ ਦੀ ਸਿੱਖਿਆ ਨੂੰ ਆਪਣੇ ਜੀਵਨ ਵਿਚ
ਉਤਾਰਿਆ ਹੁੰਦਾ। ਇਹੀ ਨਹੀਂ, ਜੇ ਇਹਨਾਂ
ਸ਼ਰਧਾਲੂਆਂ ਨੇ ਗੁਰੂ ਸਾਹਿਬ ਦੀ ਬਾਣੀ ਦਾ ਮਹੱਤਵ ਜਾਣਿਆ ਹੁੰਦਾ ਤਾਂ ਇਹਨਾਂ ਨੇ ਉਸ ਦਾ ਗਿਆਨ
ਨਵੀਆਂ ਪੀੜੀਆਂ ਨੂੰ ਵੀ ਦਿਤਾ ਹੁੰਦਾ ਤੇ ਉਹਨਾਂ ਨੇ ਇਸ ਨੂੰ ਚੁਤਰਫੀ ਦੂਰ ਦੁਰਾਡੇ ਵੰਡਿਆ ਹੁੰਦਾ। ਪਰ ਅਜਿਹਾ ਕਿਸੇ ਪਾਸੇ ਨਜ਼ਰ ਨਹੀਂ ਆਉਂਦਾ। ਲੋਕ
ਗਿਆਨ ਨਾਲ ਗਲਤਾਨ ਹੋਣ ਦੀ ਥਾਂ ਛੋਟੀਆਂ 2 ਗੱਲਾਂ ਵਿਚ ਉਲਝ ਰਹੇ ਹਨ। ਕੁਝ ਗਿਆਨ ਦੀ ਥਾਂ ਭਰਮ
ਪਾਲ ਰਹੇ ਹਨ ਕੁਝ ਅਡੰਬਰ ਰਚ ਰਹੇ ਹਨ। ਕੁਝ ਬਹਿਸ ਕਰ ਰਹੇ ਹਨ ਤੇ ਕੁਝ ਲੜ ਰਹੇ ਹਨ। ਕੁਝ ਡਰ ਰਹੇ
ਹਨ ਕੁਝ ਡਰਾ ਰਹੇ ਹਨ। ਕੁਝ ਇਸ ਨੂੰ ਮੁਰਾਦ ਪ੍ਰਾਪਤੀ ਦੇ ਸਾਧਨ ਵਜੋਂ ਵਰਤ ਰਹੇ ਹਨ ਤੇ ਕੁਝ
ਰਾਜਸੀ ਰੰਗਤ ਦੇ ਕੇ ਇਸ ਤੋਂ ਰਾਜਸੀ ਲਾਹਾ ਲੈ ਰਹੇ ਹਨ। ਸਭ ਪਾਸੇ ਕੂੜ ਤੇ ਹਊਮੇ ਦਾ ਬੋਲਬਾਲਾ
ਹੈ। ਪੜ੍ਹਦੇ ਸਭ ਕੁਝ ਹਨ ਪਰ ਕਦੇ ਇਕ ਸ਼ਬਦ ਦਾ ਵੀ ਕੋਈ ਖੋਜ-ਭਰਪੂਰ ਅਧਿਐਨ ਨਹੀਂ ਕਰਦਾ। ਜੀਵਨ ਬਾਣੀ ਦੇ ਵਿਚ ਰਹਿ ਕੇ ਗੁਜ਼ਾਰਦੇ ਹਨ ਪਰ ਬੁੱਧੀ
ਬਾਣੀ ਤੋਂ ਅੱਭਿਜ ਰੱਖਦੇ ਹਨ। ਸਭ ਪਖੰਡ ਤੇ ਦਿਖਾਵੇ ਦੇ ਰੁਝਾਨ ਵਿਚ ਰਹਿ ਕੇ ਹੀ ਗੁਰੂ ਸਾਹਿਬ ਦੀ
ਮਨੋ-ਅਵਸਥਾ ਤੀਕਰ ਪਹੁੰਚਣ ਦਾ ਦਾਈਆ ਕਰਦੇ ਹਨ।
ਸਮਝਣ ਦਾ ਯਤਨ ਤਾਂ ਉਹ ਕਰ ਸਕਦੇ ਹਨ, ਸਾਇਦ ਕਈਆਂ ਨੇ ਕੀਤਾ
ਵੀ ਹੋਵੇ, ਪਰ ਗੁਰੂ ਸਾਹਿਬ ਦੇ ਵਿਗਿਆਨਕ ਸੱਤਰ ਤੇ ਦ੍ਰਿਸ਼ਟੀਕੋਣ ਅੱਗੇ ਉਹਨਾਂ ਦਾ ਕੋਈ ਜੋਰ ਨਹੀਂ
ਚਲਦਾ। ਸਾਧਾਰਨ ਜਗਿਆਸੂ ਤਾਂ ਕੀ, ਵਡੇ 2 ਵਿਗਿਆਨੀ ਤੇ ਬੁਧੀਜੀਵੀਆਂ ਦੀ ਵੀ ਇਸ ਅੱਗੇ ਕੋਈ ਪੇਸ਼
ਨਹੀਂ ਚਲਦੀ। ਉਹ ਮਾਇਆ ਦੇ ਖਿਲਾਰ ਤੋਂ ਉਪਰ ਉੱਠ ਕੇ ਤਰਕ ਤੇ ਗਿਆਨ ਦੇ ਉਸ ਖੰਡ ਤੀਕਰ ਪਹੁੰਚਦੇ ਹੀ
ਨਹੀਂ ਜਿੱਥੇ ਨਿਰੋਲ ਸੱਚ ਦਾ ਵਾਸ ਹੈ। ਇਸ ਖੰਡ ਵਿਚ ਮਾਇਆ, ਹਉਮੈ, ਰਾਜਨੀਤੀ ਤੇ ਪਖੰਡ ਦਾ ਕੋਈ
ਸਥਾਨ ਨਹੀਂ।
ਗੁਰੂ ਸਾਹਿਬ ਸੱਚ ਤੇ ਸਮਝ ਦੇ ਧਨੀ ਸਨ ਇਸੇ ਲਈ ਅੱਜ ਤੀਕਰ
ਉਹਨਾਂ ਦੀ ਬਾਣੀ ਵਿਗਿਆਨ ਤੇ ਖਰੀ ਉਤਰਦੀ ਹੈ। ਸੱਚ ਤਾਂ ਇਹ ਹੈ ਕਿ ਉਹ ਆਪਣੀ ਸੋਚ ਸਦਕਾ
ਵਿਗਿਆਨੀਆਂ ਦੇ ਵੀ ਵਿਗਿਆਨੀ ਸਨ। ਉਹਨਾਂ
ਦੀ ਸਮਝ ਯੁਗਾਂ ਯੁਗਾਂਤਰਾਂ ਤੀਕਰ ਵੀ ਵਿਗਿਆਨ ਦੀ ਰਹਿਨੁਮਾਈ ਕਰੇਗੀ। ਸੱਚ ਇਹ ਵੀ ਹੈ ਕਿ ਵਿਗਿਆਨ ਬਦਲ ਸਕਦਾ ਹੈ, ਇਹ ਕੋਈ ਹੋਰ
ਜਾਮਾ ਪਾ ਸਕਦਾ ਹੈ, ਪਰ ਗੁਰੂ ਸਾਹਿਬ ਦੇ ਆਸ਼ੇ ਤੋਂ ਇਹ ਇਧਰ ਉਧਰ ਨਹੀਂ ਜਾ ਸਕਦਾ। ਜੇ ਵਿਗਿਆਨ
ਗੁਰੂ ਸਾਹਿਬ ਦੀ ਦਾਰਸ਼ਨਿਕਤਾ ਦਾ ਪੱਲਾ ਛੱਡੇਗਾ ਤਾਂ ਉਹ ਅਵਿਗਿਆਨਕ ਹੋ ਜਾਵੇਗਾ। ਜਰਾ ਸੋਚੋ, ਜਿਸ
ਫਲਸਫੇ ਵਿਚ ਸਮੂਚੇ ਵਿਸ਼ਵ ਗਿਆਨ ਤੇ ਵਿਗਿਆਨ ਦੇ ਮਾਰਗ-ਦਰਸ਼ਨ ਦੀ ਸਮਰੱਥਾ ਹੈ ਉਸ ਨੂੰ ਕਿਸੇ ਵੀ
ਵਿਚਾਰ ਜਾਂ ਇਜ਼ਮ ਤੋਂ ਕੀ ਖਤਰਾ ਹੋ ਸਕਦਾ ਹੈ? ਉਹ ਤਾਂ ਦਕੀਆਨੂਸੀ ਅੰਧ-ਵਿਸ਼ਵਾਸੀ ਸੋਚਾਂ ਲਈ
ਸੋਧ-ਮਿਨਾਰਾ ਹੈ।
ਪਰ ਸੱਮਸਿਆ ਇਹ ਹੈ ਕਿ ਗੁਰੂ ਸਾਹਿਬ ਦੇ ਸਿਧਾਂਤਾਂ ਦੀ ਸਹੀ
ਸੂਝ ਬਿਨਾਂ ਅੱਜ ਕੱਲ ਦੇ ਸਿੱਖ ਵਿਦਵਾਨ ਤੇ ਅਲੰਬਰਦਾਰ ਸਿੱਖੀ ਨੂੰ ਦੂਜੇ ਧਰਮਾਂ ਤੋਂ ਨਿਖੇੜ ਕੇ
ਦੇਖ ਹੀ ਨਹੀਂ ਸਕਦੇ। ਗੁਰੂ ਸਾਹਿਬ ਦਾ ਸਮੂਚਾ ਫਲਸਫਾ ਉਹਨਾਂ ਦੀ ਸਿਰਮੋਰ ਰਚਨਾ ਜਪੁਜੀ ਸਾਹਿਬ
ਵਿਚ ਦਰਜ ਹੈ। ਸਭ ਸਿੱਖ ਇਸ ਨੁੰ ਹਰ ਰੋਜ਼ ਪੜਦੇ ਹਨ ਪਰ ਸਮਝਦਾ ਇਸ ਨੂੰ ਕੋਈ ਵੀ ਨਹੀਂ। ਬਹੁਤ ਸਾਰੇ ਤਾਂ ਸਿੱਧਾ ਮੰਨਦੇ ਹਨ ਕਿ ਇਹ ਉਹਨਾਂ
ਦੀ ਸਮਝ ਵਿਚ ਨਹੀਂ ਆਇਆ ਤੇ ਜੋ ਜਾਨਣ ਦਾ ਦਾਹਵਾ ਵੀ ਕਰਦੇ ਹਨ ਉਹਨਾਂ ਨੇ ਜਪੁਜੀ ਸਾਹਿਬ ਵਿਚ
ਗੁਰੂ ਨਾਨਕ ਰਚਿਤ ਸ਼ਬਦਾਂ ਦੀ ਘੋਖ ਪੜਤਾਲ ਨਹੀਂ ਕੀਤੀ ਹੁੰਦੀ, ਸਗੋਂ ਇਸ ਦੇ ਟੀਕਾ ਕਰਤਿਆਂ
ਅਨੁਸਾਰ ਹੀ ਸਮਝਿਆ ਹੋਇਆ ਹੁੰਦਾ ਹੈ। ਜਾਹਰ ਹੈ ਕਿ ਕਿਸੇ ਵਿਦਵਾਨ ਨੇ ਵੀ ਇਸ ਰਚਨਾ ਨੂੰ ਜਾਨਣ ਦੀ
ਕੋਸ਼ਿਸ਼ ਨਹੀਂ ਕੀਤੀ ਤੇ ਨਾ ਹੀ ਕਰਨਾ ਚਾਹੁੰਦੇ ਹਨ। ਯਕੀਨ ਨਹੀਂ ਹੁੰਦਾ ਕਿ ਗੁਰੂ ਸਾਹਿਬ ਦੀ ਇਸ
ਸੰਖੇਪ ਰਚਨਾ ਦੇ ਇੰਨਾ ਨੇੜੇ ਰਹਿ ਕੇ ਤੇ ਇਸ ਨੂੰ ਨਿੱਤਨੇਮ ਨਾਲ ਪੜ੍ਹ ਕੇ ਵੀ ਸਿੱਖ ਸ਼ਰਧਾਲੂ ਤੇ
ਵਿਦਵਾਨ ਇਸ ਤੋਂ ਇੰਨਾ ਦੂਰ ਹਨ।
ਆਓ ਗੁਰੂ ਸਾਹਿਬ ਦੇ ਇਸ ਪ੍ਰਕਾਸ਼ ਦਿਹਾੜੇ ਤੋਂ ਹੀ ਗੁਰੂ
ਸਾਹਿਬ ਦੇ ਵਿਚਾਰਾਂ ਨੂੰ ਤਰਕ ਤੇ ਵਿਚਾਰ ਵਟਾਂਦਰੇ ਰਾਹੀਂ ਉਹਨਾਂ ਅਨੁਸਾਰ ਸਮਝਣ ਦਾ ਇਹ ਕੰਮ ਸ਼ੁਰੂ
ਕਰੀਏ। ਸੱਚੇ ਵਿਚਾਰਾਂ ਨੂੰ ਸਮਝਣ ਲਈ ਵਿਸੇਸ਼ ਸੱਤ ਸੰਗਤਾਂ ਵਿਚ
ਜਾਈਏ ਤੇ ਗਿਆਨ ਤੇ ਖੋਜ ਦਾ ਕਾਰਜ ਕਰਦੇ ਹੋਏ ਇਸ ਖੇਤਰ ਵਿਚ ਇਕ ਦੂਜੇ ਦੀ ਮਦਦ ਨਾਲ ਉੱਚੇ ਉੱਠੀਏ। ਇਸ ਵਿਸ਼ੇ ਤੇ ਕੁਝ ਹੋਰ ਜਾਣਕਾਰੀ ਲਈ ਪਧਾਰੋ: www.mytruthaboveall.blogspot.com
No comments:
Post a Comment